ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ। ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਧਰਮ ਨਿਭਾਇਆ ਹੈ। ਹੋਈ ਰਾਜੇ ਰਾਮ ਕੀ ਰਖਵਾਲੀ ॥ ਮੈਂ ਪ੍ਰਭੂ ਪਾਤਿਸ਼ਾਹ ਦੀ ਪਨਾਹ ਲਈ ਹੈ। ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ, ਸਰੀਰ ਤੇ ਮਨੁੱਖੀ-ਢਾਂਚਾ ਸੁਖੀ ਹਨ। ਠਹਿਰਾਉ। ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ। ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ ਨਾਨਕ ਦੇ ਬੇਨਤੀ ਸ੍ਰਵਣ ਕਰ ਕੇ, ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ ਸ਼੍ਰੋਮਣੀ ਸਾਹਿਬ, ਆਦਿ ਪੁਰਖ ਨੇ ਮਾਫੀ ਦੇ ਦਿੱਤੀ ਹੈ ਅਤੇ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ। ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥ ਜੋ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ, ਉਹ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ਵਾਹਿਗੁਰੂ ਦਾ ਬੰਦਾ ਨਾਮ ਦਾ ਆਰਾਧਨ ਕਰਦਾ ਹੈ, ਜੋ ਉਸ ਦਾ ਆਸਰਾ ਹੈ। ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ ਆਪਣੀ ਮਿਹਰ ਕਰਕੇ, ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਠਹਿਰਾਉ। ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥ ਮੈਂਡੇ ਪਿਆਰੇ ਸਦੀਵ ਹੀ ਖੁਸ਼ੀਆਂ ਮਨਾਉਂਦੇ ਹਨ ਕਿਉਂਕਿ ਮੇਰੇ ਗੁਰਾਂ ਨੇ ਹਰਿਗੋਬਿੰਦ ਨੂੰ ਬਚਾ ਲਿਆ ਹੈ। ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥ ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ! ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਂ ਉਸ ਦੀ ਸੱਚੀ ਦਰਗਾਹ ਵਿੱਚ ਸੁਰਖਰੂ ਹੋ ਗਿਆ ਹਾਂ। ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ ਅਤੇ ਸਾਰੇ ਜਹਾਨ ਵਿੱਚ ਠੰਢ-ਚੈਨ ਵਰਤ ਗਈ ਹੈ, ਹੇ ਵੀਰ! ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ ਆਪਣੇ ਜੀਵ-ਜੰਤੂ ਸੁਆਮੀ ਨੇ ਆਪ ਹੀ ਬਚਾ ਲਏ ਹਨ ਅਤੇ ਮੌਤ ਦਾ ਦੂਤ ਬੇਕਾਰ (ਬੇਅਸਰ) ਹੋ ਗਿਆ ਹੈ। ਹਰਿ ਕੇ ਚਰਣ ਰਿਦੈ ਉਰਿ ਧਾਰਿ ॥ ਵਾਹਿਗੁਰੂ ਦੇ ਪੈਰ ਨੂੰ ਤੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖ। ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ ਹਮੇਸ਼ਾ, ਹਮੇਸ਼ਾਂ ਸੁਆਮੀ ਦਾ ਭਜਨ ਕਰੀਏ, ਹੇ ਵੀਰ! ਉਹ ਦੁੱਖੜਿਆਂ ਤੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਠਹਿਰਾਉ। ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ ਉਸ ਦੀ ਸ਼ਰਣਾਗਤ, ਜਿਸ ਨੇ ਸਾਰਿਆਂ ਨੂੰ ਸਾਜਿਆ ਹੈ, ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦੀ ਹੈ, ਹੇ ਭਰਾ! ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਹੇ ਭਰਾ! ਸੱਚੀ ਹੈ ਸ਼ੋਭਾ ਸੱਚੇ ਸੁਆਮੀ ਦੀ। ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥ ਗੁਰੂ ਜੀ ਆਖਦੇ ਹਨ, ਹੇ ਭਰਾ! ਤੂੰ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਆਤਮਾ ਤੇ ਦੇਹ ਸ਼ਾਤ ਹੋ ਜਾਣਗੇ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਸੰਤਹੁ ਹਰਿ ਹਰਿ ਨਾਮੁ ਧਿਆਈ ॥ ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥ ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ। ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥ ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ। ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥ ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ। ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ। ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥ ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਮੇਰਾ ਸਤਿਗੁਰੁ ਰਖਵਾਲਾ ਹੋਆ ॥ ਮੈਂਡਾ ਸੱਚਾ ਗੁਰੂ ਹੁਣ ਮੇਰਾ ਰੱਖਿਅਕ ਹੈ। ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ। ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਬੁਖਾਰ ਹੱਟ ਗਿਆ ਹੈ, ਸਾਈਂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇੱਜ਼ਤ-ਆਬਰੂ ਰੱਖੀ ਹੈ। ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਸਤਿ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ। ਸੱਚੇ ਗੁਰਾਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਸੁਆਮੀ ਨੇ ਮੈਨੂੰ ਲੋਕ ਅਤੇ ਪ੍ਰਲੋਕ ਦੋਹਾਂ ਵਿੱਚ ਸੁਰਖਰੂ ਕਰ ਦਿੱਤਾ ਹੈ। ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਦਾ ਖਿਆਲ ਨਹੀਂ ਕੀਤਾ। copyright GurbaniShare.com all right reserved. Email |