Page 483
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥
ਸੰਗੀਤਕ ਯੰਤ੍ਰ ਦੀਆਂ ਤੰਦੀਆਂ ਤੇ ਤਾਰਾ ਸਮੂਹ ਹਾਰ ਹੁੱਟ ਗਈਆਂ ਹਨ ਅਤੇ ਹੁਣ ਮੈਂ ਪ੍ਰਭੂ ਦੇ ਨਾਮ ਦੇ ਅਖਤਿਆਰ ਵਿੱਚ ਹਾਂ।

ਅਬ ਮੋਹਿ ਨਾਚਨੋ ਨ ਆਵੈ ॥
ਹੁਣ ਮੈਨੂੰ (ਮਾਇਆ ਅਧੀਨ) ਨਿਰਤਕਾਰੀ ਕਰਨੀ ਨਹੀਂ ਆਉਂਦੀ।

ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥
ਮੈਡਾਂ ਮਨੂਆ ਹੁਣ, ਢੋਲ ਨਹੀਂ ਵਜਾਉਂਦਾ। ਠਹਿਰਾਉ।

ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
ਮਿਥਨ ਹੁਲਾਸ, ਗੁੱਸੇ ਅਤੇ ਸ਼ਕਤੀ ਨੂੰ ਮੈਂ ਲੈ ਕੇ ਸਾੜ ਸੁੱਟਿਆ ਹੈ ਅਤੇ ਮੇਰੀ ਖਾਹਿਸ਼ ਦਾ ਘੜਾ ਟੁੱਟ ਗਿਆ ਹੈ।

ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥
ਵਿਸ਼ੇ ਭੋਗਾ ਦਾ ਚੌਗਾ ਛਿੱਜ ਗਿਆ ਹੈ ਅਤੇ ਮੇਰੇ ਸਾਰੇ ਸੰਦੇਹ ਨਵਿਰਤ ਹੋ ਗਏ ਹਨ।

ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥
ਸਾਰਿਆਂ ਜੀਵਾਂ ਨੂੰ ਮੈਂ ਇਕ ਸਮਾਨ ਜਾਣਦਾ ਹਾਂ ਅਤੇ ਮੇਰੇ ਬਖੇੜੇ ਤੇ ਝਗੜੇ ਮੁੱਕ ਗਏ ਹਨ।

ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥
ਕਬੀਰ ਜੀ ਫੁਰਮਾਉਂਦੇ ਹਨ ਜਦ ਸੁਆਮੀ ਮਿਹਰਬਾਨ ਥੀ ਗਿਆ, ਮੈਂ ਉਸ ਮੁਕੰਮਲ ਮਾਲਕ ਨੂੰ ਪ੍ਰਾਪਤ ਕਰ ਲਿਆ।

ਆਸਾ ॥
ਆਸਾ।

ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
ਤੂੰ ਵਾਹਿਗੁਰੂ ਨੂੰ ਪ੍ਰਸੰਨ ਕਰਨ ਲਈ ਵਰਤ ਰਖਦਾ ਹੈ ਅਤੇ ਆਪਣੇ ਸੁਆਦ ਦੀ ਖਾਤਰ ਜੀਵਾ ਨੂੰ ਮਾਰਦਾ ਹੈਂ।

ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥
ਤੂੰ ਆਪਣੇ ਨਿੱਜ ਦੇ ਲਾਭ ਨੂੰ ਵੇਖਦਾ ਹੈ, ਹੋਰਨਾ ਦੇ ਲਾਭ ਨੂੰ ਨਹੀਂ ਵੇਖਦਾ। ਤੂੰ ਕਾਹਦੇ ਲਈ ਬਕੜਬਾਦ ਕਰਦਾ ਹੈਂ?

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥
ਹੇ ਕਾਜ਼ੀ! ਤੈਡਾ ਅਦੁੱਤੀ ਸੁਆਮੀ ਤੇਰੇ ਅੰਦਰ ਹੀ ਹੈ। ਤੂੰ ਖਿਆਲ ਅਤੇ ਧਿਆਨ ਦੁਆਰਾ ਉਸ ਨੂੰ ਤੱਕਦਾ ਨਹੀਂ।

ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
ਹੇ ਮਜ਼ਹਬ ਦੇ ਸੁਦਾਈ ਤੂੰ ਉਸ ਦਾ ਪਤਾ ਨਹੀਂ ਕਰਦਾ, ਇਸ ਲਈ ਤੇਰਾ ਜੀਵਨ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਠਹਿਰਾਉ।

ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
ਤੇਰੀ ਪੁਸਤਕ (ਕੁਰਾਨ) ਤੈਨੂੰ ਦੱਸਦੀ ਹੈ ਕਿ ਵਾਹਿਗੁਰੂ ਸੱਚਾ ਹੈ, ਅਤੇ ਨਾਂ ਉਹ ਮਰਦ ਹੈ ਤੇ ਨਾਂ ਹੀ ਜ਼ਨਾਨੀ।

ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥
ਜੇਕਰ ਤੇਰੇ ਮਨ ਵਿੱਚ ਸਮਝ ਨਹੀਂ ਉਪਜੀ ਤਾਂ ਹੇ ਝੱਲੇ ਬੰਦੇ! ਤੈਨੂੰ ਪੜ੍ਹਨ ਵੀਚਾਰਨ ਦਾ ਕੋਈ ਲਾਭ ਨਹੀਂ।

ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ। ਆਪਣੇ ਰਿਦੇ ਅੰਦਰ ਇਸ ਉੱਤੇ ਵੀਚਾਰ ਕਰ।

ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥
ਉਹੀ ਸੁਆਮੀ ਦੋਨਾ-ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਹੈ। ਅਤੇ ਇਹ ਹਕੀਕਤ ਕਬੀਰ ਕੂਕ ਕੇ ਆਖਦਾ ਹੈ।

ਆਸਾ ॥ ਤਿਪਦਾ ॥ ਇਕਤੁਕਾ ॥
ਤਿਪਦਾ। ਇਕ ਤੁਕਾ।

ਕੀਓ ਸਿੰਗਾਰੁ ਮਿਲਨ ਕੇ ਤਾਈ ॥
ਮੈਂ ਆਪਣੇ ਕੰਤ ਨੂੰ ਮਿਲਣ ਲਈ ਹਾਰਸ਼ਿੰਗਾਰ ਲਾਇਆ ਹੈ।

ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥
ਪ੍ਰੰਤੂ ਜਗਤ ਦੀ ਜਿੰਦ-ਜਾਨ ਅਤੇ ਕੁਲ ਆਲਮ ਦਾ ਮਾਲਕ ਮੈਨੂੰ ਨਹੀਂ ਮਿਲਿਆ।

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥
ਵਾਹਿਗੁਰੂ ਮੇਰਾ ਖਸਮ ਹੈ ਅਤੇ ਮੈਂ ਵਾਹਿਗੁਰੂ ਦੀ ਵਹੁਟੀ ਹਾਂ।

ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥
ਸੁਆਮੀ ਵੱਡਾ ਹੈ, ਮੈਂ ਭੋਰਾਭਰ ਨਿਕੜੀ ਜੇਹੀ ਹਾਂ। ਠਹਿਰਾਉ।

ਧਨ ਪਿਰ ਏਕੈ ਸੰਗਿ ਬਸੇਰਾ ॥
ਲਾੜੀ ਅਤੇ ਲਾੜਾ ਇੱਕੋ ਥਾਂ ਉਤੇ ਰਹਿੰਦੇ ਹਨ।

ਸੇਜ ਏਕ ਪੈ ਮਿਲਨੁ ਦੁਹੇਰਾ ॥੨॥
ਉਹ ਇੱਕੋ ਹੀ ਪਲੰਘ ਉਤੇ ਹਨ, ਪ੍ਰੰਤੂ ਉਨ੍ਹਾਂ ਦਾ ਮਿਲਾਪ ਮੁਸ਼ਕਲ ਹੈ।

ਧੰਨਿ ਸੁਹਾਗਨਿ ਜੋ ਪੀਅ ਭਾਵੈ ॥
ਮੁਬਾਰਕ ਹੈ ਉਹ ਦੁਲਹਨ ਜੋ ਆਪਣੇ ਮਾਲਕ ਨੂੰ ਚੰਗੀ ਲਗਦੀ ਹੈ।

ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥
ਕਬੀਰ ਜੀ ਆਖਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੀ।

ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ਆਸਾ ਪੂਜਯ ਕਬੀਰ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
ਜਦ ਪ੍ਰਭੂ ਰਤਨ, ਆਤਮਾ ਰਤਨ ਨੂੰ ਵਿੰਨ੍ਹ ਦਿੰਦਾ ਹੈ ਤਦ ਹਵਾ-ਵਰਗਾ ਚੰਚਲ ਮਨੂਆ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।

ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
ਇਹ ਵਾਹਿਗੁਰੂ ਰਤਨ ਸਾਰਿਆਂ ਨੂੰ ਆਪਣੇ ਨੂਰ ਨਾਲ ਭਰਪੂਰ ਕਰਦਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਤੋਂ ਮੈਂ ਇਹ ਸਮਝ ਪ੍ਰਾਪਤ ਕੀਤੀ ਹੈ।

ਹਰਿ ਕੀ ਕਥਾ ਅਨਾਹਦ ਬਾਨੀ ॥
ਵਾਹਿਗੁਰੂ ਦੀ ਕਥਾ-ਵਾਰਤਾ ਇਕ ਅੰਤ-ਰਹਿਤ ਵਰਣਨ ਹੈ।

ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
ਰਾਜਹੰਸ ਬਣ ਕੇ, ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਸਿੰਆਣ ਲੈਦਾ ਹੈ। ਠਹਿਰਾਉ।

ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
ਕਬੀਰ ਜੀ ਆਖਦੇ ਹਨ, ਮੈਂ ਇਕ ਅਜੇਹਾ ਰਤਨ ਵੇਖਿਆ ਹੈ ਜੋ ਜਗਤ ਅੰਦਰ ਰਮ (ਵੱਸ) ਰਿਹਾ ਹੈ।

ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
ਛੁਪਿਆ ਹੋਇਆ ਜਵੇਹਰ ਪ੍ਰਤੱਖ ਹੋ ਗਿਆ, ਜਦ ਪਹੁੰਚੇ ਹੋਏ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ।

ਆਸਾ ॥
ਆਸਾ।

ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥
ਮੇਰੀ ਪਹਿਲੀ ਵਹੁਟੀ (ਅਗਿਆਨਤਾ, ਅਵਿੱਦਿਆ) ਕੋਝੀ, ਨੀਚ ਜਾਤ ਦੀ ਅਤੇ ਬਦਚਲਣ ਸੀ। ਉਹ ਮੇਰੇ ਘਰ ਅਤੇ ਆਪਣੇ ਮਾਪਿਆ ਦੇ ਘਰ ਮੰਦੀ ਸੀ।

ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥
ਮੇਰੀ ਹੁਣ ਵਾਲੀ ਪਤਨੀ ਸੁੰਦਰ, ਸਿਆਣੀ ਅਤੇ ਸ੍ਰੇਸ਼ਟ ਲੱਛਣਾ ਵਾਲੀ ਹੈ। ਕੁਦਰਤੀ ਤੌਰ ਤੇ ਉਹ ਮੇਰੇ ਦਿਲ ਨੂੰ ਪੜ ਗਈ ਗਈ ਹੈ।

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥
ਚੰਗਾ ਹੋਇਆ ਕਿ ਮੇਰੀ ਪਹਿਲੀ ਵਿਆਹੀ ਹੋਈ ਵਹੁਟੀ ਮਰ ਗਈ ਹੈ। ਠਹਿਰਾਉ।

ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥
ਰੱਬ ਕਰੇ, ਜਿਸ ਨੂੰ ਮੈਂ ਹੁਣ, ਸਵੀਕਾਰ ਕੀਤਾ ਹੈ ਜੁੱਗਾਂ ਜੁਗੰਤਰਾ ਤੋੜੀ ਜੀਉਂਦੀ ਰਹੇ। ਠਹਿਰਾਉ।

ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥
ਕਬੀਰ ਜੀ ਆਖਦੇ ਹਨ, ਜਦ ਛੋਟੀ ਦੁਲਹਨ ਆ ਗਈ, ਤਾਂ ਵੱਡੀ ਦਾ ਕੰਤ ਉਸ ਪਾਸੋਂ ਜਾਂਦਾ ਰਿਹਾ।

ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥
ਛੋਟੀ ਦੁਲਹਨ, ਹੁਣ ਮੇਰੇ ਨਾਲ ਹੈ, ਵੱਡੀ ਨੇ ਹੋਰ ਖਸਮ ਧਾਰਨ ਕਰ ਲਿਆ ਹੈ।

ਆਸਾ ॥
ਆਸਾ।

copyright GurbaniShare.com all right reserved. Email