ਸੋਰਠਿ ਮਹਲਾ ੫ ਘਰੁ ੨ ਦੁਪਦੇ ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਅਤੇ ਸਾਰਿਆਂ ਦੁੱਧਾਂ ਵਿੱਚ ਘਿਓ। ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਏਸੇ ਤਰ੍ਹਾਂ ਹੀ ਉਚੇ ਤੇ ਨੀਵੇ ਵਿੱਚ ਰੱਬ ਦਾ ਨੂਰ ਰਮਿਆ ਹੋਇਆ ਹੈ ਅਤੇ ਮਾਇਆ ਦਾ ਸੁਆਮੀ ਸਾਰਿਆਂ ਇਨਸਾਨਾਂ ਦੇ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ। ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਹੇ ਸਾਧੂਓ! ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ। ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਮੁਕੰਮਲ ਮਾਲਕ ਸਾਰਿਆਂ ਅੰਦਰ ਪਰੀਪੂਰਨ ਹੈ। ਵਿਆਪਕ ਸਾਈਂ ਪਾਣੀ ਤੇ ਸੁੱਕੀ ਧਰਤੀ ਅੰਦਰ ਰਮਿਆ ਹੋਇਆ ਹੈ। ਠਹਿਰਾਉ। ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਨਾਨਕ ਨੇਕੀ ਦੇ ਖਜਾਨੇ ਦੀ ਮਹਿਮਾ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਉਸ ਦਾ ਸੰਦੇਹ ਦੂਰ ਕਰ ਦਿੱਤਾ ਹੈ। ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਉਨ੍ਹਾਂ ਨਾਲੋਂ ਸਦੀਵ ਹੀ ਨਿਰਲੇਪ ਵੀ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ ਤੂੰ ਉਸ ਨੂੰ ਸਿਮਰ, ਜਿਸ ਦੀ ਬੰਦਗੀ ਦੁਆਰਾ ਖੁਸ਼ੀ ਹੁੰਦੀ ਹੈ ਅਤੇ ਜੰਮਣ ਤੇ ਮਰਣ ਦਾ ਡਰ ਤੇ ਦੁੱਖ ਦੂਰ ਹੋ ਜਾਂਦਾ ਹੈ। ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ ਤੂੰ ਚਾਰ ਉਤਮ ਦਾਤਾਂ (ਧਰਮ, ਅਰਥ, ਕਾਮ, ਮੋਖ) ਅਤੇ ਨੌ ਖਜਾਨੇ ਪਾ ਲਵੇਂਗਾ ਅਤੇ ਮੁੜ ਕੇ ਮੈਨੂੰ ਤ੍ਰੇਹ ਤੇ ਭੁੱਖ ਨਹੀਂ ਲੱਗੇਗੀ। ਜਾ ਕੋ ਨਾਮੁ ਲੈਤ ਤੂ ਸੁਖੀ ॥ ਜਿਸ ਦਾ ਨਾਮ ਜੱਪਣ ਦੁਆਰਾ ਤੂੰ ਸੁਖਾਲਾ ਹੋਵੇਗਾ। ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ ਹੇ! ਮੇਰੀ ਜਿੰਦੇ! ਆਪਣੇ ਹਰ ਸੁਆਸ ਨਾਲ ਤੂੰ ਆਪਣੇ ਚਿੱਤ, ਦੇਹ ਦੇ ਮੂੰਹ ਨਾਲ ਸਾਈਂ ਦੇ ਨਾਮ ਦਾ ਉਚਾਰਨ ਕਰ ਠਹਿਰਾਉ। ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ ਤੂੰ ਠੰਢ-ਚੈਨ ਪਾਵਨੂੰਗਾ, ਤੇਰਾ ਚਿੱਤ ਠੰਢਾ ਹੋ ਜਾਊਗਾ ਅਤੇ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਸੁਲਘੂਗੀ। ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ ਗੁਰਾਂ ਨੇ ਨਾਨਕ ਨੂੰ ਸਾਹਿਬ ਦੀ ਮੌਜੂਦਗੀ ਸਮੁੰਦਰ ਧਰਤੀ ਅਤੇ ਬਿਰਛਾਂ ਦੇ ਤਿੰਨਾਂ ਜਹਾਨਾਂ ਅੰਦਰ ਵਿਖਾਲ ਦਿੱਤੀ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ ਵਿਸ਼ੇ-ਭੋਗ, ਗੁੱਸੇ, ਲਾਲਚ, ਕੂੜ ਅਤੇ ਬਦਖੋਈ ਇਨ੍ਹਾਂ ਪਾਸੋਂ ਤੂੰ ਆਪ ਹੀ ਮੇਰੀ ਖਲਾਸੀ ਕਰਾ, ਹੇ ਸਾਹਿਬ! ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ ਇਸ ਮਨ ਦੇ ਅੰਦਰੋਂ ਇਨ੍ਹਾਂ ਵਿਕਾਰਾਂ ਨੂੰ ਬਾਹਰ ਕੱਢ ਦੇ ਅਤੇ ਮੈਨੂੰ ਆਪਣੇ ਨੇੜੇ ਸੱਦ ਲੈ। ਅਪੁਨੀ ਬਿਧਿ ਆਪਿ ਜਨਾਵਹੁ ॥ ਆਪਣਾ ਮਾਰਗ ਤੂੰ ਖੁਦ ਹੀ ਮੈਨੂੰ ਦਰਸਾ। ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ ਰੱਬ ਦੇ ਗੋਲਿਆਂ ਨੂੰ ਮਿਲ ਕੇ ਮੈਂ ਸੁਆਮੀ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ। ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ ਸੁਆਮੀ ਨੂੰ, ਮੈਂ ਕਦਾਚਿਤ ਆਪਣੇ ਮਨ ਤੋਂ ਨਾਂ ਭੁਲਾਵਾਂ। ਇਸ ਤਰੀਕੇ ਦੀ, ਹੇ ਵਾਹਿਗੁਰੂ ਮੇਰੇ ਮਨ ਵਿੱਚ ਸਮਝ ਪਾ। ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ ਪਰਮ ਚੰਗੇ ਨਸੀਬਾਂ ਦੁਆਰਾ, ਗੋਲਾ ਨਾਨਕ, ਪੂਰਨ ਗੁਰਾਂ ਨਾਲ ਮਿਲ ਪਿਆ ਹੈ ਅਤੇ ਹੁਣ ਉਹ ਹੋਰ ਕਿਧਰੇ ਨਹੀਂ ਜਾਂਦਾ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਜਿਸ ਦੀ ਬੰਦਗੀ ਦੁਆਰਾ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਬੰਦੇ ਦੀ ਸੇਵਾ ਵਿਅਰਥ ਨਹੀਂ ਜਾਂਦੀ। ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਉਸ ਸਾਹਿਬ ਨੂੰ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ, ਛੱਡ ਕੇ, ਤੂੰ ਹੋਰਸ ਨਾਲ ਕਿਉਂ ਜੁੜਦਾ ਹੈ? ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਹੇ ਸਾਧੂਓ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ ਵਾਹਿੁਗਰੂ ਦਾ ਸਿਮਰਨ ਕਰੋ। ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਤਿ ਸੰਗਤ ਨਾਲ ਜੁੜ ਕੇ ਤੁਸੀਂ ਸਾਈਂ ਦੇ ਨਾਮ ਦਾ ਸਿਮਰਨ ਕਰੋ, ਤਾਂ ਜੋ ਤੁਹਾਡੀ ਸੇਵਾ ਸਫਲੀ ਹੋ ਜਾਵੇ। ਠਹਿਰਾਉ। ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਆਪਣੇ ਗੋਲੇ ਨੂੰ ਉਹ ਸਦਾ ਸੰਭਾਲਦਾ ਅਤੇ ਪਾਲਦਾ ਹੈ ਅਤੇ ਪਿਆਰ ਨਾਲ ਉਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ। ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ ਗੁਰੂ ਜੀ ਫੁਰਮਾਉਂਦੇ ਹਨ, ਤੈਨੂੰ ਭੁਲਾ ਕੇ, ਹੇ ਸੁਆਮੀ! ਸੰਸਾਰ ਜਿੰਦਗੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ? ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਸੁਆਮੀ ਕਾਲ-ਰਹਿਤ ਅਤੇ ਜੀਵਾਂ ਦਾ ਦਾਤਾਰ ਹੈ। ਉਸ ਦਾ ਆਰਾਧਨ ਕਰਨ ਦੁਆਰਾ, ਸਾਰੀ ਮੈਲ ਉਤਰ ਜਾਂਦੀ ਹੈ। ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਨੇਕੀ ਦਾ ਖਜਾਨਾ ਸੁਆਮੀ ਸਾਧੂਆਂ ਦੀ ਪੂੰਜੀ ਹੈ, ਪ੍ਰੰਤੂ ਕੋਈ ਟਾਵਾਂ ਟੱਲਾ ਹੀ ਉਸ ਨੂੰ ਪ੍ਰਾਪਤ ਕਰਦਾ ਹੈ। ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਹੇ ਮੇਰੀ ਜਿੰਦੜੀਏ! ਤੂੰ ਉਸ ਵੱਡੇ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ। ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਜਿਸ ਦੀ ਪਨਾਹ ਲੈਣ ਨਾਲ ਆਦਮੀ ਆਰਾਮ ਪਾਉਂਦਾ ਹੈ ਅਤੇ ਮੁੜ ਕੇ ਉਸ ਨੂੰ ਕੋਈ ਤਕਲੀਫ ਨਹੀਂ ਹੁੰਦੀ। ਠਹਿਰਾਉ। ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਚੰਗੇ ਨਸੀਬਾਂ ਰਾਹੀਂ ਸਤਿਸੰਗਤ ਹਾਸਲ ਹੁੰਦੀ ਹੈ, ਜਿਸ ਨਾਲ ਮਿਲ ਕੇ ਖੋਟੀ ਅਕਲ ਦੂਰ ਹੋ ਜਾਂਦੀ ਹੈ। copyright GurbaniShare.com all right reserved. Email |