Page 1179

ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥
ਜਿੰਨੇ ਭੀ ਸੁਆਸ ਹਨ ਵਾਹਿਗੁਰੂ ਦੇ ਗੋਲੇ ਦੇ ਓਨੇ ਹੀ ਸੁਆਮੀ ਵਾਹਿਗੁਰੂ ਦੀ ਪ੍ਰੀਤ ਨਾਲ ਵਿੰਨ੍ਹੇ ਹੋਏ ਹਨ।

ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥
ਜਿਸ ਤਰ੍ਹਾਂ ਕੰਵਲ ਪਾਣੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਅਤੇ ਪਾਣੀ ਨੂੰ ਵੇਖਣ ਦੇ ਬਗੈਰ ਸੁਕ ਸੜ ਜਾਂਦਾ ਹੈ, ਏਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਬਾਝੋਂ ਹਾਂ।

ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥
ਰੱਬ ਦਾ ਗੋਲਾ ਮਨੁਸ਼ ਸ਼ੇਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੈ ਅਤੇ ਗੁਰਾਂ ਦੀ ਸਿਖਮਤ ਰਾਹੀਂ ਹਰੀ ਉਸ ਤੇ ਪਰਗਟ ਹੋ ਜਾਂਦਾ ਹੈ।

ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥
ਤੇਰੇ ਆਬਿ-ਹਿਯਾਤ ਦੇ ਸਮੁੰਦਰ ਨਾਲ, ਸੁਆਮੀ ਵਾਹਿਗੁਰੂ! ਜਨਮਾਂਤਰਾਂ ਦੀ ਮੇਰੀ ਸਵੈ-ਹੰਗਤਾ ਦੀ ਮੈਲ ਧੋਤੀ ਗਈ ਹੈ।

ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ਹ੍ਹ ਪੈਜ ਰਖਹੁ ਅਪਨੀਧੇ ॥
ਮੇਰੇ ਅਮਲਾਂ ਵੱਲ ਧਿਆਨ ਨਾਂ ਦੇ, ਹੇ ਸੁਆਮੀ ਅਤੇ ਤੂੰ ਨਿੱਜ ਦੇ ਗੋਲੇ ਦੀ ਇਜਤ ਰੱਖ।

ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥੪॥੩॥੫॥
ਹੇ ਵਾਹਿਗੁਰੂ! ਪ੍ਰਸੰਨ ਹੋ, ਤੂੰ ਮੇਰੀ ਪ੍ਰਾਰਥਨਾਂ ਤੇ ਜੋਦੜੀ ਸ੍ਰਵਣ ਕਰ। ਗੋਲੇ ਨਾਨਕ ਨੇ ਤੇਰੀ ਪਨਾਹ ਲਹੀ ਹੈ।

ਬਸੰਤੁ ਹਿੰਡੋਲ ਮਹਲਾ ੪ ॥
ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥
ਹਰ ਮੁਹਤ ਤੇ ਛਿਨ, ਮੇਰਾ ਮਨੂਆ ਭਟਕਦਾ ਭਊਦਾ ਅਤੇ ਬੜਾ ਭੱਜਿਆ ਫਿਰਦਾ ਹੈ। ਇੱਕ ਨਿਮਖ ਭਰ ਲਈ ਭੀ ਇਹ ਜਨਮ ਨਿੱਜ ਦੇ ਧਾਮ ਵਿੱਚ ਨਹੀਂ ਟਿਕਦਾ।

ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥
ਜਦ ਰੋਕ ਰਖਣਹਾਰ ਗੁਰਾਂ ਦੇ ਉਪਦੇਸ਼ ਦਾ ਕੁੰਡਾ ਇਸ ਦੇ ਸਿਰ ਤੇ ਰੱਖਿਆ ਜਾਂਦਾ ਹੈ ਤਾਂ ਆ ਕੇ ਇਹ ਨਿੱਜ ਦੇ ਧਾਮ ਅਤੇ ਮਹਿਲ ਵਿੱਚ ਟਿਕ ਜਾਂਦਾ ਹੈ।

ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥
ਹੇ ਮੇਰੇ ਮਾਣਨੀਯ ਸੁਆਮੀ ਮਾਲਕ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।

ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥
ਹੰਗਤਾ ਦੀ ਬਿਮਾਰੀ ਤੋਂ ਖਲਾਸੀ ਪਾਉਣ ਤੇ ਮੈਨੂੰ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ ਅਤੇ ਮੈਂ ਅਡੋਲਤਾ ਦੀ ਤਾੜੀ ਅੰਦਰ ਟਿਕ ਜਾਂਦਾ ਹਾਂ, ਹੇ ਮੇਰੇ ਵਾਹਿਗੁਰੂ! ਠਹਿਰਾਉ।

ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥
ਗ੍ਰਹਿ ਘਣੇਰਿਆਂ ਜਵੇਹਰਾਂ, ਹੀਰਿਆਂ ਅਤੇ ਮਣੀਆਂ ਨਾਲ ਲੱਦਿਆ ਪਿਆ ਹੈ ਪ੍ਰੰਤੂ ਭਟਕਦਾ ਹੋਇਆ ਮਨੂਆ ਉਹਨਾਂ ਨੂੰ ਲੱਭ ਨਹੀਂ ਸਕਦਾ।

ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥੨॥
ਜਿਸ ਤਰ੍ਹਾਂ ਸੇਘਾ ਲੁਕੇ ਹੋਏ ਖੂਹ ਨੂੰ ਇੱਕ ਮੁਹਤ ਵਿੱਚ ਖੁਦਵਾ ਦਿੰਦਾ ਹੈ, ਏਸੇ ਤਰ੍ਹਾਂ ਹੀ ਅਸੀਂ ਨਾਮ ਦੀ ਵਸਤੂ ਨੂੰ ਸੱਚੇ ਗੁਰਾਂ ਦੇ ਰਾਹੀਂ ਲੱਭ ਲੈਂਦੇ ਹਾਂ।

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥
ਜੋ ਐਹੋ ਜੇਹੇ ਸੰਤ ਸਰੂਪ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਲਾਨਤਯੋਗ, ਨਾਨਤਯੋਗ ਹੈ ਉਹਨਾਂ ਪੁਰਸ਼ਾਂ ਦਾ ਜੀਵਨ।

ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥੩॥
ਜਦ ਨੇਕੀਆਂ ਫਲ ਲਿਆਉਂਦੀਆਂ ਹਨ, ਤਦ ਹੀ ਮਨੁਖੀ ਜੀਵਨ ਦੀ ਦੌਲਤ ਪ੍ਰਾਪਤ ਹੁੰਦੀ ਹੈ, ਪ੍ਰੰਤੂ ਇਹ ਇੱਕ ਕੌਡੀ ਦੇ ਤਬਾਦਲੇ ਵਿੱਚ ਚਲੀ ਜਾਂਦੀ ਹੈ।

ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥
ਮੇਰੇ ਅੰਮ੍ਰਿਤ ਦੇ ਪਿਆਰੇ ਸੁਆਮੀ ਮਾਲਕ ਤੂੰ ਮੇਰੇ ਉਤੇ ਮਿਹਰ ਕਰ ਅਤੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ।

ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥
ਨੌਕਰ ਨਾਨਕ ਨੂੰ ਅਬਿਨਾਸ਼ੀ ਮਰਤਬਾ ਪ੍ਰਾਪਤ ਹੋ ਗਿਆ ਹੈ ਅਤੇ ਸੰਤਾਂ ਨਾਲ ਮਿਲ ਕੇ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

ਬਸੰਤੁ ਹਿੰਡੋਲ ਮਹਲਾ ੪ ॥
ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥
ਆਪ ਹੁਦਰੇ ਦੀ ਕਾਇਆ ਸੁੰਨਸਾਨ ਤੇ ਉਜੜੀ ਹੋਈ ਹੈ। ਪਾਪਾਂ ਦੇ ਗਮਾਂ ਦਾ ਸਤਾਇਆ ਹੋਇਆ ਉਹ ਆਉਂਦਾ ਤੇ ਜਾਂਦਾ ਹੈ।

ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੁੰਞੁ ॥੧॥
ਇਕ ਮੁਹਤ ਅਤੇ ਛਿੰਨ ਭਰ ਲਈ ਭੀ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਮੌਤ ਦਾ ਫਰਿਸ਼ਤਾ ਉਸ ਨੂੰ ਕੇਸਾਂ ਤੋਂ ਪਕੜ ਲੈਂਦਾ ਹੈ।

ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥
ਹੇ ਮੇਰੇ ਪੂਜਨੀਯ ਪ੍ਰਭੂ! ਤੂੰ ਮੇਰੀ ਹੰਗਤਾ ਅਤੇ ਸੰਸਾਰੀ ਮੋਹ ਦੀ ਜਹਿਰ ਨੂੰ ਕੱਟ ਦੇ।

ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥
ਗੁਰਾਂ ਦੀ ਸਾਧ ਸੰਗਤ ਪ੍ਰਭੂ ਨੂੰ ਮਿਠੜੀ ਲੱਗਦੀ ਹੈ। ਉਸ ਸਭਾ ਨਾਲ ਜੁੜ ਕੇ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ। ਠਹਿਰਾਉ।

ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਞੁ ॥
ਦਇਆ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਸੰਛਾਂ ਦੇ ਸਮਾਗਮ ਨਾਲ ਮਿਲਾ ਦੇ। ਮੈਂ ਤੇਰੇ ਸੰਤਾਂ ਦੀ ਸ਼ਰਣੀ ਪਿਆ ਹਾਂ।

ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮ੍ਹ੍ਹ ਦੀਨ ਦਇਆਲ ਦੁਖ ਭੰਞੁ ॥੨॥
ਤੂੰ, ਹੇ ਪ੍ਰਭੂ! ਮਸਕੀਨਾਂ ਤੇ ਮਿਹਰਬਾਨ ਅਤੇ ਰੰਜ ਗਮ ਨਾਸ ਕਰਨ ਵਾਲਾ ਹੈ। ਮੈਂ ਡੁਬਦੇ ਹੋਏ ਪੱਥਰ! ਤੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈ।

ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥
ਸੁਆਮੀ ਵਾਹਿਗੁਰੂ ਦੀ ਮਹਿਮਾ ਮੈਂ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਸਾਧ ਸੰਗਤ ਨਾਲ ਮਿਲ ਕੇ ਮੇਰੀ ਅਕਲ ਪ੍ਰਕਾਸ਼ਵਾਨ ਹੋ ਗਈ ਹੈ।

ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥੩॥
ਵਾਹਿਗੁਰੂ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ ਅਤੇ ਮੈਂ ਪ੍ਰਭੂ ਊਤੋ ਘੋਲੀ ਜਾਂਦਾ ਹਾਂ।

ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥
ਮੇਰੇ ਵਾਹਿਗੁਰੂ ਸੁਆਮੀ, ਤੂੰ ਗੋਲੇ ਦੀਆਂ ਸੱਧਰਾਂ ਪੂਰਨ ਕਰ। ਉਸ ਦੇ ਹਿਰਦੇ ਨੂੰ ਰੌਸ਼ਨ ਕਰਨ ਲਈ ਤੂੰ ਉਸ ਨੂੰ ਆਪਣਾ ਨਾਮ ਬਖਸ਼ ਹੇ ਸਾਈਂ ਮਾਲਕ!

ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥
ਗੋਲੇ ਨਾਨਕ ਦੇ ਚਿੱਤ ਅਤੇ ਦੇਹਿ ਅੰਦਰ ਖੁਸ਼ੀ ਹੈ ਅਤੇ ਗੁਰਾਂ ਨੇ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਭਜਨ ਬਖਸ਼ਿਆ ਹੈ।

copyright GurbaniShare.com all right reserved. Email