ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ ਤੇਰੇ ਸੰਤ, ਹੇ ਸਾਈਂ! ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ, ਇਸ ਲਈ ਮੈਂ ਉਨ੍ਹਾਂ ਦੇ ਪੱਲੇ ਨਾਲ ਜੁੜਦਾ ਹਾਂ। ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ ਮੇਰੇ ਮਾਲਕ! ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ। ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ ਮੇਰੇ ਵਿੱਚ ਕੋਈ ਹੁਨਰ ਅਤੇ ਅਕਲਮੰਦੀ ਨਹੀਂ, ਨਾਂ ਹੀ ਮੇਰੇ ਪੱਲੇ ਕੋਈ ਟਹਿਲ ਸੇਵਾ ਹੈ। ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ ਤੂੰ ਸੰਦੇਹ, ਡਰ ਅਤੇ ਸੰਸਾਰੀ ਲਗਨ ਤੋਂ ਮੇਰੀ ਰੱਖਿਆ ਕਰ, ਅਤੇ ਮੇਰੀ ਮੌਤ ਦੀ ਫਾਹੀ ਕੱਟ ਦੇ, ਹੇ ਮੇਰੇ ਪ੍ਰਭੂ! ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ ਮੈਂ ਪ੍ਰਾਰਥਨਾ ਕਰਦਾ ਹਾਂ, ਹੇ ਰਹਿਮਤ ਦੇ ਸੁਆਮੀ ਮੇਰੇ ਬਾਬਲ! ਤੂੰ ਮੇਰੀ ਪਰਵਰਸ਼ ਕਰ। ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ ਹੇ ਪਰਸੰਨਤਾ ਦੇ ਘਰ, ਮੇਰੇ ਸੁਆਮੀ! ਸਤਿ ਸੰਗਤ ਅੰਦਰ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥ ਜੋ ਤੂੰ ਕਰਨਾ ਚਾਹੁੰਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਪ੍ਰਭੂ! ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥ ਤੇਰਾ ਤਪ, ਤੇਜ, ਤੱਕ ਕੇ, ਮੌਤ ਦਾ ਮੰਤ੍ਰੀ ਪ੍ਰਾਣੀ ਨੂੰ ਛੱਡ ਕੇ ਭੱਜ ਜਾਂਦਾ ਹੈ। ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥ ਤੇਰੀ ਦਇਆ ਦੁਆਰਾ, ਹੇ ਸੁਆਮੀ! ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ। ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥ ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ। ਠਹਿਰਾਉ। ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥ ਭਾਲ, ਭਾਲ ਅਤੇ ਭਾਲ ਕੇ ਮੈਨੂੰ ਪਤਾ ਲੱਗਦਾ ਹੈ ਕਿ ਨਾਮ ਦਦੇ ਬਾਝੋਂ ਹੋਰ ਸਾਰਾ ਕੁਛ ਕੂੜ ਹੈ। ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥ ਸਤਿ-ਸੰਗਤ ਅੰਦਰ ਜਿੰਦਗੀ ਦੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਸੁਆਮੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ। ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥ ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਮੈਂ ਆਪਣੀ ਚਤੁਰਾਈ ਸਾਰੀ ਸਾੜ ਸੁੱਟੀ ਹੈ। ਜਤ ਕਤ ਤੁਮ੍ਹ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥ ਹੇ ਮਸਕੀਨਾਂ ਦੇ ਮਿਹਰਬਾਨ, ਮੇਰੇ ਮਾਲਕ! ਤੂੰ ਹਰ ਜਗ੍ਹਾ ਪਰੀਪੂਰਨ ਹੋ ਰਿਹਾ ਹੈ। ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥ ਹਰ ਸ਼ੈ ਦੀ ਮੈਂ ਤੇਰੇ ਕੋਲੋਂ ਯਾਚਨਾ ਕਰਦਾ ਹਾਂ। ਭਾਰੇ ਨਸੀਬਾਂ ਵਾਲੇ ਤੇਰੇ ਪਾਸੋਂ ਉਹ ਕੁਝ ਪਾ ਲੈਂਦੇ ਹਨ, ਜੋ ਉਹ ਲੋੜਦੇ ਹਨ, ਹੇ ਸੁਆਮੀ! ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥ ਇਹ ਹੈ ਨਾਨਕ ਦੀ ਪ੍ਰਾਰਥਨਾ, "ਹੇ ਸੁਆਮੀ! ਮੈਂ ਤੇਰੀਆਂ ਸਿਫਤਾਂ ਗਾਇਨ ਕਰਕੇ ਜੀਉਂਦਾ ਹਾਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ ਸਤਿ ਸੰਗਤ ਅੰਦਰ ਵਸਣ ਦੁਆਰਾ ਸਾਰੇ ਪਾਪ ਦੌੜ ਜਾਂਦੇ ਹਨ। ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ ਜੇਕਰ ਬੰਦਾ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਜਾਵੇ, ਤਦ ਉਸ ਨੂੰ ਉਦਰ ਵਿੱਚ ਪਾਇਆ ਨਹੀਂ ਜਾਂਦਾ। ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ ਸ਼੍ਰਿਸ਼ਟੀ ਦੇ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ ਇਨਸਾਨ ਦੀ ਜੀਭ ਪਵਿੱਤਰ ਹੋ ਜਾਂਦੀ ਹੈ। ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ ਗੁਰਾਂ ਦੇ ਸ਼ਬਦ ਉਚਾਰਨ ਕਰਨ ਦੁਆਰਾ ਆਤਮਾ ਅਤੇ ਦੇਹ ਪਾਕ-ਪਾਵਨ ਹੋ ਜਾਂਦੀਆਂ ਹਨ। ਠਹਿਰਾਉ। ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ ਪ੍ਰਭੂ ਦੇ ਅੰਮ੍ਰਿਤ ਨੂੰ ਚੱਖ ਕੇ ਬੰਦਾ ਰੱਜ ਜਾਂਦਾ ਹੈ ਅਤੇ ਇਸ ਅੰਮ੍ਰਿਤ ਨੂੰ ਪਰਾਪਤ ਕਰ, ਉਸ ਦੀ ਆਤਮਾ ਪ੍ਰਫੁਲਤ ਹੋ ਜਾਂਦੀ ਹੈ। ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ ਉਸ ਦੀ ਅਕਲ ਰੋਸ਼ਨ ਤੇ ਨਾਮਵਰ ਹੋ ਜਾਂਦੀ ਹੈ, ਅਤੇ ਦੁਨੀਆਂ ਵੱਲੋਂ ਮੁੜਕੇ ਉਸ ਦਾ ਹਿਰਦੇ-ਕੰਵਲ ਖਿੜ ਜਾਂਦਾ ਹੈ। ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ ਉਹ ਠੰਢਾ, ਚੁੱਪ-ਚਾਪ ਅਤ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ। ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ ਉਸ ਦੇ ਮਨ ਦਾ ਦਸੀਂ ਪਾਸੀਂ ਭਟਕਣਾ ਮੁੱਕ ਜਾਂਦਾ ਹੈ ਅਤੇ ਉਹ ਪਵਿੱਤਰ ਅਸਥਾਨ ਤੇ ਵਸਦਾ ਹੈ। ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ ਰੱਖਣ ਵਾਲਾ ਸਾਹਿਬ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਸੰਦੇਹ ਸੜ ਕੇ ਸੁਆਹ ਹੋ ਜਾਂਦੇ ਹਨ। ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥ ਨਾਨਕ ਨੂੰ ਨਾਮ ਦੇ ਖਜਾਨੇ ਦੀ ਦਾਤ ਮਿਲੀ ਹੈ ਅਤੇ ਸੰਤਾਂ ਦੀ ਦੀਦਾਰ ਦੇਖ ਕੇ ਉਹ ਆਰਾਮ ਵਿੱਚ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਪ੍ਰਭੂ ਦੇ ਗੋਲੇ ਲਈ ਜਲ ਢੋ, ਉਸ ਨੂੰ ਪੱਖੀ ਝੱਲ ਅਤੇ ਉਸ ਲਈ ਪੀਹਣ ਪੀਹ ਅਤੇ ਤਦ ਤੂੰ ਖੁਸ਼ ਹੋਵੇਂਗਾ। ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ ਤੂੰ ਆਪਣੇ ਰਾਜਭਾਗ, ਜਾਇਦਾਦ ਅਤੇ ਚੌਧਰਪੁਣੇ ਨੂੰ ਅੱਗ ਵਿੱਚ ਸਾੜ ਸੁੱਟ। ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਨੇਕ ਇਨਸਾਨ ਦਾ ਨੌਕਰ, ਤੂੰ ਉਸ ਦੇ ਪੈਰੀ ਢਹਿ ਪਉ। ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ; ਉਨ੍ਹਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ। ਠਹਿਰਾਉ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਸਾਧੂਆਂ ਦੀ ਰੁੱਖੀ ਰੋਟੀ, ਉਹ ਸਾਰਿਆਂ ਖਜਾਨਿਆਂ ਦੇ ਤੁੱਲ ਹੈ। ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ ਮਾਇਆ ਦੇ ਉਪਾਸ਼ਕ ਦੇ ਘਰ ਛੱਤੀ ਕਿਸਮਾਂ ਦੇ ਭੋਜਨ; ਉਹ ਜ਼ਹਿਰ ਦੀ ਮਾਨਿੰਦ ਹਨ। ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਪਵਿੱਤਰ ਪੁਰਸ਼ਾਂ ਦੀ ਪੁਰਾਣੀ ਕੰਬਲੀ ਨੂੰ ਓੜ੍ਹ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ। ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ ਉਹ ਮਾਇਆ ਦੇ ਪੁਜਾਰੀ ਦੀ ਪੱਟ ਦੀ ਪੁਸ਼ਾਕ ਪਹਿਨ ਕੇ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ। ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ ਅਧਰਮੀ ਨਾਲ ਲਾਈ ਹੋਈ ਯਾਰੀ ਦੀ ਅੱਧ-ਵਿਚਾਲਿਓ ਹੀ ਤੋੜ-ਵਿਛੋੜੀ ਹੋ ਜਾਂਦੀ ਹੈ। ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਟਹਿਲ ਸੇਵਾ ਕਰਦਾ ਹੈ, ਉਹ ਏਥੇ ਅਤੇ ਓਥੇ ਬੰਦ-ਖਲਾਸ ਹੋ ਜਾਂਦਾ ਹੈ। ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ ਹਰ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ। ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ ਸੰਤਾਂ ਦਾ ਦੀਦਾਰ ਪਾ ਕੇ ਨਾਨਕ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। copyright GurbaniShare.com all right reserved. Email |