Page 1180

ਬਸੰਤੁ ਮਹਲਾ ੫ ਘਰੁ ੧ ਦੁਤੁਕੇ
ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗੁਰੁ ਸੇਵਉ ਕਰਿ ਨਮਸਕਾਰ ॥
ਮੈਂ ਗੁਰਾਂ ਦੀ ਘਾਲ ਕਮਾਉਂਦਾ ਤੇ ਉਹਨਾਂ ਨੂੰ ਬੰਦਨਾ ਕਰਦਾ ਹਾਂ।

ਆਜੁ ਹਮਾਰੈ ਮੰਗਲਚਾਰ ॥
ਅੱਜ ਮੇਰੇ ਲਈ ਖੁਸ਼ੀ ਦਾ ਅਵਸਰ ਹੈ।

ਆਜੁ ਹਮਾਰੈ ਮਹਾ ਅਨੰਦ ॥
ਅੱਜ ਮੈਂ ਪਰਮ ਖੁਸ਼ੀ ਵਿੱਚ ਹਾਂ।

ਚਿੰਤ ਲਥੀ ਭੇਟੇ ਗੋਬਿੰਦ ॥੧॥
ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਆਲਮ ਦੇ ਮਾਲਕ ਵਾਹਿਗੁਰੂ ਨੂੰ ਮਿਲ ਪਿਆ ਹਾਂ।

ਆਜੁ ਹਮਾਰੈ ਗ੍ਰਿਹਿ ਬਸੰਤ ॥
ਅੱਜ ਮੇਰੇ ਘਰ ਵਿੱਚ ਬਹਾਰ ਹੈ,

ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥
ਅਤੇ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਮੇਰੇ ਅਨੰਤ ਠਾਕੁਰ! ਠਹਿਰਾਉ।

ਆਜੁ ਹਮਾਰੈ ਬਨੇ ਫਾਗ ॥
ਅੱਜ ਮੈਂ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।

ਪ੍ਰਭ ਸੰਗੀ ਮਿਲਿ ਖੇਲਨ ਲਾਗ ॥
ਸੁਆਮੀ ਦੇ ਸਾਥੀਆਂ ਦੇ ਨਾਲ ਮਿਲ ਕੇ, ਮੈਂ ਖੇਡਣ ਲੱਗ ਗਿਆ ਹਾਂ।

ਹੋਲੀ ਕੀਨੀ ਸੰਤ ਸੇਵ ॥
ਸਾਧੂਆਂ ਦੀ ਟਹਿਲ ਸੇਵਾ ਮੇਰਾ ਹੋਲੀ ਖੇਡਣਾ ਹੈ।

ਰੰਗੁ ਲਾਗਾ ਅਤਿ ਲਾਲ ਦੇਵ ॥੨॥
ਸੁਆਮੀ ਦਾ ਪਰਮ ਸੂਹਾ ਰੰਗ ਮੈਨੂੰ ਚੜਿ੍ਹਆ ਹੋਇਆ ਹੈ।

ਮਨੁ ਤਨੁ ਮਉਲਿਓ ਅਤਿ ਅਨੂਪ ॥
ਮੇਰਾ ਚਿੱਤ ਅਤੇ ਦੇਹਿ ਪ੍ਰਫੁਲਤ ਹੋ ਗਏ ਹਨ ਅਤੇ ਉਹ ਨਿਹਾਇਤ ਹੀ ਸੁੰਦਰ ਹਨ।

ਸੂਕੈ ਨਾਹੀ ਛਾਵ ਧੂਪ ॥
ਉਹ ਛਾਂਵੇ ਜਾਂ ਧੁੱਪੇ ਮੁਰਝਾਉਂਦੇ ਨਹੀਂ,

ਸਗਲੀ ਰੂਤੀ ਹਰਿਆ ਹੋਇ ॥
ਅਤੇ ਉਹ ਸਾਰਿਆਂ ਮੌਸਮਾਂ ਅੰਦਰ ਸਰਸਬਜ ਰਹਿੰਦੇ ਹਨ।

ਸਦ ਬਸੰਤ ਗੁਰ ਮਿਲੇ ਦੇਵ ॥੩॥
ਆਪਣੇ ਗੁਰੂ ਪ੍ਰਮੇਸ਼ਵਰ ਨਾਂ ਮਿਲ ਕੇ ਮੈਂ ਹਮੇਸ਼ਾਂ ਖਿੜਾਓ ਅੰਦਰ ਵੱਸਦਾ ਹਾਂ।

ਬਿਰਖੁ ਜਮਿਓ ਹੈ ਪਾਰਜਾਤ ॥
ਮੇਰੇ ਲਈ ਸਵਰਗੀ ਬਿਰਛ ਲੈਂਦਾ ਹੋ ਗਿਆ ਹੈ।

ਫੂਲ ਲਗੇ ਫਲ ਰਤਨ ਭਾਂਤਿ ॥
ਇਸ ਨੂੰ ਫੁਲ ਅਤੇ ਕਈ ਕਿਸਮਾਂ ਦੇ ਜਵੇਹਰ ਵਰਗੇ ਮੇਵੇ ਲੱਗੇ ਹੋਏ ਹਨ।

ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥
ਮੈਂ ਹਰੀ ਦੀਆਂ ਸਿਫਤਾਂ ਗਾਇਨ ਕਰ ਰਜ ਅਤੇ ਧ੍ਰਾਪਾਂ ਗਿਆ ਹਾਂ।

ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੋਲਾ ਨਾਨਕ।

ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।

ਹਟਵਾਣੀ ਧਨ ਮਾਲ ਹਾਟੁ ਕੀਤੁ ॥
ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।

ਜੂਆਰੀ ਜੂਏ ਮਾਹਿ ਚੀਤੁ ॥
ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,

ਅਮਲੀ ਜੀਵੈ ਅਮਲੁ ਖਾਇ ॥
ਅਫੀਮੀ ਫੀਮ ਖਾ ਕੇ ਜੀਉਂਦਾ ਹੈ,

ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥੧॥
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।

ਅਪਨੈ ਰੰਗਿ ਸਭੁ ਕੋ ਰਚੈ ॥
ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।

ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥੧॥ ਰਹਾਉ ॥
ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।

ਮੇਘ ਸਮੈ ਮੋਰ ਨਿਰਤਿਕਾਰ ॥
ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,

ਚੰਦ ਦੇਖਿ ਬਿਗਸਹਿ ਕਉਲਾਰ ॥
ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,

ਮਾਤਾ ਬਾਰਿਕ ਦੇਖਿ ਅਨੰਦ ॥
ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,

ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥੨॥
ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।

ਸਿੰਘ ਰੁਚੈ ਸਦ ਭੋਜਨੁ ਮਾਸ ॥
ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।

ਰਣੁ ਦੇਖਿ ਸੂਰੇ ਚਿਤ ਉਲਾਸ ॥
ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।

ਕਿਰਪਨ ਕਉ ਅਤਿ ਧਨ ਪਿਆਰੁ ॥
ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।

ਹਰਿ ਜਨ ਕਉ ਹਰਿ ਹਰਿ ਆਧਾਰੁ ॥੩॥
ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।

ਸਰਬ ਰੰਗ ਇਕ ਰੰਗ ਮਾਹਿ ॥
ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।

ਸਰਬ ਸੁਖਾ ਸੁਖ ਹਰਿ ਕੈ ਨਾਇ ॥
ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।

ਤਿਸਹਿ ਪਰਾਪਤਿ ਇਹੁ ਨਿਧਾਨੁ ॥
ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,

ਨਾਨਕ ਗੁਰੁ ਜਿਸੁ ਕਰੇ ਦਾਨੁ ॥੪॥੨॥
ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!

ਬਸੰਤੁ ਮਹਲਾ ੫ ॥
ਬਸੰਤ ਪੰਜਵੀਂ ਪਾਤਿਸ਼ਾਹੀ।

ਤਿਸੁ ਬਸੰਤੁ ਜਿਸੁ ਪ੍ਰਭੁ ਕ੍ਰਿਪਾਲੁ ॥
ਕੇਵਲ ਉਹ ਹੀ ਖੁਸ਼ੀ ਵਿੱਚ ਹੈ, ਜਿਸ ਤੇ ਸਾਈਂ ਮਿਹਰਬਾਨ ਹੈ।

ਤਿਸੁ ਬਸੰਤੁ ਜਿਸੁ ਗੁਰੁ ਦਇਆਲੁ ॥
ਕੇਵਲ ਉਹ ਹੀ ਬਹਾਰ ਅੰਦਰ ਹੈ, ਜਿਸ ਤੇ ਗੁਰਦੇਵ ਮਾਇਵਾਨ ਹਨ।

ਮੰਗਲੁ ਤਿਸ ਕੈ ਜਿਸੁ ਏਕੁ ਕਾਮੁ ॥
ਹੁਲਾਸ ਕੇਵਲ ਉਸ ਅੰਦਰ ਹੈ, ਜੋ ਸੁਆਮੀ ਦੀ ਸੇਵਾ ਦੇ ਹੀ ਸਮਰਪਨ ਹੋਇਆ ਹੈ।

ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥੧॥
ਉਸ ਲਈ ਹਮੇਸ਼ਾਂ ਹੀ ਬਹਾਰ ਦੀ ਰੁਤ ਹੈ, ਜਿਸ ਦੇ ਹਿਰਦੇ ਅੰਦਰ ਨਾਮ ਵੱਸਦਾ ਹੈ।

ਗ੍ਰਿਹਿ ਤਾ ਕੇ ਬਸੰਤੁ ਗਨੀ ॥
ਕੇਵਲ ਉਸ ਦੇ ਘਰ ਅੰਦਰ ਹੀ ਬਹਾਰ ਗਿਣੀ ਜਾਂਦੀ ਹੈ।

ਜਾ ਕੈ ਕੀਰਤਨੁ ਹਰਿ ਧੁਨੀ ॥੧॥ ਰਹਾਉ ॥
ਜਿਸ ਦੇ ਮਨ ਵਿੱਚ ਪ੍ਰਭੂ ਦੇ ਜੱਸ ਦਾ ਰਾਗ ਗੂੰਜਦਾ ਹੈ। ਠਹਿਰਾਉ।

ਪ੍ਰੀਤਿ ਪਾਰਬ੍ਰਹਮ ਮਉਲਿ ਮਨਾ ॥
ਹੇ ਮੇਰੀ ਜਿੰਦੜੀਏ! ਤੂੰ ਪਰਮ ਪ੍ਰਭੂ ਦੀ ਪਿਰਹੜੀ ਅੰਦਰ ਪ੍ਰਫੁਲਤ ਹੋ।

ਗਿਆਨੁ ਕਮਾਈਐ ਪੂਛਿ ਜਨਾਂ ॥
ਸਾਹਿਬ ਦੇ ਗੋਲਿਆਂ ਦੀ ਸਲਾਹ ਲੈ ਕੇ ਤੂੰ ਬ੍ਰਹਮ ਗਿਆਤ ਦੀ ਕਮਾਈ ਕਰ।

ਸੋ ਤਪਸੀ ਜਿਸੁ ਸਾਧਸੰਗੁ ॥
ਕੇਵਲ ਉਹ ਹੀ ਤਪੀਸ਼ਰ ਹੈ ਜੋ ਸੰਤਾਂ ਦੀ ਸੰਗਤ ਕਰਦਾ ਹੈ।

ਸਦ ਧਿਆਨੀ ਜਿਸੁ ਗੁਰਹਿ ਰੰਗੁ ॥੨॥
ਉਹ ਸਦੀਵ ਹੀ ਬ੍ਰਹਮ ਬੇਤਾ ਹੈ ਜੋ ਗੁਰਾਂ ਨੂੰ ਪਿਆਰ ਕਰਦਾ ਹੈ।

ਸੇ ਨਿਰਭਉ ਜਿਨ੍ਹ੍ਹ ਭਉ ਪਇਆ ॥
ਕੇਵਲ ਉਹ ਹੀ ਡਰ ਰਹਿਤ ਹੈ, ਜੋ ਆਪਣੇ ਪ੍ਰਭੂ ਤੋਂ ਡਰਦਾ ਹੈ।

ਸੋ ਸੁਖੀਆ ਜਿਸੁ ਭ੍ਰਮੁ ਗਇਆ ॥
ਕੇਵਲ ਉਹ ਹੀ ਸੁਖੀ ਹੈ, ਜਿਸ ਦਾ ਵਹਿਮ ਦੂਰ ਹੋ ਗਿਆ ਹੈ।

ਸੋ ਇਕਾਂਤੀ ਜਿਸੁ ਰਿਦਾ ਥਾਇ ॥
ਕੇਵਲ ਉਹ ਹੀ ਗੋਸ਼ਾ ਨਸ਼ੀਨ ਹੈ, ਜਿਸ ਦਾ ਮਨ ਸਥਿਰ ਹੈ।

ਸੋਈ ਨਿਹਚਲੁ ਸਾਚ ਠਾਇ ॥੩॥
ਕੇਵਲ ਉਹ ਹੀ ਅਹਿੱਲ ਹੈ, ਜਿਸ ਨੂੰ ਸੱਚਾ ਟਿਕਾਣਾ ਪ੍ਰਾਪਤ ਹੋ ਗਿਆ ਹੈ।

ਏਕਾ ਖੋਜੈ ਏਕ ਪ੍ਰੀਤਿ ॥
ਜੋ ਕੋਈ ਕੇਵਲ ਇੱਕ ਨੂੰ ਹੀ ਲੱਭਦਾ ਹੈ ਤੇ ਪਿਆਰ ਕਰਦਾ ਹੈ।

ਦਰਸਨ ਪਰਸਨ ਹੀਤ ਚੀਤਿ ॥
ਜੋ ਕੋਈ ਸਾਈਂ ਦੇ ਦੀਦਾਰ ਦੇਖਣ ਨੂੰ ਦਿਲੋਂ ਪਿਆਰ ਕਰਦਾ ਹੈ,

ਹਰਿ ਰੰਗ ਰੰਗਾ ਸਹਜਿ ਮਾਣੁ ॥
ਅਤੇ ਜੋ ਕੋਈ ਭੀ ਸਾਰੀਆਂ ਮੁਹੱਬਤਾਂ ਵਿਚੋਂ ਵਾਹਿਗੁਰੂ ਦੀ ਮੁਹੱਬਤ ਦਾ ਸੁਤੇ ਸਿਧ ਹੀ ਅਨੰਦ ਲੈਂਦਾ ਹੈ;

ਨਾਨਕ ਦਾਸ ਤਿਸੁ ਜਨ ਕੁਰਬਾਣੁ ॥੪॥੩॥
ਗੋਲਾ ਨਾਨਕ ਉਸ ਪੁਰਸ਼ ਉਤੋਂ ਬਲਿਹਾਰਨੇ ਜਾਂਦਾ ਹੈ।

copyright GurbaniShare.com all right reserved. Email