Page 577
ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥
ਗੁਰੂ ਜੀ ਆਖਦੇ ਹਨ, ਐਹੋ ਜਿਹੇ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤੂੰ, ਹੇ ਸਾਈਂ! ਸਾਰਿਆਂ ਨੂੰ ਦਾਤਾਂ ਬਖਸ਼ਦਾ ਹੈਂ।

ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥
ਜਦ ਮੈਨੂੰ ਐਸ ਤਰ੍ਹਾਂ ਚੰਗਾ ਲੱਗਦਾ, ਤਾਂ ਮੈਂ ਰੱਜ ਅਤੇ ਧ੍ਰਾਮ ਜਾਂਦਾ ਹਾਂ, ਹੇ ਸੁਆਮੀ!

ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥
ਮੇਰੀ ਆਤਮਾ ਸ਼ਾਂਤ ਹੋ ਗਈ ਹੈ ਅਤੇ ਮੇਰੀ ਸਾਰੀ ਪਿਆਸ ਬੁੱਝ ਗਈ ਹੈ।

ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥
ਮੇਰਾ ਚਿੱਤ ਸ਼ਾਂਤ ਹੋ ਗਿਆ ਹੈ, ਜੱਲਣ ਬੁੱਝ ਗਈ ਹੈ ਤੇ ਮੈਨੂੰ ਭਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।

ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥
ਗੁਰਾਂ ਦੇ ਸਾਰੇ ਸ਼ਿਸ਼ ਅਤੇ ਦਾਸ ਇਸ ਨੂੰ ਛਕਦੇ ਹਨ। ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਵੰਞਦਾ ਹਾਂ।

ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥
ਕੰਤ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਮੈਂ ਮੌਤ ਦਾ ਤ੍ਰਾਹ ਦੂਰ ਕਰ ਕੇ ਨਿੱਡਰ ਹੋ ਗਿਆ ਹਾਂ।

ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥
ਗੋਲਾ ਨਾਨਕ ਪਿਆਰ ਨਾਲ ਤੇਰੀ ਇਬਾਦਤ ਕਰਦਾ ਹੈ, ਹੇ ਪ੍ਰਭੂ! ਆਪਣੇ ਟਹਿਲੂਏ ਦੇ ਤੂੰ ਸਦੀਵ ਹੀ ਅੰਗ ਸੰਗ ਰਹਿੰਦਾ ਹੈਂ।

ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥
ਹੇ ਪ੍ਰਭੂ! ਮੇਰੀਆਂ ਉਮੈਦਾਂ ਅਤੇ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥
ਹੇ ਮਹਾਰਾਜ! ਮੈਂ ਨੇਕੀਆਂ ਵਿਹੂਣ ਹਾਂ, ਸਾਰੀਆਂ ਨੇਕੀਆਂ ਤੇਰੀਆਂ ਹੀ ਹਨ।

ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥
ਸਾਰੀਆਂ ਖੂਬੀਆਂ ਤੇਰੇ ਵਿੱਚ ਹਨ, ਹੇ ਮੈਂਡੇ ਪ੍ਰਭੂ! ਮੈਂ ਕਿਹੜੇ ਮੂੰਹ ਨਾਲ ਤੇਰੀ ਤਾਰੀਫ ਕਰਾਂ?

ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥
ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਤੈਂ, ਉਕਾ ਹੀ ਧਿਆਨ ਨਹੀਂ ਦਿੱਤਾ। ਤੂੰ ਮੈਨੂੰ ਇਕ ਮੁਹਤ ਵਿੱਚ ਬਖਸ਼ ਲਿਆ ਹੈ।

ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥
ਮੈਂ ਨੌ ਖਜਾਨੇ ਪਾ ਲਏ ਹਨ, ਤੁਰਮ (ਬਿਗਲ) ਮੁਬਾਰਕਾਂ ਗੂੰਜ ਰਹੀਆਂ ਹਨ ਅਤੇ ਬਿਨਾ ਬਜਾਏ ਤੁਰਮ ਵੱਜ ਰਹੇ ਹਨ।

ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
ਗੁਰੂ ਜੀ ਆਖਦੇ ਹਨ, ਮੈਂ ਆਪਣੇ ਪਤੀ ਘਰ ਵਿੱਚ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਅੰਦੇਸ਼ੇ ਮੁੱਕ ਗਏ ਹਨ।

ਸਲੋਕੁ ॥
ਸਲੋਕ।

ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥
ਤੂੰ ਝੂਠੀ ਗੱਲ ਕਿਉਂ ਸੁਣਦਾ ਹੈ। ਇਹ ਹਵਾ ਦੇ ਬੁੱਲੇ ਵਾਂਗੂ ਅਲੋਪ ਹੋ ਜਾਊਗੀ।

ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥
ਨਾਨਕ, ਪ੍ਰਮਾਣੀਕ ਹਨ ਉਹ ਕੰਨ ਜਿਹੜੇ ਸੱਚੇ ਮਾਲਕ ਦੇ ਨਾਮ ਨੂੰ ਸੁਣਦੇ ਹਨ।

ਛੰਤੁ ॥
ਛੰਤ।

ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸੁਆਮੀ ਦਾ ਨਾਂ ਸ੍ਰਵਣ ਕਰਦੇ ਹਨ।

ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥
ਕੁਦਰਤਨ ਹੀ ਸੁੱਖੀਏ ਹਨ ਉਹ ਜੋ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹਨ।

ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥
ਉਹ ਕੁਦਰਤੀ ਤੌਰ ਤੇ ਸਸ਼ੋਭਤ ਹਨ ਅਤੇ ਅਣਮੁੱਲੀਆਂ ਨੇਕੀਆਂ ਵਾਲੇ ਹਨ। ਉਹ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਆਏ ਹਨ।

ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥
ਗੁਰਾਂ ਦੇ ਪੈਰ ਜਹਾਜ਼ ਹਨ ਜਿਸ ਨੇ ਘਣੇਰਿਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕੀਤਾ ਹੈ।

ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
ਜਿਨ੍ਹਾਂ ਉਤੇ ਮੇਰੇ ਮਾਲਕ ਦੀ ਮਿਹਰ ਹੈ, ਉਨ੍ਹਾਂ ਪਾਸੋਂ ਉਨ੍ਹਾਂ ਦਾ ਹਿਸਾਬ-ਕਿਤਾਬ ਨਹੀਂ ਪੁੱਛਿਆ ਜਾਂਦਾ।

ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥
ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸਾਹਿਬ ਦਾ ਨਾਮ ਸੁਣਦੇ ਹਨ।

ਸਲੋਕੁ ॥
ਸਲੋਕ।

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦਾ ਪ੍ਰਕਾਸ਼ ਵੇਖ ਲਿਆ, ਪਰ ਉਸ ਨੂੰ ਵੇਖਣ ਦੀ ਮੇਰੀ ਬਹੁਤੀ ਤੇਹ ਬੁੱਝਦੀ ਨਹੀਂ।

ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥
ਨਾਨਕ, ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਕੰਤ ਵੇਖਿਆ ਜਾਂਦਾ ਹੈ।

ਛੰਤੁ ॥
ਛੰਤ।

ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥
ਮੈਂ ਉਨ੍ਹਾਂ ਉਤੋਂ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੇਰਾ ਸੁਆਮੀ ਵਾਹਿੁਗਰੂ ਵੇਖਿਆ ਹੈ।

ਸੇ ਸਾਚੀ ਦਰਗਹ ਭਾਣੇ ਰਾਮ ॥
ਉਹ ਸੱਚੇ ਦਰਬਾਰ ਅੰਦਰ ਸਤਿਕਾਰੇ ਜਾਂਦੇ ਹਨ।

ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥
ਸਾਹਿਬ ਦੇ ਕਬੂਲ ਕੀਤੇ ਹੋਏ ਉਹ ਮੁੱਖੀ ਕਰਾਰ ਦਿੱਤੇ ਜਾਂਦੇ ਹਨ ਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।

ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥
ਉਹ ਸੁਆਮੀ ਦੇ ਅੰਮ੍ਰਿਤ ਨਾਲ ਰੱਜੇ ਹਨ ਅਤੇ ਪਰਮ ਅਨੰਦ ਅੰਦਰ ਲੀਨ ਹਨ। ਸਰਬ-ਵਿਆਪਕ ਸੁਆਮੀ ਨੂੰ ਉਹ ਹਰ ਦਿਲ ਅੰਦਰ ਵੇਖਦੇ ਹਨ।

ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥
ਉਹੀ ਪਿਆਰੇ ਸਾਧੂ ਹਨ ਤੇ ਉਹੀ ਪ੍ਰਸੰਨ ਪ੍ਰਾਣੀ ਜੋ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।

ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥
ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣਾ ਸੁਆਮੀ ਮਾਲਕ ਵੇਖਿਆ ਹੈ।

ਸਲੋਕੁ ॥
ਸਲੋਕ।

ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥
ਪ੍ਰਭੂ ਦੇ ਨਾਮ ਦੇ ਬਾਝੋਂ ਸਰੀਰ ਬਿਲਕੁਲ ਅੰਨ੍ਹਾ ਅਤੇ ਵੈਰਾਨ ਹੈ।

ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥
ਨਾਨਕ, ਲਾਭਦਾਇਕ ਹੈ ਉਸ ਦਾ ਜੀਵਨ ਜਿਸ ਦੇ ਦਿਲ ਅੰਦਰ ਸੱਚਾ ਮਾਲਕ ਵੱਸਦਾ ਹੈ।

ਛੰਤੁ ॥
ਛੰਦ।

ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥
ਮੈਂ ਉਨ੍ਹਾਂ ਵਾਸਤੇ ਪੁਰਜਾ ਪੁਰਜਾ ਹੋ ਜਾਵਾਂ, ਜਿਨ੍ਹਾਂ ਨੇ ਮੈਂਡਾ ਸੁਆਮੀ ਵਾਹਿਗੁਰੂ ਵੇਖਿਆ ਹੈ।

ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥
ਸੁਆਮੀ ਵਾਹਿਗੁਰੂ ਦੇ ਗੋਲੇ ਮਿੱਠੜੇ ਸੁਧਾਰਸ ਨੂੰ ਪਾਨ ਕਰਨ ਦੁਆਰਾ ਰੱਜ ਗਏ ਹਨ।

ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥
ਉਨ੍ਹਾਂ ਦੇ ਮਨ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ਅਤੇ ਉਨ੍ਹਾਂ ਉਤੇ ਮਾਲਕ ਮਿਹਰਬਾਨ ਹੈ। ਉਨ੍ਹਾਂ ਦੇ ਅੰਮ੍ਰਿਤ ਵਰਸਦਾ ਹੈ ਤੇ ਉਹ ਆਰਾਮ ਪਾਉਂਦੇ ਹਨ।

ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥
ਜਗਤ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਦੇਹ ਤੋਂ ਪੀੜ ਮਿੱਟ ਜਾਂਦੀ ਹੈ, ਸੰਦੇਹ ਦੂਰ ਹੋ ਜਾਂਦਾ ਹੈ ਅਤੇ ਜਿੱਤ ਪ੍ਰਾਣੀ ਨੂੰ ਜੀ ਆਇਆ ਆਖਦੀ ਹੈ।

ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥
ਉਹ ਸੰਸਾਰੀ ਮਮਤਾ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦੇ ਪਾਪ ਧੋਂਤੇ ਜਾਂਦੇ ਹਨ ਤੇ ਪੰਜਾਂ ਵਿਸ਼ਿਆਂ ਨਾਲੋਂ ਉਸ ਦਾ ਸਾਥ ਟੁੱਟ ਜਾਂਦਾ ਹੈ।

copyright GurbaniShare.com all right reserved. Email