Page 575
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥
ਰਹਿਮਤ ਧਾਰ, ਹੇ ਵਾਹਿਗੁਰੂ! ਰਹਿਮਤ ਧਾਰ ਹੇ ਵਾਹਿਗੁਰੂ! ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।

ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥
ਮੈਂ ਗੁਣਹਿਗਾਰ, ਮੈਂ ਗੁਣ ਵਿਹੂਣ ਗੁਣਹਿਗਾਰ ਹਾਂ, ਪ੍ਰੰਤੂ ਫਿਰ ਭੀ ਤੇਰਾ ਨਿਮਾਣਾ ਸੇਵਕ ਹਾਂ।

ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥
ਭਾਵੇਂ ਮੈਂ ਗੁਣ-ਵਿਹੂਣ ਗੁਨਹਿਗਾਰ ਹਾਂ, ਮੈਂ ਤੇਰਾ ਮਸਕੀਨ ਗੋਲਾ ਤੇਰੀ ਪਨਾਹ ਲੋੜਦਾ ਹਾਂ, ਹੇ ਮਿਹਰਬਾਨ ਵਾਹਿਗੁਰੂ!

ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥
ਤੂੰ ਪੀੜ ਨਾਸ-ਕਰਨਹਾਰ ਅਤੇ ਸਮੂਹ ਆਰਾਮ ਦੇਣ ਵਾਲਾ ਹੈਂ। ਮੈਂ ਪੱਥਰ ਕੇਵਲ ਤੇਰੇ ਬਚਾਇਆਂ ਹੀ ਬਚ ਸਕਦਾ ਹਾਂ।

ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥
ਸੱਚੇ ਗੁਰਾਂ ਨੂੰ ਮਿਲ ਕੇ ਗੋਲੇ ਨਾਨਕ ਨੂੰ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਹੋਇਆ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਤਰ ਗਿਆ ਹੈ।

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥
ਰਹਿਮਤ ਧਾਰ, ਹੇ ਵਾਹਿਗੁਰੂ, ਰਹਿਮਤ ਧਾਰ, ਹੇ ਵਾਹਿਗੁਰੂ ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।

ਵਡਹੰਸੁ ਮਹਲਾ ੪ ਘੋੜੀਆ
ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
ਸਰੀਰ ਦੀ ਘੋੜੀ ਸੁਆਮੀ ਮਾਲਕ ਨੇ ਰਚੀ ਹੈ।

ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
ਮੁਬਾਰਕ ਹੈ ਮਨੁੱਖੀ ਜੀਵਨ ਜੋ ਨੇਕੀ ਦੇ ਰਾਹੀਂ ਪ੍ਰਾਪਤ ਹੁੰਦਾ ਹੈ।

ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
ਮਨੁੱਖੀ ਜੀਵਨ ਵਿਸ਼ਾਲ ਨੇਕੀ ਦੁਆਰਾ ਪਾਇਆ ਜਾਂਦਾ ਹੈ। ਉਪਰੋਕਤ ਸਰੀਰ ਵਧੀਆ ਸੋਨੇ ਦੀ ਮਾਨੰਦ ਹੈ।

ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ਗੁਰਾਂ ਦੀ ਦਇਆ ਦੁਆਰਾ ਦੇਹ ਪੋਸਤ ਦੇ ਫੁੱਲ ਵਰਗਾ ਰੰਗ ਪ੍ਰਾਪਤ ਕਰ ਲੈਂਦੀ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।

ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
ਬਹੁਤ ਸੁੰਦਰ ਹੈ ਇਹ ਸਰੀਰ ਜੋ ਹਰੀ ਨੂੰ ਸਿਮਰਦਾ ਹੈ। ਸੁਆਮੀ ਵਾਹਿਗੁਰੂ ਦੇ ਨਾਮ ਨਾਲ ਇਹ ਸਸ਼ੋਭਤ ਹੋ ਜਾਂਦਾ ਹੈ।

ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
ਪਰਮ ਚੰਗੇ ਨਸੀਬਾਂ ਰਾਹੀਂ ਇਹ ਦੇਹ ਦੀ ਘੋੜੀ ਪਰਾਪਤ ਹੁੰਦੀ ਹੈ। ਸੁਆਮੀ ਦਾ ਨਾਮ ਇਸ ਦਾ ਸਹਾਇਕ ਹੈ। ਸੁਆਮੀ ਨੇ ਇਸ ਨੂੰ ਰਚਿਆ ਹੈ, ਹੇ ਗੋਲੇ ਨਾਨਕ!

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥
ਸ੍ਰੇਸ਼ਟ ਸਾਹਿਬ ਦੇ ਸਿਮਰਨ ਦੀ ਕਾਠੀ ਮੈਂ ਸਰੀਰ ਦੀ ਘੋੜੀ ਉਤੇ ਪਾਉਂਦਾ ਹਾਂ।

ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥
ਇਸ ਦੇਹ ਦੀ ਘੋੜੀ ਤੇ ਚੜ੍ਹ ਕੇ ਮੈਂ ਔਖੇ ਸੰਸਾਰ-ਸਮੁੰਦਰ ਤੋਂ ਪਾਰ ਹੁੰਦਾ ਹਾਂ।

ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥
ਕਠਨ ਸਮੁੰਦਰ ਵਿੱਚ ਅਣਗਿਣਤ ਹੀ ਲਹਿਰਾਂ ਹਨ। ਮੁੱਖੀ ਗੁਰਦੇਵ ਜੀ ਬੰਦੇ ਨੂੰ ਪਰਲੇ ਕੰਢੇ ਲਾਉਂਦੇ ਹਨ।

ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥
ਸੁਆਮੀ ਦੇ ਜਹਾਜ਼ ਤੇ ਚੜ੍ਹ ਕੇ ਚੰਗੇ ਕਰਮਾਂ ਵਾਲੇ ਪਾਰ ਹੋ ਜਾਂਦੇ ਹਨ। ਗੁਰੂ, ਮਲਾਹ ਆਪਣੀ ਬਾਣੀ ਨਾਲ ਪ੍ਰਾਣੀਆਂ ਨੂੰ ਪਾਰ ਕਰ ਦਿੰਦਾ ਹੈ।

ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਵਾਹਿਗੁਰੂ ਦੇ ਪ੍ਰੇਮੀ, ਰਾਤ ਦਿਨ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਤੇ ਵਾਹਿਗੁਰੂ ਵਰਗਾ ਹੋ ਜਾਂਦਾ ਹੈ।

ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥
ਦਾਸ ਨੇ, ਨਾਨਕ ਦੀ ਮੋਖਸ਼ ਦੀ ਪਦਵੀ ਪ੍ਰਾਪਤ ਕਰ ਲਈ ਹੈ, ਜੋ ਪ੍ਰਭੂ ਦੀ ਸ਼ਲਾਘਾ-ਯੋਗ ਤੇ ਸ੍ਰੇਸ਼ਟ ਰੂਹਾਨੀ ਪਦਵੀ ਹੈ।

ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥
ਮੂੰਹ ਵਿੱਚ ਲਗਾਮ ਦੀ ਥਾਂ ਗੁਰਾਂ ਨੇ ਬ੍ਰਹਿਮ-ਵੀਚਾਰ ਮੇਰੇ ਅੰਦਰ ਪੱਕਾ ਕੀਤਾ ਹੈ।

ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥
ਉਨ੍ਹਾਂ ਨੇ ਵਾਹਿਗੁਰੂ ਦੀ ਪ੍ਰੀਤ ਦਾ ਕੋਰੜਾ ਮੇਰੀ ਦੇਹ ਨੂੰ ਮਾਰਿਆ ਹੈ।

ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥
ਵਾਹਿਗੁਰੂ ਸੁਆਮੀ ਦੀ ਪ੍ਰੀਤ ਦਾ ਕੋਰੜਾ ਆਪਣੀ ਦੇਹ ਨੂੰ ਮਾਰ ਕੇ ਜਗਿਆਸੂ ਆਪਣੇ ਮਨੂਏ ਨੂੰ ਜਿੱਤ ਜੀਵਨ-ਸੰਗ੍ਰਾਮ ਵਿੱਚ ਫਤਿਹ ਪਾ ਲੈਂਦਾ ਹੈ।

ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥
ਆਪਣੇ ਅਣਘੜਤ ਮਨ ਨੂੰ ਉਹ ਘੜਦਾ ਹੈ, ਰੱਬੀ ਕਲਾਮ ਨੂੰ ਪ੍ਰਾਪਤ ਹੁੰਦਾ ਹੈ ਅਤੇ ਸੁਰਜੀਤ ਕਰਨਹਾਰ ਰੱਬੀ ਅੰਮ੍ਰਿਤ ਨੂੰ ਪਾਨ ਕਰਦਾ ਹੈ।

ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥
ਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਸਰੀਰ ਦੇ ਤਾਜੀ ਨੂੰ ਰੱਬ ਦੇ ਪਿਆਰ ਦਾ ਰੰਗ ਚੜ੍ਹਾ।

ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥
ਦਾਸ ਨਾਨਕ ਨੇ ਰਸਤਾ, ਮੌਤ ਦਾ ਪਰਮ ਕਠਨ ਰਸਤਾ, ਪਾਰ ਕਰ ਲਿਆ ਹੈ।

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥
ਸਰੀਰ ਦੀ ਫੁਰਤੀਲੀ ਘੋੜੀ ਮੇਰੇ ਪ੍ਰਭੂ ਪ੍ਰਮੇਸ਼ਰ ਨੇ ਰਚੀ ਹੈ।

ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥
ਮੁਬਾਰਕ! ਮੁਬਾਰਕ ਹੈ ਉਹ ਦੇਹ ਦੀ ਘੋੜੀ ਜਿਸ ਦੁਆਰਾ ਸੁਆਮੀ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।

ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥
ਜਿਸ ਦੁਆਰਾ ਸੁਆਮੀ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ, ਸੁਲੱਖਣੀ ਤੇ ਸ਼ਲਾਘਾ-ਯੋਗ ਹੈ ਉਹ ਦੇਹ ਘੋੜੀ। ਇਹ ਪੂਰਬਲੇ ਕਰਮਾਂ ਦੇ ਸਮੂਦਾਇ ਰਾਹੀਂ ਪ੍ਰਾਪਤ ਹੁੰਦੀ ਹੈ।

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ਦੇਹ ਦੀ ਘੋੜੀ ਤੇ ਸਵਾਰ ਹੋ ਪ੍ਰਾਣੀ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਮਿਲ ਪੈਂਦਾ ਹੈ।

ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥
ਪੂਰਨ ਸੁਆਮੀ ਮਾਲਕ ਨੇ ਵਿਵਾਹ ਰਚਿਆ ਹੈ। ਇਕੱਠੇ ਹੋ ਪਵਿੱਤ੍ਰ ਪੁਰਸ਼ ਜੰਜ ਵਜੋਂ ਆਏ ਹਨ।

ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥
ਨਫਰ ਨਾਨਕ ਨੂੰ ਵਾਹਿਗੁਰੂ ਆਪਣੇ ਕੰਤ ਵਜੋਂ ਪ੍ਰਾਪਤ ਹੋਇਆ ਹੈ। ਇਕੱਠੇ ਹੋ ਸਾਧੂ ਖੁਸ਼ੀ ਦੇ ਗੀਤ ਗਾਉਂਦੇ ਤੇ ਉਸ ਨੂੰ ਮੁਬਾਰਕਬਾਦ ਦਿੰਦੇ ਹਨ।

ਵਡਹੰਸੁ ਮਹਲਾ ੪ ॥
ਵਡਹੰਸ ਚੌਥੀ ਪਾਤਿਸ਼ਾਹੀ।

ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥
ਦੇਹ ਵਾਹਿਗੁਰੂ ਦੀ ਸਦੀਵੀ ਨਵਨੂੰ ਰੰਗਵਾਲੀ ਘੋੜੀ ਹੈ।

ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥
ਗੁਰਾਂ ਦੇ ਪਾਸੋਂ ਮੈਂ ਵਿਸ਼ਾਲ ਵਾਹਿਗੁਰੂ ਦੀ ਗਿਆਤ ਦੀ ਯਾਚਨਾ ਕਰਦਾ ਹਾਂ।

copyright GurbaniShare.com all right reserved. Email