ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥ ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਪਦਾਰਥ ਦਾਸ-ਭਾਵਨ ਰਾਹੀਂ ਪਰਪਾਤ ਹੁੰਦਾ ਹੈ, ਪਰ ਨਿਕਰਮਣ ਜੀਵ ਇਸ ਨੂੰ ਉਥੋਂ ਪਰਾਪਤ ਨਹੀਂ ਕਰ ਸਕਦੇ। ਮੁਲਕ ਅਤੇ ਪ੍ਰਦੇਸ਼ ਵਿੱਚ ਕਿਸੇ ਹੋਰਸ ਜਗ੍ਹਾ ਤੇ ਇਹ ਈਸ਼ਵਰੀ ਦੌਲਤ ਨਹੀਂ ਮਿਲਦੀ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥ ਗੁਰਾਂ ਦੇ ਸੱਚੇ ਸਿੱਖ ਨੂੰ ਸੰਦੇਹ ਕਦੇ ਨਹੀਂ ਵਿਆਪਦਾ ਅਤੇ ਫਿਕਰ ਚਿੰਤਾ, ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਉਹ ਅਡੋਲਤਾ ਅੰਦਰ ਕਰਦਾ ਹੈ। ਉਸ ਦੀ ਮਹਿਮਾ ਸਬੰਧੀ ਬੰਦਾ ਕੁਝ ਆਖ ਹੀ ਨਹੀਂ ਸਕਦਾ। ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ ਨਾਨਕ, ਸਾਹਿਬ ਖੁਦ ਉਨ੍ਹਾਂ ਦੀ ਅਰਦਾਸ ਸੁਣਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਨਿੱਜ ਦੇ ਬਣਾ ਲੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥ ਜਿਸ ਦੇ ਹਿਰਦੇ ਅੰਦਰ ਪਵਿੱਤਰ ਨਾਮ ਹੈ, ਉਹ ਆਪਣੀ ਖਾਹਿਸ਼ ਨੂੰ ਆਪਣੇ ਮਨ ਅੰਦਰ ਹੀ ਮਾਰ ਕੇ ਮੌਤ ਦੇ ਕਾਬੂ ਪਾ ਲੈਂਦਾ ਹੈ। ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥ ਉਹ ਰਾਤ ਦੇ ਦਿਨ ਜਾਗਦਾ ਹੈ, ਕਦਾਚਿਤ ਸੌਂਦਾ ਨਹੀਂ ਅਤੇ ਉਹ ਸੁਖੈਨ ਹੀ ਸੁਧਾਰਸ ਨੂੰ ਪਾਨ ਕਰਦਾ ਹੈ। ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ ਉਹ ਮਿੱਠਾ ਬੋਲਦਾ ਹੈ, ਸੁਧਾਸਰੂਪ ਹਨ ਉਸ ਦੇ ਬਚਨ-ਬਿਲਾਸ ਅਤੇ ਰਾਤ ਦਿਨ ਉਹ ਆਪਣੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥ ਉਹ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਹਮੇਸ਼ਾਂ ਸੁੰਦਰ ਲੱਗਦਾ ਹੈ। ਉਸ ਨਾਲ ਮਿਲ ਕੇ ਨਾਨਕ ਆਰਾਮ ਪਾਉਂਦਾ ਹੈ। ਪਉੜੀ ॥ ਪਉੜੀ। ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ ਵਾਹਿਗੁਰੂ ਦੇ ਨਾਮ ਦੀ ਦੌਲਤ ਜਵਾਹਿਰਾਤ ਤੇ ਲਾਲਾਂ ਦੀ ਤਰ੍ਹਾਂ ਹੈ। ਵਾਹਿਗੁਰੂ ਦੇ ਨਾਮ ਦੀ ਉਹ ਦੌਲਤ ਗੁਰੂ ਮਹਾਰਾਜ ਨੇ ਮੈਨੂੰ ਪ੍ਰਭੂ ਕੋਲੋਂ ਦਿਵਾ ਦਿੱਤੀ ਹੈ। ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥ ਜੇਕਰ ਕਿਸੇ ਜਣੇ ਕੋਲ ਕੁਛ ਚੀਜ਼ ਨਜ਼ਰੀ ਪਵੇ, ਤਦ ਇਨਸਾਨ ਉਸ ਚੀਜ਼ ਨੂੰ ਮੰਗ ਲਵੇ, ਜਾਂ ਕੋਈ ਪੁਰਸ਼ ਉਸ ਚੀਜ਼ ਨੂੰ ਦਿਵਾ ਦੇਵੇ। ਇਹ ਰੱਬ ਦੇ ਨਾਮ ਦੀ ਦੌਲਤ, ਧਿੰਗੋ-ਜ਼ੋਰੀ ਕਿਰੇ ਹੋਰਸ ਨਾਲੋਂ ਵੰਡਾਈ ਨਹੀਂ ਜਾ ਸਕਦੀ। ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ਕੇਵਲ ਉਹ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਵਿਚੋਂ ਹਿੱਸਾ ਪ੍ਰਾਪਤ ਕਰਦਾ ਹੈ, ਜਿਸ ਨੂੰ ਸੁਆਮੀ ਸਿਰਜਣਹਾਰ ਸੱਚੇ ਗੁਰਾਂ ਵਿੱਚ ਪ੍ਰੇਮ ਭਰੋਸਾ ਪ੍ਰਦਾਨ ਕਰਦਾ ਹੈ ਅਤੇ ਜਿਸ ਲਈ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ। ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ ਇਸ ਵਾਹਿਗੁਰੂ ਦੇ ਨਾਮ ਦੀ ਦੌਲਤ ਦਾ ਕੋਈ ਭਾਈਵਾਲ ਨਹੀਂ ਨਾਂ ਹੀ ਕਿਸੇ ਕੋਲ ਇਸ ਦਾ ਮਲਕੀਅਤੀ ਪਟਾ ਹੈ। ਇਸ ਦੀ ਹੱਦ ਅਤੇ ਵੱਟ ਸੰਬੰਧੀ ਕਿਸੇ ਜਣੇ ਨਾਲ ਕੋਈ ਲੜਾਈ ਝਗੜਾ ਨਹੀਂ। ਜੇਕਰ ਕੋਈ ਜਣਾ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਬਦਖੋਈ ਕਰਦਾ ਹੈ ਤਾਂ ਸਾਹਿਬ ਉਸ ਦੇ ਚਿਹਰੇ ਨੂੰ ਚੌਹਾਂ ਹੀ ਪਾਸਿਆਂ ਅੰਦਰ ਸਿਆਹ ਕਰਵਾਉਂਦਾ ਹੈ। ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥ ਵਾਹਿਗੁਰੂ ਦੀਆਂ ਦਾਤਾਂ ਦੇ ਉਲਟ ਕਿਸੇ ਬੰਦੇ ਦਾ ਬਲ ਅਤੇ ਬਦਖੋਈ ਕਰਨਾ ਕਾਮਯਾਬ ਨਹੀਂ ਹੁੰਦਾ। ਪ੍ਰਭੂ ਦੀਆਂ ਇਹ ਦਾਤਾਂ ਦਿਨ-ਬ-ਦਿਨ ਸਦਾ, ਸਦਾ ਹੀ ਵਧੇਰੀਆਂ ਹੰਦੀਆਂ ਜਾਂਦੀਆਂ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ। ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ। ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ। ਮਃ ੩ ॥ ਤੀਜੀ ਪਾਤਿਸ਼ਾਹੀ। ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਮੋਹਿਤ ਕਰ ਲੈਣ ਵਾਲੀ ਮੋਹਨੀ ਦੇ ਰਾਹੀਂ ਹੰਕਾਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਦਵੈਤ-ਭਾਵ ਨਾਲ ਜੁੜ ਜਾਂਦਾ ਹੈ। ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਨਸ਼ਟ ਕਰਨ ਦੁਆਰਾ ਇਹ ਨਸ਼ਟ ਨਹੀਂ ਹੁੰਦੀ, ਨਾਂ ਹੀ ਇਹ ਕਿਸੇ ਦੁਕਾਨ ਤੇ ਵੇਚੀ ਜਾ ਸਕਦੀ ਹੈ। ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਜਦ ਬੰਦਾ ਇਸ ਨੂੰ ਗੁਰਬਾਣੀ ਨਾਲ ਸਾੜ ਸੁੱਟਦਾ ਹੈ, ਕੇਵਲ ਤਦ ਹੀ ਇਹ ਉਸ ਦੇ ਅੰਦਰੋਂ ਦਫਾ ਹੁੰਦੀ ਹੈ। ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਉਸ ਦੀ ਦੇਹ ਅਤੇ ਆਤਮਾ ਪਵਿੱਤਰ ਹੋ ਜਾਂਦੇ ਹਨ ਅਤੇ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ ਨਾਨਕ, ਪ੍ਰਭੂ ਦਾ ਨਾਮ ਮੋਹਨੀ ਨੂੰ ਨਾਸ ਕਰਨਹਾਰ ਹੈ ਅਤੇ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਪਉੜੀ ॥ ਪਉੜੀ। ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਆਦਿ ਪ੍ਰਭੂ ਦੀ ਸਪਸ਼ਟ ਰਜ਼ਾ ਅਨੁਭਵ ਕਰ ਕੇ ਸੱਚੇ ਗੁਰਾਂ ਨੇ ਸੱਚੇ ਗੁਰੂ ਦੀ ਪ੍ਰਭੁਤਾ, ਗੁਰੂ (ਅਮਰਦਾਸ) ਜੀ ਨੇ ਬਖਸ਼ ਦਿੱਤੀ ਹੈ। ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਗੁਰੂ ਜੀ ਨੇ ਆਪਣੇ ਪੁੱਤ੍ਰਾਂ, ਭਤੀਜਿਆਂ, ਜੁਆਈਆਂ ਅਤੇ ਅਗਲੇ ਪਿਛਲੇ ਸਾਕਾਂ-ਸਨਬੰਧੀਆਂ ਦੀ ਪੂਰੀ ਪ੍ਰੀਖਿਆ ਕੀਤੀ ਅਤੇ ਉਨ੍ਹਾਂ ਸਾਰਿਆਂ ਦਾ ਹੰਕਾਰ ਨਵਿਰਤ ਕਰ ਦਿੱਤਾ ਹੈ। ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿਥੇ ਕਿਤੇ ਭੀ ਬੰਦਾ ਦੇਖਦਾ ਹੈ, ਉਥੇ ਉਹ ਸੱਚੇ ਗੁਰਾਂ ਨੂੰ ਹੀ ਦੇਖਦਾ ਹੈ। ਸਾਹਿਬ ਨੇ ਗੁਰੂ ਮਹਾਰਾਜ ਨੂੰ ਸਾਰੇ ਸੰਸਾਰ ਦਾ ਪਦਾਰਥ ਪ੍ਰਦਾਨ ਕੀਤਾ ਹੈ। ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜੋ ਸੱਚੇ ਗੁਰਾਂ ਨਾਲ ਮਿਲਦਾ ਅਤੇ ਉਨ੍ਹਾਂ ਤੇ ਭਰੋਸਾ ਧਾਰਦਾ ਹੈ, ਉਹ ਮਾਤਲੋਕ ਅਤੇ ਪ੍ਰਲੋਕ ਅੰਦਰ ਸ਼ਸ਼ਭੋਤ ਹੋ ਜਾਂਦਾ ਹੈ। ਜੋ ਗੁਰਾਂ ਵੱਲ ਪਿੱਠ ਕਰਦਾ ਹੈ, ਉਹ ਪਲੀਤ ਦੀ ਥਾਂ ਅੰਦਰ ਭਟਕਦਾ ਹੈ। copyright GurbaniShare.com all right reserved. Email |