ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥ ਜ਼ਹਿਰੀਲੀ ਧਨ-ਦੌਲਤ ਨੇ ਇਨਸਾਨ ਦੇ ਮਨ ਨੂੰ ਮੋਹ ਲਿਆ ਹੈ ਅਤੇ ਚਾਲਾਕੀ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ, ਹੇ ਵੀਰ! ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਜੇਕਰ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਬੰਦੇ ਦੇ ਦਿਲ ਅੰਦਰ ਰਮ ਜਾਵੇ ਤਾਂ ਸੱਚਾ ਸੁਆਮੀ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ! ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥ ਸੁੰਦਰ, ਸੁੰਦਰ ਕਿਹਾ ਜਾਂਦਾ ਹੈ ਸੁਆਮੀ। ਸੂਹੇ ਪੋਸਤ ਦੇ ਫੁਲ ਵਰਗਾ ਉਹ ਸੁਨੱਖਾ ਹੈ। ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥ ਜੇਕਰ ਬੰਦਾ ਰੱਬ ਨਾਲ ਪ੍ਰੇਮ ਪਾ ਲਵੇ, ਹੇ ਵੀਰ! ਤਦ ਉਹ ਉਸ ਦੇ ਦਰਬਾਰ ਅਤੇ ਮੰਦਰ ਵਿੱਚ ਸੱਚਾ ਅਤੇ ਭੁੱਲ-ਰਹਿਤ ਗਿਣਿਆ ਜਾਂਦਾ ਹੈ। ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥ ਤੂੰ ਹੇ ਸੁਆਮੀ! ਪਾਤਾਲ ਤੇ ਆਸਮਾਨ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦਿਲਾਂ ਅੰਦਰ ਤੇਰੀਆਂ ਖੂਬੀਆਂ ਤੇ ਗਿਆਤ ਹੈ। ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪॥ ਗੁਰਾਂ ਨਾਲ ਮਿਲ ਕੇ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਚਿੱਤ ਤੋਂ ਹੰਕਾਰ ਦੂਰ ਹੋ ਜਾਂਦਾ ਹੈ। ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥ ਪਾਣੀ ਨਾਲ ਮਲ ਕੇ ਦੇਹ ਸਾਫ ਕੀਤੀ ਜਾਂਦੀ ਹੈ ਪਰੰਤੂ ਦੇਹ ਮੁੜ ਕੇ ਗੰਦੀ ਹੋ ਜਾਂਦੀ ਹੈ। ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥ ਬ੍ਰਹਮ ਗਿਆਨ ਦੇ ਵਿਸ਼ਾਲ ਅੰਮ੍ਰਿਤ ਨਾਲ ਇਸ਼ਨਾਨ ਕਰਨ ਦੁਆਰਾ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ। ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਰਾਵਾ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ? ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥ ਪੱਥਰ ਦੇ ਦੇਵਦਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ, ਹੇ ਵੀਰ! ਪਰ ਉਹ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ। ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥ ਗੁਰਾਂ ਦੇ ਬਾਝੋਂ ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾ ਅਤੇ ਆਪਣੀ ਇੱਜ਼ਤ ਗੁਆ ਕੇ ਸੰਸਾਰ ਉਸ ਨੂੰ ਹੀ ਉਹ ਦਿੰਦਾ ਹੈ। ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥ ਇੱਜ਼ਤ ਆਬਰੂ ਮੇਰੇ ਸਾਹਿਬ ਦੇ ਹੱਥ ਵਿੱਚ ਹਨ, ਹੇ ਵੀਰ! ਜਿਸ ਨੂੰ ਉਹ ਚਾਹੁੰਦਾ ਹੈ, ਕੇਵਲ ਉਸ ਨੂੰ ਹੀ ਉਹ ਦਿੰਦਾ ਹੈ। ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥ ਜੋ ਪਤਨੀ ਮਿੱਠਾ ਬੋਲਦੀ ਹੈ ਅਤੇ ਸੱਚ ਆਖਦੀ ਹੈ, ਉਹ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਹੇ ਭਰਾਵਾ! ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮॥ ਆਪਣੇ ਸੁਆਮੀ ਦੇ ਸਨੇਹ ਨਾਲ ਵਿੰਨ੍ਹੀ ਹੋਈ ਉਹ ਸੱਚ ਅੰਦਰ ਵੱਸਦੀ ਹੈ ਤੇ ਰੱਬ ਦੇ ਨਾਮ ਨਾਲ ਗੂਹੜੀ ਰੰਗੀ ਰਹਿੰਦੀ ਹੈ। ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥ ਹਰ ਜਣਾ ਵਾਹਿਗੁਰੂ ਨੂੰ ਆਪਣਾ ਨਿੱਜ ਕਹਿੰਦਾ ਹੈ, ਹੇ ਵੀਰ! ਪ੍ਰੰਤੂ ਗੁਰਾਂ ਦੇ ਰਾਹੀਂ ਹੀ ਸਰਬੱਗ ਸੁਆਮੀ ਜਾਣਿਆ ਜਾਂਦਾ ਹੈ। ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥ ਜਿਹੜੇ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਵਿੰਨ੍ਹੇ ਗਏ ਹਨ, ਉਹ ਤਰ ਜਾਂਦੇ ਹਨ, ਅਤੇ ਉਨ੍ਹਾਂ ਉਤੇ ਸੱਚੇ ਨਾਮ ਦੀ ਮੋਹਰ ਲੱਗ ਜਾਂਦੀ ਹੈ। ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥ ਜਿਸ ਤਰ੍ਹਾਂ ਬਾਲਣ ਦਾ ਇਕੱਤਰ ਕੀਤਾ ਢੇਰ, ਭੋਰਾ ਭਰ ਅੱਗ ਲਾਉਣ ਨਾਲ ਸੜ ਜਾਂਦਾ ਹੈ, ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੦॥੪॥ ਹੇ ਵੀਰ! ਏਸੇ ਤਰ੍ਹਾਂ ਹੀ ਨਾਮ ਪਾਪਾਂ ਨੂੰ ਸਾੜ ਸੁੱਟਦਾ ਹੈ, ਭਾਵਨੂੰ ਇਹ ਇਕ ਮੁਹਤ ਅਤੇ ਛਿਨ ਲਈ ਹੀ ਮਨ ਵਿੱਚ ਟਿਕ ਜਾਵੇ, (ਫੇਰ) ਪ੍ਰਾਣੀ ਸੁਖੈਨ ਹੀ ਸਾਹਿਬ ਨਾਲ ਮਿਲ ਜਾਂਦਾ ਹੈ। ਸੋਰਠਿ ਮਹਲਾ ੩ ਘਰੁ ੧ ਤਿਤੁਕੀ ਸੋਰਿਠ ਤੀਜੀ ਪਾਤਿਸ਼ਾਹੀ। ਤਿਤੁਕੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਤੂੰ ਹੇ ਮਹਾਰਾਜ ਸੁਆਮੀ! ਹਮੇਸ਼ਾਂ ਹੀ ਆਪਣੇ ਸੰਤਾਂ ਦੀ ਮਾਨਮਹੱਤਾ ਕਾਇਮ ਰੱਖੀ ਹੈ ਅਤੇ ਐਨ ਆਰੰਭ ਤੋਂ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ ਹੈ। ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਤੂੰ ਹੇ ਪੂਜਨੀਯ ਵਾਹਿਗੁਰੂ! ਆਪਣੇ ਗੋਲੇ ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਬਿਲਕੁਲ ਮਲੀਆਮੇਟ ਕਰ ਦਿੱਤਾ। ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਗੁਰੂ-ਅਨੁਸਾਰੀਆਂ ਦਾ ਤੇਰੇ ਵਿੱਚ ਭਰੋਸਾ ਹੈ, ਪ੍ਰੰਤੂ ਅਧਰਮੀ ਸੰਦੇਹ ਅੰਦਰ ਗੁੰਮਰਾਹ ਹਨ। ਹਰਿ ਜੀ ਏਹ ਤੇਰੀ ਵਡਿਆਈ ॥ ਹੇ ਮਾਣਨਯ ਵਾਹਿਗੁਰੂ! ਇਹ ਤੇਰੀ ਬਜ਼ੁਰਗੀ ਹੈ। ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਤੂੰ ਆਪਣੇ ਸ਼ਰਧਾਲੂਆਂ ਦੀ ਇੱਜ਼ਤ-ਆਬਰੂ ਰੱਖਦਾ ਹੈ, ਤੇਰੇ ਸ਼ਰਧਾਲੂ ਤੇਰੀ ਓਟ ਦੀ ਯਾਚਨਾ ਕਰਦੇ ਹਨ, ਹੇ ਪ੍ਰਭੂ! ਠਹਿਰਾਉ। ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਰੱਬ ਦੇ ਗੋਲਿਆਂ ਨੂੰ ਮੌਤ ਦਾ ਦੂਤ ਛੂਹ ਨਹੀਂ ਸਕਦਾ, ਅਤੇ ਨਾਂ ਹੀ ਮੌਤ ਉਨ੍ਹਾਂ ਦੇ ਲਾਗੇ ਲੱਗਦੀ ਹੈ। ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਸਿਰਫ ਸੁਆਮੀ ਦਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਰੱਖਦਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ। ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ ਧਨ-ਸੰਪਤਾ ਅਤੇ ਕਰਾਮਾਤੀ ਸ਼ਕਤੀਆਂ ਸਮੂਹ ਸੰਤਾਂ ਦੇ ਪੈਰੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਗੁਰਾਂ ਨੇ ਅਡੋਲਤਾ ਤੇ ਸ੍ਰੇਸ਼ਟ ਸ਼ਰਧਾ ਪ੍ਰਾਦਨ ਕੀਤੀ ਹੋਈ ਹੈ। ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਪ੍ਰਤੀਕੂਲਾਂ ਦਾ ਗੁਰਾਂ ਵਿੱਚ ਭਰੋਸਾ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਤੇ ਸਵੈ-ਮਨੋਰਥ ਹੈ। ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਗੁਰਾਂ ਦੇ ਰਾਹੀਂ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਅਨੁਭਵ ਨਹੀਂ ਕਰਦੇ, ਨਾਂ ਹੀ ਉਹ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ। ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ ਝੂਠ ਅਤੇ ਪਾਖੰਡ ਦਾ ਮੁਲੰਮਾ ਉਤਰ ਜਾਊਗਾ। ਅਧਰਮੀ ਸਦਾ ਹੀ ਰੁੱਖਾ ਬੋਲਦਾ ਹੈ। ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ ਤੂੰ ਆਪੇ ਹੀ ਆਪਣੇ ਸਾਧੂਆਂ ਰਾਹੀਂ ਕੰਮ ਕਰਦਾ ਹੈ। ਹੇ ਮਹਾਰਾਜ ਸੁਆਮੀ! ਤੇ ਆਪਣੇ ਸ਼ਰਧਾਵਾਨਾਂ ਰਾਹੀਂ ਤੂੰ ਜਾਣਿਆ ਜਾਂਦਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥ ਮਾਲ ਧਨ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਪ੍ਰਾਣੀ ਸਾਰੇ ਤੈਂਡੇ ਹੀ ਹਨ ਕੇਵਲ ਤੂੰ ਹੀ ਉਨ੍ਹਾਂ ਦਾ ਸਿਰਜਣਹਾਰ ਸੁਆਮੀ ਹੈ। copyright GurbaniShare.com all right reserved. Email |