Page 1258

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥
ਓੜਕ ਨੂੰ ਇਹ ਦੁਨੀਆਂ ਮੁਕ ਜਾਏਗੀ ਅਤੇ ਉਸ ਵਿੱਚ ਲੀਨ ਹੋ ਜਾਏਗੀ, ਜਿਸ ਵਿਚੋਂ ਇਹ ਉਤਪੰਨ ਹੋਈ ਸੀ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥
ਜੋ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀ ਸਵੈ-ਹੰਗਤਾ ਨਾਮ ਰਾਹੀਂ ਸੜ ਜਾਂਦੀ ਹੈ।

ਸਚੀ ਭਗਤਿ ਕਰਹਿ ਦਿਨੁ ਰਾਤੀ ਸਚਿ ਰਹੇ ਲਿਵ ਲਾਇ ॥
ਦਿਨ ਅਤੇ ਰੈਣ, ਉਹ ਸੱਚੀ ਪਿਆਰੀ-ਉਪਾਸ਼ਨਾ ਕਰਦੇ ਹਨ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦੇ ਹਨ।

ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੁਖੈਨ ਹੀ ਹਮੇਸ਼ਾਂ ਆਪਣੇ ਸੱਚੇ ਸੁਆਮੀ ਨੂੰ ਵੇਖਦੇ ਹਨ।

ਮਨ ਰੇ ਹੁਕਮੁ ਮੰਨਿ ਸੁਖੁ ਹੋਇ ॥
ਹੇ ਬੰਦੇ! ਤੂੰ ਸੁਆਮੀ ਦੀ ਰਜ਼ਾ ਕਬੂਲ ਕਰ ਅਤੇ ਤੈਨੂੰ ਆਰਾਮ ਪਰਾਪਤ ਹੋਵੇਗਾ।

ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥
ਸਾਹਿਬ ਆਪਣੀ ਰਜ਼ਾ ਨੂੰ ਪਿਆਰ ਕਰਦਾ ਹੈ। ਜਿਸ ਨੂੰ ਉਹ ਮੁਆਫ ਦੇ ਦਿੰਦਾ ਹੈ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਠਹਿਰਾਉ।

ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥
ਤਿੰਨਾਂ ਸੁਭਾਵਾਂ ਤੇ ਅਸਰ ਤਾਬੇ, ਇਨਸਾਨ ਦਾ ਮਨ ਸਾਰੇ ਭਟਕਦਾ ਫਿਰਦਾ ਹੈ ਅਤੇ ਉਸ ਨੂੰ ਨਾਂ ਹੀ ਸੁਆਮੀ ਦਾ ਸਿਮਰਨ ਤੇ ਨਾਂ ਹੀ ਉਸ ਦਾ ਪ੍ਰੇਮ ਪਰਾਪਤ ਹੁੰਦਾ ਹੈ।

ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥
ਹੰਕਾਰ ਅੰਦਰ ਕੰਮ ਕਰਨ ਦੁਆਰਾ ਇਨਸਾਨ ਦੀ ਕਦਾਚਿਤ ਮੋਖਸ਼ ਅਤੇ ਕਲਿਆਣ ਨਹੀਂ ਹੁੰਦੀ।

ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥
ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਆਦਮੀ ਭਟਕਦੇ ਫਿਰਦੇ ਹਨ।

ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਮਨੁਖ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ ਅਤੇ ਰੱਬ ਦਾ ਨਾਮ ਆ ਕੇ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥
ਉਸ ਸੁਆਮੀ ਦਾ ਮੁਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਉਸ ਦੀ ਉਸਤਤੀ ਦਾ ਇਕ ਭੋਰਾ ਭੀ ਉਚਾਰਿਆ ਜਾ ਸਕਦਾ।

ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥
ਜੋ ਕੋਈ ਸੱਚੇ ਨਾਮ ਅੰਦਰ ਲੀਨ ਰਹਿੰਦਾ ਹੈ, ਉਹ ਚੌਥੀ ਅਵਸਥਾ ਅੰਦਰ ਨਿਵਾਸ ਪਾ ਲੈਂਦਾ ਹੈ।

ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਹਰੀ ਸੁਆਮੀ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।

ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ।

ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥੪॥੨॥
ਹੇ ਨਾਨਕ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਇਸ ਤਰ੍ਹਾਂ ਉਸ ਦੇ ਦਰਬਾਰ ਵਿੱਚ ਪਤਿ-ਆਬਰੂ ਪ੍ਰਾਪਤ ਕਰ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥
ਕੋਈ ਇਕ ਅੱਧਾ ਹੀ, ਜਿਸ ਤੇ ਹਰੀ ਦੀ ਮਿਹਰ ਹੈ, ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।

ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥
ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ। ਕੇਵਲ ਉਹ ਹੀ ਰਹਿਮਤ ਧਾਰਦੇ ਤੇ ਮੁਆਫ ਕਰਦੇ ਹਨ।

ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥੧॥
ਗੁਰਾਂ ਨਾਲ ਮਿਲਣ ਦੁਆਰਾ, ਠੰਡ-ਚੈਨ ਉਤਪੰਨ ਹੁੰਦੀ ਹੈ ਅਤੇ ਰੈਣ ਤੇ ਦਿਨ ਆਦਮੀ ਨਾਮ ਦਾ ਉਚਾਰਨ ਕਰਦਾ ਹੈ।

ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ ॥
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰ।

ਸਤਿਗੁਰੁ ਪੁਰਖੁ ਮਿਲੈ ਨਾਉ ਪਾਈਐ ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥
ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਨਾਮ ਪਰਾਪਤ ਹੁੰਦਾ ਹੈ ਅਤੇ ਪ੍ਰਾਣੀ ਹਮੇਸ਼ਾਂ ਹੀ ਰੱਬ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ। ਠਹਿਰਾਉ।

ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥
ਮਨਮਤੀਏ ਸਦੀਵ ਹੀ ਵਾਹਿਗੁਰੂ ਨਾਲੋ ਵਿਛੁੰਨੇ ਰਹਿੰਦੇ ਹਨ। ਉਨ੍ਹਾਂ ਵਿਚੋਂ ਕੋਈ ਕਿਸੇ ਨਾਲ ਨਹੀਂ।

ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥
ਉਨ੍ਹਾਂ ਨੂੰ ਹੰਕਾਰ ਦੀ ਭਾਰੀ ਬੀਮਾਰੀ ਚਿਮੜੀ ਹੋਈ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਨੂੰ ਸਿਰ ਤੇ ਸੱਟ ਮਾਰਦਾ ਹੈ।

ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹ੍ਹਾਲਿ ॥੨॥
ਗੁਰਾਂ ਦੀ ਸਿੱਖ-ਮਤ ਤੇ ਚਲਣ ਵਾਲੇ, ਸਾਧ-ਸੰਗਤ ਨਾਲੋ ਜੁਦਾ ਨਹੀਂ ਹੁੰਦੇ ਅਤੇ ਸਦੀਵ ਹੀ ਨਾਮ ਦਾ ਸਿਮਰਨ ਕਰਦੇ ਹਨ।

ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥
ਕੇਵਲ ਤੂੰ ਹੀ ਸਾਰਿਆਂ ਦਾ ਸਿਰਜਣਹਾਰ ਹੈ। ਤੂੰ ਸਦਾ ਹੀ ਸਾਰਿਆਂ ਨੂੰ ਸਾਜਦਾ, ਵੇਖਦਾ ਅਤੇ ਗਹੁ ਵਿੱਚ ਰਖਦਾ ਹੈ।

ਇਕਿ ਗੁਰਮੁਖਿ ਆਪਿ ਮਿਲਾਇਆ ਬਖਸੇ ਭਗਤਿ ਭੰਡਾਰ ॥
ਕਈਆਂ ਨੂੰ ਗੁਰਾਂ ਦੇ ਰਾਹੀਂ, ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਮ-ਮਈ ਸੇਵਾ ਦੇ ਖ਼ਜ਼ਾਨੇ ਪਰਦਾਨ ਕਰਦਾ ਹੈ।

ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥੩॥
ਹੇ ਸੁਆਮੀ! ਤੂੰ ਖੁਦ ਹੀ ਸਾਰਾ ਕੁਝ ਜਾਣਦਾ ਹੈ। ਮੈਂ ਕੀਹਦੇ ਮੂਹਰੇ ਫਰਿਆਦ ਕਰਾਂ?

ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥
ਸੁਆਮੀ ਵਾਹਿਗੁਰੂ ਦਾ ਨਾਮ ਆਬਿ-ਇਸਾਤ ਹੈ। ਹਰੀ ਦੀ ਦਇਆ ਦੁਆਰਾ ਜੀਵ ਇਸ ਨੂੰ ਪਾਉਂਦਾ ਹੈ।

ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥
ਜੋ ਕੋਈ ਭੀ, ਰੈਣ ਅਤੇ ਦਿਨ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹ ਗੁਰਾਂ ਦੇ ਸ਼ਾਤਮਈ ਸੁਭਾਅ ਨੂੰ ਪਰਾਪਤ ਹੋ ਜਾਂਦਾ ਹੈ।

ਨਾਨਕ ਨਾਮੁ ਨਿਧਾਨੁ ਹੈ ਨਾਮੇ ਹੀ ਚਿਤੁ ਲਾਇ ॥੪॥੩॥
ਨਾਨਕ ਨਾਮ ਠੰਡ-ਚੈਨ ਦਾ ਖ਼ਜ਼ਾਨਾ ਹੈ। ਤੂੰ ਸੁਆਮੀ ਦੇ ਨਾਮ ਨਾਲ ਆਪਣੇ ਮਨ ਨੂੰ ਜੋੜ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
ਮੈਂ ਹਮੇਸ਼ਾਂ ਆਰਾਮ ਬਖਸ਼ਣਹਾਰ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ। ਉਹ ਸੁਆਮੀ ਮਾਲਕ ਦਾ ਹੀ ਸਰੂਪ ਹਨ।

ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥
ਗੁਰਾਂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪਾ ਲਿਆ ਹੈ ਅਤੇ ਵਿਸ਼ਾਲ ਹੋ ਗਈ ਹੈ ਮੇਰੀ ਪ੍ਰਭਤਾ।

ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥
ਜੋ ਕੋਈ ਭੀ ਰੈਣ ਅਤੇ ਦਿਨ ਹਮੇਸ਼ਾਂ ਸੱਚੇ ਸੁਅਮਾੀ ਦੀ ਮਹਿਮਾ ਗਾਇਨ ਕਰਦਾ ਹੈ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।

ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਹਿਰਦੇ ਅੰਦਰ, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਹਿਬ ਦਾ ਸਿਮਰਨ ਕਰ।

ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥
ਤੂੰ ਝੂਠੇ ਟੰਬਰ-ਕਬੀਲੇ ਜ਼ਹਿਰੀਲੇ ਹੰਕਾਰ ਅਤੇ ਲਾਲਚ ਨੂੰ ਛਡ ਦੇ ਅਤੇ ਚਿੱਤ ਅੰਦਰ ਆਪਣੇ ਕੂਚ ਦਾ ਧਿਆਨ ਕਰ। ਠਹਿਰਾਉ।

ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥
ਸੱਚੇ ਗੁਰਦੇਵ ਜੀ ਪ੍ਰਭੂ ਦੇ ਨਾਮ ਨੂੰ ਦੇਣਹਾਰ ਹਨ। ਉਨ੍ਹਾਂ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ।

copyright GurbaniShare.com all right reserved. Email