Page 1259

ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥
ਪ੍ਰਾਣੀ ਨੂੰ ਰੁਹਾਨੀ ਜੀਵਨ ਬਖਸ਼ ਉਹ ਉਸ ਨੂੰ ਸੰਤੁਸ਼ਟ ਕਰ ਦੇਦੇ ਹਨ ਅਤੇ ਤਦ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥
ਆਪਣੇ ਮਨ ਵਿੱਚ, ਉਹ ਸਦਾ ਹਰੀ ਨੂੰ ਯਾਦ ਕਰਦਾ ਹੈ ਅਤੇ ਅਡੋਲਤਾ ਦੀ ਤਾੜੀ ਵਿੱਚ ਲੀਨ ਹੋਇਆ ਹੋਇਆ ਹੈ।

ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥
ਸੱਚੇ ਗੁਰਾਂ ਦੀ ਬਾਣੀ ਨਾਲ ਮੇਰੀ ਇਹ ਆਤਮਾ ਵਿਨ੍ਹੀ ਗਈ ਹੈ ਅਤੇ ਮੇਰੇ ਮਨ ਅੰਦਰ ਭੀ ਸੱਚੀ ਗੁਰਬਾਣੀ ਹੀ ਹੈ।

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥
ਅਦ੍ਰਿਸ਼ਟ ਹੈ ਮੇਰਾ ਸੁਆਮੀ ਅਤੇ ਹਿਨਸਾਨ ਉਸ ਨੂੰ ਵੇਖ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਅਸਹਿ ਵਾਰਤਾ ਕਹੀ ਜਾਂਦੀ ਹੈ।

ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥
ਜਦ ਖੁਸ਼ੀ-ਬਖਸ਼ਣਹਾਰ ਵਾਹਿਗੁਰੂ ਆਪ ਮਿਹਰ ਧਾਰਦਾ ਹੈ, ਕੇਵਲ ਤਾਂ ਹੀ ਇਨਸਾਨ ਧਰਤੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।

ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥
ਜਦ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਆਪਣੇ ਸੁਆਮੀ ਦਾ ਆਰਾਧਨ ਕਰਦਾ ਹੈ ਤਾਂ ਉਹ ਮੁੜ ਆਉਂਦਾ ਤੇ ਜਾਂਦਾ ਨਹੀਂ।

ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥
ਸਾਈਂ ਦਾ ਹੁਕਮ ਮੰਨ ਕੇ, ਮਨੁਖ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।

ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥
ਜੋ ਕੋਈ ਆਪਣੇ ਅੰਦਰੋਂ ਆਪਣੀ ਹੰਗਤਾ ਨੂੰ ਗੁਆ ਦਿੰਦਾ ਹੈ, ਉਹ ਸੱਚੀ ਮੁੱਚੀ ਸੱਚਿਆ ਦੇ ਪਰਮ ਸੱਚੇ ਪ੍ਰਭੂ ਨਾਲ ਪ੍ਰਸੰਨ ਹੋ ਜਾਂਦਾ ਹੈ।

ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥
ਤਦ ਇਕ ਅਦੁਤੀ ਸਾਹਿਬ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ ਤੇ ਉਹ ਹੋਰ ਕਿਸੇ ਦੂਜੇ ਦਾ ਖਿਆਲ ਹੀ ਨਹੀਂ ਕਰਦਾ।

ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥
ਕੇਵਲ ਨਾਮ ਦਾ ਆਬਿ-ਇਸਾਤ ਹੀ ਮਿਠੜਾ ਹੈ ਅਤੇ ਸਿਰਫ ਉਹ ਹੀ ਸੰਸਾਰ ਅੰਦਰ ਪਵਿੱਤਰ ਸੱਚ ਹੈ।

ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥
ਜਿਨ੍ਹਾਂ ਲਈ ਮੁਢ ਤੋਂ ਐਸਾ ਲਿਖਆ ਹੋਇਆ ਹੈ ਹੇ ਨਾਨਕ ਕੇਵਲ ਉਹ ਹੀ, ਪ੍ਰਭੂ ਪਾਸੋਂ ਨਾਮ ਨੂੰ ਪਾਉਂਦੇ ਹਨ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥
ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ, ਇਲਾਹੀ ਏਲਚੀ ਅਤੇ ਸਵਰਗੀ ਗਵੱਈਏ ਸਾਰੇ ਹੀ ਪਾਰ ਉਤਰ ਗਏ ਹਨ।

ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥
ਆਪਣੀ ਹੰਗਤਾ ਨੂੰ ਮਾਰ ਕੇ ਉਹ ਨਾਮ ਨੂੰ ਹਮੇਸ਼ਾਂ ਆਪਣੇ ਦਿਲ ਵਿੱਚ ਟਿਕਾਉਂਦੇ ਹਨ ਅਤੇ ਪ੍ਰਭੂ ਨੂੰ ਆਪਣੇ ਹਿਰਦੇ ਨਾਲ ਲਾਈ ਰਖਦੇ ਹਨ।

ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥
ਕੇਵਲ ਉਹ ਹੀ ਸਾਹਿਬ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਸਿਖ-ਮਤ ਦਿੰਦਾ ਹੈ ਅਤੇ ਜਿਸ ਨੂੰ ਆਪਣੇ ਨਾਲ ਮਿਲਾਉਂਦਾ ਹੈ।

ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥
ਰੈਣ ਅਤੇ ਦਿਨ ਉਹ ਗੁਰਾਂ ਦੀ ਬਾਣੀ ਅਤੇ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ।

ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਹ੍ਹਾਲਿ ॥
ਹੇ ਮੇਰੀ ਜਿੰਦੜੀਏ! ਤੂੰ ਹਰ ਮੁਹਤ ਆਪਣੇ ਸੁਅਮੀ ਦੇ ਨਾਮ ਦਾ ਸਿਮਰਨ ਕਰ।

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥
ਪ੍ਰਭੂ ਦਾ ਨਾਮ ਗੁਰਾਂ ਦੀ ਬਖਸ਼ਿਸ਼ ਹੈ, ਜੋ ਤੈਨੂੰ ਅੰਤ੍ਰੀਵੀ ਆਰਾਮ ਦੇਵੇਗੀ ਅਤੇ ਸਦੀਵ ਹੀ ਤੇਰਾ ਪੱਖ ਪੂਰੇਗੀ, ਨੀ ਜਿੰਦੜੀਏ। ਠਹਿਰਾਊ।

ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥
ਆਪ-ਹੁਦਰੇ ਦੰਭ ਨੂੰ ਕਦਾਚਿਤ ਨਹੀਂ ਛੱਡਦੇ ਅਤੇ ਦਵੈਤ-ਭਾਵ ਰਾਹੀਂ ਤਕਲੀਫ ਉਠਾਉਂਦੇ ਹਨ।

ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥
ਨਾਮ ਨੂੰ ਭੁਲਾ, ਉਨ੍ਹਾਂ ਦਾ ਚਿੱਤ ਪਾਪ ਨਾਲ ਰੰਗਿਆ ਹੋਇਆ ਹੈ ਅਤੇ ਉਹ ਆਪਣੇ ਮਨੁੱਖਾ ਜੀਵਨ ਵਿਅਰਥ ਗੁਆ ਲੈਂਦੇ ਹਨ।

ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥
ਇਹ ਮੌਕਾ ਮੁੜ ਕੇ ਉਹਨਾਂ ਦੇ ਹੱਥ ਨਹੀਂ ਲਗਦਾ ਅਤੇ ਉਹ ਰੈਣ ਤੇ ਦਿਨ ਸਦੀਵ ਹੀ ਅਫਸੋਸ ਕਰਦੇ ਹਨ।

ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥
ਉਹ ਮਰ ਜਾਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ। ਆਪਣੇ ਸਾਈਂ ਨੂੰ ਉਹ ਕਦਾਚਿਤ ਅਨੁਭਵ ਨਹੀਂ ਕਰਦੇ ਅਤੇ ਗੰਦਗੀ ਅੰਦਰ ਹੀ ਸੜ ਗਲ ਜਾਂਦੇ ਹਨ।

ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥
ਗੁਰੂ ਅਨੁਸਾਰੀ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਵਿਚਾਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਕਲਿਆਣ ਹੋ ਜਾਂਦੀ ਹੈ।

ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥
ਉਹ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਅਤੇ ਪ੍ਰਭੂ ਨੂੰ ਆਪਣੇ ਮਨ ਵਿੱਚ ਟਿਕਾਈ ਰਖਦੇ ਹਨ। ਇਸ ਤਰ੍ਹਾਂ ਉਹ ਜੀਉਂਦੇ ਜੀ ਹੀ ਮੁਕਤੀ ਪਾ ਲੈਂਦੇ ਹਨ।

ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥
ਉਨ੍ਹਾਂ ਦੀ ਆਤਮਾ ਤੇ ਦੇਹ ਪਵਿੱਤ੍ਰ ਹਨ। ਪਵਿੱਤ੍ਰ ਅਤੇ ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਉਹਨਾਂ ਦੀ ਬੋਲ ਬਾਣੀ ਭੀ ਸਰੇਸ਼ਟ ਹੋ ਜਾਂਦੀ ਹੈ।

ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥
ਉਹ ਕੇਵਲ ਅਦੁੱਤੀ ਪੁਰਸ਼, ਆਪਣੇ ਇਕ ਸੁਆਮੀ ਨੂੰ ਹੀ ਜਾਣਦੇ ਹਨ। ਉਨ੍ਹਾਂ ਲਈ ਹੋਰ ਕੋਈ ਹੈ ਹੀ ਨਹੀਂ।

ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥
ਸੁਆਮੀ ਖੁਦ ਕਰਨ ਵਾਲਾ ਅਤੇ ਖੁਦ ਹੀ ਕਰਾਉਣ ਵਾਲਾ ਹੈ। ਉਹ ਆਪ ਹੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥
ਮੇਰੀ ਆਤਮਾ ਅਤੇ ਦੇਹ ਗੁਰਾਂ ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਮੇਰਾ ਮਨ ਪ੍ਰਭੂ ਦੀ ਚਾਕਰੀ ਅੰਦਰ ਲੀਨ ਹੋਇਆ ਹੈ।

ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥
ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਅੰਤਸ਼ਕਰਨ ਅੰਦਰ ਵਸਦਾ ਹੈ, ਪ੍ਰਰੰਤੂ ਕੇਵਲ ਗੁਰਾਂ ਦੀ ਦਇਆ ਰਾਹੀਂ ਹੀ, ਉਹ ਅਨੁਭਵ ਕੀਤਾ ਜਾਂਦਾ ਹੈ।

ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥
ਨਾਨਕ ਜਿਹੜਾ ਕੋਈ ਭੀ ਸੁਆਮੀ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਖੁਦ ਆਪਣਾ ਨਾਮ ਬਖਸ਼ਦਾ ਹੈ ਅਤੇ ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਤੋਰਦਾ ਹੈ।

ਮਲਾਰ ਮਹਲਾ ੩ ਦੁਤੁਕੇ ॥
ਮਲਾਰ ਤੀਜੀ ਪਾਤਿਸ਼ਾਹੀ ਦੋਤੁਕੇ।

ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥
ਸੱਚੇ ਗੁਰਾਂ ਦੇ ਰਾਹੀਂ ਬੰਦਾ ਸਰੇਸ਼ਟ ਅਸਥਾਨ ਅਤੇ ਪ੍ਰਭੂ ਦੇ ਧਾਮ ਮੰਦਰ ਦੇ ਬੂਹੇ ਨੂੰ ਪਾ ਲੈਂਦਾ ਹੈ।

ਗੁਰ ਸਬਦੀ ਚੂਕੈ ਅਭਿਮਾਨੁ ॥੧॥
ਗੁਰਾਂ ਦੀ ਬਾਣੀ ਰਾਹੀਂ ਜੀਵ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।

ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥
ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਦਾ ਨਾਮ ਲਿਖਿਆ ਹੋਇਆ ਹੈ,

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥
ਰੈਣ ਅਤੇ ਦਿਨ ਉਹ ਸਦੀਵ, ਸਦੀਵ ਹੀ ਨਾਮ ਦਾ ਆਰਾਧਨ ਕਰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।

ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥
ਗੁਰਾਂ ਦੇ ਰਾਹੀਂ, ਉਹ ਆਪਣੇ ਮਨ ਨੂੰ ਕਾਬੂ ਕਰਨ ਦਾ ਤਰੀਕਾ ਜਾਣ ਲੈਂਦੇ ਹਨ ਅਤੇ ਰੈਣ ਤੇ ਦਿਨ ਉਹਨਾਂ ਦੀ ਬਿਰਤੀ ਹਮੇਸ਼ਾਂ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ।

copyright GurbaniShare.com all right reserved. Email