Page 484
ਮੇਰੀ ਬਹੁਰੀਆ ਕੋ ਧਨੀਆ ਨਾਉ ॥
ਕਬੀਰ ਦੀ ਮਾਤਾ ਆਖਦੀ ਹੈ ਸਾਡੀ ਬਹੁ ਦਾ ਨਾਮ ਧਨੀਆ ਭਾਵ ਧਨਵਾਨ ਇਸਤਰੀ ਸੀ,

ਲੇ ਰਾਖਿਓ ਰਾਮ ਜਨੀਆ ਨਾਉ ॥੧॥
ਪਰ ਉਨ੍ਹਾਂ (ਸੰਤਾਂ ਸਾਧੂਆਂ) ਨੇ ਉਸ ਦਾ ਨਾਮ "ਰਾਮ ਜਨੀਆ" ਭਾਵ ਸਾਹਿਬ ਦੀ ਸੇਵਕਣੀ ਰੱਖ ਦਿੱਤਾ ਹੈ।

ਇਨ੍ਹ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥
ਇਨ੍ਹਾਂ ਸਿਰ-ਮੁਨਿਆਂ ਨੇ ਮੇਰਾ ਝੁੱਗਾ ਬਰਬਾਦ ਕਰ ਦਿੱਤਾ ਹੈ।

ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥
ਉਨ੍ਹਾਂ ਨੇ ਮੇਰੇ ਪੁੱਤ੍ਰ ਨੂੰ ਸਾਈਂ ਦਾ ਨਾਮ ਉਚਾਰਨ ਕਰਨ ਲਾ ਦਿੱਤਾ ਹੈ। ਠਹਿਰਾਉ।

ਕਹਤੁ ਕਬੀਰ ਸੁਨਹੁ ਮੇਰੀ ਮਾਈ ॥
ਕਬੀਰ ਜੀ ਆਖਦੇ ਹਨ, ਸ੍ਰਵਣ ਕਰ, ਹੇ ਮੈਡੀ ਅੰਮੜੀਏ!

ਇਨ੍ਹ੍ਹ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥
ਇਨ੍ਹਾਂ ਸਿਰ-ਮੁੰਨਿਆਂ ਨੇ ਮੇਰੀ ਨੀਚ ਜਾਤੀ ਦਾ ਨਮੂਦ ਹੀ ਚੱਕ ਦਿੱਤਾ ਹੈ,

ਆਸਾ ॥
ਆਸਾ।

ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
ਠਹਿਰ, ਠਹਿਰ ਹੇ ਬਹੂ ਤੂੰ ਘੁੰਡ ਨਾਂ ਕੱਢ।

ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥
ਅਖੀਰ ਦੇ ਵੇਲੇ ਇਸ ਦਾ ਇੱਕ ਅੱਧੀ ਕੌਡੀ ਭੀ ਮੁੱਲ ਨਹੀਂ ਪੈਣਾ। ਠਹਿਰਾਉ।

ਘੂੰਘਟੁ ਕਾਢਿ ਗਈ ਤੇਰੀ ਆਗੈ ॥
ਤੇਰੇ ਤੋਂ ਮੂਹਰਲੀ ਘੁੰਡ ਕੱਢਿਆ ਕਰਦੀ ਸੀ।

ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥
ਤੂੰ ਉਸ ਦੀ ਰੀਸ ਨਾਂ ਕਰ।

ਘੂੰਘਟ ਕਾਢੇ ਕੀ ਇਹੈ ਬਡਾਈ ॥
ਘੁੰਡ ਕੱਢਣ ਦੀ ਕੇਵਲ ਏਹੀ ਵਿਸ਼ਾਲਤਾ ਹੈ,

ਦਿਨ ਦਸ ਪਾਂਚ ਬਹੂ ਭਲੇ ਆਈ ॥੨॥
ਕਿ ਪੰਜਾਂ ਜਾਂ ਦਸਾਂ ਦਿਹਾੜਿਆਂ ਲਈ ਲੋਕ ਆਖਦੇ ਹਨ, "ਚੰਗੀ ਵਹੁਟੀ ਆਈ ਹੈ"।

ਘੂੰਘਟੁ ਤੇਰੋ ਤਉ ਪਰਿ ਸਾਚੈ ॥
ਕੇਵਲ ਤਾਂ ਹੀ ਤੇਰਾ ਘੁੰਡ ਸੱਚਾ ਹੋਵੇਗਾ,

ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥
ਜੇਕਰ ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਟੱਪੇ ਤੇ ਨੱਚੇ।

ਕਹਤ ਕਬੀਰ ਬਹੂ ਤਬ ਜੀਤੈ ॥
ਕਬੀਰ ਜੀ ਆਖਦੇ ਹਨ, ਕੇਵਲ ਤਾਂ ਹੀ ਵਹੁਟੀ ਜਿੱਤ ਸਕਦੀ ਹੈ,

ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥
ਜੇਕਰ ਉਸ ਦਾ ਜੀਵਨ ਵਾਹਿਗੁਰੂ ਦਾ ਜੱਸ ਗਾਇਨ ਕਰਦਿਆਂ ਗੁਜ਼ਰੇ।

ਆਸਾ ॥
ਆਸਾ।

ਕਰਵਤੁ ਭਲਾ ਨ ਕਰਵਟ ਤੇਰੀ ॥
ਤੇਰੀ ਮੇਰੇ ਵਲ ਪਿੱਠ ਕਰਨ ਨਾਲੋ ਆਰੇ ਨਾਲ ਚੀਰ ਜਾਣਾ ਮੇਰੇ ਲਈ ਵਧੇਰੇ ਚੰਗਾ ਹੈ।

ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
ਮੈਨੂੰ ਆਪਣੀ ਛਾਤੀ ਨਾਲ ਲਾ ਅਤੇ ਮੇਰੀ ਪ੍ਰਾਰਥਨਾ ਸ੍ਰਵਣ ਕਰ।

ਹਉ ਵਾਰੀ ਮੁਖੁ ਫੇਰਿ ਪਿਆਰੇ ॥
ਮੈਂ ਤੇਰੇ ਉਤੋਂ ਘੋਲੀ ਵੰਞਦੀ ਹਾਂ। ਆਪਣਾ ਮੁੱਖੜਾ ਮੇਰੇ ਵਲ ਮੋੜ, ਹੇ ਮੈਡੇ ਪ੍ਰੀਤਮ!

ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥
ਤੂੰ ਆਪਣੀ ਕੰਡ ਮੇਰੇ ਵਲ ਕਰਕੇ, ਮੈਨੂੰ ਕਿਉਂ ਕੋਸਦੀ ਹੈਂ? ਠਹਿਰਾਉ।

ਜਉ ਤਨੁ ਚੀਰਹਿ ਅੰਗੁ ਨ ਮੋਰਉ ॥
ਜੇਕਰ ਤੂੰ ਮੇਰਾ ਸਰੀਰ ਵੀ ਚੀਰ ਸੁੱਟਨੇ ਤਾਂ ਭੀ ਮੈਂ ਆਪਣਾ ਅੰਗ ਤੇਰੇ ਵਲੋਂ ਨਹੀਂ ਮੋੜਾਂਗੀ।

ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥
ਭਾਵੇਂ ਮੇਰੀ ਦੇਹ ਢਹਿ ਪਵੇ, ਤਾਂ ਭੀ ਮੈਂ ਤੇਰੇ ਨਾਲੋਂ ਆਪਣਾ ਪਿਆਰਾ ਨਹੀਂ ਤੋੜਾਗੀ।

ਹਮ ਤੁਮ ਬੀਚੁ ਭਇਓ ਨਹੀ ਕੋਈ ॥
ਮੇਰੇ ਤੇ ਤੇਰੇ ਵਿਚਕਾਰ ਹੋਰ ਕੋਈ ਨਹੀਂ।

ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥
ਤੂੰ ਓਹੀ ਪਤੀ ਹੈ ਤੇ ਮੈਂ ਓਹੀ ਪਤਨੀ।

ਕਹਤੁ ਕਬੀਰੁ ਸੁਨਹੁ ਰੇ ਲੋਈ ॥
ਕਬੀਰ ਜੀ ਆਖਦੇ ਹਨ, ਹੇ ਲੋਈ! ਮੇਰੀ ਪਤਨੀਏ ਸੁਣ:

ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
ਹੁਣ ਤੇਰੇ ਉਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ।

ਆਸਾ ॥
ਆਸਾ।

ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥
ਕੋਈ ਭੀ ਜੁਲਾਹੇ ਵਾਹਿਗੁਰੂ ਦੇ ਭੇਤ ਨੂੰ ਨਹੀਂ ਜਾਣਦਾ।

ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥
ਉਸ ਨੇ ਸਮੂਹ ਜਹਾਨ ਦਾ ਤਾਣਾ ਤਣਿਆ ਹੋਇਆ ਹੈ। ਠਹਿਰਾਉ।

ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥
ਜਦ ਤੂੰ ਵੇਦਾਂ ਅਤੇ ਪੁਰਾਨਾ ਨੂੰ ਸੁਣੇਗੀ,

ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥
ਤਦ ਤੈਨੂੰ ਪਤਾ ਲੱਗੇਗਾ ਕਿ ਸਾਰੀ ਸ੍ਰਿਸ਼ਟੀ ਉਸ ਦਾ ਇੱਕ ਨਿੱਕਾ ਜੇਹਾ ਉਣਿਆ ਹੋਇਆ ਤਾਣਾ ਹੈ।

ਧਰਨਿ ਅਕਾਸ ਕੀ ਕਰਗਹ ਬਨਾਈ ॥
ਧਰਤੀ ਤੇ ਅਸਮਾਨ ਨੂੰ ਸੁਆਮੀ ਨੇ ਆਪਣੀ ਖੱਡੀ ਬਣਾਇਆ ਹੈ।

ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥
ਉਸ ਅੰਦਰ ਉਸ ਨੇ ਚੰਦਰਮਾ ਅਤੇ ਸੂਰਜ ਦੀਆਂ ਦੋ ਨਲੀਆਂ ਚਲਾਈਆਂ ਹਨ।

ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥
ਆਪਣੇ ਪੈਰ ਜੋੜ ਕੇ ਮੈਂ ਇਕ ਗੱਲ ਕੀਤੀ ਹੈ ਉਸ ਜੁਲਾਹੇ ਨਾਲ ਮੇਰਾ ਮਨੂਆ ਰੀਝ ਗਿਆ ਹੈ।

ਜੋਲਾਹੇ ਘਰੁ ਅਪਨਾ ਚੀਨ੍ਹ੍ਹਾਂ ਘਟ ਹੀ ਰਾਮੁ ਪਛਾਨਾਂ ॥੩॥
ਕਬੀਰ ਜੁਲਾਹੇ ਨੇ ਆਪਣੇ ਨਿੱਜ ਦੇ ਝੁੱਗੇ ਨੂੰ ਸਮਝ ਲਿਆ ਹੈ ਅਤੇ ਆਪਣੇ ਦਿਲ ਵਿੱਚ ਸੁਆਮੀ ਨੂੰ ਸਿੰਞਾਣ ਲਿਆ ਹੈ।

ਕਹਤੁ ਕਬੀਰੁ ਕਾਰਗਹ ਤੋਰੀ ॥
ਕਬੀਰ ਜੀ ਆਖਦੇ ਹਨ, ਜਦ ਦੇਹ ਦਾ ਕਾਰਖਾਨਾ ਟੁਟਦਾ ਹੈ,

ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥
ਤਾਂ ਸਾਹਿਬ ਜੁਲਾਹਾ ਮੇਰੇ ਧਾਗੇ ਨੂੰ ਆਪਣੇ ਨਿੱਜ ਦੇ ਧਾਗੇ ਨਾਲ ਮਿਲਾ ਲੈਦਾ ਹੈ।

ਆਸਾ ॥
ਆਸਾ।

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
ਅੰਦਰ ਮਲੀਣਤਾ ਹੁੰਦਿਆਂ ਜੇਕਰ ਬੰਦਾ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ ਤਦ ਉਹ ਸੁਰਗ ਨੂੰ ਨਹੀਂ ਜਾਂਦਾ।

ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁੱਛ ਨਹੀਂ ਬਣਦਾ, ਪ੍ਰਭੂ ਕੋਈ ਨਾਦਾਨ ਨਹੀਂ।

ਪੂਜਹੁ ਰਾਮੁ ਏਕੁ ਹੀ ਦੇਵਾ ॥
ਕੇਵਲ ਇਕ ਸੁਆਮੀ ਵਾਹਿਗੁਰੂ ਦੀ ਹੀ ਉਪਾਸ਼ਨਾ ਕਰ।

ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
ਸੱਚਾ ਇਸ਼ਨਾਨ ਗੁਰਾਂ ਦੀ ਟਹਿਲ ਸੇਵਾ ਹੀ ਹੈ। ਠਹਿਰਾਉ।

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੇਕਰ ਪਾਣੀ ਦੇ ਵਿੱਚ ਨ੍ਹਾਉਣ ਦੁਆਰਾ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਸਦਾ, ਸਦਾ ਹੀ ਪਾਣੀ ਵਿੱਚ ਨ੍ਹਾਉਂਦਾ ਹੈ।

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
ਜਿਸ ਤਰ੍ਹਾਂ ਦਾ ਡੱਡੂ ਹੈ, ਉਸੇ ਤਰ੍ਹਾਂ ਦਾ ਹੀ ਹੈ ਐਸਾ ਇਨਸਾਨ, ਉਹ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ।

ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
ਜੇਕਰ ਇਕ ਸਖਤ ਦਿਲ ਪਾਪੀ ਕਾਸ਼ੀ ਵਿੱਚ ਮਰ ਜਾਂਦਾ ਹੈ ਤਾਂ ਉਹ ਦੋਜਕ ਤੋਂ ਨਹੀਂ ਬਚ ਸਕਦਾ।

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
ਜੇਕਰ ਵਾਹਿਗੁਰੂ ਦਾ ਸਾਧੂ ਮਗਹਰ ਵਿੱਚ ਮਰਦਾ ਹੈ ਤਦ ਉਹ ਸਾਰੇ ਸਨਬੰਧੀਆਂ ਨੂੰ ਭੀ ਤਾਰ ਲੈਦਾ ਹੈ।

ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥
ਜਿਥੇ ਦਿਹੁੰ ਜਾ ਰਾਤ੍ਰੀ ਨਹੀਂ ਨਾਂ ਹੀ ਵੇਦ ਦਾ ਸ਼ਾਸਤਰ ਹਨ, ਉੱਥੇ ਸਰੂਪ-ਰਹਿਤ ਸੁਆਮੀ ਵਸਦਾ ਹੈ।

ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥
ਕਬੀਰ ਜੀ ਆਖਦੇ ਹਨ, ਉਸ ਦਾ ਸਿਮਰਨ ਕਰੋ, ਹੇ ਤੁਸੀਂ ਜਗਤ ਦਿਓ ਪਗਲਿਓ ਪੁਰਸ਼ੋ!

copyright GurbaniShare.com all right reserved. Email