Page 1260

ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥
ਗੁਰਬਾਣੀ ਨਾਲ ਰੰਗੇ ਹੋਏ, ਉਹ ਹਮੇਸ਼ਾਂ ਨਿਰਲੇਪ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਪਤਿ ਆਬਰੂ ਪਾਉਂਦੇ ਹਨ।

ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥
ਇਹ ਮਨੂਆ ਸਾਹਿਬ ਦੀ ਰਜ਼ਾ ਦੇ ਅਧੀਨ ਖੇਡਦਾ ਹੈ ਅਤੇ ਦਸੀਂ ਪਾਸੀਂ ਚੱਕਰ ਕੱਟ, ਇਕ ਮੁਹਤ ਵਿਚਮੁੜ ਆਉਂਦਾ ਹੈ।

ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥
ਜਦ ਸੱਚਾ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰਦਾ ਹੈ, ਤਦ ਇਹ ਮਨੂਆ ਗੁਰਾਂ ਦੇ ਰਾਹੀਂ, ਝਟਪਟ ਹੀ ਕਾਬੂ ਵਿੱਚ ਆ ਜਾਂਦਾ ਹੈ।

ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥
ਨਾਮ ਨੂੰ ਅਨੁਭਵ ਅਤੇ ਚਿੰਤਨ ਕਰਨ ਦੁਆਰਾ ਇਨਸਾਨ ਇਸ ਮਨੂਏ ਨੂੰ ਕਾਬੂ ਕਰਨ ਦਾ ਢੰਗ ਜਾਣ ਲੈਂਦਾ ਹੈ।

ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥
ਹੇ ਨਾਨਕ! ਤੂੰ ਸਦਾ ਹੀ ਸਾਈਂ ਦੇ ਨਾਮ ਦਾ ਸਿਮਰਨ ਕਰ, ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥
ਜਿੰਦੜੀ, ਦੇਹ ਅਤੇ ਜਿੰਦ-ਜਾਨ ਸਾਰੇ ਉਸ ਦੀ ਮਲਕੀਅਤ ਹਨ ਅਤੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।

ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥
ਇਕ ਪ੍ਰਭੂ ਦੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਹ ਦਰਸਾ ਦਿੱਤਾ ਹੈ।

ਮਨ ਮੇਰੇ ਨਾਮਿ ਰਹਉ ਲਿਵ ਲਾਈ ॥
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਈ ਰਖ।

ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਅਡਿੱਠ, ਅਗਾਧ ਅਤੇ ਬੇਹੱਦ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।

ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥
ਇਕ ਹਰੀ ਨਾਲ ਪਿਆਰ ਪਾਉਣ ਦੁਆਰਾ, ਜਿੰਦ ਤੇ ਦੇਹ ਪ੍ਰਸੰਨ ਹੋ ਜਾਂਦੇ ਹਨ ਅਤੇ ਜੀਵ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ।

ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥
ਗੁਰਾਂ ਦੀ ਦਇਆ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਬੰਦੇ ਦਾ ਇਕ ਨਾਮ ਨਾਲ ਪਿਆਰ ਪੈ ਜਾਂਦਾ ਹੈ।

ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥
ਗੁਰਾਂ ਦੇ ਉਪਦੇਸ਼ ਦੁਆਰਾ, ਜੇਕਰ ਇਨਸਾਨ ਸੱਚੇ ਕਰਮ ਕਰਦਾ ਹੈ, ਕੇਵਲ ਤਾਂ ਹੀ ਉਸ ਨੂੰ ਮੁਕਤੀ ਅਤੇ ਸਮਝ ਪਰਾਪਤ ਹੁੰਦੀ ਹੈ।

ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥
ਕ੍ਰੋੜਾਂ ਵਿਚੋਂ, ਕਿਸੇ ਵਿਰਲੇ ਨੂੰ ਹੀ ਸੁਆਮੀ ਸਿੱਖ ਮਤ ਬਖਸ਼ਦਾ ਹੈ ਅਤੇ ਉਸ ਦਾ ਸੁਆਮੀ ਦੇ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।

ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਇਕ ਸਾਈਂ ਨੂੰ ਵੇਖਦਾ ਹਾਂ। ਇਹ ਸਮਝ ਮੈਨੂੰ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੋਈ ਹੈ।

ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥
ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਹੇ ਨਾਨਕ! ਮੈਂ ਆਪਣਾ ਚਿੱਤ, ਦੇਹ ਅਤੇ ਜਿੰਦ-ਜਾਨ ਉਸ ਦੇ ਮੂਹਰੇ ਰੱਖਦਾ ਹਾਂ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥
ਪੀੜ ਹਰਣਹਾਰ, ਮੇਰਾ ਸੱਚਾ ਸੁਆਮੀ, ਗੁਰਾਂ ਦੇ ਉਪਦੇਸ਼ ਰਾਹੀਂ, ਪਰਾਪਤ ਹੁੰਦਾ ਹੈ।

ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥
ਜੋ ਕੋਈ ਪ੍ਰਭੂ ਦੇ ਅਨੁਰਾਗ ਨਾਲ ਰੰਗਿਆ ਹੈ, ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ ਅਤੇ ਸੱਚੀ ਦਰਗਾਹ ਅੰਦਰ ਇਜ਼ਤ ਆਬਰੂ ਪਾਉਂਦਾ ਹੈ।

ਮਨ ਰੇ ਮਨ ਸਿਉ ਰਹਉ ਸਮਾਈ ॥
ਹੇ ਮੇਰੀ ਆਤਮਾ! ਤੂੰ ਪਰਮ ਆਤਮਾ ਨਾਲ ਅਭੇਦ ਹੋਈ ਰਹੁ।

ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਮਨੁੱਖ ਦਾ ਚਿੱਤ ਪ੍ਰਭੁ ਦੇ ਨਾਮ ਦੇ ਨਾਲ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦਾ ਸੁਆਮੀ ਨਾਲ ਪਿਆਰ ਪੈ ਜਾਂਦਾ ਹੈ। ਠਹਿਰਾਉ।

ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥
ਮੇਰਾ ਸੁਆਮੀ ਪਰਮ ਅਥਾਹ ਅਤੇ ਅਗਾਧ ਹੈ। ਆਪਣੇ ਉਪਦੇਸ਼ ਦੁਆਰਾ, ਗੁਰੂ ਜੀ ਉਸ ਨੂੰ ਬੰਦੇ ਤਾਂਈ ਦਰਸਾ ਦਿੰਦੇ ਹਨ।

ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥
ਰੱਬ ਦਾ ਜੱਸ ਉਚਾਰਨ ਅਤੇ ਰੱਬ ਨਾਲ ਬਿਰਤੀ ਜੋੜਨਾ ਹੀ ਸੱਚੀ ਸਵੈ-ਰਿਆਜ਼ਤ ਹੈ।

ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ਹ ਜੋਤੀ ਜੋਤਿ ਮਿਲਾਈ ॥
ਪ੍ਰਕਾਸ਼ਵਾਨ ਪ੍ਰਭੂ, ਜਿਸ ਨੇ ਸਾਰਿਆਂ ਅੰਦਰ ਆਪਣਾ ਪ੍ਰਕਾਸ਼ ਕੀਤਾ ਹੈ, ਆਪ ਹੀ ਨਾਮ ਹੈ ਅਤੇ ਆਪ ਹੀ ਸੱਚੀ ਸਿੱਖਿਆ।

ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥
ਇਸ ਸੱਚੇ ਸਰੀਰ ਵਿੱਚ, ਜਿਸ ਅੰਦਰ ਸੁਆਸ ਗੂਜਦਾ ਹੈ, ਗੁਰਾਂ ਦੇ ਰਾਹੀਂ ਨਾਮ ਸੁਧਾਰਸ ਪਰਾਪਤ ਹੁੰਦਾ ਹੈ।

ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥
ਵਾਹਿਗੁਰੂ ਖੁਦ ਸਾਰਿਆਂ ਨੂੰ ਰਚਦਾ ਤੇ ਖੁਦ ਹੀ ਸਾਰਿਆਂ ਨੂੰ ਕੰਮ ਲਾਉਂਦਾ ਹੈ। ਉਹ ਸੱਚਾ ਸਾਈਂ ਸਾਰਿਆਂ ਅੰਦਰ ਰਮ ਰਿਹਾ ਹੈ।

ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥
ਨਾਨਕ ਨਾਮ ਦੇ ਬਗੈਰ, ਕਿਸੇ ਦਾ ਕੋਈ ਮੁੱਲ ਨਹੀਂ। ਨਾਮ ਦੇ ਰਾਹੀਂ ਹੀ ਸੁਆਮੀ ਇਨਸਾਨ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।

ਮਲਾਰ ਮਹਲਾ ੩ ॥
ਮਲਾਰ ਤੀਜੀ ਪਾਤਿਸ਼ਾਹੀ।

ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥
ਬੰਦੇ ਨੂੰ ਹੰਕਾਰ ਦੀ ਜ਼ਹਿਰ ਨੇ ਫਰੇਫਤਾ ਕਰ ਲਿਆ ਹੈ ਅਤੇ ਉਸ ਨੇ ਪਾਪਾਂ ਦਾ ਵਡੇ ਸੱਪ ਜਿੰਨਾ ਬੋਝਲ ਭਾਰ ਲੱਦ ਲਿਆ ਹੈ।

ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥
ਆਪਣੇ ਨਾਮ ਦਾ ਨੀਲਕੰਠ-ਮੰਤ੍ਰ ਮੂੰਹ ਵਿੱਚ ਪਾ ਕੇ, ਵਾਹਿਗੁਰੂ ਨੇ ਹੰਕਾਰ ਦੀ ਜ਼ਹਿਰ ਨਸ਼ਟ ਕਰ ਦਿੱਤੀ ਹੈ।

ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥
ਹੇ ਇਨਸਾਨ! ਅਤਿਅੰਤ ਹੈ ਪੀੜ ਹੰਕਾਰ ਅਤੇ ਸੰਸਾਰੀ ਮਮਤਾ ਦੀ।

ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥
ਨਾਂ-ਤਰਿਆ ਜਾਣ ਵਾਲਾ ਹੈ ਇਹ ਭਿਆਨਕ ਸੰਸਾਰ ਦਾ ਦਰਿਆ। ਗੁਰਾਂ ਦੀ ਦਇਆ ਦੁਆਰਾ, ਰੱਬ ਦੇ ਨਾਮ ਦੀ ਬੇੜੀ ਤੇ ਚੜ੍ਹ ਕੇ ਤੂੰ ਇਸ ਸੰਸਾਰ ਦੇ ਦਰਿਆ ਤੋਂ ਪਾਰ ਹੋ ਜਾ। ਠਹਿਰਾਉ।

ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥
ਤਿੰਨਾਂ ਲੱਛਣਾ ਵਾਲੀ ਮੋਹਣੀ ਦੀ ਮਮਤਾ ਦਾ ਅਡੰਬਰ ਸਾਰਿਆਂ ਸਰੀਰਾਂ ਅੰਦਰ ਪਰਵਿਰਤ ਹੋ ਰਿਹਾ ਹੈ।

ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥
ਸਾਧ-ਸੰਗਤ ਦੁਆਰਾ, ਕਾਲ-ਸਥਾਈ ਪਰਮ ਪ੍ਰਸੰਨਤਾ ਦੀ ਦਸ਼ਾ ਪਰਾਪਤ ਹੋ ਜਾਂਦੀ ਹੈ ਅਤੇ ਮਿਹਰਬਾਨ ਮਾਲਕ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥
ਚੰਨਣ ਦੀ ਖੁਸ਼ਬੂ ਇਕ ਸਰੇਸ਼ਟ ਖੁਸ਼ਬੂ ਹੈ ਅਤੇ ਇਹ ਆਪਣੀ ਮਹਿਮ ਦੂਰ ਤਾਈ ਫੈਲਾਉਂਦੀ ਹੈ।

copyright GurbaniShare.com all right reserved. Email