Page 833

ਸਾਚਾ ਨਾਮੁ ਸਾਚੈ ਸਬਦਿ ਜਾਨੈ ॥
ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।

ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥
ਸਾਈਂ ਖੁਦ ਹੀ ਉਸ ਨੂੰ ਮਿਲ ਪੈਂਦਾ ਹੈ, ਜੋ ਆਪਣੇ ਹੰਕਾਰ ਨੂੰ ਮੇਟ ਦਿੰਦਾ ਹੈ।

ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥
ਗੁਰੂ-ਅਨੁਸਾਰੀ, ਸਦੀਵ, ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ।

ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਦਵੈਤ-ਭਾਵ ਤੇ ਖੋਟੀ ਸਮਝ ਦੂਰ ਹੋ ਜਾਂਦੇ ਹਨ,

ਅਉਗਣ ਕਾਟਿ ਪਾਪਾ ਮਤਿ ਖਾਈ ॥
ਬਦੀਆਂ ਮਿਟ ਜਾਂਦੀਆਂ ਹਨ ਅਤੇ ਪਾਪੀ ਮਨੂਆ ਧੋਤਾ ਜਾਂਦਾ ਹੈ।

ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥
ਆਦਮੀ ਦੀ ਦੇਹ ਸੋਨੇ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਸ ਦੀ ਜੋਤ ਪਰਮ ਜੋਤੀ ਅੰਦਰ ਲੀਨ ਹੋ ਜਾਂਦੀ ਹੈ।

ਸਤਿਗੁਰਿ ਮਿਲਿਐ ਵਡੀ ਵਡਿਆਈ ॥
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬਹੁਤ ਪ੍ਰਭਤਾ ਪ੍ਰਾਪਤ ਹੁੰਦੀ ਹੈ।

ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥
ਗੁਰੂ ਜੀ ਉਸ ਦੇ ਦੁੱਖ ਦੂਰ ਕਰ ਦਿੰਦੇ ਹਨ, ਅਤੇ ਉਸ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ।

ਨਾਮਿ ਰਤੇ ਸਦਾ ਸੁਖੁ ਪਾਈ ॥੭॥
ਨਾਮ ਦੇ ਨਾਲ ਰੰਗੀਜਣ ਦੁਆਰਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ।

ਗੁਰਮਤਿ ਮਾਨਿਆ ਕਰਣੀ ਸਾਰੁ ॥
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਪਵਿਤਰ ਹੋ ਜਾਂਦੀ ਹੈ ਜੀਵਨ ਰਹੁ ਰੀਤੀ।

ਗੁਰਮਤਿ ਮਾਨਿਆ ਮੋਖ ਦੁਆਰੁ ॥
ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਮੁਕਤੀ ਦਾ ਦਰਵਾਜਾ ਪਰਾਪਤ ਹੋ ਜਾਂਦਾ ਹੈ।

ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥
ਨਾਨਕ, ਜੋ ਗੁਰਾਂ ਦੀ ਨਸੀਹਤ ਤੇ ਅਮਲ ਕਰਦੇ ਹਨ, ਉਹ ਆਪਣੇ ਟੱਬਰ-ਕਬੀਲੇ ਸਮੇਤ ਪਾਰ ਉਤਰ ਜਾਂਦੇ ਹਨ।

ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।

ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥
ਜੋ ਆਪਣੇ ਆਪ ਨੂੰ ਮੇਟ ਸੁੱਟਦਾ ਹੈ ਅਤੇ ਆਪਣੀ ਹੰਗਤਾ ਨੂੰ ਮਾਰ ਮੁਕਾਉਂਦਾ ਹੈ, ਉਹ ਰਾਤ ਦਿਨ ਪ੍ਰਭੂ ਦੀ ਪਿਰਹੜੀ ਦੇ ਗੀਤ ਗਾਉਂਦਾ ਹੈ।

ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥
ਜੋ ਗੁਰਾਂ ਦੀ ਦਇਆ ਦੁਆਰਾ, ਤ੍ਰਿਪਤ ਹੋ ਜਾਂਦਾ ਹੈ, ਉਸ ਦੀ ਦੇਹ ਸੋਨੇ ਵਾਂਗ ਸ਼ੁੱਧ ਹੋ ਜਾਂਦੀ ਹੈ ਅਤੇ ਉਸ ਦਾ ਨੂਰ ਨਿਡੱਰ ਸਾਈਂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।

ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥
ਮੈਂਨੂੰ ਸਰਵ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।

ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥
ਇਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਨਾਮ ਦੇ ਬਾਝੋਂ ਰਹਿ ਨਹੀਂ ਸਕਦਾ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਦੀ ਧਰਮ-ਵਾਰਤਾ ਵਾਚਦਾ ਹਾਂ। ਠਹਿਰਾਉ।

ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
ਦੇਹ-ਰੂਪ ਇਕ ਘਰ ਹੈ। ਜਿਸ ਦੇ ਦਸ ਦਰਵਾਜੇ ਹਨ। ਪੰਜ ਹੇਰੂ ਹਨ ਅਤੇ ਸੰਨ੍ਹ ਲਾਉਣ ਵਾਲੇ, ਦਿਨ ਰਾਤ ਇਸ ਨੂੰ ਪਾੜ ਲਾਈ ਜਾਂਦੇ ਹਨ।

ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥
ਉਹ ਸੱਚਾਈ ਦੀ ਸਾਰੀ ਦੌਲਤ ਨੂੰ ਚੋਰੀ ਕਰ ਕੇ ਲੈ ਜਾਂਦੇ ਹਨ, ਪਰ ਅੰਨ੍ਹੇ ਅਧਰਮੀ ਨੂੰ ਇਸ ਦਾ ਕੋਈ ਇਲਮ ਨਹੀਂ।

ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥
ਦੇਹ-ਰੂਪੀ ਕਿਲ੍ਹਾ ਸੋਨੇ ਤੇ ਜਵੇਹਰ ਨਾਲ ਪਰੀਪੂਰਨ ਹੈ। ਜਦ ਈਸ਼ਵਰੀ ਸਮਝ ਇਸ ਅੰਦਰ ਜਾਗ ਉਠਦੀ ਹੈ ਤਾਂ ਬੰਦੇ ਦਾ ਅਸਲੀਅਤ ਨਾਲ ਪ੍ਰੇਮ ਪੈ ਜਾਂਦਾ ਹੈ।

ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥
ਚੋਰ ਅਤੇ ਲੁੱਟਣ ਵਾਲੇ ਦੇਹ ਅੰਦਰ ਛੁਪੇ ਹੋਏ ਹਨ, ਗੁਰਾਂ ਦੀ ਬਾਣੀ ਦੇ ਜ਼ਰੀਏ ਉਹ ਉਨ੍ਹਾਂ ਨੂੰ ਫੜ ਕੇ ਨਰੜ ਲੈਂਦੇ ਹੈ।

ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥
ਸੁਆਮੀ ਵਾਹਿਗੁਰੂ ਦਾ ਨਾਮ ਬੇੜੀ ਤੇ ਜਹਾਜ਼ ਹੈ ਅਤੇ ਗੁਰਾਂ ਦੀ ਬਾਣੀ ਮਲਾਹ ਹੈ, ਜਿਨ੍ਹਾਂ ਦੀ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।

ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥
ਮੌਤ ਦਾ ਦੂਤ, ਮਸੂਲੀਆ, ਗੁਰਾਂ ਦੇ ਗੋਲੇ ਦੇ ਤਜ਼ਦੀਕ ਨਹੀਂ ਆਉਂਦਾ ਅਤੇ ਸੰਨ੍ਹ ਲਾਉਣ ਵਾਲਾ ਜਾਂ ਹੇਰੂ ਚੋਰੀ ਨਹੀਂ ਕਰਦਾ।

ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥
ਦਿਨ ਰਾਤ ਮੈਂ ਹਮੇਸ਼ਾਂ ਵਾਹਿਗੁਰੂ ਦੀਆਂ ਨੇਕੀਆਂ ਗਾਇਨ ਕਰਦਾ ਹਾਂ। ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹੋਏ, ਮੈਨੂੰ ਉਸ ਦੇ ਓੜਕ ਦਾ ਪਤਾ ਨਹੀਂ ਲੱਗਦਾ।

ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥
ਗੁਰਾਂ ਦੀ ਦਇਆ ਦੁਆਰਾ, ਮਨ ਆਪਣੇ ਇਕ ਗ੍ਰਹਿ ਅੰਦਰ ਆ ਜਾਂਦਾ ਹੈ ਅਤੇ ਤਦ ਇਹ ਵੱਜਦੇ ਵਾਜੇ ਨਾਲ ਸੰਸਾਰ ਦੇ ਪਾਲਣ-ਪੋਸਣਹਾਰ ਨਾਲ ਮਿਲਦਾ ਹੈ।

ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥
ਆਪਣੀਆਂ ਅੱਖਾਂ ਨਾਲ ਪ੍ਰਭੂ ਦਾ ਦਰਸ਼ਨ ਵੇਖ, ਮੇਰੀ ਆਤਮਾ ਰੱਜ ਗਈ ਹੈ ਅਤੇ ਆਪਣਿਆਂ ਕੰਨਾਂ ਨਾਲ ਮੈਂ ਗੁਰਾਂ ਦੀ ਬਾਣੀ ਤੇ ਉਪਦੇਸ਼ ਸੁਣਦਾ ਹਾਂ।

ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥
ਗੁਰਾਂ ਦੀ ਬਾਣੀ ਨੂੰ ਇਕ-ਰਸ ਸ੍ਰਵਣ ਕਰਨ ਦੁਆਰਾ ਮਨੁੱਖੀ ਆਤਮਾ ਪ੍ਰਭੂ ਦੇ ਅੰਮ੍ਰਿਤ ਨਾਲ ਨਰਮ ਤੇ ਪ੍ਰਸੰਨ ਹੋ ਜਾਂਦੀ ਹੈ ਅਤੇ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ।

ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥
ਤਿੰਨਾਂ ਲੱਛਣਾਂ ਵਾਲੇ ਇਨਸਾਨ, ਦੌਲਤ ਦੀ ਪ੍ਰੀਤ ਅੰਦਰ ਗਲਤਾਨ ਹੋਏ ਹੋਏ ਹਨ। ਗੁਰਾਂ ਦੇ ਰਾਹੀਂ ਹੀ ਮਹਾਨ ਮਰਤਬਾ ਪਰਾਪਤ ਹੁੰਦਾ ਹੈ।

ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥
ਉੇਸੇ ਇਕ ਅੱਖ ਨਾਲ ਉਹ ਸਾਰਿਆਂ ਨੂੰ ਇਕ ਬਰਾਬਰ ਸਮਝਦਾ ਹੈ ਅਤੇ ਸ਼ਰੋਮਣੀ ਸਾਹਿਬ ਨੂੰ ਸਾਰਿਆਂ ਅੰਦਰ ਵਿਆਪਕ ਵੇਖਦਾ ਹੈ।

ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥
ਪ੍ਰਭੂ ਦੇ ਨਾਮ ਦੀ ਰੋਸ਼ਨੀ ਸਾਰਿਆਂ ਅੰਦਰ ਰਮ ਰਹੀ ਹੈ। ਗੁਰੂ-ਅਨੁਸਾਰੀ ਖੁਦ-ਬ-ਖੁਦ ਹੀ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ।

ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
ਵਾਹਿਗੁਰੂ ਮਸਕੀਨ ਨਾਨਕ ਤੇ ਮਿਹਰਬਾਨ ਹੋ ਗਿਆ ਹੈ, ਜੋ ਉਸ ਦੀ ਪ੍ਰੇਮ-ਮਈ ਉਪਾਸ਼ਨਾ ਦੇ ਰਾਹੀਂ ਉਸ ਦੇ ਨਾਮ ਅੰਦਰ ਲੀਨ ਹੋ ਗਿਆ ਹੈ।

ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।

ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
ਤੂੰ ਠੰਢੇ ਪਾਣੀ ਵਰਗੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਵਾਹਿਗੁਰੂ ਚੰਨਣ ਦੀ ਮਹਿਕ ਅਤੇ ਖੁਸ਼ਬੂ ਨਾਲ ਇਨਸਾਨ ਮੁਅੱਤਰ ਹੋ ਜਾਂਦਾ ਹੈ।

copyright GurbaniShare.com all right reserved. Email