Page 621

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
ਕਦੇ ਨਾਂ-ਟਲਣ ਵਾਲਾ ਹੈ, ਹੇ ਗੁਰੂ ਨਾਨਕ, ਤੇਰਾ ਬਚਨ ਬਿਲਾਸ, ਆਪਣਾ ਮੁਬਾਰਕ ਹੱਥ ਤੂੰ ਮੇਰੇ ਮਥੇ ਉਤੇ ਰੱਖਿਆ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥
ਜੀਵ ਜੰਤੂ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ। ਕੇਵਲ ਉਹੀ ਸਾਧੂਆਂ ਦਾ ਸਹਾਇਕ ਹੈ।

ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥
ਉਹ ਖੁਦ ਹੀ ਆਪਣੇ ਟਹਿਲੂਆਂ ਦੀ ਪੱਤ ਰੱਖਦਾ ਹੈ, ਅਤੇ ਮੁਕੰਮਲ ਥੀ ਵੰਞਦੀ ਹੈ ਉਸ ਦੀ ਵਿਸ਼ਾਲਤਾ।

ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥
ਪੂਰਨ ਸ਼੍ਰੋਮਣੀ ਸੁਆਮੀ ਮੇਰੇ ਅੰਗ ਸੰਗ ਹੈ।

ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥
ਪੂਰਨ ਗੁਰਾਂ ਨੇ ਐਨ ਪੂਰੀ ਤਰ੍ਹਾਂ ਮੇਰੀ ਪਤਿ ਰੱਖ ਲਈ ਹੈ ਅਤੇ ਸਾਰੇ ਹੀ ਮੇਰੇ ਉਤੇ ਮਿਹਰਬਾਨ ਹਨ, ਠਹਿਰਾਉ।

ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
ਰਾਤ ਦਿਨ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ ਜੋ ਆਤਮਾ ਅਤੇ ਜਿੰਦ-ਜਾਨ ਦੇਣ ਵਾਲਾ ਹੈ।

ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥
ਆਪਣੇ ਗੋਲੇ ਨੂੰ ਉਹ ਇਸ ਤਰ੍ਹਾਂ ਆਪਣੀ ਹਿੱਕ ਨਾਲ ਲਾਈ ਰੱਖਦਾ ਹੈ, ਜਿਸ ਤਰ੍ਹਾਂ ਬਾਬਲ ਤੇ ਅੰਮੜੀ ਆਪਣੇ ਬੱਚੇ ਨੂੰ।

ਸੋਰਠਿ ਮਹਲਾ ੫ ਘਰੁ ੩ ਚਉਪਦੇ
ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
ਮੁਖੀ ਜਨਾਂ ਨੂੰ ਮਿਲ ਕੇ, ਮੇਰਾ ਸੰਦੇਹ ਨਵਿਰਤ ਨਾਂ ਹੋਇਆ।

ਸਿਕਦਾਰਹੁ ਨਹ ਪਤੀਆਇਆ ॥
ਚੌਧਰੀਆਂ ਤੋਂ ਭੀ ਮੇਰੀ ਤਸੱਲੀ ਨਾਂ ਹੋਈ।

ਉਮਰਾਵਹੁ ਆਗੈ ਝੇਰਾ ॥
ਮੈਂ ਆਪਣਾ ਝਗੜਾ ਅਮੀਰਾਂ ਵਜ਼ੀਰਾਂ ਮੂਹਰੇ ਵੀ ਰੱਖਿਆ।

ਮਿਲਿ ਰਾਜਨ ਰਾਮ ਨਿਬੇਰਾ ॥੧॥
ਪ੍ਰੰਤੂ ਪ੍ਰਭੂ ਪਾਤਿਸ਼ਾਹ ਨਾਲ ਮਿਲ ਕੇ, ਹੀ ਮੇਰਾ ਝਗੜਾ ਨਿਬੜ ਸਕਿਆ।

ਅਬ ਢੂਢਨ ਕਤਹੁ ਨ ਜਾਈ ॥
ਹੁਣ ਮੈਂ ਕਿਧਰੇ ਲੱਭਣ ਲਈ ਨਹੀਂ ਜਾਂਦਾ ਕਿਉਂਕਿ,

ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
ਮੈਂ ਸ੍ਰਿਸ਼ਟੀ ਦੇ ਸੁਆਮੀ ਗੁਰੂ-ਪ੍ਰਮੇਸ਼ਰ ਨੂੰ ਮਿਲ ਪਿਆ ਹਾਂ। ਠਹਿਰਾਉ।

ਆਇਆ ਪ੍ਰਭ ਦਰਬਾਰਾ ॥
ਜਦ ਮੈਂ ਸਾਹਿਬ ਦੀ ਦਰਗਾਹ ਵਿੱਚ ਪੁੱਜਾ,

ਤਾ ਸਗਲੀ ਮਿਟੀ ਪੂਕਾਰਾ ॥
ਤਦ ਮੇਰੇ ਮਨ ਦਾ ਸਾਰਾ ਚੀਕ-ਚਿਹਾੜਾ ਮੁੱਕ ਗਿਆ ਹੈ।

ਲਬਧਿ ਆਪਣੀ ਪਾਈ ॥
ਹੁਣ ਜਦ ਮੈਂ, ਜੋ ਮੇਰੀ ਪ੍ਰਾਲਭਧ ਵਿੱਚ ਸੀ, ਹਾਸਲ ਕਰ ਲਿਆ ਹੈ,

ਤਾ ਕਤ ਆਵੈ ਕਤ ਜਾਈ ॥੨॥
ਤਾਂ ਮੈਂ ਕਿਥੇ ਆਉਣਾ ਅਤੇ ਕਿਥੇ ਜਾਣਾ ਹੈ?

ਤਹ ਸਾਚ ਨਿਆਇ ਨਿਬੇਰਾ ॥
ਉਥੇ ਸਾਈਂ ਦੀ ਕਚਹਿਰੀ ਵਿੱਚ ਸੱਚਾ ਸੁੱਚਾ ਇਨਸਾਫ ਹੁੰਦਾ ਹੈ।

ਊਹਾ ਸਮ ਠਾਕੁਰੁ ਸਮ ਚੇਰਾ ॥
ਓਥੇ ਜੇਹੋ ਜਿਹਾ ਮਾਲਕ ਹੈ, ਉਹੋ ਜੇਹਾ ਹੀ ਹੈ ਨੌਕਰ।

ਅੰਤਰਜਾਮੀ ਜਾਨੈ ॥
ਅੰਦਰਲੀਆਂ ਜਾਨਣਹਾਰ ਸਾਰਾ ਕੁਛ ਜਾਣਦਾ ਹੈ।

ਬਿਨੁ ਬੋਲਤ ਆਪਿ ਪਛਾਨੈ ॥੩॥
ਇਨਸਾਨ ਦੇ ਬੋਲਿਆਂ ਬਗੈਰ ਹੀ ਉਹ ਖੁਦ ਇਨਸਾਨ ਦੇ ਮਨੋਰਥ ਨੂੰ ਸਮਝਦਾ ਹੈ।

ਸਰਬ ਥਾਨ ਕੋ ਰਾਜਾ ॥
ਉਹ ਸਾਰਿਆਂ ਥਾਵਾਂ ਦਾ ਪਾਤਿਸ਼ਾਹ ਹੈ।

ਤਹ ਅਨਹਦ ਸਬਦ ਅਗਾਜਾ ॥
ਉਥੇ ਉਸ ਦੀ ਹਜ਼ੂਰੀ ਵਿੱਚ ਬੈਕੁੰਠੀ ਕੀਰਤਨ ਗੂੰਜਦਾ ਹੈ।

ਤਿਸੁ ਪਹਿ ਕਿਆ ਚਤੁਰਾਈ ॥
ਉਹ ਨਾਲ ਕਿਹੜੀ ਚਾਲਾਕੀ ਪੁੱਗ ਸਕਦੀ ਹੈ।

ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
ਆਪਣੀ ਹੰਗਤਾ ਨੂੰ ਮੇਟ ਕੇ, ਇਨਸਾਨ ਪ੍ਰਭੂ ਨੂੰ ਮਿਲ ਪੈਂਦਾ ਹੈ, ਹੇ ਨਾਨਕ!

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਹਿਰਦੈ ਨਾਮੁ ਵਸਾਇਹੁ ॥
ਨਾਮ ਨੂੰ ਆਪਣੇ ਮਨ ਅੰਦਰ ਅਸਥਾਪਨ ਕਰ,

ਘਰਿ ਬੈਠੇ ਗੁਰੂ ਧਿਆਇਹੁ ॥
ਅਤੇ ਆਪਣੇ ਧਾਮ ਅੰਦਰ ਬੈਠਾ ਹੋਇਆ ਹੀ ਗੁਰਾਂ ਦੀ ਆਰਾਧਨ ਕਰ।

ਗੁਰਿ ਪੂਰੈ ਸਚੁ ਕਹਿਆ ॥
ਪੂਰਨ ਗੁਰਾਂ ਨੇ ਸੱਚ ਆਖਿਆ ਹੈ,

ਸੋ ਸੁਖੁ ਸਾਚਾ ਲਹਿਆ ॥੧॥
ਕਿ ਸੱਚਾ ਆਰਾਮ ਸਾਹਿਬ ਪਾਸੋਂ ਪ੍ਰਾਪਤ ਹੁੰਦਾ ਹੈ।

ਅਪੁਨਾ ਹੋਇਓ ਗੁਰੁ ਮਿਹਰਵਾਨਾ ॥
ਮੇਰਾ ਗੁਰੂ ਦਇਆਲੂ ਹੋ ਗਿਆ ਹੈ।

ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥
ਇਸ ਲਈ ਖੁਸ਼ੀ, ਆਰਾਮ, ਪ੍ਰਸੰਨਤਾ ਅਤੇ ਮਲ੍ਹਾਰ ਸਹਿਤ, ਮੈਂ ਨਹਾ ਧੇ ਕੇ ਆਪਣੇ ਗ੍ਰਿਹ ਵਿੱਚ ਆ ਗਿਆ ਹਾਂ। ਠਹਿਰਾਉ।

ਸਾਚੀ ਗੁਰ ਵਡਿਆਈ ॥
ਸੱਚੀ ਹੈ ਵਿਸ਼ਾਲਤਾ ਮੇਰੇ ਗੁਰਦੇਵ ਦੀ,

ਤਾ ਕੀ ਕੀਮਤਿ ਕਹਣੁ ਨ ਜਾਈ ॥
ਜਿਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਸਿਰਿ ਸਾਹਾ ਪਾਤਿਸਾਹਾ ॥
ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।

ਗੁਰ ਭੇਟਤ ਮਨਿ ਓਮਾਹਾ ॥੨॥
ਗੁਰਦੇਵ ਨਾਲ ਮਿਲ ਕੇ ਬੰਦੇ ਦਾ ਚਿੱਤ ਖੁਸ਼ੀ ਵਿੱਚ ਹੋ ਜਾਂਦਾ ਹੈ।

ਸਗਲ ਪਰਾਛਤ ਲਾਥੇ ॥
ਸਾਰੇ ਪਾਪ ਧੋਤੇ ਜਾਂਦੇ ਹਨ,

ਮਿਲਿ ਸਾਧਸੰਗਤਿ ਕੈ ਸਾਥੇ ॥
ਸੰਤਾਂ ਦੀ ਸੰਗਤ ਨਾਲ ਜੁੜਨ ਦੁਆਰਾ।

ਗੁਣ ਨਿਧਾਨ ਹਰਿ ਨਾਮਾ ॥
ਵਾਹਿਗੁਰੂ ਦਾ ਨਾਮ ਖੂਬੀਆਂ ਦਾ ਖਜਾਨਾ ਹੈ,

ਜਪਿ ਪੂਰਨ ਹੋਏ ਕਾਮਾ ॥੩॥
ਜਿਸ ਦਾ ਸਿਮਰਨ ਕਰਨ ਦੁਆਰਾ, ਕਾਰਜ ਰਾਸ ਹੋ ਜਾਂਦੇ ਹਨ।

ਗੁਰਿ ਕੀਨੋ ਮੁਕਤਿ ਦੁਆਰਾ ॥
ਗੁਰਾਂ ਨੇ ਮੋਖਸ਼ ਦਾ ਦਰਵਾਜਾ ਖੋਲ੍ਹ ਦਿੱਤਾ ਹੈ,

ਸਭ ਸ੍ਰਿਸਟਿ ਕਰੈ ਜੈਕਾਰਾ ॥
ਅਤੇ ਸਾਰੀਆਂ ਦੁਨੀਆਂ ਜਿੱਤ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਦੀ ਹੈ।

ਨਾਨਕ ਪ੍ਰਭੁ ਮੇਰੈ ਸਾਥੇ ॥
ਨਾਨਕ, ਸੁਆਮੀ ਸਦਾ ਹੀ ਮੇਰੇ ਨਾਲ ਹੈ,

ਜਨਮ ਮਰਣ ਭੈ ਲਾਥੇ ॥੪॥੨॥੫੨॥
ਤੇ ਮੇਰੇ ਜੰਮਣ ਦੇ ਮਰਨ ਦੇ ਡਰ ਦੂਰ ਹੋ ਗਏ ਹਨ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰਿ ਪੂਰੈ ਕਿਰਪਾ ਧਾਰੀ ॥
ਪੂਰਨ ਗੁਰਾਂ ਨੇ ਮੇਰੇ ਉਤੇ ਤਰਸ ਕੀਤਾ ਹੈ,

ਪ੍ਰਭਿ ਪੂਰੀ ਲੋਚ ਹਮਾਰੀ ॥
ਅਤੇ ਸੁਆਮੀ ਨੇ ਮੇਰੀ ਮਨਸ਼ਾ ਪੂਰਨ ਕਰ ਦਿੱਤੀ ਹੈ।

ਕਰਿ ਇਸਨਾਨੁ ਗ੍ਰਿਹਿ ਆਏ ॥
ਨਹਾ ਧੋ ਕੇ ਮੈਂ ਘਰ ਆ ਗਿਆ,

ਅਨਦ ਮੰਗਲ ਸੁਖ ਪਾਏ ॥੧॥
ਅਤੇ ਮੈਨੂੰ ਖੁਸ਼ੀ, ਪ੍ਰਸੰਨਤਾ ਤੇ ਆਰਾਮ ਪ੍ਰਾਪਤ ਹੋ ਗਏ।

ਸੰਤਹੁ ਰਾਮ ਨਾਮਿ ਨਿਸਤਰੀਐ ॥
ਹੇ ਸਾਧੂਓ ਸੁਆਮੀ ਦੇ ਨਾਮ ਰਾਹੀਂ ਪ੍ਰਾਣੀ ਪਾਰ ਉਤਰ ਜਾਂਦਾ ਹੈ।

ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥
ਖਲੋਤਿਆਂ ਤੇ ਬਹਿੰਦਿਆਂ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਰਾਤ ਦਿਨ ਸ਼ੁਭ ਕਰਮ ਕਮਾ। ਠਹਿਰਾਉ।

copyright GurbaniShare.com all right reserved. Email