ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥
ਮੈਂ ਬ੍ਰਹਮਬੋਧ ਅਤੇ ਸਾਹਿਬ ਦੀ ਸ੍ਰੇਸ਼ਟ ਕਥਾ-ਵਾਰਤਾ ਲਈ ਪ੍ਰਾਰਥਨਾ ਕਰਦਾ ਹਾਂ। ਨਾਮ ਦੇ ਰਾਹੀਂ ਹੀ ਮੈਂ ਮੋਖਸ਼ ਦੀ ਕਦਰ ਅਨੁਭਵ ਕੀਤੀ ਹੈ। ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਮੈਂ ਉਚਾਰਨ ਕੀਤਾ ਹੈ। ਸਿਰਜਣਹਾਰ ਨੇ ਮੇਰਾ ਸਾਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ। ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥ ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਦੇ ਨਾਮ, ਵਾਹਿਗੁਰੂ ਸੁਆਮੀ ਦੇ ਜੱਸ ਤੇ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਮੰਗ ਕਰਦਾ ਹੈ। ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥ ਗੋਲਾ ਨਾਨਕ ਆਖਦਾ ਹੈ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਸ੍ਰੇਸ਼ਟ ਹੈ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ। ਦੇਹ ਕੰਚਨ ਜੀਨੁ ਸੁਵਿਨਾ ਰਾਮ ॥ ਸੁਨਹਿਰੀ ਦੇਹ ਸੋਨੇ ਦੀ ਕਾਠੀ ਨਾਲ ਸ਼ਿੰਗਾਰੀ ਹੋਈ ਹੈ। ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥ ਇਹ ਸੁਆਮੀ ਵਾਹਿਗੁਰੂ ਦੇ ਨਾਮ ਦੇ ਹੀਰਿਆਂ ਨਾਲ ਜੜੀ ਹੋਈ ਹੈ। ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥ ਇਸ ਤਰ੍ਹਾਂ ਨਾਮ ਦੇ ਜਵੇਹਰਾਂ ਨਾਲ ਜੜ੍ਹਤ ਹੋ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਨੂੰ ਪਾ ਲੈਂਦਾ ਹੈ ਹਰੀ ਨੂੰ ਮਿਲ ਪੈਂਦਾ ਹੈ, ਰੱਬ ਦਾ ਜੱਸ ਗਾਉਂਦਾ ਤੇ ਬਹੁਤੇ ਆਰਾਮ ਪਾਉਂਦਾ ਹੈ। ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥ ਗੁਰਾਂ ਦਾ ਉਪਦੇਸ਼ ਪ੍ਰਾਪਤ ਕਰ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ ਤੇ ਚੰਗੇ ਕਰਮਾਂ ਦੁਆਰਾ ਪ੍ਰਭੂ ਦੇ ਪ੍ਰੇਮ ਧਾਰਨ ਕਰ, ਖੁਦ ਪ੍ਰਭੂ ਬਣ ਜਾਂਦਾ ਹੈ। ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥ ਮੈਂ ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਸੁਆਮੀ ਨੂੰ ਮਿਲ ਪਿਆ ਹਾਂ। ਨਿਤ-ਨਵੀਨ ਹੈ ਉਸ ਦਾ ਸਰੀਰ ਅਤੇ ਸਦਾ ਤਰੋਤਾਜ਼ਾ ਉਸ ਦਾ ਰੰਗ। ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥ ਨਾਨਕ ਨਾਮ ਨੂੰ ਉਚਾਰਨ ਕਰਦਾ ਅਨੁਭਵ ਕਰਦਾ ਹੈ। ਉਹ ਸੁਆਮੀ ਵਾਹਿਗੁਰੂ ਪਾਸੋਂ ਵਾਹਿਗੁਰੂ ਦਾ ਨਾਮ ਮੰਗਦਾ ਹੈ। ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥ ਗੁਰਾਂ ਦੇ ਹੁਕਮ ਦੇ ਕੁੰਡੇ ਦਾ ਲਗਾਮ, ਮੈਂ ਘੋੜੀ ਦੇ ਮੂੰਹ ਵਿੱਚ ਪਾਇਆ ਹੈ। ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥ ਮਨ ਰੂਪੀ ਹਾਥੀ ਗੁਰਾਂ ਦੇ ਉਪਦੇਸ਼ ਰਾਹੀਂ ਕਾਬੂ ਵਿੱਚ ਆਉਂਦਾ ਹੈ। ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥ ਉਹ ਪਤਨੀ ਜਿਸ ਦਾ ਮਨ ਵੱਸ ਵਿੱਚ ਆ ਜਾਂਦਾ ਹੈ, ਮਹਾਨ ਮਰਤਬੇ ਨੂੰ ਪਾ ਲੈਂਦੀ ਹੈ ਅਤੇ ਉਹ ਆਪਣੇ ਭਰਤੇ ਦੀ ਲਾਡਲੀ ਥੀ ਵੰਞਦੀ ਹੈ। ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥ ਐਸੀ ਪਤਨੀ ਆਪਣੇ ਦਿਲ ਅੰਦਰ ਵਾਹਿਗੁਰੂ ਨੂੰ ਪਿਆਰ ਕਰਦੀ ਹੈ ਤੇ ਆਪਣੇ ਵਾਹਿਗੁਰੂ ਸੁਆਮੀ ਦੇ ਧਾਮ ਅੰਦਰ ਸੁੰਦਰ ਲੱਗਦੀ ਹੈ। ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥ ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਉਹ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਜਾਂਦੀ ਹੈ ਤੇ ਰੱਬ ਦੇ ਨਾਮ ਦਾ ਆਰਾਧਨ ਕਰ ਕੇ ਸੁਆਮੀ ਵਾਹਿਗੁਰੂ ਨੂੰ ਪਾ ਲੈਂਦੀ ਹੈ। ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥ ਸਾਹਿਬ ਦਾ ਸੇਵਕ, ਦਾਸ ਨਾਨਕ ਆਖਦਾ ਹੈ, "ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ। ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥ ਹੇ ਮਹਾਰਾਜ! ਸਰੀਰ ਇਕ ਘੋੜੀ ਹੈ, ਜਿਸ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ। ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥ ਪੂਜਯ ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਖੁਸ਼ੀ ਦੇ ਗੀਤ ਗਾਉਂਦਾ ਹੈ। ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ ਤੂੰ ਸੁਆਮੀ ਤੇ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰ, ਤੂੰ ਸੁਆਮੀ ਦੀ ਟਹਿਲ ਕਮਾ ਤੇ ਉਸ ਦੇ ਗੋਲੇ ਦਾ ਗੋਲਾ ਹੋ ਵੰਞ। ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥ ਤੂੰ ਜਾ ਕੇ ਪ੍ਰੀਤਮ ਪ੍ਰਭੂ ਨੂੰ ਉਸ ਦੇ ਮੰਦਰ ਵਿੱਚ ਮਿਲ ਪਵਨੂੰਗਾ ਅਤੇ ਖੁਸ਼ੀ ਨਾਲ ਵਾਹਿਗੁਰੂ ਦੇ ਪ੍ਰੇਮ ਨੂੰ ਭੋਗੇਗਾ। ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ ਮੈਂ ਸਾਈਂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਨੂੰ ਆਪਣੇ ਰਿਦੇ ਅੰਦਰ ਯਾਦ ਕਰਦਾ ਹਾਂ। ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥ ਵਾਹਿਗੁਰੂ ਨੇ ਗੋਲੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਦੇਹ ਰੂਪੀ ਘੋੜੀ ਉਤੇ ਸਵਾਰ ਹੋ ਕੇ ਉਸ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ਰਾਗੁ ਵਡਹੰਸ ਪੰਜਵੀਂ ਪਾਤਿਸ਼ਾਹੀ ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਗੁਰਾਂ ਨਾਲ ਮਿਲ ਕੇ, ਹੇ ਮਹਾਰਾਜ! ਮੈਂ ਆਪਣਾ ਪ੍ਰਭੂ, ਆਪਣਾ ਪ੍ਰੀਤਮ ਪ੍ਰਭੂ ਲੱਭ ਲਿਆ ਹੈ। ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਇਹ ਦੇਹ ਤੇ ਜਿੰਦੜੀ ਮੈਂ ਆਪਣੇ ਪ੍ਰਭੂ ਨੂੰ ਭੇਟਾ ਚੜ੍ਹਾ ਦਿੱਤੀ ਹੈ। ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਆਪਣੀ ਦੇਹ ਦੇ ਆਤਮਾ ਨੂੰ ਸਪਰਨ ਕਰ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਮੌਤ ਦਾ ਡਰ ਜਾਂਦਾ ਰਿਹਾ ਹੈ। ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਨਾਮ ਸੁਧਾਰਸ ਨੂੰ ਪਾਨ ਕਰ, ਮੈਂ ਅਮਰ ਹੋ ਗਿਆ ਹਾਂ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ। ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਮੈਂ ਉਹ ਟਿਕਾਣਾ ਭਾਲ ਲਿਆ ਹੈ, ਜਿਸ ਵਿੱਚ ਮੈਂ ਅਡੋਲਤਾ ਦੀ ਤਾੜੀ ਅੰਦਰ ਦਾਖਲ ਹੋ ਜਾਂਦਾ ਹਾਂ ਤੇ ਸਾਈਂ ਦੇ ਨਾਮ ਮੇਰੀ ਓਟ ਬਣ ਜਾਂਦਾ ਹੈ। ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥ ਗੁਰੂ ਜੀ ਆਖਦੇ ਹਨ, ਮੈਂ ਆਰਾਮ ਤੇ ਮੌਜ ਬਹਾਰਾਂ ਮਾਣਦਾ ਅਤੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ। ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ ਸੁਣ, ਹੇ ਮੇਰੇ ਮਿੱਤ੍ਰ ਤੇ ਬੇਲੀਆ! ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ ਗੁਰਾਂ ਨੇ ਮੈਨੂੰ ਸੱਚੇ ਨਾਮ ਦੇ ਸਿਮਰਨ ਕਰਨ ਦਾ ਮਸ਼ਵਰਾ ਦਿੱਤਾ ਹੈ। ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥ ਸਤਿਨਾਮ ਦਾ ਭਜਨ ਕਰਨ ਨਾਲ ਮੇਰੇ ਚਿੱਤ ਦੇ ਫਿਕਰ ਦੂਰ ਹੋ ਗਏ ਹਨ ਤੇ ਮੈਂ ਖੁਸ਼ੀ ਦਾ ਗੀਤ ਗਾਉਂਦਾ ਹਾਂ। ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥ ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਕਿਧਰੇ ਨਹੀਂ ਜਾਂਦਾ ਤੇ ਹਮੇਸ਼ਾਂ, ਹਮੇਸ਼ਾਂ ਮੇਰੇ ਨਾਲ ਬਹਿੰਦਾ ਹੈ। ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥ ਜੋ ਪੂਜਯ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਸੱਚੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਪ੍ਰਭੂ ਸੁੱਤੇ ਸਿੱਧ ਹੀ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰਦਾ ਹੈ। copyright GurbaniShare.com all right reserved. Email |