ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ ॥ ਤੂੰ ਮੇਰੀ ਕਲਿਆਨ ਕਰ, ਹੇ ਮੇਰੇ ਮਿਹਰਬਾਨ ਮਾਲਕ! ਠਹਿਰਾਉ। ਜਾਪ ਨ ਤਾਪ ਨ ਕਰਮ ਕੀਤਿ ॥ ਮੈਂ ਸਿਮਰਨ, ਕਰੜੀ ਘਾਲ ਅਤੇ ਚੰਗੇ ਅਮਲ ਦੀ ਕਮਾਈ ਨਹੀਂ ਕੀਤੀ। ਆਵੈ ਨਾਹੀ ਕਛੂ ਰੀਤਿ ॥ ਮੈਨੂੰ ਤੇਰੇ ਨਾਲ ਮਿਲਣ ਦਾ ਮਾਰਗ ਨਹੀਂ ਆਉਂਦਾ। ਮਨ ਮਹਿ ਰਾਖਉ ਆਸ ਏਕ ॥ ਆਪਣੇ ਰਿਦੇ ਅੰਦਰ ਮੈਂ ਕੇਵਲ ਸੁਆਮੀ ਦੀ ਊਮੈਦ ਹੀ ਧਾਰਨ ਕੀਤੀ ਹੋਈ ਹੈ। ਨਾਮ ਤੇਰੇ ਕੀ ਤਰਉ ਟੇਕ ॥੨॥ ਤੇਰੇ ਨਾਮ ਦੇ ਆਸਰੇ ਰਾਹੀਂ ਮੇਰਾ ਪਾਰ ਉਤਾਰਾ ਹੋਵੇਗਾ। ਸਰਬ ਕਲਾ ਪ੍ਰਭ ਤੁਮ੍ਹ੍ਹ ਪ੍ਰਬੀਨ ॥ ਤੂੰ ਸਾਰਿਆਂ ਹੁਨਰਾਂ ਦਾ ਮਾਹਰ ਹੈ, ਹੇ ਸਾਹਿਬ! ਅੰਤੁ ਨ ਪਾਵਹਿ ਜਲਹਿ ਮੀਨ ॥ ਮੈਂ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਦੇ ਓੜਕ ਨੂੰ ਨਹੀਂ ਪਾ ਸਕਦੀ। ਅਗਮ ਅਗਮ ਊਚਹ ਤੇ ਊਚ ॥ ਤੂੰ ਹੇ ਪ੍ਰਭੂ! ਅਥਾਹ ਪਹੁੰਚ ਤੋਂ ਪਰ੍ਹੇ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ। ਹਮ ਥੋਰੇ ਤੁਮ ਬਹੁਤ ਮੂਚ ॥੩॥ ਮੈਂ ਛੋਟਾ ਹਾਂ ਅਤੇ ਤੂੰ ਨਿਹਾਇਤ ਹੀ ਵੱਡਾ ਹੈ। ਜਿਨ ਤੂ ਧਿਆਇਆ ਸੇ ਗਨੀ ॥ ਅਮੀਰ ਹਨ ਉਹ, ਜੋ ਤੇਰਾ ਸਿਮਰਨ ਕਰਦੇ ਹਨ। ਜਿਨ ਤੂ ਪਾਇਆ ਸੇ ਧਨੀ ॥ ਜੋ ਤੈਨੂੰ ਪ੍ਰਾਪਤ ਹੋਏ ਹਨ, ਕੇਵਲ ਉਹ ਹੀ ਧਨਾਢ ਹਨ। ਜਿਨਿ ਤੂ ਸੇਵਿਆ ਸੁਖੀ ਸੇ ॥ ਕੇਵਲ ਉਹ ਹੀ ਆਰਾਮ ਵਿੱਚ ਹਨ, ਜੋ ਤੇਰੀ ਚਾਕਰੀ ਕਰਦੇ ਹਨ। ਸੰਤ ਸਰਣਿ ਨਾਨਕ ਪਰੇ ॥੪॥੭॥ ਨਾਨਕ ਨੇ ਸਾਧੂਆਂ ਦੀ ਪਨਾਹ ਲਈ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਸ਼ਾਹੀ। ਤਿਸੁ ਤੂ ਸੇਵਿ ਜਿਨਿ ਤੂ ਕੀਆ ॥ ਤੂੰ ਉਸ ਦੀ ਟਹਿਲ ਕਮਾ, ਹੇ ਬੰਦੇ! ਜਿਸ ਨੇ ਤੈਨੂੰ ਰਚਿਆ ਹੈ। ਤਿਸੁ ਅਰਾਧਿ ਜਿਨਿ ਜੀਉ ਦੀਆ ॥ ਤੂੰ ਉਸ ਨੂੰ ਸਿਮਰ, ਜਿਸ ਨੇ ਤੈਨੂੰ ਜਿੰਦਗੀ ਬਖਸ਼ੀ ਹੈ। ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥ ਤੂੰ ਉਸ ਦਾ ਸੇਵਕ ਹੋ ਜਾ, ਤਦ ਤੈਨੂੰ ਮੁੜ ਕੇ ਸਜਾ ਨਹੀਂ ਮਿਲੇਗੀ। ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥ ਤੂੰ ਉਸ ਦਾ ਖਜਾਨਚੀਪੁਣਾ ਇਖਤਿਆਰ ਕਰ, ਤਦ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ। ਏਵਡ ਭਾਗ ਹੋਹਿ ਜਿਸੁ ਪ੍ਰਾਣੀ ॥ ਜਿਸ ਦੀ ਐਹੋ ਜੇਹੀ ਪਰਮ ਚੰਗੀ ਕਿਸਮਤ ਹੈ, ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ ॥ ਉਹ ਫਾਨੀ ਬੰਦਾ ਇਸ ਭੈ-ਭੀਤ ਮਰਤਬੇ ਨੂੰ ਪਾ ਲੈਂਦਾ ਹੈ। ਠਹਿਰਾਓ। ਦੂਜੀ ਸੇਵਾ ਜੀਵਨੁ ਬਿਰਥਾ ॥ ਵਿਅਰਥ ਹੈ, ਉਸ ਦੀ ਜਿੰਦਗੀ ਜੋ ਹੋਰਸ ਦੀ ਟਹਿਲ ਕਮਾਉਂਦਾ ਹੈ। ਕਛੂ ਨ ਹੋਈ ਹੈ ਪੂਰਨ ਅਰਥਾ ॥ ਇਸ ਤਰ੍ਹਾਂ ਕੋਈ ਭੀ ਕੰਮ ਭੀ ਨੇਪਰੇ ਨਹੀਂ ਚੜ੍ਹਦਾ। ਮਾਣਸ ਸੇਵਾ ਖਰੀ ਦੁਹੇਲੀ ॥ ਬੜੀ ਦੁਖਦਾਈ ਹੈ ਮਨੁੱਖ ਦੀ ਟਹਿਲ ਸੇਵਾ। ਸਾਧ ਕੀ ਸੇਵਾ ਸਦਾ ਸੁਹੇਲੀ ॥੨॥ ਸੰਤ ਦੀ ਘਾਲ ਬੰਦੇ ਨੂੰ ਸਦੀਵੀ ਖੁਸ਼ੀ ਬਖਸ਼ਦੀ ਹੈ। ਜੇ ਲੋੜਹਿ ਸਦਾ ਸੁਖੁ ਭਾਈ ॥ ਜੇਕਰ ਤੂੰ ਸਦੀਵੀ ਆਰਾਮ ਚਾਹੁੰਦਾ ਹੈ, ਹੇ ਵੀਰ, ਸਾਧੂ ਸੰਗਤਿ ਗੁਰਹਿ ਬਤਾਈ ॥ ਤਾਂ ਸੰਤਾਂ ਨਾਲ ਮੇਲ-ਜੋਲ ਕਰ; ਇਹ ਸਲਾਹ ਗੁਰੂ ਜੀ ਦੇਂਦੇ ਹਨ। ਊਹਾ ਜਪੀਐ ਕੇਵਲ ਨਾਮ ॥ ਓਥੇ ਸਿਰਫ ਸਾਈਂ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੈ। ਸਾਧੂ ਸੰਗਤਿ ਪਾਰਗਰਾਮ ॥੩॥ ਸਤਿਸੰਗਤ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ। ਸਗਲ ਤਤ ਮਹਿ ਤਤੁ ਗਿਆਨੁ ॥ ਸਾਰਿਆਂ ਜੌਹਰਾਂ ਦਾ ਜੌਹਰ ਪ੍ਰਭੂ ਦੀ ਗਿਆਤ ਹੈ। ਸਰਬ ਧਿਆਨ ਮਹਿ ਏਕੁ ਧਿਆਨੁ ॥ ਸਾਰਿਆਂ ਸਿਮਰਨਾਂ ਵਿੱਚੋ ਸ਼ਰੋਮਣੀ ਹੈ ਇਕ ਸਾਹਿਬ ਦਾ ਸਿਮਰਨ। ਹਰਿ ਕੀਰਤਨ ਮਹਿ ਊਤਮ ਧੁਨਾ ॥ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨਾ ਸਾਰਿਆਂ ਰਾਗਾਂ ਵਿਚੋਂ ਸਰੇਸ਼ਟ ਹੈ। ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥ ਗੁਰਾਂ ਨਾਲ ਮਿਲ ਕੇ ਨਾਨਕ, ਸੁਆਮੀ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਜਿਸੁ ਬੋਲਤ ਮੁਖੁ ਪਵਿਤੁ ਹੋਇ ॥ ਜਿਸ ਦਾ ਨਾਮ ਉਚਾਰਨ ਕਰਨ ਨਾਲ, ਮਨੁੱਖ ਦਾ ਮੂੰਹ ਪਾਵਨ ਹੋ ਜਾਂਦਾ ਹੈ। ਜਿਸੁ ਸਿਮਰਤ ਨਿਰਮਲ ਹੈ ਸੋਇ ॥ ਜਿਸ ਦਾ ਆਰਾਧਨ ਕਰਨ ਨਾਲ ਪਵਿੱਤਰ ਹੋ ਜਾਂਦੀ ਹੈ ਜੀਵ ਦੀ ਸੋਭਾ। ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥ ਜਿਸ ਨੂੰ ਯਾਦ ਕਰਨ ਦੁਆਰਾ ਜਮ ਦੁਖ ਨਹੀਂ ਦਿੰਦਾ! ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥ ਜਿਸ ਦੀ ਘਾਲ ਰਾਹੀਂ, ਹਰ ਵਸਤੂ ਪ੍ਰਾਪਤ ਹੋ ਜਾਂਦੀ ਹੈ। ਰਾਮ ਰਾਮ ਬੋਲਿ ਰਾਮ ਰਾਮ ॥ ਪ੍ਰਭੂ ਦੇ ਨਾਮ, ਪ੍ਰਭੂ ਦੇ ਨਾਮ ਦਾ ਤੂੰ ਉਚਾਰਨ ਕਰ। ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥ ਹੇ ਬੰਦੇ! ਅਤੇ ਆਪਣੇ ਚਿੱਤ ਦੇ ਸਾਰੇ ਸੰਕਲਪ ਛੱਡ ਦੇ। ਠਹਿਰਾਉ। ਜਿਸ ਕੇ ਧਾਰੇ ਧਰਣਿ ਅਕਾਸੁ ॥ ਤੂੰ ਉਸ ਦਾ ਆਰਾਧਨ ਕਰ, ਜੋ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ। ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥ ਜਿਸ ਦੀ ਰੌਸ਼ਨੀ ਸਾਰਿਆਂ ਦਿਲਾਂ ਵਿੱਚ ਰਮ ਰਹੀ ਹੈ, ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥ ਤੇ ਜਿਸ ਦਾ ਚਿੰਤਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ, ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥ ਅਤੇ ਅਖੀਰ ਨੂੰ ਉਹ ਮੁੜ ਮੁੜ ਕੇ ਨਹੀਂ ਰੋਂਦੇ। ਸਗਲ ਧਰਮ ਮਹਿ ਊਤਮ ਧਰਮ ॥ ਸਾਰਿਆਂ ਧਰਮੀ-ਕਮਾਂ ਵਿਚੋਂ ਉਤਮ ਧਰਮੀ-ਕਮ ਹੈ (ਨਾਮ-ਜਪਣ)। ਕਰਮ ਕਰਤੂਤਿ ਕੈ ਊਪਰਿ ਕਰਮ ॥ ਸਮੂਹ ਕਰਮਕਾਂਡਾਂ ਅਤੇ ਆਚਰਨਾਂ ਵਿਚੋਂ ਹਰੀ ਦੀ ਸੇਵਾ ਦਾ ਕੰਮ ਮਹਾਨ ਸਰੇਸ਼ਟ ਹੈ। ਜਿਸ ਕਉ ਚਾਹਹਿ ਸੁਰਿ ਨਰ ਦੇਵ ॥ ਜਿਸ ਨੂੰ ਦੈਵੀ ਪੁਰਸ਼ ਅਤੇ ਦੇਵਤੇ ਲੋਚਦੇ ਹਨ, ਸੰਤ ਸਭਾ ਕੀ ਲਗਹੁ ਸੇਵ ॥੩॥ ਉਹ ਸਤਿਸੰਗਤ ਦੀ ਸੇਵਾ ਟਹਿਲ ਅੰਦਰ ਜੁੜਨ ਦੁਆਰਾ ਪ੍ਰਾਪਤ ਹੁੰਦਾ ਹੈ। ਆਦਿ ਪੁਰਖਿ ਜਿਸੁ ਕੀਆ ਦਾਨੁ ॥ ਜਿਸ ਨੂੰ ਆਦੀ ਪ੍ਰਭੂ ਆਪਣੀ ਬਖਸ਼ੀਸ਼ ਬਖਸ਼ਦਾ ਹੈ, ਤਿਸ ਕਉ ਮਿਲਿਆ ਹਰਿ ਨਿਧਾਨੁ ॥ ਉਸ ਨੂੰ ਹੀ ਪ੍ਰਭੂ ਦਾ ਖਜਾਨਾਂ ਪ੍ਰਾਪਤ ਹੁੰਦਾ ਹੈ। ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥ ਉਸ ਦੀ ਅਵਸਥਾ ਤੇ ਵਿਸਥਾਰ ਆਖੇ ਨਹੀਂ ਜਾ ਸਕਦੇ। ਨਾਨਕ ਜਨ ਹਰਿ ਹਰਿ ਧਿਆਇ ॥੪॥੯॥ ਗੋਲਾ ਨਾਨਕ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਮਨ ਤਨ ਭੀਤਰਿ ਲਾਗੀ ਪਿਆਸ ॥ ਮੇਰੀ ਜਿੰਦੜੀ ਤੇ ਦੇਹਿ ਅੰਦਰ ਪ੍ਰਭੂ ਦੇ ਦੀਦਾਰ ਦੀ ਤ੍ਰੇਹ ਹੈ। ਗੁਰਿ ਦਇਆਲਿ ਪੂਰੀ ਮੇਰੀ ਆਸ ॥ ਦਇਆਵਾਨ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿੱਤੀ ਹੈ। ਕਿਲਵਿਖ ਕਾਟੇ ਸਾਧਸੰਗਿ ॥ ਸਤਿਸੰਗਤ ਅੰਦਰ ਮੇਰੇ ਪਾਪ ਮਿਟ ਗਏ ਹਨ। ਨਾਮੁ ਜਪਿਓ ਹਰਿ ਨਾਮ ਰੰਗਿ ॥੧॥ ਮੈਂ ਪਿਆਰ ਨਾਲ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹਾਂ। ਗੁਰ ਪਰਸਾਦਿ ਬਸੰਤੁ ਬਨਾ ॥ ਗੁਰਾਂ ਦੀ ਦਇਆ ਦੁਆਰਾ, ਮੈਂ ਆਨੰਦ ਅੰਦਰ ਵੱਸਦਾ ਹਾਂ। ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥੧॥ ਰਹਾਉ ॥ ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾਉਂਦਾ ਹਾਂ ਅਤੇ ਹਮੇਸ਼ਾਂ, ਹਮੇਸ਼ਾਂ ਹੀ ਪ੍ਰਭੂ ਦੀ ਮਹਿਮਾਂ ਸ੍ਰਵਣ ਕਰਦਾ ਹਾਂ। ਠਹਿਰਾਉ। copyright GurbaniShare.com all right reserved. Email |