ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥ ਆਪ ਹੁਦਰਾ ਪੁਰਸ਼ ਰੱਬ ਦੇ ਦੂਸਰੇ ਪਾਸੇ ਹੈ। ਆਪਣੀਆਂ ਅੱਖਾਂ ਨਾਲ ਦੇਖ ਕੇ ਤੂੰ ਇਸ ਦਾ ਨਿਰਣਾ ਕਰ ਲੈ। ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥ ਜਾਲ ਅੰਦਰ ਫਸੇ ਹੋਏ ਹਰਣ ਦੀ ਮਾਨੰਦ, ਮੌਤ ਦਾ ਦੂਤ ਉਸ ਦੇ ਸਿਰ ਉਤੇ ਖੜਾ ਦਿਸਦਾ ਹੈ। ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥ ਨੀਚ ਹਨ ਭੁੱਖ, ਤਰੇਹ ਅਤੇ ਬਦਖੋਈ ਅਤੇ ਭਿਆਨਕ ਹਨ ਸ਼ਹਿਵਤ ਅਤੇ ਗੁੱਸਾ। ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥ ਜਦ ਤਾਂਈ ਜੀਵ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਉਦਂੋ ਤਾਂਈ ਸਾਹਿਬ ਉਸ ਨੂੰ ਇਨ੍ਹਾਂ ਨੇਤ੍ਰਾਂ ਨਾਲ ਨਹੀਂ ਦਿੱਸਦਾ। ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ ॥ ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸਾਈਂ! ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੇ ਘਰੋਗੀ ਪੁਆੜੇ ਮੁਕ ਜਾਂਦੇ ਹਨ। ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥ ਗੁਰਾਂ ਦੀ ਘਾਲ ਕਮਾਉਣ ਦੁਆਰਾ, ਅਸਲ ਰਾਸ ਬਚ ਜਾਂਦੀ ਹੈ। ਗੁਰਾਂ ਜੀ ਮੁਕਤੀ ਦੀ ਪਉੜੀ ਅਤੇ ਜਹਾਜ਼ ਹਨ। ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥ ਨਾਨਕ ਜਿਹੜਾ ਕੋਈ ਭੀ ਸੁਆਮੀ ਨਾਲ ਜੁੜ ਜਾਂਦਾ ਹੈ ਉਹ ਉਸ ਦੀ ਅਸਲੀਅਤ ਨੂੰ ਪਾ ਲੈਂਦਾ ਹੈ। ਤੂੰ ਹੇ ਸੱਚੇ ਸੁਆਮੀ! ਸੱਚੇ ਦਿਲ ਰਾਹੀਂ ਪਰਾਪਤ ਹੁੰਦਾ ਹੈ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥ ਕੇਵਲ ਇਕ ਹੀ ਮਾਰਗ ਹੈ ਅਤੇ ਇਕ ਹੀ ਦਰਵਾਜਾ। ਆਪਣੇ ਨਿਜ ਦੇ ਅਸਥਾਨ ਤੇ ਪੁਜਣ ਲਈ ਗੁਰੂ ਜੀ ਪਉੜੀ ਹਨ। ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥ ਸੋਹਣਾ ਸੁਨੱਖਾ ਹੈ ਸੁਆਮੀ, ਹੇ ਨਾਨਕ! ਸਮੂਹ ਆਰਾਮ ਸੱਚੇ ਨਾਮ ਦੇ ਅੰਦਰ ਹਨ। ਪਉੜੀ ॥ ਪਉੜੀ। ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ ॥ ਆਪ ਹੀ ਪ੍ਰਭੂ ਨੇ ਆਪਣੇ ਆਪ ਨੂੰ ਰਚਿਆ ਅਤੇ ਕੇਵਲ ਉਹ ਹੀ ਆਪਣੇ ਆਪ ਨੂੰ ਜਾਣਦਾ ਹੈ। ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥ ਅਸਮਾਨ ਅਤੇ ਜਮੀਨ ਨੂੰ ਵਖਰਾ ਕਰ, ਉਸ ਨੇ ਆਕਾਸ਼ ਦੀ ਚਾਨਣੀ ਤਾਣ ਦਿਤੀ ਹੈ। ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥ ਆਪਣੇ ਹੁਕਮ ਨੂੰ ਪ੍ਰਗਟ ਕਰ, ਸੁਆਮੀ ਨੇ ਬਗੈਰ ਥਮਲਿਆਂ ਦੇ ਅਸਮਾਨ ਨੂੰ ਠਹਿਰਾਇਆ ਹੋਇਆ ਹੈ। ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥ ਸੂਰਜ ਅਤੇ ਚੰਨ ਨੂੰ ਰਚ ਕੇ, ਸੁਆਮੀ ਨੇ ਉਨ੍ਹਾਂ ਅੰਦਰ ਆਪਣਾ ਪਰਕਾਸ਼ ਟਿਕਾ ਦਿੱਤਾ ਹੈ। ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥ ਉਸ ਨੇ ਰਾਤ੍ਰੀ ਅਤੇ ਦਿਨ ਰਚੇ। ਅਸਚਰਜ ਹਨ ਉਸ ਦੀਆਂ ਅਦਭੁਤ ਖੇਡਾਂ। ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥ ਪ੍ਰਭੂ ਨੇ ਯਾਤ੍ਰਾ-ਅਸਥਾਨ ਸਾਜੇ ਹਨ, ਜਿਕੇ ਪ੍ਰਾਣੀ ਨੇਕੀ ਦੀ ਸੋਚ-ਬੀਚਾਰ ਕਰਦੇ ਹਨ ਅਤੇ ਮੁਬਾਰਕ ਸਮਿਆ ਉਤੇ ਇਸ਼ਨਾਨ ਕਰਦੇ ਹਨ। ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਪ੍ਰਭੂ! ਮੈਂ ਤੈਨੂੰ ਕਿਸ ਤਰ੍ਹਾਂ ਬਿਆਨ ਤੇ ਵਰਨਣ ਕਰ ਸਕਦਾ ਹਾਂ? ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥ ਤੂੰ ਕਾਲਸਥਾਈ ਰਾਜਸਿੰਘਾਸਣ ਤੇ ਬਿਰਾਜਮਾਨ ਹੈ, ਹੇ ਸਾਈਂ! ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥ ਨਾਨਕ ਜੇਕਰ ਸਾਉਣ ਦੇ ਮਹੀਨੇ ਮੀਹ ਪਵੇ ਤਾਂ ਚਾਰ ਚੀਜ਼ਾ ਨੂੰ ਬੜੀ ਖੁਸ਼ੀ ਹੁੰਦੀ ਹੈ। ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥ ਸੱਪਾਂ, ਹਰਨਾਂ ਮੀਨਾਂ ਅਤੇ ਮੌਜਾਂ ਮਾਣਨ ਵਾਲਿਆਂ, ਜਿਨ੍ਹਾਂ ਦੇ ਗ੍ਰਹਿ ਅੰਦਰ ਧਨ-ਦੌਲਤ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥ ਨਾਨਕ ਜੇਕਰ ਸਾਉਣ ਦੇ ਮਹੀਨੇ ਵਿੱਚ ਮੀਹ ਵਰ੍ਹੇ ਤਾਂ ਚਾਰ ਚੀਜ਼ਾਂ ਨੂੰ ਜੁਦਾਇਗੀ ਹੁੰਦਾ ਹੈ। ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥ ਉਹ ਹਨ ਗਊਆਂ ਦੇ ਵੱਛੇ, ਗਰੀਬ, ਰਾਹੀ ਅਤੇ ਨੌਕਰ। ਪਉੜੀ ॥ ਪਉੜੀ। ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥ ਹੇ ਸੱਚੇ ਸੁਆਮੀ! ਸੱਚਾ ਹੈ ਤੂੰ ਜੋ ਨਿਰੋਲ ਸੱਚ ਨੂੰ ਹੀ ਵੰਡਦਾ ਹੈ। ਬੈਠਾ ਤਾੜੀ ਲਾਇ ਕਵਲੁ ਛਪਾਇਆ ॥ ਕਮਲ ਦੀ ਨਿਆਈ ਤੂੰ ਸਮਾਧੀ ਅੰਦਰ ਬੈਠਾ ਹੈ ਅਤੇ ਅੱਖਾਂ ਤੇ ਓਹਲੇ ਹੈ। ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥ ਬ੍ਰਹਮਾਂ ਵਿਸ਼ਾਲ ਆਖਿਆ ਜਾਂਦਾ ਹੈ, ਪਰ ਉਹ ਭੀ ਤੇਰੀ ਓੜਕ ਨੂੰ ਨਹੀਂ ਜਾਣਦਾ। ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥ ਉਸ ਦਾ ਨਾਂ ਬਾਬਲ ਹੈ, ਨਾਂ ਹੀ ਅੰਮੜੀ। ਤੈਨੂੰ ਕਿਸ ਨੇ ਜਣਿਆ ਹੈ, ਹੇ ਮੇਰੇ ਪ੍ਰਭੂ? ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥ ਉਸਦਾ ਨਾਂ ਕੋਈ ਸਰੂਪ ਹੈ ਨਾਂ ਹੀ ਚਿੰਨ੍ਹ। ਸਾਰੀਆਂ ਜਾਤਾਂ ਵਿਚੋਂ ਉਸ ਦੀ ਕੋਈ ਜਾਤ ਭੀ ਨਹੀਂ। ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥ ਉਸ ਨੂੰ ਕੋਈ ਖੁਧਿਆਂ ਅਤੇ ਤਰੇਹ ਨਹੀਂ ਅਤੇ ਉਹ ਰੱਜਿਆ ਤੇ ਧ੍ਰਾਪਿਆ ਹੋਇਆ ਹੈ। ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥ ਸਾਈਂ ਨੇ ਆਪਣੇ ਆਪ ਨੂੰ ਗੁਰਾਂ ਅੰਦਰ ਲੀਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਨਾਮ ਨੂੰ ਵਰਤਾਉਂਦਾ ਹੈ। ਸਚੇ ਹੀ ਪਤੀਆਇ ਸਚਿ ਸਮਾਇਆ ॥੨॥ ਸੱਚੇ ਪ੍ਰਭੂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਣੀ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਹਕੀਮ ਨੁਸਖਾ ਲਿਖਣ ਲਈ ਸੱਦਿਆ ਗਿਆ ਹੈ ਮੇਰੀ ਬਾਂਹ ਨੂੰ ਫੜ ਕੇ ਉਹ ਨਬਜ਼ ਦੇਖਦਾ ਹੈ। ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ ਨਾਦਾਨ ਹਕੀਮ ਨਹੀਂ ਜਾਣਦਾ, ਕਿ ਪੀੜ ਤਾਂ ਮਨ ਅੰਦਰ ਹੈ। ਮਃ ੨ ॥ ਦੂਜੀ ਪਾਤਿਸ਼ਾਹੀ। ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ ਹੇ ਹਕੀਮ! ਹਕੀਮਾਂ ਵਿੱਚ ਤੂੰ ਨਾਇਕ ਹਕੀਮ ਹੈਂ, ਜੇਕਰ ਤੂੰ ਪਹਿਲਾਂ ਬੀਮਾਰੀ ਦੀ ਤਸ਼ਖੀਸ਼ ਕਰ ਲਵੇਂ। ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥ ਤੂੰ ਐਹੋ ਜੇਹੀ ਦਵਾਈ ਲੱਭ, ਜਿਸ ਨਾਲ ਬੀਮਾਰੀਆਂ ਦੇ ਸਮੁਦਾਇ ਦੂਰ ਹੋ ਜਾਣ। ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ ਤੂੰ ਐਹੋ ਜੇਹੀ ਦਵਾਈ ਦੇ, ਜਿਸ ਦੁਆਰਾ ਬੀਮਾਰੀਆਂ ਚਲੀਆਂ ਜਾਣ ਅਤੇ ਆਰਾਮ ਆ ਕੇ ਦੇਹ ਦੇ ਅੰਦਰ ਟਿਕ ਜਾਵੇ। ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ ਜਦ ਤੂੰ ਆਪਣੀ ਜ਼ਹਿਮਤ ਤੋਂ ਖਲਾਸੀ ਪਾ ਜਾਵੇ ਕੇਵਲ ਤਦ ਹੀ ਤੂੰ ਹਕੀਮ ਆਖਿਆ ਜਾਵੇਗਾ, ਹੇ ਨਾਨਕ! ਪਉੜੀ ॥ ਪਉੜੀ। ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਪ੍ਰਭੂ ਨੇ ਹੀ ਬ੍ਰਹਮਾ, ਵਿਸ਼ਨੂੰ ਸ਼ਿਵਜੀ ਅਤੇ ਹੋਰ ਦੇਵਤੇ ਰਚੇ ਹਨ। ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ਉਸ ਦੇ ਬ੍ਰਹਮੇ ਨੂੰ ਵੇਦ ਬਖਸ਼ੇ ਅਤੇ ਉਸ ਨੂੰ ਆਪਣੀ ਉਪਾਸ਼ਨਾ ਵਿੱਚ ਜੋੜ ਦਿੱਤਾ। ਦਸ ਅਵਤਾਰੀ ਰਾਮੁ ਰਾਜਾ ਆਇਆ ॥ ਪ੍ਰਭੂ ਨੇ ਦਸ ਅਉਤਾਰ ਪੈਦਾ ਕੀਤੇ, ਜਿਨ੍ਹਾਂ ਵਿਚੋਂ ਇਕ ਪਾਤਿਸ਼ਾਹ ਰਾਮ ਚੰਦ੍ਰ ਸੀ। ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਉਸ ਦੀ ਰਜਾ ਅੰਦਰ, ਉਹਨਾਂ ਨੇ ਦੌੜ ਕੇ ਸਾਰੇ ਰਾਖਸ਼ਾਂ ਨੂੰ ਮਾਰ ਸੁਟਿਆ। ਈਸ ਮਹੇਸੁਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥ ਨੇਕ ਬੰਦੇ ਤੇ ਸ਼ਿਵਜੀ ਤੇਰੀ ਘਾਲ ਕਮਾਉਂਦੇ ਹਨ, ਹੇ ਸਾਈਂ! ਪਰ ਉਹ ਤੇਰੇ ਓੜਕ ਨੂੰ ਨਹੀਂ ਪਾ ਸਕਦੇ। ਸਚੀ ਕੀਮਤਿ ਪਾਇ ਤਖਤੁ ਰਚਾਇਆ ॥ ਖੁਦ ਹੀ ਸੁਆਮੀ ਨੇ ਆਪਣਾ ਰਾਜ ਸਿੰਘਾਸਣ ਅਸਥਾਪਨ ਕੀਤਾ ਹੈ ਅਤੇ ਖੁਦ ਹੀ, ਉਹ ਜੀਵਾਂ ਦਾ ਸੱਚਾ ਸੁੱਚਾ ਮੁੱਲ ਪਾਉਂਦਾ ਹੈ। ਦੁਨੀਆ ਧੰਧੈ ਲਾਇ ਆਪੁ ਛਪਾਇਆ ॥ ਉਸ ਨੇ ਸੰਸਾਰ ਨੂੰ ਇਸ ਦੇ ਕੰਮੀ ਕਾਜੀਂ ਲਾਇਆ ਹੋਇਆ ਹੈ ਅਤੇ ਖੁਦ ਇਸ ਦੀ ਅੱਖ ਤੋਂ ਉਹਲੇ ਰਹਿੰਦਾ ਹੈ। copyright GurbaniShare.com all right reserved. Email |