Page 2

ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਪਦ ਅਰਥ: ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ। ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।

ਅਰਥ: ਕੋਈ ਮਨੁੱਖ ਆਖਦਾ ਹੈ, 'ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ'; ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ) , ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।

ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਪਦ ਅਰਥ: ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ। ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ।

ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ-

(1) ਕੋਟਿ = ਕ੍ਰੋੜ (ਵਿਸ਼ੇਸ਼ਣ) ।
ਕੋਟਿ ਕਰਮ ਕਰੈ ਹਉ ਧਾਰੇ।
ਸ੍ਰਮੁ ਪਾਵੈ ਸਗਲੇ ਬਿਰਥਾਰੇ।3।12।
(ਸੁਖਮਨੀ
ਕੋਟਿ ਖਤੇ ਖਿਨ ਬਖਸਨਹਾਰ।3। 30। (ਭੈਰਉ ਮ: 5

(2) ਕੋਟੁ = ਕਿਲ੍ਹਾ (ਨਾਂਵ ਇਕ-ਵਚਨ) ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ।
(ਆਸਾ ਕਬੀਰ ਜੀ
ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ

(3) ਕੋਟ = ਕਿਲ੍ਹੇ (ਨਾਂਵ, ਬਹੁ ਵਚਨ) ।
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ।
(ਸਿਰੀ ਰਾਗ ਮ: 1

ਅਰਥ: ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ) ।

ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥

ਪਦ ਅਰਥ: ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈੰਦੇ ਹਨ। ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।

ਅਰਥ: ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

ਪਦ ਅਰਥ: ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ। ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ।3।

ਅਰਥ: ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ। (ਭਾਵ, ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਏਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ ਹੈ। ਉਹ ਸਦਾ ਖਿੜਿਆ ਹੋਇਆ ਹੈ। ਉਸ ਨੂੰ ਏਡੇ ਵੱਡੇ ਪਸਾਰੇ ਵਿਚ ਖਚਿਤ ਨਹੀਂ ਹੋਣਾ ਪੈਂਦਾ। ਉਸ ਦੀ ਇਕ ਹੁਕਮ = ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਬਾਹ ਰਹੀ ਹੈ) ।3।

ਭਾਵ: ਪ੍ਰਭੂ ਦੇ ਵੱਖੋ = ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ = ਰੂਪ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ।

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

ਪਦ ਅਰਥ: ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ।

ਸਾਚੁ ਨਾਇ = ਵਿਆਕਰਨ ਦਾ ਨੀਯਮ ਹੈ ਕਿ ਕਿਸੇ 'ਨਾਂਵ' ਦੇ ਵਿਸ਼ੇਸ਼ਣ ਦਾ ਉਹੀ ਲਿੰਗ ਹੁੰਦਾ ਹੈ, ਜੋ ਉਸ 'ਨਾਂਵ' ਦਾ। 'ਸਾਚੁ ਨਾਇ' ਵਾਲੀ ਤੁਕ ਵਿਚ 'ਸਾਹਿਬੁ' ਪੁਲਿੰਗ ਹੈ, ਇਸ ਕਰ ਕੇ 'ਸਾਚਾ' ਭੀ ਪੁਲਿੰਗ ਹੈ। 'ਸਾਚੁ' ਪੁਲਿੰਗ ਹੈ, ਸੋ ਜਿਸ 'ਨਾਂਵ' ਦਾ ਇਹ ਵਿਸ਼ੇਸ਼ਣ ਹੈ, ਉਹ ਭੀ ਪੁਲਿੰਗ ਹੀ ਚਾਹੀਦਾ ਹੈ, ਅਤੇ 'ਕਰਤਾ ਕਾਰਕ' ਹੋਣਾ ਚਾਹੀਦਾ ਹੈ, ਜਿਵੇਂ 'ਸਾਹਿਬੁ' ਹੈ।

ਸ਼ਬਦ 'ਨਾਉ' ਜਿਤਨਾ ਚਿਰ 'ਕਰਤਾ ਕਾਰਕ' ਜਾਂ 'ਕਰਮ ਕਾਰਕ' ਵਿੱਚ ਵਰਤਿਆ ਜਾਂਦਾ ਹੈ, ਉਤਨਾ ਚਿਰ ਇਸ ਦੀ ਸ਼ਕਲ ਇਹੀ ਰਹਿੰਦੀ ਹੈ, ਜਿਵੇਂ:

(1) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।4।
(2) ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।7।
(3) ਜੇਤਾ ਕੀਤਾ ਤੇਤਾ ਨਾਉ।
(ਪਉੜੀ 19)
(4) ਊਚੇ ਊਪਰਿ ਊਚਾ ਨਾਉ। (ਪਉੜੀ 24)

ਇਹੀ ਸ਼ਬਦ 'ਨਾਉ' ਜਪੁਜੀ ਵਿਚ ਇਕ ਵਾਰੀ ਹੋਰ ਆਇਆ ਹੈ, ਪਰ ਉਹ 'ਕ੍ਰਿਆ' ਹੈ ਤੇ ਉਸ ਦਾ ਅਰਥ ਹੈ, 'ਇਸ਼ਨਾਨ ਕਰੋ', ਜਿਵੇਂ:

ਅੰਤਰਗਤਿ ਤੀਰਥ ਮਲਿ ਨਾਉ। (ਪਉੜੀ 21)

ਸ਼ਬਦ 'ਨਾਉ' ਦਾ ਬਹੁ-ਵਚਨ ਜਪੁਜੀ ਵਿਚ ਦੋ ਵਾਰੀ ਆਇਆ ਹੈ, ਉਸ ਦਾ ਰੂਪ 'ਨਾਂਵ' ਹੈ, ਜਿਵੇਂ:

(1) ਅਸੰਖ ਨਾਵ ਅਸੰਖ ਨਾਵ। (ਪਉੜੀ 19)
(2) ਜੀਅ ਜਾਤਿ ਰੰਗਾ ਕੇ ਨਾਵ। (ਪਉੜੀ 16)

ਜਦੋਂ ਸ਼ਬਦ 'ਨਾਉ' ਕਰਤਾ ਕਾਰਕ ਜਾਂ ਕਰਮ ਕਾਰਕ ਤੋਂ ਬਿਨਾ ਕਿਸੇ ਹੋਰ ਕਾਰਕ ਵਿਚ ਵਰਤਿਆ ਜਾਏ, ਤਾਂ 'ਨਾਉ' ਦੀ ਥਾਂ 'ਨਾਇ' ਹੋ ਜਾਂਦਾ ਹੈ, ਜਿਵੇਂ:

ਨਾਇ ਤੇਰੈ ਤਰਣਾ ਨਾਇ ਪਤਿ ਪੂਜ।
ਨਾਉ ਤੇਰਾ ਗਹਣਾ ਮਤਿ ਮਕਸੂਦ।
(ਪਰਭਾਤੀ ਬਿਭਾਸ ਮਹਲਾ 1

ਨਾਇ = ਨਾਮ ਦੀ ਰਾਹੀਂ।

ਪਰ 'ਸਾਚਿ ਨਾਇ' ਵਾਲਾ 'ਨਾਇ' ਕਰਤਾ ਕਾਰਕ ਹੀ ਹੋ ਸਕਦਾ ਹੈ, ਕਿਉਕਿ ਇਸ ਦਾ ਵਿਸ਼ੇਸ਼ਣ 'ਸਾਚੁ' ਭੀ ਕਰਤਾ ਕਾਰਕ ਹੈ। ਇਸ 'ਨਾਇ' ਉੱਪਰਲੇ ਪਰਮਾਣ ਵਾਲੇ 'ਨਾਇ' ਤੋਂ ਵੱਖਰਾ ਹੈ।

ਜਪੁਜੀ ਦੀ ਪਉੜੀ ਨੰ: 6 ਦੀ ਪਹਿਲੀ ਤੁਕ ਵਿਚ ਭੀ 'ਨਾਇ' ਸ਼ਬਦ ਮਿਲਦਾ ਹੈ, ਪਰ ਇਥੇ 'ਕ੍ਰਿਆ' ਹੈ, ਇਸ ਦਾ ਅਰਥ ਹੈ 'ਨ੍ਹਾਇ ਕੇ'। ਸੋ ਇਹ 'ਨਾਇ' ਭੀ 'ਸਾਚੁ ਨਾਇ' ਵਾਲਾ ਨਹੀਂ ਹੈ। ਸ਼ਬਦ 'ਨਾਈ' ਭੀ ਜਪੁਜੀ ਵਿਚ ਹੇਠ ਲਿਖੀਆਂ ਤੁਕਾਂ ਵਿਚ ਵਰਤਿਆ ਗਿਆ ਹੈ:

(1) ਵਡਾ ਸਾਹਿਬ, ਵਡੀ ਨਾਈ, ਕੀਤਾ ਜਾ ਕਾ ਹੋਵੇ। (ਪਉੜੀ 21)

(2) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27)

ਇੱਥੇ ਲਫ਼ਜ਼ 'ਨਾਈ' ਇਸਤ੍ਰੀ-ਲਿੰਗ ਹੈ। ਸੋ ਇਹ ਸ਼ਬਦ ਭੀ 'ਸਾਚੁ ਨਾਇ' ਤੋਂ ਵੱਖਰਾ ਹੈ।

ਅਸਾਂ ਇਸ ਸ਼ਬਦ 'ਨਾਇ' ਦਾ ਅਰਥ 'ਨਿਆਇ' ਕੀਤਾ ਹੈ। ਇਸੇ ਤਰ੍ਹਾਂ ਹੇਠ-ਲਿਖੀ ਤੁਕ ਵਿਚ ਭੀ 'ਨਾਈ' ਤੋਂ 'ਨਿਆਈ' ਪਾਠ ਵਾਲਾ ਅਰਥ ਕਰੀਦਾ ਹੈ।

'ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।' (ਸੋਰਠਿ ਕਬੀਰ ਜੀ)

'ਨਾਈ' ਤੇ 'ਨਿਆਈ' ਦਾ ਅਰਥ ਹੈ 'ਨਿਆਇ'। ਅੱਜ ਕੱਲ੍ਹ ਦੀ ਪੰਜਾਬੀ ਵਿਚ ਭੀ ਨਿਆਇ' 'ਨੀਵੇਂ ਥਾਉਂ' ਨੂੰ ਆਖੀਦਾ ਹੈ। ਸੋ ਜਿਵੇਂ ਇਸ ਪ੍ਰਮਾਣ ਵਿਚ 'ਨਾਈ' ਨੂੰ 'ਨਿਆਈ' ਸਮਝ ਕੇ ਅਰਥ ਕਰੀਦਾ ਹੈ, ਤਿਵੇਂ ਇਸ ਲਫ਼ਜ਼ 'ਨਾਇ' ਨੂੰ 'ਨਿਆਇ' ਹੀ ਸਮਝਣਾ ਹੈ।

ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ। ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।

ਅਰਥ: ਅਕਾਲ ਪੁਰਖ ਸਦਾ = ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।

ਨੋਟ: ਉਸ ਦੀ ਬੋਲੀ ਪ੍ਰੇਮ ਹੈ। ਪ੍ਰੇਮ ਹੀ ਵਸੀਲਾ ਹੈ, ਜਿਸ ਦੀ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀਂ ਉਸ ਨਾਲ ਕਰ ਸਕਦੇ ਹਾਂ।

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

ਪਦ ਅਰਥ: ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਕਰ ਰਿਹਾ ਹੈ ਤਾਂ) ਫਿਰ। ਕਿ = ਕਿਹੜੀ ਭੇਟਾ। ਅਗੈ = ਰੱਬ ਦੇ ਅੱਗੇ। ਰਖੀਐ = ਰੱਖੀ ਜਾਏ, ਅਸੀਂ ਰੱਖੀਏ। ਜਿਤੁ = ਜਿਸ ਭੇਟਾ ਦਾ ਸਦਕਾ। ਦਿਸੈ = ਦਿੱਸ ਪਏ। ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।

ਅਰਥ: (ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

ਪਦ ਅਰਥ: ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ। ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। ਜਿਵੇਂ = ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ 9। ਨਾਨਕ ਨਦਰੀ ਕਰਮੀ ਦਾਤਿ। ਪਉੜੀ 14।

ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ-"ਸਿਫ਼ਤਿ ਸਰਮ ਕਾ ਕਪੜਾ ਮਾਗਉ"।4।7। ਪ੍ਰਭਾਤੀ ਮ: 1।

ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ। ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ) ।

ਨੋਟ: ਲਫ਼ਜ਼ 'ਏਵੈ' ਪਰਗਟ ਕਰਦਾ ਹੈ ਕਿ ਇਸ ਪਉੜੀ ਦੀ ਤੀਜੀ ਤੇ ਚੌਥੀ ਤੁਕ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਅਖ਼ੀਰਲੀਆਂ ਤਿੰਨ ਤੁਕਾਂ ਹੈ-ਜੇ ਅੰਮ੍ਰਿਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫ਼ਤ-ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ।

ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ।4।

ਅਰਥ: ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ) , ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ'-ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।4।

ਭਾਵ: ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ 'ਪ੍ਰੇਮ'। ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ 'ਪ੍ਰੇਮ ਪਟੋਲਾ' ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ।4।

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥

ਪਦ ਅਰਥ: ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ।

ਸੰਸਕ੍ਰਿਤ ਧਾਤੂ ÔQw (ਸਥਾ) ਦਾ ਅਰਥ ਹੈ 'ਖਲੋਣਾ'। ਇਸ ਤੋਂ ਪ੍ਰੇਰਣਾਰਥਕ ਧਾਤੂ (Causative root) ਹੈ ÔQwpX (ਸਥਾਪਯ) , ਜਿਸ ਦਾ ਅਰਥ ਹੈ 'ਖੜਾ ਕਰਨਾ' ਖਲਿਆਰਨਾ, ਨੀਂਹ ਰੱਖਣੀ'।

ਇਸ 'ਪ੍ਰੇਰਣਾਰਥਕ ਧਾਤੂ' ਤੋਂ 'ਨਾਂਵ' ਹੈ ÔQwpn (ਸਥਾਪਨ) , ਜਿਸ ਦਾ ਅਰਥ ਹੈ 'ਪੁੰਸਵਨ ਸੰਸਕਾਰ'। ਇਸਤ੍ਰੀ ਦੇ ਗਰਭਵਤੀ ਹੋਣ ਦੀਆਂ ਜਦੋਂ ਪਹਿਲੀਆਂ ਨਿਸ਼ਾਨੀਆਂ ਪਰਗਟ ਹੁੰਦੀਆਂ ਹਨ, ਤਦੋਂ ਹਿੰਦੂ ਘਰਾਂ ਵਿੱਚ ਇਹ ਸੰਸਕਾਰ ਕਰੀਦਾ ਹੈ, ਤਾਕਿ ਪੁੱਤਰ ਜਨਮੇ।

ÔQwpX (ਸਥਾਪਯ) ਤੋਂ ਪਹਿਲਾਂ ਅਗੇਤਰ ad`R (ਉਦ) ਲਗਾਇਆਂ ਇਹ ਬਣ ਜਾਂਦਾ ਹੈ, aÄQwpX (ਉੱਥਾਪਯ) , ਜਿਸ ਦਾ ਅਰਥ ਉਸ ਦੇ ਉਲਟ ਹੈ, ਉਖੇੜਨਾ, ਨਾਸ ਕਰਨਾ', ਜਿਵੇਂ:

ਆਪੇ ਦੇਖਿ ਦਿਖਾਵੈ ਆਪੇ।
ਆਪੇ ਥਾਪਿ ਉਥਾਪੇ ਆਪੇ।
(ਮ: 1

ਕੀਤਾ ਨਾ ਹੋਇ-(ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ। ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।

ਅਰਥ: ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।

ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥

ਪਦ ਅਰਥ: ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ। ਗੁਣੀ ਨਿਧਾਨੁ = ਗੁਣਾਂ ਦੇ ਖ਼ਜ਼ਾਨੇ ਨੂੰ। ਗਾਵੀਐ = ਸਿਫ਼ਤਿ-ਸਾਲਾਹ ਕਰੀਏ।

ਅਰਥ: ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕਰੀਏ।

ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

ਪਦ ਅਰਥ: ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ। ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।

ਅਰਥ: (ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ। (ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਪਦ ਅਰਥ: ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ।

ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ। ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।

ਅਰਥ: (ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ) । ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

ਪਦ ਅਰਥ: ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ.......ਜਾਈ = ਕਥਨ, ਕਹਿਆ ਨਹੀਂ ਜਾ ਸਕਦਾ। ਗੁਰਾ = ਹੇ ਸਤਿਗੁਰੂ! ਇਕ ਬੁਝਾਈ = ਇਕ ਸਮਝ। ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ) ।

ਅਰਥ: ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ। (ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।5।

ਭਾਵ: ਪ੍ਰੇਮ ਨੂੰ ਮਨ ਵਿਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਦੇ ਹਿਰਦੇ ਵਿਚ ਸਦਾ ਸੁਖ ਤੇ ਸ਼ਾਂਤੀ ਦਾ ਨਿਵਾਸ ਹੁੰਦਾ ਹੈ। ਪਰ ਇਹ ਯਾਦ, ਇਹ ਬੰਦਗੀ, ਗੁਰੂ ਪਾਸੋਂ ਮਿਲਦੀ ਹੈ। ਗੁਰੂ ਹੀ ਇਹ ਦ੍ਰਿੜ ਕਰਦਾ ਹੈ ਕਿ ਪ੍ਰਭੂ ਹਰ ਥਾਂ ਵੱਸ ਰਿਹਾ ਹੈ, ਗੁਰੂ ਦੀ ਰਾਹੀਂ ਹੀ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਹੁੰਦੀ ਹੈ। ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ।5।

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

ਪਦ ਅਰਥ: ਤੀਰਥਿ = ਤੀਰਥ ਉੱਤੇ। ਨਾਵਾ = ਮੈਂ ਇਸ਼ਨਾਨ ਕਰਾਂ। ਤਿਸੁ = ਉਸ ਰੱਬ ਨੂੰ। ਭਾਵਾ = ਮੈਂ ਚੰਗਾ ਲੱਗਾਂ। ਵਿਣੁ ਭਾਣੇ = ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ? ਜੇਤੀ = ਜਿਤਨੀ। ਸਿਰਠੀ = ਸ੍ਰਿਸ਼ਟੀ, ਦੁਨੀਆ। ਉਪਾਈ = ਪੈਦਾ ਕੀਤੀ ਹੋਈ। ਵੇਖਾ = ਮੈਂ ਵੇਖਦਾ ਹਾਂ। ਵਿਣੁ ਕਰਮਾ = ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ:

'ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ'। (ਤਿਲੰਗੁ ਮਹਲਾ 1

ਕਿ ਮਿਲੈ = ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ = ਕੀਹ ਕੋਈ ਲੈ ਸਕਦਾ ਹੈ?

ਅਰਥ: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

ਪਦ ਅਰਥ: ਮਤਿ ਵਿਚਿ = (ਮਨੁੱਖ ਦੀ) ਬੁੱਧ ਦੇ ਅੰਦਰ ਹੀ। ਮਾਣਿਕ = ਮੌਤੀ। ਇਕ ਸਿਖ = ਇਕ ਸਿੱਖਿਆ। ਸੁਣੀ = ਸੁਣੀਏ, ਸੁਣੀ ਜਾਏ।

ਅਰਥ: ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।

ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

ਅਰਥ: (ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।6।

ਭਾਵ: ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ। ਬੱਸ! ਉਸੇ ਮਨੁੱਖ ਦੀ ਮਤ ਵਿਚ ਹੁਲਾਰਾ ਆਉਂਦਾ ਹੈ।6।

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

ਪਦ ਅਰਥ: ਜੁਗ ਚਾਰੇ = ਚਹੁੰ ਜੁਗਾਂ ਜਿਤਨੀ। ਆਰਜਾ = ਉਮਰ। ਦਸੂਣੀ = ਦਸ ਗੁਣੀ । ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।

ਅਰਥ: ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ, ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

ਪਦ ਅਰਥ: ਚੰਗਾ.......ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ। ਤਿਸੁ = ਅਕਾਲ ਪੁਰਖ ਦੀ। ਨਦਰਿ = ਕਿਰਪਾ = ਦ੍ਰਿਸ਼ਟੀ ਵਿਚ। ਨ ਆਵਈ = ਨਹੀਂ ਆ ਸਕਦਾ। ਵਾਤ = ਖ਼ਬਰ, ਸੁਰਤ। ਨ ਕੇ = ਕੋਈ ਮਨੁੱਖ ਨਹੀਂ। ਕੀਟੁ = ਕੀੜਾ। ਕਰਿ = ਕਰ ਕੇ, ਬਣਾ ਕੇ, ਠਹਿਰ ਕੇ। ਦੋਸੁ ਧਰੇ = ਦੋਸੁ ਲਾਉਂਦਾ ਹੈ। ਕੀਟਾ ਅੰਦਰਿ ਕੀਟੁ = ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ।

ਅਰਥ: ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ) । (ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ ("ਖਸਮੈ ਨਦਰੀ ਕੀੜਾ ਆਵੈ"। ਆਸਾ ਮ: 1) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

ਪਦ ਅਰਥ: ਨਿਰਗੁਣਿ = ਗੁਣ-ਹੀਨ ਮਨੁੱਖ ਵਿਚ। ਗੁਣਵੰਤਿਆ = ਗੁਣੀ ਮਨੁੱਖਾਂ ਨੂੰ। ਕਰੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ। ਤੇਹਾ = ਇਹੋ ਜਿਹਾ। ਨ ਸੁਝਈ = ਨਹੀਂ ਲੱਭਦਾ। ਜਿ = ਜਿਹੜਾ। ਤਿਸੁ = ਉਸ ਨਿਰਗੁਣ ਨੂੰ।

ਅਰਥ: ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ। ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ।7।

ਭਾਵ: ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ ਆਦਰ ਬਣ ਜਾਏ, ਪਰ ਜੇ ਉਹ ਬੁਲੰਦੀ ਦੇ ਗੁਣ ਤੋਂ ਸੱਖਣਾ ਹੈ, ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ। ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ। ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ।7।

ਨੋਟ: ਪਉੜੀ ਨੰ: 8 ਤੋਂ 11 ਤਕ ਚਾਰੇ ਇਕੋ ਹੀ ਲੜੀ ਵਿਚ ਹਨ, ਇਹਨਾਂ ਦਾ ਸਾਂਝਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਿਆ ਹੈ, ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ।

ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥

ਪਦ ਅਰਥ: ਸੁਣਿਐ = ਸੁਣਿਆਂ, ਸੁਣਨ ਨਾਲ, ਜੇ ਨਾਮ ਵਿਚ ਸੁਰਤਿ ਜੋੜੀ ਜਾਏ। ਸਿਧ = ਉਹ ਜੋਗੀ ਜਿਨ੍ਹਾਂ ਦੀ ਘਾਲ ਕਮਾਈ ਸਫਲ ਹੋ ਚੁਕੀ ਹੈ। ਸੁਰਿ = ਦੇਵਤੇ। ਧਵਲ = ਬੌਲਦ, ਧਰਤੀ ਦਾ ਆਸਰਾ। ਦੀਪ = ਧਰਤੀ ਦੀ ਵੰਡ ਦੇ ਸਤ ਦੀਪ। ਲੋਅ = ਲੋਕ, ਭਵਣ। ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ। ਵਿਗਾਸੁ = ਖਿੜਾਉ, ਉਮਾਹ, ਖ਼ੁਸ਼ੀ।

ਅਰਥ: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਦਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।8।

ਭਾਵ: ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਨ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉਤੇ ਜਾ ਅੱਪੜਦੇ ਹਨ। ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।8।

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥

ਪਦ ਅਰਥ: ਈਸਰੁ = ਸ਼ਿਵ। ਇੰਦੁ = ਇੰਦਰ ਦੇਵਤਾ। ਮੁਖਿ = ਮੂੰਹ ਨਾਲ, ਮੂੰਹੋਂ। ਸਾਲਾਹਣ = ਸਿਫ਼ਤ = ਸਾਲਾਹਾਂ, ਰੱਬ ਦੀਆਂ ਵਡਿਆਈਆਂ। ਮੰਦੁ = ਭੈੜਾ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ = ਸਰੀਰ ਵਿਚ ਦੇ। ਭੇਦ = ਗੱਲਾਂ।

ਅਰਥ: ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ = ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ = ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ) ।9।

ਨੋਟ: ਸੁਣਿਐ ਮੁਖਿ ਸਾਲਾਹਣ ਮੰਦੁ।

ਕਈ ਟੀਕਾਕਾਰ ਸੱਜਣ ਇਸ ਤੁਕ ਦਾ ਇਉਂ ਅਰਥ ਕਰਦੇ ਹਨ:

'ਸੁਣਨ ਕਰਕੇ ਮੰਦੇ ਪੁਰਖ ਭੀ ਮੂੰਹੌਂ ਸਾਲਾਹੇ ਜ਼ਾਦੇ ਹਨ' ਜਾਂ 'ਸੁਣਨ ਦੇ ਨਾਲ ਮੰਦੇ ਆਦਮੀ ਭੀ ਮੁਖੀ ਅਤੇ ਸ਼ਲਾਘਾ-ਯੋਗ ਹੋ ਜਾਂਦੇ ਹਨ। ' ਪਰ:

ਗੁਰਬਾਣੀ ਵਿਆਕਰਣ ਅਨੁਸਾਰ ਇਸ ਅਰਥ ਦੇ ਰਾਹ ਵਿਚ ਕਈ ਔਕੜਾਂ ਹਨ। ਲਫ਼ਜ਼ 'ਮੰਦੁ' ਇਕ-ਵਚਨ ਹੈ, ਇਸ ਦਾ ਅਰਥ ਹੈ 'ਮੰਦਾ ਮਨੁੱਖ'। ਲਫ਼ਜ਼ 'ਸਾਲਾਹਣ' ਕ੍ਰਿਆ ਨਹੀਂ ਹੈ। 'ਸਲਾਹੇ ਜਾਂਦੇ ਹਨ' ਵਿਆਕਰਣ ਅਨੁਸਾਰ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ, ਕਰਮ ਵਾਚ (passive voice) ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਵਾਸਤੇ ਲਫ਼ਜ਼ 'ਸਾਲਾਹੀਅਨਿ' ਹੈ, ਜਿਵੇਂ 'ਪਾਵਹਿ' (active voice) 'ਕਰਤਰੀ ਵਾਚ' ਤੇ 'ਪਾਈਅਹਿ' ਅਤੇ 'ਭਵਾਵਹਿ' ਤੋਂ 'ਭਵਾਈਅਹਿ' ਹੈ, ਜਿਵੇਂ ਪਉੜੀ ਨੰ: 2 ਵਿਚ:

ਹੁਕਮੀ ਉਤਮੁ ਨੀਚ, ਹੁਕਮਿ ਲਿਖਿ ਦੁਖ ਸੁਖ 'ਪਾਈਅਹਿ' ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ 'ਭਵਾਈਅਹਿ' ॥

'ਸਲਾਹੁੰਦੇ ਹਨ' ਕਰਤਰੀ ਵਾਚ (active voice) ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਥਾਂ 'ਸਾਲਾਹਨਿ' ਹੈ। ਇਹ ਫ਼ਰਕ ਭੀ ਚੇਤੇ ਰੱਖਣ ਵਾਲਾ ਹੈ, 'ਣ' ਨਹੀਂ ਹੈ, 'ਨ' ਹੈ ਅਤੇ ਇਸ ਦੇ ਨਾਲ (ਿ) ਹੈ, ਜਿਵੇਂ:

ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ। (ਪ੍ਰਭਾਤੀ ਮ: 3

ਤੁਧੁ ਸਾਲਾਹਨਿ ਤਿਨੁ ਧਨੁ ਪਲੈ, ਨਾਨਕ ਕਾ ਧਨੁ ਸੋਈ। (ਪ੍ਰਭਾਤੀ ਮ: 1

ਸਾਲਾਹਨਿ = ਸਲਾਹੁੰਦੇ ਹਨ।

ਸੋ, ਇਸ ਵਿਚਾਰ-ਜੋਗ ਤੁਕ ਵਿਚ ਲਫ਼ਜ਼ 'ਸਾਲਾਹਣੁ' ਦਾ ਅਰਥ 'ਸਲਾਹੁੰਦੇ ਹਨ' ਜਾਂ 'ਸਲਾਹੇ ਜਾਂਦੇ ਹਨ' ਨਹੀਂ ਕੀਤਾ ਜਾ ਸਕਦਾ।

'ਸਾਲਾਹਣ' 'ਨਾਂਵ' ਪੁਲਿੰਗ ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਸਾਲਾਹਣ' ਹੈ ਅਤੇ ਇਸ ਦਾ ਅਰਥ ਹੈ 'ਸਿਫ਼ਤਿ', ਜਿਵੇਂ:

ਸਚੁ ਸਾਲਾਹਣੁ ਵਡਭਾਗੀ ਪਾਇਐ। (ਮਾਝ ਮ: 5

ਸਿਫਤਿ ਸਲਾਹਣੁ ਛਡਿ ਕੈ, ਕਰੰਗੀ ਲਗਾ ਹੰਸੁ।2।16। (ਮ: 1 ਸੂਹੀ ਕੀ ਵਾਰ

ਪਉੜੀ ਦਾ ਭਾਵ: ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ, ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾਅ ਲਂੈਦਾਂ ਹੈ। ਇਸ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ, ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ। ਨਾਮ ਵਿਚ ਸੁਰਤਿ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ।9।

TOP OF PAGE