Page 1206

ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥
ਢੂੰਡ ਭਾਲ ਕੇ ਮੈਂ ਇਹ ਅਨੁਭਵ ਕੀਤਾ ਹੈ ਕਿ ਸਾਰੇ ਆਰਾਮ ਵਾਹਿਗੁਰੂ ਦੇ ਨਾਮ ਵਿੱਚ ਹੀ ਹਨ।

ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥
ਗੁਰੂ ਜੀ ਆਖਦੇ ਹਨ, ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਅਨਦਿਨੁ ਰਾਮ ਕੇ ਗੁਣ ਕਹੀਐ ॥
ਰਾਤ ਤੇ ਦਿਨ ਤੂੰ ਆਪਣੇ ਪ੍ਰਭੂ ਦਾ ਜੱਸ ਉਚਾਰਨ ਕਰ।

ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥
ਇਸ ਤਰ੍ਹਾਂ ਤੈਨੂੰ ਸਾਰੀਆਂ ਦੌਲਤਾਂ ਸਾਰੇ ਆਰਾਮ ਤੇ ਕਾਮਯਾਬੀਆਂ ਅਤੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਜਾਣਗੇ। ਠਹਿਰਾਉ।

ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥
ਤੁਸੀਂ ਆਓ ਸਾਧੂਓ ਆਪਾਂ ਜਿੰਦ-ਜਾਨ ਅਤੇ ਪ੍ਰਸੰਨਤਾ ਦੇਣਹਾਰ ਅਮਰ ਸੁਆਮੀ ਦਾ ਆਰਾਧਨ ਕਰੀਏ।

ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥
ਨਿਖਸਮਿਆਂ ਦਾ ਖਸਮ ਅਤੇ ਗਰੀਬ ਦੇ ਗਮ ਦੂਰ ਕਰਨਹਾਰ ਵਾਹਿਗੁਰੂ ਹਰ ਦਿਲ ਅੰਦਰ ਰਮ ਅਤੇ ਵਸ ਰਿਹਾ ਹੈ।

ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥
ਪਰਮ ਚੰਗੇ ਨਸੀਬਾਂ ਵਾਲੇ ਭਰੋਸੇ ਨਾਲ ਹਰੀ ਦਾ ਜੱਸ ਗਾਉਣੇ ਸੁਣਦੇ ਤੇ ਸੁਣਾਉਂਦੇ ਹਨ ਅਤੇ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।

ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥
ਸਾਰੇ ਝਗੜੇ ਅਤੇ ਦੁਖੜੇ ਉਨ੍ਹਾਂ ਦੀ ਦੇਹਿ ਤੋਂ ਦੂਰ ਹੋ ਜਾਂਦੇ ਹਨ, ਜੋ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਜਾਗਦੇ ਹਨ।

ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥
ਤੂੰ ਆਪਣੀ ਸ਼ਹਿਵਤ, ਗੁੱਸੇ ਕੂੜ ਅਤੇ ਬਦਖੋਈ ਨੂੰ ਛੱਡ ਦੇ। ਰੱਬ ਦਾ ਆਰਾਧਨ ਕਰਨ ਦੁਆਰਾ, ਤੇਰਾ ਜੂੜ ਵੱਢੇ ਜਾਣਗੇ।

ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥
ਗੁਰਾਂ ਦੀ ਦਇਆ ਦੁਆਰਾ, ਜੀਵ ਸੰਸਾਰੀ ਲਗਨ ਹੰਕਾਰ ਅਤੇ ਅੰਨ੍ਹੀ ਅਪਣਤ ਦੀ ਮਸਤੀ ਤੋਂ ਖਲਾਸੀ ਪਾ ਜਾਂਦਾ ਹੈ।

ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥
ਤੂੰ ਸਰਬ-ਸ਼ਕਤੀਵਾਨ ਪਰਮ ਪ੍ਰਭੂ ਸਾਹਿਬ ਹੈ। ਤੂੰ ਮੇਰੇ ਆਪਣੇ ਗੋਲੇ ਉਤੇ ਰਹਿਮਤ ਧਾਰ।

ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥
ਮੇਰਾ ਮਾਲਕ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ। ਹੇ ਨਾਨਕ! ਉਹ ਸੁਆਮੀ ਐਨ ਨੇੜੇ ਹੀ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਬਲਿਹਾਰੀ ਗੁਰਦੇਵ ਚਰਨ ॥
ਗੁਰੂ-ਪ੍ਰਮੇਸ਼ਰ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥
ਜਿਸ ਦੀ ਸੰਗਤ ਕਰਨ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ ਅਤੇ ਜਿਸਦੀ ਸਿਖ-ਮਤ ਦੁਆਰਾ ਸਾਡੀ ਕਲਿਆਣ ਹੋ ਜਾਂਦੀ ਹੈ। ਠਹਿਰਾਉ।

ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥
ਜਿਹੜਾ ਭੀ ਸਾਹਿਬ ਦੇ ਸਾਧੂਆਂ ਦੀ ਪਨਾਹ ਲੈਂਦਾ ਹੈ, ਉਸ ਦੇ ਸਾਰੇ ਦੁਖੜੇ ਬੀਮਾਰੀਆਂ ਅਤੇ ਡਰ ਦੁਰ ਹੋ ਜਾਂਦੇ ਹਨ।

ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥
ਗੁਰੂ ਜੀ, ਖੁਦ ਸਾਈਂ ਨੂੰ ਸਿਮਰਦੇ ਹਨ ਅਤੇ ਹੋਰਨਾ ਪਾਸੋਂ ਸਿਮਰਨ ਕਰਵਾਉਂਦੇ ਹਨ। ਉਹ ਮਹਾਨ ਬਲਵਾਨ ਹਨ ਅਤੇ ਪਾਰ ਉਤਾਰਨ ਨਹੀਂ ਜਹਾਜ਼ ਹਨ।

ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥
ਐਸੇ ਹਨ ਗੁਰਦੇਵ, ਜਿਨ੍ਹਾਂ ਦਾ ਉਪਦੇਸ਼ ਭਰਮ ਨੂੰ ਦੂਰ ਅਤੇ ਖਾਲੀ ਨੂੰ ਪੂਰੀ ਤਰ੍ਹਾ ਭਰ ਦਿੰਦਾ ਹੈ।

ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥
ਜੋ ਸਾਈਂ ਦੇ ਗੋਲਿਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, ਉਹ ਮੁੜ ਕੇ ਉਦਰ ਅੰਦਰ ਪ੍ਰਵੇਸ਼ ਨਹੀਂ ਕਰਦੇ।

ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥
ਜੋ ਕੋਈ ਸੰਤਾਂ ਦੀ ਸੇਵਾ ਕਰਦਾ ਅਤੇ ਪ੍ਰਭੂ ਦਾ ਜੱਸ ਗਾਉਂਦਾ ਹੈ, ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ।

ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥
ਜਿਨ੍ਹਾਂ ਉਤੇ ਪ੍ਰੀਤਮ ਮਇਆਵਾਨ ਹੋ ਜਾਂਦਾ ਹੈ, ਉਹ ਪ੍ਰਭੂ ਦੇ ਨਾਮ ਦੀ ਨਾਂ-ਸਹਾਰੀ ਜਾਣ ਵਾਲੀ ਖੁਸ਼ੀ ਨੂੰ ਸਹਾਰ ਲੈਂਦੇ ਹਨ।

ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥
ਜੋ ਹਰੀ ਦੇ ਅੰਮ੍ਰਿਤ ਨਾਲ ਸੰਤੁਸ਼ਟ ਹੋਏ ਹੋਏ ਹਨ, ਉਹ ਸੁਅਮੀ ਅੰਦਰ ਲੀਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਪ੍ਰਭਤਾ ਮੂੰਹ ਨਾਲ ਵਰਣਨ ਕੀਤੀ ਨਹੀਂ ਜਾ ਸਕਦੀ।

ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥
ਉਹ, ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਸੰਤੁਸ਼ਟ ਹਨ ਅਤੇ ਸੁਆਮੀ ਦੇ ਨਾਮ ਦਾ ਸਿਰਮਨ ਅਤੇ ਆਰਾਧਨ ਕਰਨ ਦੁਆਰਾ ਮੁਕਤ ਹੋ ਗਏ ਹਨ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥
ਨੀ ਮੇਰੀ ਸਹੇਲੀਏ! ਮੈਂ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹਾਂ।

ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥
ਸੁਲੱਖਣਾ ਹੈ ਉਹ ਢੋ ਮੇਲ ਅਤੇ ਸੁਲੱਖਣਾ ਉਹ ਦਿਹਾੜਾ ਅਤੇ ਮੁਹਤ ਜਦ ਇਨਸਾਨ ਆਪਣੇ ਪ੍ਰਭੂ ਨੂੰ ਪ੍ਰਸੰਨ ਕਰਦਾ ਹੈ। ਠਹਿਰਾਉ।

ਸੰਤਹ ਚਰਨ ਮੋਰਲੋ ਮਾਥਾ ॥
ਸਾਧੂਆਂ ਦੇ ਪੈਰਾ ਉਤੇ ਮੈਂ ਆਪਣਾ ਮੱਥਾ ਰਖਦਾ ਹਾਂ।

ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥
ਮੇਰੇ ਮੱਥੇ ਉਤੇ ਸਾਧੂਆਂ ਨੇ ਆਪਣਾ ਹੱਥ ਰਖਿਆ ਹੈ।

ਸਾਧਹ ਮੰਤ੍ਰੁ ਮੋਰਲੋ ਮਨੂਆ ॥
ਸੰਤਾਂ ਦੇ ਉਪਦੇਸ਼ ਨਾਲ ਮੇਰਾ ਮਨ ਪਰਸੰਨ ਹੋ ਗਿਆ ਹੈ,

ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥
ਜਿਸ ਦੁਆਰਾ ਮੈਂ ਤਿੰਨਾਂ ਗੁਣਾ ਤੋਂ ਉਚੇਰਾ ਹੋ ਗਿਆ ਹਾਂ।

ਭਗਤਹ ਦਰਸੁ ਦੇਖਿ ਨੈਨ ਰੰਗਾ ॥
ਸੰਤਾਂ ਦਾ ਦੀਦਾਰ ਵੇਖਣ ਦੁਆਰਾ ਪ੍ਰਭੂ ਦੀ ਪ੍ਰੀਤ ਮੇਰੀਆਂ ਅੱਖਾਂ ਅੰਰਦ ਉਤਪੰਨ ਹੋ ਗਈ ਹੈ,

ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥
ਅਤੇ ਲਾਲਚ, ਸੰਸਾਰੀ ਮਮਤਾ ਅਤੇ ਸੰਦੇਹਿ ਨਾਲੋ ਮੇਰੀ ਸੰਗਤ ਟੁੱਟ ਗਈ ਹੈ।

ਕਹੁ ਨਾਨਕ ਸੁਖ ਸਹਜ ਅਨੰਦਾ ॥
ਗੁਰੂ ਜੀ ਆਖਦੇ ਹਨ, ਹੁਣ ਮੈਂ ਆਰਾਮ, ਅਡੋਲਤਾ ਅਤੇ ਖੁਸ਼ੀ ਅੰਦਰ ਵਸਦਾ ਹਾਂ,

ਖੋਲ੍ਹ੍ਹਿ ਭੀਤਿ ਮਿਲੇ ਪਰਮਾਨੰਦਾ ॥੪॥੧੪॥
ਅਤੇ ਆਤਮਕ ਬੇਸਮਝੀ ਦੀ ਕੰਧ ਨੂੰ ਦੂਰ ਕਰ ਕੇ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਮਿਲ ਪਿਆ ਹਾਂ।

ਸਾਰਗ ਮਹਲਾ ੫ ਘਰੁ ੨
ਸਾਰੰਗ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕੈਸੇ ਕਹਉ ਮੋਹਿ ਜੀਅ ਬੇਦਨਾਈ ॥
ਮੈਂ ਆਪਣੀ ਜਿੰਦੜੀ ਦੀ ਪੀੜ ਨੂੰ ਕਿਸ ਤਰ੍ਹਾਂ ਦੱਸਾ?

ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥
ਮੈਂ ਆਪਣੇ ਮਨਮੋਹਨ ਤੇ ਪਿਆਰੇ ਪ੍ਰੀਤਮ ਦੇ ਦੀਦਾਰ ਦੀ ਤਿਹਾਈ ਹਾਂ। ਮੇਰੀ ਜਿੰਦੜੀ ਇਸ ਦੇ ਬਾਝੋਂ ਰਹਿ ਨਹੀਂ ਸਕਦੀ ਤੇ ਅਨੇਕਾਂ ਤਰੀਕਿਆਂ ਨਾਲ ਇਸ ਦੀ ਤਾਂਘ ਕਰਦੀ ਹੈ। ਠਹਿਰਾਉ।

copyright GurbaniShare.com all right reserved. Email