ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥ ਜਿਹੜੇ ਪੁਰਸ਼ ਤੇਰੀ ਪਨਾਹ ਨੂੰ ਘੁੱਟ ਕੇ ਫੜੀ ਰੱਖਦੇ ਹਨ, ਹੇ ਸੁਆਮੀ ਮਾਲਕ! ਉਹ ਤੇਰੀ ਸ਼ਰਣਾਗਤ ਅੰਦਰ ਖੁਸ਼ ਹਨ। ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥ ਜੋ ਬੰਦੇ ਸਿਰਜਣਹਾਰ ਸੁਆਮੀ ਨੂੰ ਭੁਲਾਉਂਦੇ ਹਨ, ਉਹ ਦੁੱਖੀ ਆਦਮੀਆਂ ਵਿੱਚ ਗਿਣੇ ਜਾਂਦੇ ਹਨ। ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥ ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ। ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥ ਜੋ ਸੁਆਮੀ ਨੂੰ ਵਿਸਾਰ ਕੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਹ ਭਿਆਨਕ ਦੋਜ਼ਕ ਅੰਦਰ ਪੈਂਦਾ ਹੈ। ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥ ਜਿਸ ਤਰ੍ਹਾਂ ਸੁਆਮੀ ਕਿਸੇ ਬੰਦੇ ਨੂੰ ਜੋੜਦਾ ਹੈ, ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਉਸ ਦੀ ਜੀਵਨ ਰਹੁ-ਰੀਤੀ ਬਣ ਜਾਂਦੀ ਹੈ। ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥ ਨਾਨਕ ਨੇ ਸਾਧੂਆਂ ਦੀ ਪਨਾਹ ਪਕੜੀ ਹੈ ਅਤੇ ਉਸ ਦਾ ਦਿਲ ਪ੍ਰਭੂ ਦੇ ਚਰਨਾਂ ਅੰਦਰ ਲੀਨ ਹੋਇਆ ਹੋਇਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ, ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ। ਹਰਿ ਜਨ ਕਉ ਇਹੀ ਸੁਹਾਵੈ ॥ ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ। ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ। ਠਹਿਰਾਉ। ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ। ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥ ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ। ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ। ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥ ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ। ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥ ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ। ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥ ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ। ਉਹ ਸਾਰਿਆਂ ਦਿਲਾਂ ਦਾ ਮਾਲਕ ਹੈ। ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥ ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ। ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ। ਮਾਧੋ ਹਮ ਐਸੇ ਤੂ ਐਸਾ ॥ ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ। ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ। ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ। ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ! ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ। ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ। ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ। ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥ ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ"। ਸੋਰਠਿ ਮਹਲਾ ੫ ਘਰੁ ੨ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ। ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ। ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ। ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ। ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ (ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ। ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ ਨਹੀਂ। ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ। ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)। ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸੁੰਦਰ, ਗੈਬੀ, ਡੂੰਘਾ, ਥਾਹ-ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ! copyright GurbaniShare.com all right reserved. Email |