ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥
ਸ਼ਾਬਾਸ਼! ਸ਼ਾਬਾਸ਼ ਹੈ ਗੁਰਾਂ, ਵੱਡੇ ਪੁਰਨ ਸਤਿਗੁਰਾਂ ਨੂੰ ਜੋ ਨਾਨਕ ਦੇ ਦਿਲ ਦੀ ਚਾਹਨਾ ਨੂੰ ਪੂਰੀ ਕਰਦੇ ਹਨ। ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥ ਹੇ ਵਾਹਿਗੁਰੂ! ਮੈਨੂੰ ਮੇਰੇ ਮਿੱਤ੍ਰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥ ਵੱਡੇ ਗੁਰਾਂ ਕੋਲੋ ਮੈਂ ਪ੍ਰਭੂ ਦੀ ਕਥਾ-ਵਾਰਤਾ ਪੁਛਦਾ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ। ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥ ਹਰ ਰੋਜ ਨਿਤਾਪ੍ਰਤੀ ਤੇ ਹਮੇਸ਼ਾਂ ਮੈਂ ਤੇਰਾ ਜੱਸ ਗਾਉਂਦਾ ਹਾਂ, ਹੇ ਸੁਆਮੀ! ਮੇਰੀ ਜਿੰਦੜੀ ਤੈਡਾ ਨਾਮ ਸੁਣ ਕੇ ਜੀਉਂਦੀ ਹੈ। ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥ ਹੇ ਨਾਨਕ! ਜਿਸ ਸਮੇਂ ਮੈਨੂੰ ਮੇਰਾ ਸਾਹਿਬ ਭੁਲ ਜਾਂਦਾ ਹੈ ਉਸ ਸਮੇਂ ਮੇਰੀ ਆਤਮਾ ਮਰ ਮੁੱਕ ਜਾਂਦੀ ਹੈ। ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥ ਹਰ ਕੋਈ ਵਾਹਿਗੁਰੂ ਨੂੰ ਦੇਖਣ ਦੀ ਤਾਘ ਰਖਦਾ ਹੈ, ਪਰੰਤੂ ਕੇਵਲ ਉਹੀ ਉਸਨੂੰ ਦੇਖਦਾ ਹੈ, ਜਿਸ ਨੂੰ ਉਹ ਆਪਣੇ ਦਰਸ਼ਨਾ ਦੀ ਬਖਸ਼ਸ਼ ਕਰਦਾ ਹੈ। ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥ ਜਿਸ ਉਤੇ ਮੇਰਾ ਪ੍ਰੀਤਮ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ। ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥ ਜਿਸ ਨੂੰ ਮੇਰਾ ਪੂਰਨ ਸੱਚਾ ਗੁਰੂ ਮਿਲ ਪੈਦਾ ਹੈ, ਉਹ ਸਦੀਵ ਤੇ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥ ਨਾਨਕ, ਰੱਬ ਦਾ ਗੋਲਾ ਅਤੇ ਰੱਬ ਇਕ ਮਿੱਕ ਹੋ ਜਾਂਦੇ ਹਨ। ਪ੍ਰਭੂ ਦਾ ਭਜਨ ਕਰਨ ਦੁਆਰਾ ਇਨਸਾਨ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਵਡਹੰਸੁ ਮਹਲਾ ੫ ਘਰੁ ੧ ਵਡਹੰਸ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਅਤਿ ਊਚਾ ਤਾ ਕਾ ਦਰਬਾਰਾ ॥ ਅਤਿਅੰਤ ਉੱਚੀ ਹੈ ਉਸ ਦੀ ਦਰਗਾਹ। ਅੰਤੁ ਨਾਹੀ ਕਿਛੁ ਪਾਰਾਵਾਰਾ ॥ ਉਸ ਦਾ ਅਖੀਰ ਜਾ ਕੋਈ ਹੱਦ-ਬਨਾ ਨਹੀਂ। ਕੋਟਿ ਕੋਟਿ ਕੋਟਿ ਲਖ ਧਾਵੈ ॥ ਕ੍ਰੋੜਾ, ਕ੍ਰੋੜਾ, ਕ੍ਰੋੜਾਂ ਅਤੇ ਲੱਖਾ ਹੀ ਦੌੜ-ਭੱਜ (ਜਤਨ) ਕਰਦੇ ਹਨ, ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥ ਪਰ ਕੋਈ ਉਸ ਦੇ ਮੰਦਰ (ਟਿਕਾਣੇ) ਨੂੰ ਭੋਰਾ ਭਰ ਭੀ ਨਹੀਂ ਪਾ ਸਕਦਾ। ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥ ਉਹ ਕਿਹੜਾ ਮੁਬਾਰਕ ਸਮਾਂ ਹੈ, ਜਦ ਸੁਆਮੀ ਦਾ ਮਿਲਾਪ ਹੁੰਦਾ ਹੈ? ਠਹਿਰਾਉ। ਲਾਖ ਭਗਤ ਜਾ ਕਉ ਆਰਾਧਹਿ ॥ ਜਿਸ ਦਾ ਲੱਖਾਂ ਹੀ ਸੰਤ, ਭਜਨ ਕਰਦੇ ਹਨ। ਲਾਖ ਤਪੀਸਰ ਤਪੁ ਹੀ ਸਾਧਹਿ ॥ ਲੱਖਾਂ ਹੀ ਤੱਪੀ ਉਸ ਦੀ ਤਪੱਸਿਆ ਕਰਦੇ ਹਨ। ਲਾਖ ਜੋਗੀਸਰ ਕਰਤੇ ਜੋਗਾ ॥ ਲੱਖਾਂ ਹੀ ਯੋਗੀ ਯੋਗ ਕਮਾਉਂਦੇ ਹਨ। ਲਾਖ ਭੋਗੀਸਰ ਭੋਗਹਿ ਭੋਗਾ ॥੨॥ ਲੱਖਾਂ ਰੱਸੀਏ ਉਸ ਦੀਆਂ ਨਿਆਮਤਾ ਨੂੰ ਮਾਣਦੇ ਹਨ। ਘਟਿ ਘਟਿ ਵਸਹਿ ਜਾਣਹਿ ਥੋਰਾ ॥ ਉਹ ਹਰ ਦਿਲ ਅੰਦਰ ਵਸਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਜਾਣਦੇ ਹਨ। ਹੈ ਕੋਈ ਸਾਜਣੁ ਪਰਦਾ ਤੋਰਾ ॥ ਕੀ ਕੋਈ ਐਸਾ ਮਿਤ੍ਰ ਹੈ, ਜਿਹੜਾ ਜੁਦਾਈ ਦੇ ਪੜਦੇ ਨੂੰ ਪਾੜ ਦੇਵੇ? ਕਰਉ ਜਤਨ ਜੇ ਹੋਇ ਮਿਹਰਵਾਨਾ ॥ ਜੇਕਰ ਸਾਹਿਬ ਮੇਰੇ ਤੇ ਦਇਆਵਾਨ ਹੋ ਜਾਵੇ, ਕੇਵਲ ਤਾਂ ਹੀ ਮੈਂ ਉਸ ਨੂੰ ਮਿਲਣ ਦਾ ਉਪਰਾਲਾ ਕਰ ਸਕਦਾ ਹਾਂ। ਤਾ ਕਉ ਦੇਈ ਜੀਉ ਕੁਰਬਾਨਾ ॥੩॥ ਉਸ ਉਤੋਂ ਮੈਂ ਆਪਣੀ ਜਿੰਦੜੀ ਘੋਲ ਘੁਮਾਉਂਦਾ ਹਾਂ। ਫਿਰਤ ਫਿਰਤ ਸੰਤਨ ਪਹਿ ਆਇਆ ॥ ਬਹੁਤੀਆਂ ਟੱਕਰਾਂ ਮਾਰ ਕੇ, ਮੈਂ ਸਾਧੂਆਂ ਕੋਲ ਆਇਆ ਹਾਂ, ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥ ਅਤੇ ਮੇਰੇ ਸਾਰੇ ਦੁੱਖੜੇ ਤੇ ਸੰਦੇਹ ਦੂਰ ਹੋ ਗਏ ਹਨ। ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥ ਸੁਧਾਰਸ ਪਾਨ ਕਰਨ ਲਈ ਸੁਆਮੀ ਨੇ ਮੈਨੂੰ ਆਪਣੀ ਹਜੂਰੀ ਵਿੱਚ ਸੱਦ ਘੱਲਿਆ ਹੈ। ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥ ਗੁਰੂ ਜੀ ਆਖਦੇ ਹਨ ਮੇਰਾ ਮਾਲਕ ਪਰਮ ਬੁਲੰਦ ਹੈ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਿਸ਼ਾਹੀ। ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥ ਮੁਬਾਰਕ ਹੈ ਉਹ ਸਮਾਂ ਜਦ ਮੈਂ ਆਪਣੇ ਸਤਿਗੁਰਾਂ ਨੂੰ ਦੇਖਦਾ ਹਾਂ। ਹਉ ਬਲਿਹਾਰੀ ਸਤਿਗੁਰ ਚਰਣਾ ॥੧॥ ਮੈਂ ਸੱਚੇ ਗੁਰਾਂ ਦੇ ਚਰਣਾ ਤੋਂ ਕੁਰਬਾਨ ਜਾਂਦਾ ਹਾਂ। ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥ ਹੇ ਮੈਡੇ ਪਿਆਰੇ ਸਾਹਿਬ! ਤੂੰ ਮੈਨੂੰ ਜਿੰਦ-ਜਾਨ ਦੇਣ ਵਾਲਾ ਹੈ। ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥ ਮੇਰੀ ਜਿੰਦੜੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦੀ ਹੈ। ਠਹਿਰਾਉ। ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥ ਸੱਚੀ ਹੈ ਤੇਰੀ ਸਿੱਖਿਆ ਅਤੇ ਸੁਧਾ-ਸਰੂਪ ਹੈ ਤੇਰੀ ਗੁਰਬਾਣੀ। ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥ ਠੰਡ ਪਾਉਣ ਵਾਲਾ ਹੈ ਤੇਰਾ ਦੀਦਾਰ ਅਤੇ ਸਰਵੱਗ ਤੇਰੀ ਨਜ਼ਰ। ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥ ਸੱਚਾ ਹੈ ਤੇਰਾ ਫੁਰਮਾਨ ਅਤੇ ਤੂੰ ਸਾਹਿਬ ਦੇ ਸਦੀਵ ਰਾਜ-ਸਿੰਘਾਸਣ ਤੇ ਬੈਠਦਾ ਹੈਂ। ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥ ਮੈਡਾ ਅਮਰ ਸੁਆਮੀ ਆਉਂਦਾ ਤੇ ਜਾਂਦਾ ਨਹੀਂ। ਤੁਮ ਮਿਹਰਵਾਨ ਦਾਸ ਹਮ ਦੀਨਾ ॥ ਤੂੰ ਦਇਆਵਾਨ ਮਾਲਕ ਹੈਂ ਅਤੇ ਮੈਂ ਤੇਰਾ ਮਸਕੀਨ ਸੇਵਕ ਹਾਂ। ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥ ਨਾਨਕ, ਪ੍ਰਭੂ ਹਰ ਥਾਂ ਪਰੀਪੂਰਨ ਹੋ ਰਮ ਰਿਹਾ ਹੈ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਿਸ਼ਾਹੀ। ਤੂ ਬੇਅੰਤੁ ਕੋ ਵਿਰਲਾ ਜਾਣੈ ॥ ਤੂੰ ਅਨੰਤ ਹੈ, ਬਹੁਤ ਹੀ ਥੋਡੇ ਤੈਨੂੰ ਜਾਣਦੇ ਹਨ। ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥ ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਸਿੰਞਾਣਦਾ ਹੈ। ਸੇਵਕ ਕੀ ਅਰਦਾਸਿ ਪਿਆਰੇ ॥ ਮੇਰੇ ਪ੍ਰੀਤਮ! ਤੇਰਾ ਨਫਰ ਇਕ ਬੇਨਤੀ ਕਰਦਾ ਹੈ। copyright GurbaniShare.com all right reserved. Email |