ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥ ਆਪਣੀ ਸਵੈ-ਹੰਗਤਾ ਨੂੰ ਮੇਟ ਤੇ ਖਾਹਿਸ਼ ਨੂੰ ਮਨ ਵਿੱਚ ਹੀ ਮਾਰ ਕੇ ਮੈਂ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ ਸਾਹਿਬ ਸੁੱਤੇ ਸਿੱਧ ਹੀ ਉਨ੍ਹਾਂ ਦੇ ਕਾਰਜ ਕਰਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠੜਾ ਲੱਗਦਾ ਹੈ। ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥ ਗੁਰਾਂ ਦੀ ਦਇਆ ਦੁਆਰਾ ਸਾਰੇ ਕੰਮ ਰਾਸ ਕਰਨ ਵਾਲਾ ਹਮੇਸ਼ਾਂ ਉਨ੍ਹਾਂ ਦੇ ਚਿੱਤ ਵਿੱਚ ਵੱਸਦਾ ਹੈ। ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥ ਜੋ ਕੋਈ ਭੀ ਉਨ੍ਹਾਂ ਦੀ ਬਰਾਬਰੀ ਕਰਦਾ ਹੈ, ਜਿਨ੍ਹਾਂ ਦਾ ਰਾਖਾ ਸੁਆਮੀ ਵਾਹਿਗੁਰੂ ਹੈ, ਉਹ ਤਬਾਹ ਹੋ ਜਾਂਦਾ ਹੈ। ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥ ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਕਦੇ ਕਿਸੇ ਨੂੰ ਪ੍ਰਭੂ ਪ੍ਰਾਪਤ ਨਹੀਂ ਹੋਇਆ। ਆਪ-ਹੁਦਰੇ ਭੌਂਕਦੇ ਤੇ ਵਿਰਲਾਪ ਕਰਦੇ ਮਰ ਗਏ ਹਨ। ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥ ਉਹ ਆਉਂਦੇ ਤੇ ਜਾਂਦੇ ਹਨ ਅਤੇ ਕੋਈ ਸੁੱਖ ਦੀ ਥਾਂ ਨਹੀਂ ਪਾਉਂਦੇ। ਉਹ ਮਹਾਨ ਕਸ਼ਟ ਵਿੱਚ ਗਰਕ ਹੋ ਜਾਂਦੇ ਹਨ। ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਅਮ੍ਰਿਤਪਾਨ ਕਰਦਾ ਹੈ ਅਤੇ ਸੁਖੈਨ ਹੀ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ ਬੰਦੇ ਨੂੰ ਜੰਮਣ ਤੇ ਮਰਨ ਛੱਡਦੇ ਨਹੀਂ ਭਾਵਨੂੰ ਉਹ ਕਿਤਨੇ ਪ੍ਰਕਾਰ ਦੇ ਵੱਧ ਤੋਂ ਵੱਧ ਕਰਮ-ਕਾਂਡ ਪਿਆ ਕਰੇ। ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥ ਜੋ ਵੇਦਾਂ ਨੂੰ ਵਾਚਦਾ ਹੈ ਅਤੇ ਬਹਿਸ-ਮੁਬਾਹਸੇ ਕਰਦਾ ਹੈ ਉਹ ਰੱਬ ਤੋਂ ਬਗੈਰ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ। ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥ ਸੱਚੇ ਹਨ ਸਤਿਗੁਰੂ, ਜਿਨ੍ਹਾਂ ਦੀ ਕਲਾਮ ਸੱਚੀ ਹੈ। ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੈ, ਉਹ ਸਾਹਿਬ ਦੇ ਦਰਬਾਰ ਵਿੱਚ ਸੁਰਖਰੂ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ। ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥ ਉਨ੍ਹਾਂ ਦੀ ਮਹਿਮਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ। ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥ ਨਾਨਕ ਹਮੇਸ਼ਾਂ ਹੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖਦੇ ਹਨ। ਸੋਰਠਿ ਮਹਲਾ ੩ ਦੁਤੁਕੀ ॥ ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੀ। ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਉਨ੍ਹਾਂ ਨੂੰ ਸੱਚੇ ਗੁਰਾਂ ਦੀ ਚਾਕਰੀ ਵਿੱਚ ਲਾ ਕੇ ਸੁਆਮੀ ਆਪ ਹੀ ਗੁਣ-ਵਿਹੂਣਾ ਨੂੰ ਮਾਫ ਕਰ ਦਿੰਦਾ ਹੈ। ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਸ੍ਰੇਸ਼ਟ ਹੈ ਸੱਚੇ ਗੁਰਾਂ ਦੀ ਟਹਿਲ-ਸੇਵਾ, ਕਿਉਂ ਜੋ ਇਹ ਬੰਦੇ ਦੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜ ਦਿੰਦੀ ਹੈ। ਹਰਿ ਜੀਉ ਆਪੇ ਬਖਸਿ ਮਿਲਾਇ ॥ ਮਹਾਰਾਜ ਸੁਆਮੀ ਖੁਦ ਬੰਦੇ ਨੂੰ ਮਾਫ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਮੈਂ ਨੇਕੀ-ਵਿਹੂਣ ਪਾਪੀ ਹਾਂ। ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣੀ ਸੰਗਤ ਨਾਲ ਮਿਲਾ ਲਿਆ ਹੈ, ਹੇ ਵੀਰ! ਠਹਿਰਾਉ। ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਅਨੇਕਾਂ ਹੀ ਪਾਪੀ ਮਾਫ ਕਰ ਦਿੱਤੇ ਗਏ ਹਨ, ਹੇ ਪ੍ਰੀਤਮ! ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਸੱਚੇ ਗੁਰਾਂ ਦੇ ਜਹਾਜ਼ ਤੇ ਚਾੜ੍ਹ ਕੇ ਸੁਆਮੀ ਨੇ ਉਨ੍ਹਾਂ ਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਗੁਰੂ ਰੂਪ ਅਮੋਲਕ ਕਸਵੱਟੀ ਦੇ ਮਿਲਾਪ ਅੰਦਰ ਮਿਲਣ ਦੁਆਰਾ ਮੈਂ ਜੰਗਾਲੇ ਹੋਏ ਲੋਹੇ ਤੋਂ ਸੋਨਾ ਬਣ ਗਿਆ ਹਾਂ, ਹੇ ਵੀਰ! ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਸਵੈ-ਹੰਗਤਾ ਛੱਡਣ ਦੁਆਰਾ ਨਾਮ ਮੇਰੇ ਰਿਦੇ ਵਿੱਚ ਟਿਕ ਗਿਆ ਹੈ ਅਤੇ ਮੇਰਾ ਨੂਰ ਪਰਮ ਨੂਰ ਵਿੱਚ ਮਿਲ ਗਿਆ ਹੈ। ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਮੈਂ ਬਲਿਹਾਰਨੇ ਹਾਂ, ਮੈਂ ਬਲਿਹਾਰਨੇ ਹਾਂ, ਮੈਂ ਸਦੀਵ ਹੀ ਬਲਿਹਾਰਨੇ ਹਾਂ, ਆਪਣੇ ਸੱਚੇ ਗੁਰਾਂ ਦੇ ਉਤੋਂ, ਹੇ ਵੀਰ! ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ ਗੁਰਾਂ ਦੇ ਉਪਦੇਸ਼ ਰਾਹੀਂ, ਜਿਨ੍ਹਾਂ ਨੇ ਮੈਨੂੰ ਨਾਮ ਦਾ ਖਜਾਨਾ ਦਿੱਤਾ ਹੈ, ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਿਆ ਹਾਂ। ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਗੁਰਾਂ ਦੇ ਬਾਝੋਂ ਬ੍ਰਹਿਮ ਵੀਚਾਰ ਉਤਪੰਨ ਨਹੀਂ ਹੁੰਦੀ। ਜੇ ਕੇ ਬ੍ਰਹਿਮ ਬੇਤਿਆ ਪਾਸੋਂ ਪਤਾ ਕਰ ਲੈ। ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥ ਆਪਣੇ ਆਪ ਨੂੰ ਅੰਦਰੋਂ ਨਵਿਰਤ ਕਰ ਕੇ, ਹੇ ਵੀਰ! ਤੂੰ ਹਮੇਸ਼ਾਂ ਹੀ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥ ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦਾ ਡਰ ਪੈਦਾ ਹੁੰਦਾ ਹੈ। ਸੱਚੇ ਤੇ ਸ੍ਰੇਸ਼ਟ ਹਨ ਉਹ ਕਰਮ ਜੋ ਰੱਬ ਦੇ ਡਰ ਹੇਠਾਂ ਕੀਤੇ ਜਾਂਦੇ ਹਨ। ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥ ਤਦ ਬੰਦੇ ਨੂੰ ਪ੍ਰਭੂ ਦੀ ਦੌਲਤ ਅਤੇ ਸੱਚੇ ਨਾਮ ਦਾ ਆਸਰਾ ਪ੍ਰਾਪਤ ਹੋ ਜਾਂਦੇ ਹਨ। ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥ ਜਿਹੜੇ ਆਪਣੇ ਸੱਚੇ ਗੁਰੂ ਦੀ ਘਾਲ ਕਮਾਉਂਦੇ ਹਨ ਮੈਂ ਉਨ੍ਹਾਂ ਦੀ ਪੈਰੀ ਪੈਂਦਾ ਹਾਂ, ਹੇ ਭਰਾਵਾਂ! ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥ ਮੈਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ ਹੈ ਅਤੇ ਆਪਣੇ ਵੰਸ ਲਈ ਭੀ ਮਾਫੀ ਪ੍ਰਾਪਤ ਕਰ ਲਈ ਹੈ। ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ ਸੱਚੀ ਗੁਰਬਾਣੀ ਅਤੇ ਸੱਚਾ ਨਾਮ, ਹੇ ਭਰਾਵਾ! ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ। ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥ ਹੇ ਨਾਨਕ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ। copyright GurbaniShare.com all right reserved. Email |