Page 639

ਸੋਰਠਿ ਮਹਲਾ ੩ ॥
ਸੋਰਠਿ ਤੀਜੀ ਪਾਤਿਸ਼ਾਹੀ।

ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥
ਮਹਾਰਾਜ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ ਜੋ ਪੂਰਨ ਪ੍ਰਾਲਭਧ ਦੁਆਰਾ ਮਿਲਦੇ ਹਨ।

ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥
ਸੁਹਾਗਣਾਂ ਸਦੀਵ ਹੀ ਆਰਾਮ ਵਿੱਚ ਵਸਦੀਆਂ ਹਨ, ਹੇ ਵੀਰ! ਉਹ ਆਪਣੇ ਸੁਆਮੀ ਨੂੰ ਪਿਆਰ ਕਰਦੀਆਂ ਹਨ ਤੇ ਰੈਣ ਦਿਹੁੰ ਉਸ ਨਾਲ ਰੰਗੀਆਂ ਰਹਿੰਦੀਆਂ ਹਨ।

ਹਰਿ ਜੀ ਤੂ ਆਪੇ ਰੰਗੁ ਚੜਾਇ ॥
ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆਪਣੀ ਪ੍ਰੀਤ ਨਾਲ ਰੰਗਦਾ ਹੈ।

ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥
ਤੂੰ ਰੱਬ ਨਾਲ ਪਿਆਰ ਪਾ, ਹੇ ਭਰਾਵਾ! ਅਤੇ ਇੰਝ ਪਿਆਰ ਨਾਲ ਰੰਗੀਜ, ਤੂੰ ਉਸ ਦੀ ਮਹਿਮਾ ਇਕਰਸ ਗਾਇਨ ਕਰ। ਠਹਿਰਾਉ।

ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥
ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੀ ਬਿਰਤੀ ਗੁਰਾਂ ਦੀ ਚਾਕਰੀ ਕਮਾਉਣ ਅੰਦਰ ਜੋੜ, ਹੇ ਵੀਰ!

ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥੨॥
ਇਸ ਤਰ੍ਹਾਂ ਤੂੰ ਹਮੇਸ਼ਾਂ ਆਰਾਮ ਵਿੱਚ ਵੱਸਨੂੰਗਾ, ਹੇ ਭਰਾਵਾ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ ਅਤੇ ਵਾਹਿਗੁਰੂ ਖੁਦ ਆ ਕੇ ਤੇਰੇ ਹਿਰਦੇ ਵਿੱਚ ਟਿਕ ਜਾਵੇਗਾ।

ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ ॥
ਜੋ ਆਪਣੇ ਪ੍ਰੀਤਮ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦੀ ਉਹ ਖੋਟੇ ਲੱਛਣਾਂ ਵਾਲੀ ਤੇ ਮੰਦੀ ਪਤਨੀ ਹੈ।

ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥੩॥
ਆਪਣੇ ਮਨ ਦੀ ਜ਼ਿੱਦ ਰਾਹੀਂ ਉਹ ਕੰਮ ਕਰਦੀ ਹੈ ਅਤੇ ਨਾਮ ਤੋਂ ਸੱਖਣੀ ਝੂਠੀ ਹੈ, ਹੇ ਭਰਾਵਾਂ!

ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ ਭਾਇ ਸਚੈ ਬੈਰਾਗੁ ॥
ਕੇਵਲ ਓਹੀ ਮਾਲਕ ਦੀ ਮਹਿਮਾ ਗਾਇਨ ਕਰਦੇ ਹਨ, ਹੇ ਵੀਰ! ਜਿਨ੍ਹਾਂ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਸੱਚੇ ਸੁਆਮੀ ਦੇ ਪ੍ਰੇਮ ਰਾਹੀਂ ਉਹ ਨਿਰਲੇਪ ਥੀ ਵੰਞਦੇ ਹਨ।

ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥੪॥
ਨਿਡਰ ਗੁਰਾਂ ਨਾਲ ਪਿਰਹੜੀ ਪਾ ਕੇ ਅਤੇ ਉਸ ਨਾਲ ਰੰਗੀਜ, ਉਹ ਰਾਤ ਦਿਨ ਪ੍ਰਭੂ ਦਾ ਜੱਸ ਉਚਾਰਨ ਕਰਦੇ ਹਨ, ਹੇ ਵੀਰ!

ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥
ਦਿਨ ਰਾਤ ਉਸ ਦੀ ਸੇਵਾ ਕਰ, ਹੇ ਭਰਾ! ਜੋ ਸਾਰਿਆਂ ਨੂੰ ਮਾਰਦਾ ਤੇ ਸੁਰਜੀਤ ਕਰਦਾ ਹੈ।

ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵਡੀ ਹੈ ਦਾਤਿ ॥੫॥
ਆਪਣੇ ਚਿੱਤ ਵਿਚੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਹੇ ਵੀਰ! ਜਿਸ ਦੀ ਬਖਸ਼ਿਸ਼ ਐਡੀ ਵਿਸ਼ਾਲ ਹੈ?

ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ ॥
ਆਪ-ਹੁਦਰੀ ਪਤਨੀ ਪਲੀਤ ਦੇ ਦੁਚਿੱਤੀ ਹੈ। ਸਾਹਿਬ ਦੇ ਦਰਬਾਰ ਵਿੱਚ ਉਸ ਨੂੰ ਕੋਈ ਸੁੱਖ ਦਾ ਟਿਕਾਣਾ ਨਹੀਂ ਮਿਲਦਾ।

ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥੬॥
ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਞੇ, ਤਦ ਹੀ ਉਹ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ ਅਤੇ ਆਪਣੇ ਸੱਚੇ ਦਿਲਬਰ ਨੂੰ ਮਿਲ ਕੇ ਉਸ ਵਿੱਚ ਲੀਨ ਹੋ ਜਾਂਦੀ ਹੈ, ਹੇ ਵੀਰ!

ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥
ਇਸ ਜੀਵਣ ਵਿੱਚ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੀ, ਹੇ ਵੀਰ! ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਊਗੀ?

ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥
ਨਸੀਹਤ ਦੇ ਹੋਕਰੇ ਪੈਣ ਦੇ ਬਾਵਜੂਦ ਉਹ ਲੁੱਟੀ ਪੁੱਟੀ ਗਈ ਹੈ, ਹੇ ਵੀਰ! ਅਤੇ ਕੇਵਲ ਪਾਪਾਂ ਨੂੰ ਹੀ ਲੋਚਦੀ ਹੈ।

ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥
ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਅੰਦਰ ਵਸਦੇ ਹਨ ਅਤੇ ਹਮੇਸ਼ਾਂ ਅਨੰਦ-ਮਈ ਤੇ ਸੀਤਲ ਰਹਿੰਦੀ ਹੈ ਉਨ੍ਹਾਂ ਦੀ ਦੇਹ।

ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥
ਨਾਨਕ, ਤੂੰ ਹੱਦਬੰਨਾ ਰਹਿਤ, ਗੁਣਵਾਨ ਅਤੇ ਅਥਾਹ ਸੁਆਮੀ ਦੇ ਨਾਮ ਦਾ ਉਚਾਰਨ ਕਰ, ਹੇ ਵੀਰ!

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ
ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
ਜਿਸ ਨੈ ਸਾਰਾ ਸੰਸਾਰ ਰੱਚਿਆ ਹੈ, ਹੇ ਵੀਰ! ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।

ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥
ਉਹ ਐਸਾ ਸੁਆਮੀ ਹੈ, ਜਿਸ ਨੂੰ ਆਪਣੀ ਸੱਤਿਆ ਵਰਤ ਕੇ, ਆਤਮਾ ਤੇ ਦੇਹ ਨੂੰ ਘੜਿਆ ਹੈ।

ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥
ਉਸ ਨੂੰ ਕਿਸ ਤਰ੍ਹਾਂ ਵਰਣਨ ਕਰੀਏ, ਤੇ ਕਿਸ ਤਰ੍ਹਾਂ ਵੇਖੀਏ? ਅਦੁੱਤੀ ਸਿਰਜਣਹਾਰ ਅਕਹਿ ਅਤੇ ਅਦ੍ਰਿਸ਼ਟ ਹੈ, ਹੇ ਭਰਾਵਾ!

ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥
ਤੂੰ ਆਪਣੇ ਗੁਰੂ-ਪ੍ਰਮੇਸ਼ਰ ਦੀ ਸਿਫ਼ਤ ਕਰ, ਹੇ ਵੀਰ! ਜਿਨ੍ਹਾਂ ਪਾਸੋਂ ਤੈਨੂੰ ਸਾਰ-ਤੱਤ ਦੀ ਗਿਆਤ ਹੋ ਜਾਵੇਗੀ।

ਮੇਰੇ ਮਨ ਜਪੀਐ ਹਰਿ ਭਗਵੰਤਾ ॥
ਹੇ ਮੇਰੀ ਜਿੰਦੇ! ਤੂੰ ਆਪਣੇ ਭਾਗਾਂ ਵਾਲੇ ਸਾਈਂ ਨੂੰ ਸਿਮਰ।

ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥
ਦੁੱਖੜੇ ਤੇ ਪੀੜ ਨੂੰ ਨਾਸ ਕਰਨ ਵਾਲਾ ਸੁਆਮੀ, ਆਪਣੇ ਗੋਲੇ ਨੂੰ ਨਾਮ ਦੀ ਦਾਤ ਦਿੰਦਾ ਹੈ। ਠਹਿਰਾਉ।

ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥
ਜਿਸ ਦੇ ਧਾਮ ਵਿੱਚ ਸਾਰੀਆਂ ਵਸਤੂਆਂ ਹਨ ਅਤੇ ਜਿਸ ਦੇ ਤੋਸ਼ੇਖਾਨੇ ਨੌ ਖਜਾਨਿਆਂ ਨਾਲ ਪਰੀਪੂਰਨ ਹਨ।

ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਹੇ ਭਰਾਵਾ! ਉਹ ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥
ਉਹ ਇਨਸਾਨਾਂ ਅਤੇ ਹੋਰ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਤੇ ਨਿੱਤਾਪ੍ਰਤੀ ਉਨ੍ਹਾਂ ਦੀ ਸੰਭਾਲ ਕਰਦਾ ਹੈ, ਹੇ ਵੀਰ!

ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥
ਤੂੰ ਪੂਰਨ ਸੱਚੇ ਗੁਰਾਂ ਨੂੰ ਮਿਲ, ਹੇ ਭਰਾਵਾਂ! ਜੋ ਆਪਣੇ ਉਪਦੇਸ਼ਾਂ ਦੁਆਰਾ ਪ੍ਰਭੂ ਨਾਲ ਜੋੜ ਦੇਣਗੇ।

ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥
ਸੱਚੇ ਸਾਹਿਬ ਦੇ ਪੈਰ ਪੂਜਣ ਦੁਆਰਾ, ਹੇ ਭਰਾ! ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।

ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥
ਸਤਿ ਸੰਗਤ ਨਾਲ ਜੁੜ ਕੇ ਆਪਣੀ ਆਤਮਾ ਨੂੰ ਸਾਫ ਸੁਥਰੀ ਕਰ, ਹੇ ਵੀਰ! ਤਦ ਤੂੰ ਸਾਈਂ ਦੇ ਨਾਮ ਵਿੱਚ ਵੱਸਨੂੰਗਾ।

ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥
ਤੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ ਅਤੇ ਤੇਰਾ ਦਿਲ-ਕੰਵਲ ਖਿੜ ਵੰਞੇਗਾ, ਹੇ ਭਰਾਵਾ!

ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥
ਗੁਰਾਂ ਦੇ ਸ਼ਬਦ ਦੁਆਰਾ ਸਾਰੇ ਆਰਾਮ ਉਤਪੰਨ ਹੁੰਦੇ ਹਨ, ਸਾਰੇ ਫਲ ਸੱਚੇ ਗੁਰਾਂ ਦੇ ਕੋਲ ਹਨ, ਹੇ ਭਰਾਵਾ!

copyright GurbaniShare.com all right reserved. Email