Page 1370

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
ਉਹ ਖੁਦ ਚਾਰਾਂ ਹੀ ਵੇਦਾਂ ਅੰਦਰ ਬੁਡਿਆ ਹੋਇਆ ਹੈ ਅਤੇ ਆਪਣੇ ਮੁਰੀਦ ਨੂੰ ਭੀ ਡੋਬ ਦਿੰਦਾ ਹੈ।

ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
ਕਬੀਰ, ਜੋ ਭੀ ਕਸਮਲ ਪ੍ਰਾਣੀ ਕਰਦਾ ਹੈ, ਉਨ੍ਹਾਂ ਨੂੰ ਉਹ ਪਰਦੇ ਹੇਠਾ ਲੁਕਾਈ ਰਖਦਾ ਹੈ।

ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥
ਅਖੀਰ ਨੂੰ ਉਹ ਸਾਰੇ ਜ਼ਾਹਰ ਹੋ ਜਾਂਦੇ ਹਨ, ਤਦ ਧਰਮਰਾਜ ਪੁਛ ਗਿਛ ਕਰਦਾ ਹੈ।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
ਕਬੀਰ ਪ੍ਰਭੂ ਦੀ ਬੰਦਗੀ ਨੂੰ ਤਿਆਗ ਕੇ ਤੂੰ ਭਾਰਾ ਟੱਬਰ-ਕਬੀਲਾ ਪਾਲਿਆ ਹੈ।

ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥
ਤੂੰ ਸੰਸਾਰੀ ਕੰਮ ਕਰੀ ਜਾ ਰਿਹਾ ਹੈ, ਭਾਵੇਂ ਤੇਰਾ ਕੋਈ ਭੀ ਭਰਾ ਅਤੇ ਸਨਬੰਧੀ ਅਸਥਿਰ ਨਹੀਂ ਰਿਹਾ।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥
ਕਬੀਰ, ਵਾਹਿਗੁਰੂ ਦੇ ਭਜਨ ਨੂੰ ਤਿਆਗ, ਜਿਹੜੀ ਇਸਤਰੀ ਰੈਣ ਨੂੰ ਜਾਗਦੀ ਹੈ ਅਤੇ ਟੁਣੇ-ਟਾਮਣ ਕਰਨ ਲਈ ਸ਼ਮਸ਼ਾਨ ਭੂਮੀ ਨੂੰ ਜਾਂਦੀ ਹੈ,

ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥
ਉਹ ਨਾਗਣ ਹੋ ਕੇ ਜੰਮਦੀ ਹੈ ਅਤੇ ਆਪਣੇ ਬੱਚਿਆਂ ਨੂੰ ਹੀ ਖਾਂਦੀ ਹੈ।

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਕਬੀਰ, ਸਾਹਿਬ ਦੇ ਆਰਾਧਨ ਨੂੰ ਤਿਆਗ ਜੇਕਰ ਕੋਈ ਜਨਾਨੀ ਮਾਤਾ ਦੀ ਦੇਵੀ ਦਾ ਵਰਤ ਰਖਦੀ ਹੈ,

ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
ਉਹ ਖੋਤੀ ਹੋ ਕੇ ਮੁੜ ਜੰਮ ਪੈਦੀ ਹੈ ਅਤੇ ਚਾਰ ਮਣ ਬੋਝ ਉਠਾਉਂਦੀ ਹੈ।

ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥
ਕਬੀਰ, ਖਰੀ ਬਹੁਤੀ ਸਿਆਣਪ ਇਸ ਵਿੱਚ ਹੈ, ਕਿ ਇਨਸਾਨ ਆਪਣੇ ਮਨ ਅੰਦਰ ਰੱਬ ਦਾ ਸਿਮਰਨ ਕਰੇ।

ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥
ਸੁਆਮੀ ਦਾ ਸਿਮਰਨ ਸੂਲੀ ਉਤੇ ਖੇਡਣ ਦੀ ਮਾਨੰਦ ਹੈ ਜੇਕਰ ਇਨਸਾਨ ਇਸ ਤੋਂ ਡਿਗ ਪਵੇ, ਤਾਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।

ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥
ਕਬੀਰ ਮੁਬਾਰਕ ਹੈ ਉਹ ਮੁੰਹ ਜਿਸ ਮੂੰਹ ਨਾਲ ਸੁਆਮੀ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ।

ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
ਉਸ ਜੀਵ ਦੇ ਗਰੀਬੜੇ ਸਰੀਰ ਦਾ ਕਹਿਣਾ ਹੀ ਕੀ ਹੈ ਉਸ ਦਾ ਸਾਰਾ ਪਿੰਡ ਹੀ ਪਾਵਨ ਪੁਨੀਤ ਥੀ ਵੰਞੇਗਾਂ।

ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
ਕਬੀਰ ਸੁਲਖਣਾ ਹੈ ਉਹ ਖਾਨਦਾਨ, ਜਿਸ ਖਾਨਦਾਨ ਵਿੱਚ ਰੱਬ ਦਾ ਗੋਲਾ ਪੈਦਾ ਹੋਇਆ ਹੈ।

ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
ਜਿਸ ਖਾਨਦਾਨ ਵਿੱਚ ਸਾਈਂ ਦਾ ਗੋਲਾ ਪੈਦਾ ਨਹੀਂ ਹੋਇਆ, ਉਹ ਖਾਨਦਾਨ ਢਕ-ਪਲਾਹ ਦੀ ਤਰ੍ਹਾਂ ਨਿਕੰਮਾ ਹੈ।

ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥
ਕਬੀਰ, ਘੋੜਿਆਂ, ਹਾਥੀਆਂ ਤੇ ਗੱਡੀਆਂ ਦਾ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਪਾਸ ਹੋਣਾ ਅਤੇ ਲੱਖਾਂ ਹੀ ਝੰਡਿਆ ਦਾ ਲਹਿਰਾਉਣਾ।

ਇਆ ਸੁਖ ਤੇ ਭਿਖ੍ਯ੍ਯਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
ਇਨ੍ਹਾਂ ਖੁਸ਼ੀਆਂ ਨਾਲੋ ਮੰਗਣਾ ਪਿੰਨਣਾ ਚੰਗਾ ਹੈ, ਜੋ ਸੁਆਮੀ ਦਾ ਸਿਮਰਨ ਕਰਦਿਆਂ ਦਿਹੁੰ ਬੀਤਣ।

ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥
ਕਬੀਰ, ਆਪਣੇ ਮੋਢੇ ਤੇ ਢੋਲ ਚੁਕ ਕੇ, ਮੈਂ ਸਾਰੇ ਸੰਸਾਰ ਦਾ ਚੱਕ ਕਟਿਆ ਹੈ।

ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥
ਕੋਈ ਜਣਾ ਵੀ ਕਿਸੇ ਹੋਰ ਜਣੇ ਦਾ ਮਿੱਤਰ ਨਹੀਂ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣਾ ਕਰ ਕੇ ਵੇਖ ਲਿਆ ਹੈ।

ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
ਕਬੀਰ, ਮਾਣਕ ਰਾਹ ਵਿੱਚ ਖਿਲਰੇ ਪਏ ਹਨ ਅਤੇ ਇਕ ਅੰਨ੍ਹਾਂ ਆਦਮੀ ਉਸ ਰਾਹੇ ਆ ਜਾਂਦਾ ਹੈ।

ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥
ਆਲਮ ਦੇ ਸੁਆਮੀ ਦੇ ਪ੍ਰਕਾਸ਼ ਦੇ ਬਗੈਰ, ਪ੍ਰਾਣੀ ਮਾਣਕਾਂ ਦੇ ਕੋਲ ਦੀ ਲੰਘ ਜਾਂਦਾ ਹੈ।

ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥
ਕਬੀਰ ਡੁਬ ਗਿਆ ਹੈ ਮੇਰਾ ਖਾਨਦਾਨ, ਜਦ ਮੇਰਾ ਪੁਤ੍ਰ ਕਮਾਲ ਜੰਮ ਪਿਆ ਹੈ।

ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥
ਵਾਹਿਗੁਰੂ ਦੀ ਬੰਦਗੀ ਨੂੰ ਛਡ ਕੇ ਉਹ ਆਪਣੇ ਗ੍ਰਹਿ ਨੂੰ ਧਨ-ਦੌਲਤ ਲੈ ਆਇਆ ਹੈ।

ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
ਕਬੀਰ, ਜੇ ਸੰਤ ਨੂੰ ਮਿਲਣ ਲਈ ਜਾਈਏ ਤਾਂ ਆਪਣੇ ਨਾਲ ਤੂੰ ਹੋਰ ਕਿਸੇ ਨੂੰ ਨਾਂ ਲੈ ਕੇ ਜਾ।

ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
ਫਿਰ ਤੂੰ ਆਪਣਾ ਪੈਰ ਪਿਛੇ ਨੂੰ ਨਾਂ ਪਰਤਾ ਅਤੇ ਅਗੇ ਨੂੰ ਵਧਦਾ ਜਾ। ਜਿਹੜਾ ਕੁਛ ਹੁੰਦਾ ਹੈ ਉਹ ਪਿਆ ਹੋਵੇ।

ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
ਕਬੀਰ, ਤੂੰ ਆਪਣੇ ਆਪ ਨੂੰ ਉਸ ਸੰਗਲੀ ਨਾਲ ਨਾਂ ਬੰਨ੍ਹ, ਜਿਸ ਨਾਲ ਦੁਨੀਆ ਬੱਝੀ ਹੋਈ ਹੈ।

ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
ਜਿਸ ਤਰ੍ਹਾਂ ਆਟੇ ਵਿੱਚ ਲੂਣ ਗੁੰਮ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਤੇਰੀ ਸੋਨ੍ਹੇ ਵਰਗੀ ਦੇਹ ਅਲੋਪ ਹੋ ਜਾਵੇਗੀ।

ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥
ਕਬੀਰ, ਜਦ ਆਤਮਾ-ਰਾਜਹੰਸ ਉਡਣ ਵਾਲੀ ਹੁੰਦੀ ਹੈ ਅਤੇ ਦੇਹ ਦਬੀ ਜਾਣ ਵਾਲੀ ਹੈ, ਤਾਂ ਭੀ ਪ੍ਰਾਣੀ ਸੈਣਤਾਂ ਨਾਲ ਸਮਝਾਉਂਦਾ ਹੈ।

ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
ਤਦ ਭੀ ਪ੍ਰਾਣੀ ਆਪਣੀਆਂ ਅੱਖਾਂ ਦੀ ਨੀਚਤਾ ਨੂੰ ਤਿਆਗਦਾ।

ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
ਕਬੀਰ, ਹੇ ਮੇਰੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਵੇਖਦਾ ਹਾਂ ਤੇ ਆਖਣਿਆਂ ਕੰਨਾਂ ਨਾਲ ਮੈਂ ਤੇਰਾ ਨਾਮ ਸੁਣਦਾ ਹਾਂ!

ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥
ਆਪਣੀ ਜੀਭਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਤੇਰੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹਾਂ।

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
ਕਬੀਰ, ਗੁਰਾਂ ਦੀ ਦਇਆ ਦੁਆਰਾ ਮੈਂ ਬਹਿਸ਼ਤ ਅਤੇ ਦੋਜ਼ਕ ਤੋਂ ਬਚ ਗਿਆ ਹਾਂ।

ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
ਆਰੰਭ ਅਤੇ ਅਖੀਰ ਵਿੱਚ ਮੈਂ ਪ੍ਰਭੂ ਦੇ ਕੰਵਲ ਪੈਰਾਂ ਦੀ ਖੁਸ਼ੀ ਅੰਦਰ ਵਸਦਾ ਹਾਂ।

ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
ਕਬੀਰ ਪ੍ਰਭੂ ਦੇ ਕੰਵਲ ਪੈਰਾ ਦੀ ਖੁਸ਼ੀ ਦਾ ਅਨੁਮਾਨ ਮੈਂ ਤੈਨੂੰ ਕਿਸ ਤਰ੍ਹਾਂ ਦਸ ਸਕਦਾ ਹਾਂ?

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
ਇਸ ਦੀ ਵਡਿਆਈ ਵਰਨਨ ਕੀਤੀ ਨਹੀਂ ਜਾ ਸਕਦੀ। ਇਹ ਕੇਵਲ ਵੇਖੀ ਅਤੇ ਅਨੁਭਵ ਕੀਤੀ ਜਾ ਸਕਦੀ ਹੈ।

ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥
ਕਬੀਰ, ਸੁਆਮੀ ਨੂੰ ਵੇਖ, ਮੈਂ ਉਸ ਨੂੰ ਕਿਸ ਤਰਾਂ ਬਿਆਨ ਕਰ ਸਕਦਾ ਹਾਂ? ਮੇਰੇ ਬਚਨਾ ਨਾਲ ਕਿਸੇ ਦੀ ਭੀ ਤਸੱਲੀ ਨਹੀਂ ਹੋ ਸਕਦੀ।

ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥
ਜੇਹੋ ਜਿਹਾ ਵਾਹਿਗੁਰੂ ਹੈ ਉਹੋ ਜੇਹਾ ਉਹ ਕੇਵਲ ਆਪ ਹੀ ਹੈ। ਮੈਂ ਉਸ ਦੀਆਂ ਸਿਫਤਾਂ ਗਾਉਣ ਦੇ ਆਨੰਦ ਅੰਦਰ ਵਸਦਾ ਹਾਂ।

copyright GurbaniShare.com all right reserved. Email