ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥ ਆਪਣੀ ਰਹਿਮਤ ਧਾਰ ਕੇ, ਸੱਚੇ ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਕਾਲ-ਰਹਿਤ ਸੁਆਮੀ ਮੇਰੇ ਰਿਦੇ ਵਿੱਚ ਟਿਕ ਗਿਆ ਹੈ। ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥ ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੀ ਰੱਖਿਆ ਉਸ ਦਾ ਸੱਚਾ ਗੁਰੂ ਕਰਦਾ ਹੈ। ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥ ਸੁਆਮੀ ਦੇ ਕੰਵਲ-ਪੈਰ ਉਸ ਦੇ ਹਿਰਦੇ ਅੰਦਰ ਟਿਕ ਜਾਂਦੇ ਹਨ, ਤੇ ਉਹ ਈਸ਼ਵਰੀ ਆਬਿ-ਹਿਯਾਤ ਦੀ ਮਿਠਾਸ ਨੂੰ ਮਾਣਦਾ ਹੈ। ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥ ਤੂੰ ਗੋਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਚਾਰਕੀ ਬਜਾ, ਜਿਸ ਨੇ ਤੇਰੇ ਦਿਲ ਦੀ ਖਾਹਿਸ਼ ਨੂੰ ਪੂਰਾ ਕੀਤਾ ਹੈ। ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥ ਨੌਕਰ, ਨਾਨਕ, ਉਸ ਮੁਕੰਮਲ ਮਾਲਕ ਉਤੋਂ ਘੋਲੀ ਵੰਞਦਾ ਹੈ ਜਿਸ ਨੇ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖੀ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਧਨ-ਦੌਲਤ ਦੇ ਅਨ੍ਹੇਰੇ ਦੀ ਪ੍ਰੀਤ ਅੰਦਰ ਗਲਤਾਨ ਹੋਇਆ ਬੰਦਾ ਦੇਣ ਵਾਲੇ ਨੂੰ ਨਹੀਂ ਜਾਣਦਾ। ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਦੀ ਆਤਮਾ ਤੇ ਦੇਹ ਬਣਾਈਆਂ ਤੇ ਰਚੀਆਂ ਹਨ, ਅਤੇ ਸਮਝਦਾ ਹੈ ਕਿ ਜੋ ਸੱਤਿਆ ਉਸ ਵਿੱਚ ਹੈ, ਇਹ ਉਸ ਦੀ ਆਪਣੀ ਨਿੱਜ ਦੀ ਹੈ। ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਹੇ ਬੇਵਕੂਫ ਬੰਦੇ! ਸੁਆਮੀ ਮਾਲਕ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ। ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਜਿਹੜਾ ਕੁਝ ਤੂੰ ਕਰਦਾ ਹੈ, ਉਹ ਉਸ ਸਾਰੇ ਨੂੰ ਉਹ ਜਾਣਦਾ ਹੈ। ਕੋਈ ਚੀਜ਼ ਭੀ ਉਸ ਪਾਸੋਂ ਲੁਕੀ ਹੋਈ ਨਹੀਂ ਰਹਿੰਦੀ। ਠਹਿਰਾਉ। ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਤੂੰ ਜੀਭ੍ਹ, ਲਾਲਚ ਅਤੇ ਹੰਕਾਰ ਦੇ ਰਸਾਂ ਨਾਲ ਮਤਵਾਲਾ ਹੋਇਆ ਹੋਇਆ ਹੈ। ਉਨ੍ਹਾਂ ਤੋਂ ਅਨੇਕਾਂ ਹੀ ਪਾਪ ਉਤਪੰਨ ਹੁੰਦੇ ਹਨ। ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥ ਹੰਕਾਰ ਦੀਆਂ ਜੰਜੀਰਾਂ ਨਾਲ ਬੋਝਲ ਹੋਇਆ, ਤੂੰ ਕਸ਼ਟ ਅੰਦਰ ਘਣੇਰੀਆਂ ਜੂਨੀਆਂ ਵਿੱਚ ਭਟਕਿਆ ਹੈ। ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਦਰਵਾਜੇ ਬੰਦ ਕਰ ਕੇ ਅਤੇ ਬਹੁਤ ਪੜਦਿਆਂ ਦੇ ਅੰਦਰ ਆਦਮੀ ਪਰਾਈ ਇਸਤਰੀ ਨਾਲ ਭੋਗ ਕਰਦਾ ਹੈ। ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਜਦ ਚਿੱਤ੍ਰਗੁਪਤ ਤੇਰੇ ਕੋਲੋਂ ਹਿਸਾਬ ਕਿਤਾਬ ਪੁਛਣਗੇ ਉਦੋਂ ਤੇਰਾ ਪਰਦਾ ਕੌਣ ਕਜੂਗਾ? ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥ ਹੇ ਮਸਕੀਨਾਂ ਤੇ ਮਿਹਰਬਾਨ ਤੇ ਕਲੇਸ਼ ਹਰਨਹਾਰ ਸਰਬ-ਵਿਆਪਕ ਸੁਆਮੀ, ਤੇਰੇ ਬਾਝੋਂ ਮੇਰੀ ਕੋਈ ਹੋਰ ਪਨਾਹ ਦੀ ਥਾਂ ਨਹੀਂ। ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥ ਮੈਨੂੰ ਜਗਤ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਨਾਨਕ ਤੇਰੀ ਓਟ ਲਈ ਹੈ, ਹੇ ਸੁਆਮੀ! ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥ ਸ਼੍ਰੋਮਣੀ ਸਾਹਿਬ ਮੇਰਾ ਸਹਾਇਕ ਹੋ ਗਿਆ ਹੈ, ਅਤੇ ਉਸ ਦੀ ਕਥਾ-ਵਾਰਤਾ ਤੇ ਕੀਰਤੀ ਮੈਨੂੰ ਸੁੱਖ ਸ਼ਾਂਤੀ ਦੇਣ ਵਾਲੇ ਹਨ। ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥ ਪੂਰਨ ਗੁਰਾਂ ਦੀ ਬਾਣੀ ਦਾ ਸਦੀਵ ਹੀ ਉਚਾਰਨ ਕਰ ਕੇ, ਤੂੰ ਹੇ ਫਾਨੀ ਬੰਦੇ! ਮੌਜਾਂ ਮਾਣ। ਹਰਿ ਸਾਚਾ ਸਿਮਰਹੁ ਭਾਈ ॥ ਤੂੰ ਸੱਚੇ ਸਾਹਿਬ ਦਾ ਆਰਾਧਨ ਕਰ, ਹੇ ਵੀਰ। ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥ ਸਤਿ ਸੰਗਤ ਅੰਦਰ ਬੰਦਾ ਸਦੀਵੀ ਸੁੱਖ ਨੂੰ ਪਾ ਲੈਂਦਾ ਹੈ ਅਤੇ ਕਦਾਚਿਤ ਭੀ ਸੁਆਮੀ ਨੂੰ ਨਹੀਂ ਭੁੱਲਦਾ। ਠਹਿਰਾਉ। ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ ਹੇ ਸ਼੍ਰੋਮਣੀ ਸਾਹਿਬ! ਅੰਮ੍ਰਿਤ ਹੈ ਤੇਰਾ ਨਾਮ। ਕੇਵਲ ਓਹੀ ਜੀਉਂਦਾ ਹੈ ਜੋ ਇਸ ਨੂੰ ਆਰਾਧਦਾ ਹੈ। ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥ ਜੋ ਵਾਹਿਗੁਰੂ ਦੀ ਦਇਆ ਦਾ ਪਾਤ੍ਰ ਹੁੰਦਾ ਹੈ, ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ। ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥ ਮੇਰਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ ਸੋ ਮੇਰੀਆਂ ਔਕੜਾਂ ਦੂਰ ਹੋ ਗਈਆਂ ਹਨ ਤੇ ਸਾਰੇ ਗਮ ਕੱਟੇ ਗਏ ਹਨ। ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥ ਅਹਿੱਲ ਅਤੇ ਅਮਰ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਵਾਹਿਗੁਰੂ ਦੀ ਪ੍ਰੀਤ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ। ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥ ਆਰਾਮ ਬਖਸ਼ਣਹਾਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਬੰਦਾ ਉਹ ਮੇਵੇ ਹਾਸਲ ਕਰ ਲੈਂਦਾ ਹੈ, ਜਿਨ੍ਹਾਂ ਨੂੰ ਉਸ ਦਾ ਦਿਲ ਲੋੜਦਾ ਹੈ। ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਨਾਨਕ ਦਾ ਮਿੱਤਰ ਹੈ। ਸੋਰਠਿ ਮਹਲਾ ੫ ਪੰਚਪਦਾ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਪੰਚਪਦਾ। ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥ ਰੱਬ ਕਰੇ ਮੇਰੀ ਸੰਸਾਰੀ ਮਮਤਾ ਤੇ ਮੇਰੇ ਅਤੇ ਤੇਰੇ ਦੀ ਵੀਚਾਰ ਮਿੱਟ ਜਾਵੇ ਅਤੇ ਮੇਰਾ ਆਪ--ਹੁਦਰਾਪਨ ਦੂਰ ਹੋ ਵੰਞੇ। ਸੰਤਹੁ ਇਹਾ ਬਤਾਵਹੁ ਕਾਰੀ ॥ ਹੇ ਸਾਧੂਓ! ਮੈਨੂੰ ਕੋਈ ਐਹੋ ਜਿਹੀ ਜੁਗਤੀ ਦੱਸੋ, ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥ ਜਿਸ ਦੁਆਰਾ ਮੇਰੀ ਹੰਗਤਾ ਤੇ ਹੰਕਾਰ ਨਾਸ ਹੋ ਜਾਣ। ਠਹਿਰਾਉ। ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥ ਸਾਰਿਆਂ ਜੀਵਾਂ ਨੂੰ ਮੈਂ ਸ਼੍ਰੋਮਣੀ ਸਾਹਿਬ ਦੇ ਸਮਾਨ ਸਮਝਦਾ ਹਾਂ ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੁੰਦਾ ਹਾਂ। ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥ ਮੈਂ ਮਹਾਰਾਜ ਸੁਆਮੀ ਨੂੰ ਹਮੇਸ਼ਾਂ ਆਪਣੇ ਨਾਲ ਵੇਖਦਾ ਹਾਂ ਅਤੇ ਮੇਰੀ ਸੰਦੇਹ ਦੀ ਕੰਧ ਢਹਿ ਗਈ ਹੈ। ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥ ਨਾਮ ਦੀ ਦੁਵਾਈ ਅਤੇ ਪਵਿੱਤ੍ਰ ਅੰਮ੍ਰਿਤਮਈ ਜਲ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ। ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥ ਗੁਰੂ ਜੀ ਆਖਦੇ ਹਨ, ਜਿਸ ਦੇ ਮੱਥੇ ਉਤੇ ਐਸ ਤਰ੍ਹਾਂ ਦੀ ਲਿਖਤਾਕਾਰ ਹੈ, ਉਸ ਦੀ ਬੀਮਾਰੀ ਗੁਰਾਂ ਨੂੰ ਮਿਲਣ ਨਾਲ ਦੂਰ ਹੋ ਜਾਂਦੀ ਹੈ। copyright GurbaniShare.com all right reserved. Email |