ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਖਲਾਸੀ ਪਾਉਂਦਾ ਹੈ। ਉਸ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਜਿਸ ਨੇ ਸੰਸਾਰ ਰਚਿਆ ਹੈ, ਉਹ ਸਭ ਕੁਛ ਜਾਣਦਾ ਹੈ। ਲਾਸਾਨੀ ਹੈ ਉਸ ਦੀ ਸੁੰਦਰਤਾ। ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ ਖੁਦ ਆਪਣੀ ਰਚਨਾ ਨੂੰ ਦੇਖ ਕੇ, ਪ੍ਰਭੂ ਪ੍ਰਸੰਨ ਹੁੰਦਾ ਹੈ, ਹੇ ਨਾਨਕ! ਗੁਰਾਂ ਦੇ ਰਾਹੀਂ ਈਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਸ਼ਾਹੀ। ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਸਾਰਾ ਕੁਝ ਜੋ ਹੋਇਆ ਹੈ ਜਾਂ ਹੋਣਾ ਹੈ, ਪ੍ਰਭੂ ਦੀ ਰਜ਼ਾ ਅੰਦਰ ਹੈ। ਅਸੀਂ ਤਾਂ ਹੀ ਕੁਝ ਕਰੀਏ ਜੇਕਰ ਸਾਡੇ ਵਿੱਚ ਕਰਨ ਦੀ ਸਤਿਆ ਹੋਵੇ। ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਬੰਦੇ ਦੇ ਆਪਣੇ ਕਰਨ ਦੁਆਰਾ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਹਰੀ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਰੱਖਦਾ ਹੈ। ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਮੇਰੇ ਮਾਹਰਾਜ ਮਾਲਕ! ਸਾਰੇ ਤੇਰੇ ਇਖਤਿਆਰ ਵਿੱਚ ਹਨ। ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਮੇਰੇ ਵਿੱਚ ਕੁਝ ਵੀ ਕਰਨ ਦੀ ਸ਼ਕਤੀ ਨਹੀਂ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਮਾਫ ਕਰ ਦੇ। ਠਹਿਰਾਉ। ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਤੂੰ ਆਪ ਹੀ ਮੈਨੂੰ ਜਿੰਦੜੀ, ਦੇਹ ਤੇ ਹਰ ਸ਼ੈ ਸਖਸ਼ੀ ਹੈ ਅਤੇ ਤੂੰ ਆਪ ਹੀ ਮੈਨੂੰ ਆਪਣੀ ਸੇਵਾ ਵਿੱਚ ਜੋੜਿਆ ਹੈ। ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਜਿਸ ਤਰ੍ਹਾਂ ਦਾ ਤੇਰਾ ਜਾਰੀ ਕੀਤਾ ਹੋਇਆ ਫੁਰਮਾਨ ਹੈ ਅਤੇ ਜਿਸ ਤਰ੍ਹਾਂ ਦੀ ਤੇਰੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ, ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ। ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਪੰਜਾਂ ਸਾਰ ਅੰਸ਼ਾਂ ਵਿਚੋਂ ਤੂੰ ਸਾਰਾ ਸੰਸਾਰ ਰਚਿਆ ਹੈ। ਕੋਈ ਜੇਕਰ ਉਹ ਕਰ ਸਕਦਾ ਹੈ, ਛੇਵਾਂ ਬਣਾ ਕੇ ਦੱਸੇ। ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਸੱਚੇ ਗੁਰਾਂ ਨਾਲ ਮਿਲਾ ਕੇ, ਕਈਆਂ ਨੂੰ ਤੂੰ ਸਮਝ ਸਖਸ਼ਦਾ ਹੈਂ। ਕਈ ਅਧਰਮੀ ਹਨ ਜੋ ਕੁਕਰਮ ਕਮਾਉਂਦੇ ਅਤੇ ਵਿਰਲਾਪ ਕਰਦੇ ਹਨ। ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਵਾਹਿਗੁਰੂ ਦੀ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ। ਮੈਂ ਮੂੜ੍ਹ, ਬੇਸਮਝ ਅਤੇ ਨੀਚ ਹਾਂ। ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ, ਹੇ ਮੇਰੇ ਵਾਹਿਗੁਰੂ ਸੁਆਮੀ! ਕਿਉਂਕਿ ਉਸ ਬੇਸਮਝ ਨੇ ਤੇਰੀ ਪਨਾਹ ਲਈ ਹੈ। ਰਾਗੁ ਸੂਹੀ ਮਹਲਾ ੫ ਘਰੁ ੧ ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ। ਬਾਜੀਗਰਿ ਜੈਸੇ ਬਾਜੀ ਪਾਈ ॥ ਜਿਸ ਤਰ੍ਹਾਂ ਇਕ ਨਟ ਖੇਲ ਰਚਦਾ ਹੈ, ਨਾਨਾ ਰੂਪ ਭੇਖ ਦਿਖਲਾਈ ॥ ਅਤੇ ਅਨੇਕਾਂ ਸਰੂਪਾਂ ਅਤੇ ਪਹਿਰਾਵਿਆਂ ਵਿੱਚ ਦਿੱਸ ਆਉਂਦਾ ਹੈ, ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ ਇਸੇ ਤਰ੍ਹਾਂ ਜਦ ਪ੍ਰਭੂ ਆਪਣਾ ਭੇਸ ਲਾਹ ਸੁੱਟਦਾ ਹੈ ਅਤੇ ਆਪਣਾ ਖੇਲ ਖ਼ਤਮ ਕਰ ਦਿੰਦਾ ਹੈ, ਤਬ ਏਕੋ ਏਕੰਕਾਰਾ ॥੧॥ ਤਾਂ ਕੇਵਲ ਇਕ ਹੀ ਰਹਿ ਜਾਂਦਾ ਹੈ, ਕੇਵਲ ਇਕ ਹੀ। ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਿੰਨੇ ਹੀ ਸਰੂਪ ਨਜ਼ਰੀ ਪਏ ਤੇ ਅਲੋਪ ਹੋ ਗਏ। ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ ਉਹ ਕਿਧਰ ਚਲੇ ਗਏ ਹਨ ਅਤੇ ਕਿਧਰੋ ਆਏ ਸਨ? ਠਹਿਰਾਉ। ਜਲ ਤੇ ਊਠਹਿ ਅਨਿਕ ਤਰੰਗਾ ॥ ਪਾਣੀ ਵਿੱਚ ਬਹੁਤ ਸਾਰੀਆਂ ਲਹਿਰਾਂ ਉਠਦੀਆਂ ਹਨ। ਕਨਿਕ ਭੂਖਨ ਕੀਨੇ ਬਹੁ ਰੰਗਾ ॥ ਸੋਨੇ ਵਿਚੋਂ ਬੜੀਆਂ ਕਿਸਮਾਂ ਦੇ ਗਹਿਣੇ ਬਣਾਏ ਜਾਂਦੇ ਹਨ। ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥ ਮੈਂ ਅਨੇਕਾਂ ਵੰਨਗੀਆਂ ਦੇ ਬੀ ਬੀਜੇ ਜਾਂਦੇ ਵੇਖੇ ਹਨ। ਫਲ ਪਾਕੇ ਤੇ ਏਕੰਕਾਰਾ ॥੨॥ ਜਦ ਫਲ ਪੱਕ ਜਾਂਦਾ ਹੈ, ਬੀਜ ਉਸੇ ਹੀ ਇਕ ਸਰੂਪ ਵਿੱਚ ਜ਼ਾਹਿਰ ਹੁੰਦਾ ਹੈ। ਸਹਸ ਘਟਾ ਮਹਿ ਏਕੁ ਆਕਾਸੁ ॥ ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਵਿੱਚ ਇਕ ਅਸਮਾਨ ਦਾ ਅਕਸ ਪੈਂਦਾ ਹੈ। ਘਟ ਫੂਟੇ ਤੇ ਓਹੀ ਪ੍ਰਗਾਸੁ ॥ ਪਾਣੀ ਦੇ ਭਾਂਡੇ ਦੇ ਟੁੱਟ ਜਾਣ ਉਤੇ, ਕੇਵਲ ਉਸ ਅਸਮਾਨ ਦਾ ਦ੍ਰਿਸ਼ਯ ਹੀ ਰਹਿ ਜਾਂਦਾ ਹੈ। ਭਰਮ ਲੋਭ ਮੋਹ ਮਾਇਆ ਵਿਕਾਰ ॥ ਲਾਲਚ, ਸੰਸਾਰੀ ਮਮਤਾ ਅਤੇ ਧਨ-ਦੌਲਤ ਦੇ ਪਾਪ ਸੰਦੇਹ ਪੈਦਾ ਕਰਦੇ ਹਨ। ਭ੍ਰਮ ਛੂਟੇ ਤੇ ਏਕੰਕਾਰ ॥੩॥ ਗਲਤ-ਫਹਿਮੀ ਤੋਂ ਖਲਾਸੀ ਪਾ ਕੇ ਪ੍ਰਾਣੀ ਇਕ ਸੁਆਮੀ ਦਾ ਸਰੂਪ ਧਾਰਨ ਕਰ ਲੈਂਦਾ ਹੈ। ਓਹੁ ਅਬਿਨਾਸੀ ਬਿਨਸਤ ਨਾਹੀ ॥ ਉਹ ਸਾਹਿਬ ਨਾਸ-ਰਹਿਤ ਹੈ ਅਤੇ ਨਾਸ ਨਹੀਂ ਹੁੰਦਾ। ਨਾ ਕੋ ਆਵੈ ਨਾ ਕੋ ਜਾਹੀ ॥ ਉਹ ਨਾਂ ਹੀ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ। ਗੁਰਿ ਪੂਰੈ ਹਉਮੈ ਮਲੁ ਧੋਈ ॥ ਪੂਰਨ ਗੁਰਾਂ ਨੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋ ਛੱਡੀ ਹੈ। ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥ ਗੁਰੂ ਜੀ ਫਰਮਾਉਂਦੇ ਹਨ, ਮੈਂ ਮਹਾਨ ਮੁਕਤੀ ਨੂੰ ਪਰਾਪਤ ਹੋ ਗਿਆ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਕੀਤਾ ਲੋੜਹਿ ਸੋ ਪ੍ਰਭ ਹੋਇ ॥ ਜਿਹੜਾ ਕੁਛ ਸੁਆਮੀ ਕਰਨਾ ਚਾਹੁੰਦਾ ਹੈ, ਕੇਵਲ ਓਹੀ ਹੁੰਦਾ ਹੈ। ਤੁਝ ਬਿਨੁ ਦੂਜਾ ਨਾਹੀ ਕੋਇ ॥ ਤੇਰੇ ਬਗੈਰ, ਹੋਰ ਕੋਈ ਨਹੀਂ। ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ ਜੋ ਪ੍ਰਾਣੀ ਉਸ ਦੀ ਸੇਵਾ ਕਰਦਾ ਹੈ, ਉਸ ਦੇ ਕੰਮ ਰਾਸ ਹੋ ਜਾਂਦੇ ਹਨ। ਦਾਸ ਅਪੁਨੇ ਕੀ ਰਾਖਹੁ ਲਾਜ ॥੧॥ ਹੇ ਸਾਈਂ! ਤੂੰ ਆਪਣੇ ਗੋਲੇ ਦੀ ਲੱਜਿਆ ਰੱਖ। ਤੇਰੀ ਸਰਣਿ ਪੂਰਨ ਦਇਆਲਾ ॥ ਹੇ ਪੂਰੇ ਮਿਹਰਬਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ। ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥ ਤੇਰੇ ਬਾਝੋਂ ਮੇਰੀ ਕੌਣ ਪਰਵਰਸ਼ ਕਰੇਗਾ? ਠਹਿਰਾਉ। ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ ਸੁਆਮੀ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਪਰੀਪੂਰਨ ਕਰ ਰਿਹਾ ਹੈ। ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥ ਸਾਹਿਬ ਨੇੜੇ ਹੀ ਵਸਦਾ ਹੈ ਅਤੇ ਦੁਰੇਡੇ ਨਹੀਂ। ਲੋਕ ਪਤੀਆਰੈ ਕਛੂ ਨ ਪਾਈਐ ॥ ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁਝ ਭੀ ਪਰਾਪਤ ਨਹੀਂ ਹੁੰਦਾ। ਸਾਚਿ ਲਗੈ ਤਾ ਹਉਮੈ ਜਾਈਐ ॥੨॥ ਜੇਕਰ ਪ੍ਰਾਣੀ ਸੱਚੇ ਸੁਆਮੀ ਨਾਲ ਜੁੜ ਜਾਵੇ, ਤਦ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ। copyright GurbaniShare.com all right reserved. Email |