ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਜਦ ਤੂੰ ਮੈਨੂੰ ਸਤਿਸੰਗਤ ਨਾਲ ਜੁੜਿਆ, ਤਦ ਹੀ ਮੈਂ ਤੇਰੀ ਗੁਰਬਾਣੀ ਸ੍ਰਵਣ ਕੀਤੀ। ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ ਨਿਰਲੇਪ ਪ੍ਰਭੂ ਦੀ ਵਡਿਆਈ ਵੇਖ ਕੇ ਨਾਨਕ ਪ੍ਰਸੰਨ ਥੀ ਗਿਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥ ਮੈਂ ਸਨੇਹੀ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ ਅਤੇ ਮੈਂ ਉਨ੍ਹਾ ਦੀ ਸ਼ਰਣ ਭਾਲਦਾ ਹਾਂ। ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥ ਸਾਧੂ ਮੇਰਾ ਤਾਕਤਵਰ ਸਹਾਰਾ ਹਨ ਅਤੇ ਸਾਧੂ ਹੀ ਮੇਰਾ ਗਹਿਣਾ-ਗੱਟਾ ਹਨ। ਹਮ ਸੰਤਨ ਸਿਉ ਬਣਿ ਆਈ ॥ ਸਾਧੂਆਂ ਨਾਲ ਮੈਂ ਘਿਓ ਖਿਚੜੀ ਹੋਇਆ ਹੋਇਆ ਹਾਂ। ਪੂਰਬਿ ਲਿਖਿਆ ਪਾਈ ॥ ਜੋ ਕੁਛ ਧੁਰੋਂ ਮੇਰੇ ਲਈਂ ਲਿਖਿਆ ਹੋਇਆ ਸੀ, ਉਹ ਮੈਨੂੰ ਮਿਲ ਗਿਆ ਹੈ। ਇਹੁ ਮਨੁ ਤੇਰਾ ਭਾਈ ॥ ਰਹਾਉ ॥ ਹੇ ਸੰਤ ਜਨੋ! ਮੇਰੇ ਭਰਾਓ ਇਹ ਆਤਮਾ ਤੁਹਾਡੀ ਹੈ। ਠਹਿਰਾਉ। ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥ ਸਾਧੂਆਂ ਨਾਲ ਮੇਰੀ ਲੈਣ ਦੇਣ ਹੈ ਅਤੇ ਸਾਧੂਆਂ ਨਾਲ ਹੀ ਮੇਰਾ ਵਣਜ ਵਪਾਰ ਹੈ। ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥ ਸਾਧੂਆਂ ਪਾਸੋਂ ਮੈਂ ਨਾਮ ਦਾ ਲਾਭ ਉਠਾਇਆ ਹੈ, ਜਿਸ ਨਾਲ ਮੇਰੇ ਮਨ ਦਾ ਖਜਾਨਾ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਾਲ ਪਰੀਪੂਰਨ ਹੈ। ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ (ਜਦ)ਂ ਸਾਧੂਆਂ ਨੇ ਮੈਨੂੰ ਸੁਆਮੀ ਦੇ ਨਾਮ ਦੀ ਰਾਸ ਦੇ ਦਿੱਤੀ, ਤਦ ਮੇਰੇ ਚਿੱਤ ਦਾ ਫਿਕਰ ਅੰਦੇਸ਼ਾ ਦੂਰ ਹੋ ਗਿਆ। ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਧਰਮ ਰਾਜ ਹੁਣ ਕੀ ਕਰ ਸਕਦਾ ਹੈ, ਜਦ ਉਸ ਦੇ ਲੇਖੇ ਪੱਤੇ ਦੀਆਂ ਸਾਰੀਆਂ ਬਹੀਆਂ ਪਾਟ ਗਈਆਂ ਹਨ। ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥ ਸਾਧੂਆਂ ਦੀ ਦਇਆ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ ਅਤੇ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ। ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥ ਗੁਰੂ ਜੀ ਆਖਦੇ ਹਨ, ਮੇਰੀ ਆਤਮਾ ਵਾਹਿਗੁਰੂ ਦੇ ਨਾਲ ਹਿਲ ਗਈ ਹੈ ਅਤੇ ਪ੍ਰਭੂ ਦੇ ਅਸਚਰਜ ਪ੍ਰੇਮ ਨਾਲ ਰੰਗੀ ਗਈ ਹੈ। ਸੋਰਠਿ ਮਃ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਜੇਤੀ ਸਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥ ਜਿੰਨੀਆਂ ਭੀ ਵਸਤੂਆਂ ਤੂੰ ਵੇਖਦਾ ਹੈ, ਹੇ ਬੰਦੇ! ਓਨੀਆਂ ਹੀ ਤੂੰ ਛੱਡ ਜਾਣੀਆਂ ਹਨ। ਰਾਮ ਨਾਮ ਸੰਗਿ ਕਰਿ ਬਿਉਹਾਰਾ ਪਾਵਹਿ ਪਦੁ ਨਿਰਬਾਨੀ ॥੧॥ ਤੂੰ ਸੁਆਮੀ ਦੇ ਨਾਮ ਨਾਲ ਵਰਤ ਵਰਤਾਰਾ ਰੱਖ ਤਾਂ ਜੋ ਤੂੰ ਅਬਿਨਾਸੀ ਦਰਜੇ ਨੂੰ ਪ੍ਰਾਪਤ ਹੋ ਜਾਵੇ। ਪਿਆਰੇ ਤੂ ਮੇਰੋ ਸੁਖਦਾਤਾ ॥ ਮੇਰੇ ਪ੍ਰੀਤਮ, ਕੇਵਲ ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ। ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ ਰਹਾਉ ॥ ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦਿੱਤੀ ਹੈ ਅਤੇ ਤੇਰੇ ਨਾਲ ਹੇ ਸੁਆਮੀ! ਮੇਰੀ ਸੁਰ ਮਿਲ ਗਈ ਹੈ। ਠਹਿਰਾਉ। ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥ ਵਿਸ਼ੇ ਭੋਗ, ਗੁੱਸਾ, ਲਾਲਚ, ਸੰਸਾਰੀ ਲਗਨ ਅਤੇ ਹੰਕਾਰ, ਇਨ੍ਹਾਂ ਵਿੱਚ ਸੁੱਖ ਪ੍ਰਾਪਤ ਨਹੀਂ ਹੁੰਦਾ। ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥੨॥ ਤੂੰ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਮੇਰੀ ਜਿੰਦੜੀਏ! ਤਦ ਹੀ ਤੈਨੂੰ ਖੁਸ਼ੀ ਪ੍ਰਸੰਨਤਾ ਅਤੇ ਆਰਾਮ ਪ੍ਰਾਪਤ ਹੋਵੇਗਾ। ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥ ਮੇਰੇ ਮਨ! ਤੂੰ ਉਸ ਦੀ ਚਾਰਕੀ ਕਰ, ਜੋ ਤੇਰੇ ਦਿਲ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਜੋ ਤੇਰੀ ਸੇਵਾ ਨੂੰ ਨਿਸਫਲ ਨਹੀਂ ਜਾਣ ਦਿੰਦਾ। ਕਰਿ ਪੂਜਾ ਹੋਮਿ ਇਹੁ ਮਨੂਆ ਅਕਾਲ ਮੂਰਤਿ ਗੁਰਦੇਵਾ ॥੩॥ ਤੂੰ ਗੁਰੂ-ਗੋਬਿੰਦ ਦੀ ਉਪਾਸ਼ਨਾ ਕਰ ਅਤੇ ਆਪਣੀ ਇਹ ਜਿੰਦੜੀ ਉਨ੍ਹਾਂ ਦੇ ਸਮਰਪਨ ਕਰ ਦੇ। ਉਹ ਅਬਿਨਾਸੀ ਪੁਰਖ ਦਾ ਸਰੂਪ ਹਨ। ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥ ਉਹ ਵਾਹਿਗੁਰੂ ਆਲਮ ਦਾ ਮਾਲਕ, ਮਿਹਰਬਾਨ ਮਾਇਆ ਦਾ ਸੁਆਮੀ, ਪਰਮ ਪੁਰਖ ਅਤੇ ਸਰੂਪ ਰਹਿਤ ਹੈ। ਨਾਮੁ ਵਰਤਣਿ ਨਾਮੋ ਵਾਲੇਵਾ ਨਾਮੁ ਨਾਨਕ ਪ੍ਰਾਨ ਅਧਾਰਾ ॥੪॥੯॥੨੦॥ ਨਾਮ ਮੇਰਾ ਸੋਦਾ-ਸੂਤ ਹੈ ਅਤੇ ਨਾਮ ਹੀ ਵਸਤ ਵਲੇਵਾ। ਕੇਵਲ ਨਾਮ ਹੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਮੁਰਦੇ ਸਰੀਰ ਵਿੱਚ ਗੁਰੂ ਸੁਆਸ ਪਾ ਦਿੰਦਾ ਹੈ ਅਤੇ ਵਿਛੜਿਆਂ ਹੋਇਆ ਨੂੰ ਉਹ ਮਿਲਾ ਦਿੰਦਾ ਹੈ। ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਜਦ ਗੁਰੂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਦਾ ਜੱਸ ਗਾਇਨ ਕਰਦਾ ਹੈ, ਤਾਂ ਪਸ਼ੂ, ਜਿੰਨ ਅਤੇ ਮੂਰਖ ਭੀ ਧਿਆਨ ਨਾਲ ਸੁਣਨ ਵਾਲੇ ਥੀ ਵੰਞਦੇ ਹਨ। ਪੂਰੇ ਗੁਰ ਕੀ ਦੇਖੁ ਵਡਾਈ ॥ ਤੂੰ ਪੂਰਨ ਗੁਰੂ ਦੀ ਬਜ਼ੁਰਗੀ ਵੇਖ। ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਠਹਿਰਾਉ। ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਉਸ ਨੇ ਪੀੜ ਅਤੇ ਅਫਸੋਸ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ ਅਤੇ ਪ੍ਰਾਣੀ ਨੂੰ ਪ੍ਰਸੰਨਤਾ, ਖੁਸ਼ੀ ਅਤੇ ਆਰਾਮ ਬਖਸ਼ਿਆ ਹੈ। ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥ ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਸਹਿਜੇ ਹੀ ਹਾਸਲ ਕਰ ਲੈਂਦਾ ਹੈ ਅਤੇ ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ। ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਉਹ ਏਥੇ ਆਰਾਮ ਪਾਉਂਦਾ ਹੈ, ਏਦੂ ਮਗਰੋਂ ਉਸ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ ਅਤੇ ਮੁਕ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ (ਜਨਮ ਮਰਣ)। ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥ ਜੋ ਆਪਣੇ ਸੱਚੇ ਗੁਰਾਂ ਦੇ ਚਿੱਤ ਨੂੰ ਚੰਗੇ ਲੱਗਦੇ ਹਨ, ਉਹ ਭੈਅ-ਰਹਿਤ ਹੋ ਜਾਂਦੇ ਹਨ ਅਤੇ ਨਾਮ ਉਨ੍ਹਾਂ ਦੇ ਦਿਲ ਵਿੱਚ ਟਿਕ ਜਾਂਦਾ ਹੈ। ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਦੁੱਖ, ਤਕਲੀਫ ਅਤੇ ਸੰਦੇਹ ਉਸ ਪਾਸੋਂ ਨਸ ਜਾਂਦੇ ਹਨ, ਜੋ ਉਠਦਿਆਂ ਤੇ ਬਹਿੰਦਿਆਂ ਵਾਹਿਗੁਰੂ ਦਾ ਜੱਸ ਗਾਉਂਦਾ ਹੈ। ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥ ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥ ਮਾਣਕ ਨੂੰ ਤਿਆਗ, ਇਨਸਾਨ ਕੌਡੀ ਨਾਲ ਚਿਮੜਿਆ ਹੋਇਆ ਹੈ ਜਿਸ ਤੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ। copyright GurbaniShare.com all right reserved. Email |