ਗੁਰਮੁਖਿ ਸਬਦੁ ਸਮ੍ਹ੍ਹਾਲੀਐ ਸਚੇ ਕੇ ਗੁਣ ਗਾਉ ॥ ਗੁਰਾਂ ਦੇ ਰਾਹੀਂ, ਤੂੰ ਨਾਮ ਦਾ ਸਿਮਰਨ ਕਰ ਅਤੇ ਸੱਚੇ ਸੁਆਮੀ ਦੀ ਸਿਫ਼ਤ ਅਲਾਪ। ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥ ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਪੁਰਸ਼ ਹਨ ਅਤੇ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ। ਪਉੜੀ ॥ ਪਉੜੀ। ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਆਪਣੇ ਪੂਰਨ ਪ੍ਰਭੂ ਨੂੰ ਪਾ ਲਿਆ ਹੈ। ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥ ਪੂਰਨ ਪ੍ਰਾਲਭਧ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੈਂ ਪੂਰਨ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥ ਪੂਰਨ ਬ੍ਰਹਮ-ਵੀਚਾਰ ਅਤੇ ਸਿਮਰਨ ਰਾਹੀਂ, ਮੈਂ ਆਪਣੀ ਮਲੀਣਤਾ ਧੋ ਛੱਡੀ ਹੈ। ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥ ਵਾਹਿਗੁਰੂ ਨੂੰ ਯਾਤ੍ਰਾ ਅਸਥਾਨਾ ਦਾ ਸਰੋਵਰ ਜਾਣ ਕੇ, ਮੈਂ ਆਪਣੇ ਮਨ ਨੂੰ ਉਸ ਵਿੱਚ ਨੁਹਾ ਲਿਆ ਹੈ। ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥ ਜੋ ਸਾਈਂ ਦੇ ਨਾਮ ਰਾਹੀਂ ਮਰਦਾ ਅਤੇ ਆਪਣੇ ਮਨੁਏ ਨੂੰ ਕਾਬੂ ਕਰਦਾ ਹੈ ਮੁਬਾਰਕ ਹੈ, ਉਹ ਮਾਤਾ ਜਿਸ ਨੇ ਉਸ ਨੂੰ ਜਾਣਿਆ ਸੀ। ਦਰਿ ਸਚੈ ਸਚਿਆਰੁ ਸਚਾ ਆਇਆ ॥ ਸਚੇ ਦਰਬਾਰ ਅੰਦਰ ਉਹ ਸੱਚਾ ਕਰਾਰ ਦਿਤਾ ਜਾਂਦਾ ਹੈ ਅਤੇ ਸਚਾ ਹੈ ਉਸ ਦਾ ਆਗਮਨ ਇਸ ਜਹਾਨ ਵਿੱਚ। ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥ ਜਦ ਸੁਆਮੀ ਦੀ ਉਸ ਉਤੇ ਖੁਸ਼ੀ ਹੈ, ਤਦ ਕੋਈ ਭੀ ਉਸ ਨੂੰ ਉਸ ਦੇ ਇਸਾਬ ਕਿਤਾਬ ਬਾਰੇ ਪੁਛ ਨਹੀਂ ਸਕਦਾ। ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥ ਚੰਗੀ ਪ੍ਰਾਲਭਧ ਦੀ ਬਰਕਤ, ਹੇ ਨਾਨਕ! ਸੱਚੇ ਸਾਈਂ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਉਸ ਨੇ ਉਸ ਨੂੰ ਪਾ ਲਿਆ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ! ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਜੋ ਆਪਣੇ ਚੇਲਿਆਂ ਨੂੰ ਕੁੱਲ੍ਹੇ ਦਿੰਦੇ ਹਨ, । ਉਹ ਮੂਰਖ ਹਨ ਅਤੇ ਜੋ ਉਨ੍ਹਾਂ ਨੂੰ ਹਾਸਲ ਕਰਦੇ ਹਨ, ਉਹ ਭਾਰੀ ਬੇਸ਼ਰਮ ਹਨ। ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹ੍ਹੈ ਛਜ ॥ ਆਪਣੇ ਲਕ ਨਾਲ ਦਾਣੇ ਉਡਾਉਣ ਵਾਲੀ ਛਜਲੀ ਨੂੰ ਬੰਨ੍ਹ ਕੇ ਚੂਹਾ ਆਪਣੀ ਖੁਡ ਵਿੱਚ ਮਿਉ ਨਹੀਂ ਸਕਦਾ। ਦੇਨ੍ਹ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ ਜੋ ਅਸੀਸਾ ਦਿੰਦੇ ਹਨ ਉਹ ਮਰ ਜਾਣਗੇ ਅਤੇ ਜਿਨ੍ਹਾਂ ਨੂੰ ਉਹ ਦਿੱਤੀਆਂ ਜਾਂਦੀਆਂ ਹਨ, ਉਹ ਭੀ ਟੁਰ ਜਾਣਗੇ। ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥ ਨਾਨਕ ਇਹ ਨਹੀਂ ਜਾਣਿਆ ਜਾਂਦਾ, ਕਿ ਪ੍ਰਭੂ ਦੀ ਰਜਾ ਦੁਆਰਾ ਉਹ ਕਿਕੇ ਜਾ ਕੇ ਲੀਨ ਹੋ ਜਾਂਦੇ ਹਨ। ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ ਮੇਰੇ ਲਈ ਰੱਬੀ ਦੀ ਪੈਦਾਵਾਰ ਇਕ ਨਾਮ ਹੈ ਅਤੇ ਖਰੀਫ ਦੀ ਪੈਦਾਵਾਰ ਸੱਚਾ ਨਾਮ ਹੈ। ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥ ਆਪਣੇ ਸੁਆਮੀ ਦੇ ਦਰਬਾਰ ਅੰਦਰ ਪੁਜ ਕੇ ਮੈਂ ਆਪਣੇ ਹੱਕ ਵਿੱਚ ਮੁਆਫੀ ਦਾ ਪਟਾ ਲਿਖਵਾ ਲਿਆ ਹੈ। ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥ ਅਣਗਿਣਤ ਹਨ ਜਹਾਨ ਦੀਆਂ ਕਚਹਿਰੀਆਂ ਅਤੇ ਅਣਗਿਣਤ ਹੀ ਉਥੇ ਆਉਂਦੇ ਤੇ ਜਾਂਦੇ ਹਨ। ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥ ਅਨੇਕਾਂ ਹੀ ਭਿਖਾਰੀ ਹਨ ਜੋ ਖੈਰ ਮੰਗਦ ਹਨ ਅਤੇ ਅਨੇਕਾਂ ਆਪਣੀ ਮੌਤ ਦੇ ਵੇਲੇ ਤਾਈ ਮੰਗਦੇ ਹੀ ਰਹਿੰਦੇ ਹਨ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਹਾਥੀ ਸੌ ਮਣ ਘੀ ਅਤੇ ਗੁੜ ਖਾ ਜਾਂਦਾ ਹੈ ਅਤੇ ਪੰਜ ਸੌ ਮਣ ਅਨਾਜ ਨਿਗਲ ਜਾਂਦਾ ਹੈ। ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਉਹ ਡਕਾਰ ਮਾਰਦਾ, ਫੁੰਕਾਰੇ ਛਡਦਾ ਤੇ ਘੱਟਾ ਉਡਾਉਂਦਾ ਹੈ ਅਤੇ ਜਦ ਸੁਆਸ ਸਰੀਰ ਨੂੰ ਛੱਡ ਜਾਂਦਾ ਹੈ, ਅਫਸੋਸ ਕਰਦਾ ਹੈ। ਅੰਧੀ ਫੂਕਿ ਮੁਈ ਦੇਵਾਨੀ ॥ ਅੰਨ੍ਹੀ ਤੇ ਮੂਰਖ ਦੁਨੀਆਂ ਸਵੈ-ਹੰਗਤਾ ਨਾਲ ਮਰ ਰਹੀ ਹੈ। ਖਸਮਿ ਮਿਟੀ ਫਿਰਿ ਭਾਨੀ ॥ ਜਦੋਂ ਇਹ ਸੁਆਮੀ ਅੰਦਰ ਸਮਾ ਜਾਂਦੀ ਹੈ, ਤਦ ਇਹ ਉਸ ਨੂੰ ਚੰਗੀ ਲਗਦੀ ਏ। ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਅੱਧਾ ਦਾਣਾ ਚਿੜੀਆਂ ਦਾ ਚੋਗਾ ਹੈ ਅਤੇ ਹਿਹ ਅਸਮਾਨ ਚੜ੍ਹ ਕੇ ਚਹਿਕਦੀ ਹੈ। ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਉਹ ਭਲੀ ਚਿੜੀਆਂ ਜੋ ਰੱਬ ਦਾ ਨਾਮ ਉਚਾਰਨ ਕਰਦੀ ਹੈ, ਸੁਆਮੀ ਨੂੰ ਭਾਉਂਦੀ ਹੈ। ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਬਲਵਾਨ ਸ਼ੇਰ ਸੈਕੜੇ ਮਿਰਗ ਨੂੰ ਮਾਰਦਾ ਹੈ ਅਤੇ ਮਗਰੋ ਅਨੇਕਾਂ ਹੋਰ ਉਸ ਦੀ ਜੂਠ ਨੂੰ ਪਏ ਖਾਂਦੇ ਹਨ। ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਬਹੁਤ ਜਬਰਦਸਤ ਹੋਣ ਕਰਕੇ, ਉਹ ਆਪਣੇ ਘੁਰਨੇ ਵਿੱਚ ਨਹੀਂ ਮਿਉਂਦਾ, ਪਰ ਜਦ ਉਹ ਮਰਦਾ ਹੈ, ਉਹ ਸ਼ੋਕ ਕਰਦਾ ਹੈ। ਅੰਧਾ ਕਿਸ ਨੋ ਬੁਕਿ ਸੁਣਾਵੈ ॥ ਅੰਨ੍ਹਾ ਪਸ਼ੂ ਆਪਣੀ ਗਰਜ ਨਾਲ ਕਿਸ ਤੇ ਅਸਰ ਪਾਉਣਾ ਚਾਹੁੰਦਾ ਹੈ? ਖਸਮੈ ਮੂਲਿ ਨ ਭਾਵੈ ॥ ਉਹ ਆਪਣੇ ਸਾਹਿਬ ਨੂੰ ਹੱਦੋਂ ਹੀ ਚੰਗਾ ਨਹੀਂ ਲੱਗਦਾ। ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਅੱਕ ਦਾ ਟਿੱਡਾ ਅੱਕ ਨੂੰ ਪਿਆਰ ਕਰਦਾ ਹੈ ਅਤੇ ਇਸ ਦੀ ਟਹਿਣੀ ਤੇ ਬੇਠ ਕੇ ਇਸ ਨੂੰ ਖਾਂਦਾ ਹੈ। ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਜੇਕਰ ਸਾਈਂ ਨੂੰ ਤਰ੍ਹਾਂ ਚੰਗਾ ਲੱਗੇ ਤਾਂ ਉਹ ਟਿੱਡਾ ਪ੍ਰਭੂ ਦੇ ਨਾਮ ਨੂੰ ਉਚਾਰ ਕੇ ਸਰੇਸ਼ਟ ਹੋ ਜਾਂਦਾ ਹੈ। ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਨਾਨਕ ਸੰਸਾਰ ਦੀ ਇਹ ਖੇਡ ਕੇਵਲ ਚਹੂੰ ਦਿਨਾਂ ਲਈ ਹੈ। ਰੰਗਰਲੀਆਂ ਮਾਨਣ ਦੁਆਰਾ, ਪੀੜ ਉਤਪੰਨ ਹੁੰਦੀ ਹੈ। ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਨਿਰੇ ਪੁਰੇ ਲਫਜ਼ਾਂ ਵਾਲੇ ਬੰਦੇ ਬਹੁਤੇ ਹੀ ਹਨ, ਪ੍ਰੰਤੂ ਕੋਈ ਭੀ ਦੁਨੀਆਂ ਨੂੰ ਤਿਆਗ ਨਹੀਂ ਸਕਦਾ। ਮਖੀ ਮਿਠੈ ਮਰਣਾ ॥ ਮੱਖੀ ਮਿਠਾਸ ਲਈ ਮਰ ਜਾਂਦੀ ਹੈ। ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਦੀ ਤੂੰ ਹੈ ਸੁਆਮੀ ਰੱਖਿਆ ਕਰਦਾ ਹੈ, ਕੇਵਲ ਉਹ ਹੀ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ। ਪਉੜੀ ॥ ਪਉੜੀ। ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥ ਹੇ ਪਹੁੰਚ ਤੋਂ ਪਰੇ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੱਚੇ ਸੁਅਮੀ! ਤੁੰ ਸਾਰਿਆਂ ਦਾ ਮਾਲਕ ਹੈ। ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥ ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈ ਅਤੇ ਹੋਰ ਸਾਰੇ ਤੇਰੇ ਭਿਖਾਰੀ ਹਨ। ਕੇਵਲ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥ ਜੋ ਤੇਰੀ ਚਾਕਰੀ ਕਮਾਉਂਦੇ ਹਨ, ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਣ ਸਮਝਣ ਦੁਆਰਾ, ਆਰਾਮ ਪਾਉਂਦੇ ਹਨ। ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥ ਕਈ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਦੇ ਹਨ। ਕਿਉਂ ਜੋ ਇਹੋ ਜੇਹੀ ਹੈ ਤੇਰੀ ਰਜ਼ਾ, ਹੇ ਸਾਹਿਬ! ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥ ਗੁਰਾਂ ਦੇ ਉਪਦੇਸ਼ ਰਾਹੀਂ ਹੀ, ਜੀਵ ਪ੍ਰਭੂ ਦੀ ਦਿਲੀ ਪ੍ਰੀਤ ਤੇ ਪਿਰਹੜੀ ਨਾਲ ਸਿਫਤਸਨਾ ਕਰਦਾ ਹੈ। ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥ ਪਿਰਹੜੀ ਦੇ ਬਗੈਰ, ਪ੍ਰਭੂ ਦੀ ਉਪਾਸ਼ਨਾ ਨਹੀਂ ਹੁੰਦੀ ਅਤੇ ਸੱਚੇ ਗੁਰਾਂ ਦੇ ਬਗੈਰ, ਪਿਰਹੜੀ ਨਹੀਂ ਪੈ ਸਕਦੀ। ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥ ਮੈਂ ਤੇਰਾ ਜੱਸ ਗਾਉਣ ਵਾਲਾ, ਇਕ ਬਿਨੇ ਕਰਦਾ ਹਾਂ, " ਤੂੰ ਸਾਰਿਆਂ ਦਾ ਸੁਆਮੀ ਹੈ ਅਤੇ ਹਰ ਕੋਈ ਤੇਰੀ ਟਹਿਲ ਕਮਾਉਂਦਾ ਹੈ। ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥ ਮੇਰੇ ਮਾਲਕ, ਤੂੰ ਮੇਨੂੰ ਇਹ ਖੈਰ ਪਾ, ਕਿ ਤੇਰੇ ਸੱਚੇ ਨਾਮ ਨੂੰ ਆਪਣਾ ਜੀਵਨ ਆਸਰਾ ਬਨਾਉਣ ਦੁਆਰਾ ਮੈਂ ਸੰਤੁਸ਼ਟ ਰਹਾ। copyright GurbaniShare.com all right reserved. Email |