ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥ ਸੁਲੱਖਣਾ ਹੈ ਉਹ ਥਾਂ ਅਤੇ ਸੁਲੱਖਣਾ ਉਹ ਘਰ ਜਿਸ ਵਿੱਚ ਵਾਹਿਗੁਰੂ ਦੇ ਸੰਤ ਨਿਵਾਸ ਕਰਦੇ ਹਨ। ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥੨॥੯॥੪੦॥ ਹੇ ਸਾਹਿਬ! ਗੋਲੇ ਨਾਨਕ ਦੀ ਇਹ ਸੱਧਰ ਪੂਰੀ ਕਰ ਕਿ ਉਹ ਤੇਰਿਆਂ ਸੰਤਾਂ, ਭਗਤਾਂ ਨੂੰ ਪ੍ਰਣਾਮ ਕਰੇ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ ਆਪਣੇ ਚਰਨੀ ਲਾ ਕੇ ਸੱਚੇ ਗੁਰਾਂ ਨੇ ਮੈਨੂੰ ਪਰਮ ਬਲਵਾਨ ਮਾਇਆ ਤੋਂ ਬਚਾ ਲਿਆ ਹੈ। ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥ ਮੇਰੇ ਰਿਦੇ ਵਿੱਚ ਉਨ੍ਹਾਂ ਨੇ ਇਕ ਨਾਮ ਦਾ ਮੰਤ੍ਰ ਵਸਾ ਦਿੱਤਾ ਹੈ, ਜੋ ਨਾਸ ਨਹੀਂ ਹੁੰਦਾ, ਤੇ ਨਾਂ ਹੀ ਕਿਧਰੇ ਜਾਂਦਾ ਹੈ। ਸਤਿਗੁਰਿ ਪੂਰੈ ਕੀਨੀ ਦਾਤਿ ॥ ਪੂਰਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਦਿੱਤੀ ਹੈ। ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥ ਉਨ੍ਹਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨਾ ਪ੍ਰਦਾਨ ਕੀਤਾ ਹੈ, ਜਿਸ ਕਰ ਕੇ ਮੈਂ ਮੁਕਤ ਹੋ ਗਿਆ ਹਾਂ। ਠਹਿਰਾਉ। ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥ ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ। ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥ ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ ਹੋਰਨਾਂ ਦੀ ਜਾਇਦਾਦ ਖੱਸਣੀ, ਲਾਲਚ ਕਰਨਾ, ਕੂੜ ਬੱਕਣਾ, ਬਦਖੋਈ ਕਰਨੀ, ਇਸ ਤਰ੍ਹਾਂ ਕਰਦਾ ਹੋਇਆ ਆਦਮੀ ਆਪਣਾ ਜੀਵਨ ਬਿਤਾ ਦਿੰਦਾ ਹੈ। ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥ ਇਨਸਾਨ ਦ੍ਰਿਸਕ ਧੋਖੇ ਦੀ ਝੂਠੀ ਉਮੈਦ ਨੂੰ ਮਿੱਠੀ ਜਾਣਦਾ ਹੈ। ਇਸ ਕੂੜੇ ਆਸਰੇ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ। ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ ਮਾਇਆ ਦੇ ਪੁਜਾਰੀ ਦੀ ਜਿੰਦਗੀ ਵਿਅਰਥ ਚਲੀ ਜਾਂਦੀ ਹੈ, ਉਸੇ ਤਰ੍ਹਾ ਹੀ। ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਜਿਸ ਤਰ੍ਹਾਂ ਕਾਗਜ਼ ਦੇ ਢੇਰ ਨੂੰ ਚੂਹਾ ਕੁਤਰ ਕੇ ਅਕਾਰਥ ਬਣਾ ਦਿੰਦਾ ਹੈ ਅਤੇ ਇਹ ਮੂਰਖ ਚੂਹੇ ਦੇ ਵੀ ਕਿਸੇ ਕੰਮ ਨਹੀਂ ਆਉਂਦਾ। ਠਹਿਰਾਉ। ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ ਹੇ ਪਰਮ ਪ੍ਰਭੂ! ਮੇਰੇ ਮਾਲਕ, ਮੇਰੇ ਉਤੇ ਕਿਰਪਾ ਕਰ ਅਤੇ ਮੈਨੂੰ ਇਨ੍ਹਾਂ ਫਾਹਿਆਂ ਤੋਂ ਬੰਦ-ਖਲਾਸ ਕਰ ਦੇ। ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥ ਡੁੱਬਦਿਆਂ ਹੋਇਆਂ, ਅੰਨਿ੍ਹਆਂ ਪ੍ਰਾਣੀਆਂ ਨੂੰ, ਹੇ ਨਾਨਕ! ਸੁਆਮੀ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਜੋੜ ਕੇ ਬਚਾ ਲੈਂਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥ ਆਪਣੇ ਸੁਆਮੀ ਮਾਲਕ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੇਰੀ ਦੇਹ, ਆਤਮਾ ਅਤੇ ਹਿਕ ਨੂੰ ਠੰਢ ਪੈ ਗਈ ਹੈ। ਰੂਪ ਰੰਗ ਸੂਖ ਧਨੁ ਜੀਅ ਕਾ ਪਾਰਬ੍ਰਹਮ ਮੋਰੈ ਜਾਤੀ ॥੧॥ ਪਰਮ ਪ੍ਰਭੂ ਹੀ ਮੇਰੀ ਸੁੰਦਰਤਾ, ਖੁਸ਼ੀ, ਆਰਾਮ, ਧਨ-ਦੌਲਤ, ਰਿਜ਼ਕ ਅਤੇ ਜਾਤ ਗੋਤ ਹੈ। ਰਸਨਾ ਰਾਮ ਰਸਾਇਨਿ ਮਾਤੀ ॥ ਮੇਰੀ ਜੀਭਾ ਅੰਮ੍ਰਿਤ ਤੇ ਘਰ-ਸੁਆਮੀ-ਦੇ ਨਾਮ ਨਾਲ ਖੀਵੀ ਹੋਈ ਹੋਈ ਹੈ। ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ ਰਹਾਉ ॥ ਇਹ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੀ ਹੋਈ ਹੈ। ਮੇਰੇ ਲਈ ਪ੍ਰਭੂ ਦੇ ਚਰਨ ਕੰਵਲ ਹੀ ਦੌਲਤ ਦਾ ਖਜਾਨਾ ਹਨ। ਠਹਿਰਾਉ। ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥ ਜਿਸ ਦੀ ਮੈਂ ਮਲਕੀਅਤ ਹਾਂ, ਉਸ ਨੇ ਮੈਨੂੰ ਬਚਾ ਲਿਆ ਹੈ। ਮੁਕੰਮਲ ਹੈ ਪ੍ਰਭੂ ਦੇ ਬਚਾਉਣ ਦਾ ਤਰੀਕਾ। ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥੨॥੧੨॥੪੩॥ ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਖੁਦ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਉਸ ਦੀ ਪਤ ਰੱਖ ਲਈ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥ ਸਾਰੇ ਦੋਖੀਆਂ ਤੇ ਦੁਸ਼ਮਨਾਂ ਨੂੰ ਤੂੰ, ਹੇ ਸਾਈਂ! ਦੂਰ ਕਰਦਾ ਹੈ, ਪ੍ਰਤੱਖ ਹੈ ਤੇਰਾ ਤੱਪ ਤੇਜ। ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥ ਜੋ ਕੋਈ ਭੀ ਤੇਰੇ ਸਾਧੂਆਂ ਨੂੰ ਦੁੱਖੀ ਕਰਦਾ ਹੈ, ਉਸ ਨੂੰ ਤੂੰ ਤੁਰੰਤ ਹੀ ਮਾਰ ਮੁਕਾਉਂਦਾ ਹੈ। ਨਿਰਖਉ ਤੁਮਰੀ ਓਰਿ ਹਰਿ ਨੀਤ ॥ ਹੇ ਹਰੀ! ਮੈਂ ਸਦਾ ਤੇਰੇ ਵੱਲ ਤਕਦਾ ਹਾਂ। ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥ ਹੇ ਹੰਕਾਰ ਦੇ ਵੇਰੀ ਪ੍ਰਭੂ! ਮੇਰੇ ਮਿੱਤਰ, ਤੂੰ ਆਪਣੇ ਗੋਲੇ ਦਾ ਸਹਾਇਕ ਹੋ ਜਾ ਅਤੇ ਮੈਨੂੰ ਹੱਥੋਂ ਪਕੜ ਕੇ, ਮੇਰਾ ਪਾਰ ਉਤਾਰਾ ਕਰ। ਠਹਿਰਾਉ। ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਮੇਰੇ ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ, ਅਤੇ ਮੈਨੂੰ ਆਪਣੀ ਪਨਾਹ (ਰਾਖੀ) ਪ੍ਰਦਾਨ ਕੀਤੀ ਹੈ। ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥ ਨਾਨਕ ਅਨੰਦਤ ਹੋ ਗਿਆ ਹੈ, ਉਸ ਦੇ ਦੁੱਖੜੇ ਦੂਰ ਹੋ ਗਏ ਹਨ ਅਤੇ ਨਿੱਤ ਨਿੱਤ ਹੀ ਉਹ ਸੁਆਮੀ ਦਾ ਸਿਮਰਨ ਕਰਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ। ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ। ਹਰਿ ਜਨ ਰਾਖੇ ਗੁਰ ਗੋਵਿੰਦ ॥ ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ। ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ। ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ। ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ। copyright GurbaniShare.com all right reserved. Email |