ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥ ਹੰਕਾਰ ਅੰਦਰ ਬਲਦਾ ਹੋਇਆ ਪ੍ਰਾਣੀ ਸੜ ਕੇ ਮਰ ਜਾਂਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕਦਾ ਅਖੀਰ ਨੂੰ ਉਹ ਗੁਰਾਂ ਕੋਲ ਆਉਂਦਾ ਹੈ। ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥ ਪੂਰਨ ਗੁਰੂ ਜੀ ਉਸ ਦੇ ਕਰਜੇ ਨੂੰ ਆਪਣੇ ਲੇਖੇ ਵਿੱਚ ਮੁਜਰਾ ਦੇ ਕੇ, ਉਸ ਦਾ ਪਾਰ ਉਤਾਰਾ ਕਰ ਦਿੰਦੇ ਹਨ। ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥ ਸ੍ਰੇਸ਼ਟ ਗੁਰਬਾਣੀ ਰਾਹੀਂ ਇਹ ਸੰਸਾਰ ਸੜਦਾ ਹੋਇਆ ਦਿੱਸ ਆਉਂਦਾ ਹੈ। ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥੧॥ ਜੋ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ, ਉਹ ਠੰਢੇ ਸ਼ਾਤ ਹੋ ਜਾਂਦੇ ਹਨ, ਹੇ ਨਾਨਕ! ਤੇ ਸਦਾ ਸੱਚ ਦੀ ਕਮਾਈ ਕਰਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥ ਫਲਦਾਇਕ ਹੈ ਸੱਚੇ ਗੁਰਾਂ ਦੀ ਸੇਵਾ। ਮੁਬਾਰਕ ਤੇ ਪ੍ਰਮਾਣੀਕ ਥੀ ਵੰਞਦਾ ਹੈ ਉਨ੍ਹਾਂ ਦੇ ਸੇਵਕ ਦਾ ਜੀਵਨ। ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥ ਸਿਆਣੇ ਹਨ ਉਹ ਪੁਰਸ਼ ਜੋ ਜੀਉਂਦੇ ਅਤੇ ਮੋਏ ਦੋਹਾਂ ਵਿੱਚ ਸੱਚੇ ਗੁਰਾਂ ਨੂੰ ਨਹੀਂ ਭੁਲਾਉਂਦਾ। ਕੁਲੁ ਉਧਾਰੇ ਆਪਣਾ ਸੋ ਜਨੁ ਹੋਵੈ ਪਰਵਾਣੁ ॥ ਉਹ ਪੁਰਸ਼ ਆਪਣੀ ਵੰਸ਼ ਨੂੰ ਤਾਰ ਲੈਂਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਕਬੂਲ ਕਰ ਲੈਂਦੇ ਹਨ। ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥ ਗੁਰੂ-ਸਮਰਪਣ ਜਿੰਦਗੀ ਤੇ ਮੌਤ ਵਿੱਚ ਪ੍ਰਮਾਣੀਕ ਹਨ। ਆਪ-ਹੁਦਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥੨॥ ਨਾਨਕ ਉਹ ਮਰੇ ਹੋਏ ਨਹੀਂ ਆਖੇ ਜਾਂਦੇ ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੁੰਦੇ ਹਨ। ਪਉੜੀ ॥ ਪਉੜੀ। ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥ ਤੂੰ ਆਪਣੇ ਬਲਵਾਨ ਪਵਿੱਤ੍ਰ ਵਾਹਿਗੁਰੂ ਦੀ ਸੇਵਾ ਕਰ ਅਤੇ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ ॥ ਸੰਤ-ਸਮਾਗਮ ਨਾਲ ਜੁੜ ਕੇ, ਤੂੰ ਮਾਲਕ ਦੇ ਨਾਮ ਦਾ ਆਰਾਧਨ ਕਰ। ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥ ਹੇ ਸੁਆਮੀ! ਵਿਸ਼ਾਲ ਹੈ ਤੇਰੀ ਸੇਵਾ, ਮੈਂ ਬੇਵਕੂਫ ਨੂੰ ਇਸ ਨਾਲ ਜੋੜ। ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ ॥ ਮੈਂ ਤੇਰਾ ਗੁਲਾਮ ਤੇ ਸੇਵਕ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਆਗਿਆ ਕਰ। ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥ ਗੁਰਾਂ ਦੀ ਦਇਆ ਦੁਆਰਾ, ਜਿਸ ਤਰ੍ਹਾਂ ਗੁਰੂ ਜੀ ਮੈਨੂੰ ਸਿੱਖਮਤ ਦਿੰਦੇ ਹਨ, ਮੈਂ ਤੇਰੀ ਨੌਕਰੀ ਬਜਾਵਾਂਗਾ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ। ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ। ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ। ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ। ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ। ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ। ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ। ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ। ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ। ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ। ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ। ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ। ਪਉੜੀ ॥ ਪਉੜੀ। ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ। ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ। ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ। ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥ ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮੋਹ ਲੈਣ ਵਾਲੀ ਹੈ ਧਨ-ਦੌਲਤ ਦੀ ਪ੍ਰੀਤ ਜਿਸ ਨੇ ਦੰਦਾਂ ਦੇ ਬਗੈਰ ਸੰਸਾਰ ਨੂੰ ਖਾ ਲਿਆ ਹੈ। ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ ਆਪ-ਹੁਦਰੇ ਖਾਧੇ ਪੀਤੇ ਜਾਂਦੇ ਹਨ, ਪ੍ਰੰਤੂ ਗੁਰੂ ਅਨੁਸਾਰੀ, ਜੋ ਸਤਿਨਾਮ ਨਾਲ ਆਪਣਾ ਮਨ ਜੋੜਦੇ ਹਨ, ਬਚ ਜਾਂਦੇ ਹਨ। ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥ ਨਾਮ ਦੇ ਬਾਝੋਂ ਦੁਨੀਆ ਪਗਲੀ ਹੋਈ ਭਟਕ ਰਹੀ ਹੈ। ਗੁਰਾਂ ਦੇ ਰਾਹੀਂ ਮੈਂ ਇਹ ਕੁਛ ਵੇਖ ਲਿਆ ਹੈ। copyright GurbaniShare.com all right reserved. Email |