ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਹਰੀ ਦਾ ਨਾਮ ਹੀ ਮੈਂ ਉਚਾਰਦਾ ਹਾਂ ਅਤੇ ਹੋਰ ਸਾਰੇ ਪਿਆਰ ਮੈਂ ਛੱਡ ਦਿੱਤੇ ਹਨ। ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥ ਫਰੇਫਤਾ ਕਰ ਲੈਣ ਵਾਲਾ ਹੈ ਮੇਰਾ ਪਿਆਰਾ। ਨਿਰਲੇਪ ਸੁਆਮੀ ਵਾਹਿਗੁਰੂ ਮਹਾਨ ਪਰਸੰਨਤਾ ਦਾ ਸਰੂਪ ਹੈ। ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ, ਹੇ ਵਾਹਿਗੁਰੂ ਮੇਰੇ ਮਾਲਕ! ਤੂੰ ਇਕ ਮੁਹਤ ਅਤੇ ਇਕ ਛਿਨ ਭਰ ਲਈ ਮੈਨੂੰ ਆਪਣਾ ਦਰਸ ਵਿਖਾਲ। ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ਰਾਗ ਮਲਾਰ ਪੰਜਵੀਂ ਪਾਤਿਸ਼ਾਹੀ। ਚਊਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥ ਤੂੰ ਕੀ ਵਿਚਾਰਦਾ ਹੈਂ, ਤੂੰ ਕੀ ਖਿਆਲ ਕਰਦਾ ਹੈਂ ਅਤੇ ਤੂੰ ਕੀ ਉਪਰਾਲਾ ਕਰਦਾ ਹੈਂ? ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥ ਜਿਸ ਦਾ ਸਹਾਇਕ ਜਗਤ ਦਾ ਪਾਲਣ-ਪੋਸਣਹਾਰ ਹੈ, ਦੱਸੋ! ਉਹ ਕਿਸ ਦੀ ਮੁਛੰਦਗੀ ਧਰਾ ਸਕਦਾ ਹੈ? ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ ਬਦਲ ਵਰ੍ਹਦਾ ਹੈ, ਹੇ ਸਹੇਲੀਏ! ਪ੍ਰਾਹੁਣਾ ਮੇਰੇ ਗ੍ਰਹਿ ਵਿੱਚ ਆ ਗਿਆ ਹੈ। ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥ ਮੈਂ ਮਸਕੀਨ ਹਾਂ। ਮੇਰਾ ਮਾਲਕ ਰਹਿਮਤ ਦਾ ਸਮੁੰਦਰ ਹੈ। ਹੇ ਵਾਹਿਗੁਰੂ ਤੂੰ ਮੈਨੂੰ ਆਪਣੇ ਨਾਮ, ਨੌ ਖਜਾਨੇ ਬਖਸ਼ਣਹਾਰ ਵਿੱਚ ਲੀਨ ਕਰ ਲੈ। ਠਹਿਰਾਉ। ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਮੈਂ ਅਨੇਕਾਂ ਤਰੀਕਿਆਂ ਨਾਲ ਘਣੇਰੇ ਖਾਣੇ ਅਤੇ ਬਹੁਤੀਆਂ ਮਿਠਾਈਆਂ ਨਿਆਮ੍ਹਤਾ ਤਿਆਰ ਕੀਤੀਆਂ ਹਨ। ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥ ਰਸੋਈ ਨੂੰ ਮੈਂ ਸਾਫ ਅਤੇ ਪਵਿੱਤਰ ਕੀਤਾ ਹੈ। ਹੁਣ, ਹੇ ਪ੍ਰਭੂ ਪਾਤਿਸ਼ਾਹ! ਤੂੰ ਆ ਕੇ ਪ੍ਰਸ਼ਾਦ ਛਕ। ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥ ਪਾਂਬਰ ਨਸ਼ਟ ਹੋ ਗਏ ਹਨ ਅਤੇ ਮਿੱਤਰ ਪ੍ਰਸੰਨ, ਹੇ ਸੁਆਮੀ! ਤੂੰ ਹੁਣ ਇਸ ਮੇਰੀ ਦੇਹ ਦੇ ਮਹਿਲ ਤੇ ਧਾਮ ਨੂੰ ਆਪਣਾ ਬਣਾ ਲੈ। ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥ ਜਦ ਖਿਲੰਦੜਾ ਪ੍ਰੀਤਮ ਮੇਰੇ ਝੁੱਗੇ ਵਿੱਚ ਆ ਗਿਆ, ਤਦ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ। ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥ ਸਤਿਸੰਗਤ ਅੰਦਰ ਮੈਨੂੰ ਪੂਰਨ ਗੁਰਾਂ ਦੀ ਪਨਾਹ ਪਰਾਪਤ ਹੋ ਗਈ ਹੈ ਕਿਉਂਕਿ ਐਹੋ ਜੇਹੀ ਲਿਖਤਾਕਾਰ ਮੁਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਸੀ। ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥ ਗੋਲੇ ਨਾਨਕ ਨੂੰ ਉਸ ਦਾ ਖੁਸ਼ਬਾਸ਼ ਭਰਤਾ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਹ ਮੁੜ ਕਸ਼ਟ ਨਹੀਂ ਉਠਾਵੇਗਾ। ਮਲਾਰ ਮਹਲਾ ੫ ॥ ਮਲਾਰ ਪੰਜਵੀਂ ਪਾਤਿਸ਼ਾਹੀ। ਖੀਰ ਅਧਾਰਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ ॥ ਜਦ ਬੱਚੇ ਦੀ ਖੁਰਾਕ ਕੇਵਲ ਦੁੱਧ ਹੀ ਹੈ, ਤਾਂ ਦੁੱਧ ਦੇ ਬਗੈਰ ਇਹ ਰਹਿ ਨਹੀਂ ਸਕਦਾ। ਸਾਰਿ ਸਮ੍ਹ੍ਹਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥੧॥ ਮਾਂ ਇਸ ਦੀ ਸੰਭਾਲ ਕਰਦੀ ਹੈ ਅਤੇ ਇਸ ਦੇ ਮੂੰਹ ਵਿੱਚ ਦੁੱਧ ਪਾਉਂਦੀ ਅਤੇ ਤਦ ਉਹ ਰੱਜਦਾ ਅਤੇ ਧ੍ਰਾਪਦਾ ਹੈ। ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥ ਮੈਂ ਬੱਚਾ ਹਾਂ ਅਤੇ ਦਾਤਾਰ ਸੁਆਮੀ ਮੇਰਾ ਬਾਪੂ ਹੈ। ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥੧॥ ਰਹਾਉ ॥ ਬੱਚਾ ਅਨੇਕਾ ਅਤੇ ਲੱਖਾਂ ਵਾਰੀ ਗਲਤੀਆਂ ਕਰਦਾ ਹੈ। ਉਸ ਨੂੰ ਹੋਰ ਕੋਈ ਥਾਂ ਨਹੀਂ ਜਿਥੇ ਉਹ ਜਾ ਸਕਦਾ ਹੈ। ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ ਚੁਲਬੁਲਾ ਹੈ ਚਿੱਤ ਗਰੀਬ ਬੱਚੇ ਦਾ। ਉਹ ਸੱਪ ਅਤੇ ਅੰਗ ਨੂੰ ਭੀ ਹੱਥ ਪਾ ਲੈਂਦਾ ਹੈ। ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥੨॥ ਮਾਂ ਅਤੇ ਪਿਉ ਉਸ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੇ ਹਨ। ਤਦ ਉਹ ਕੁਦਰਤੀ ਤੌਰ ਤੇ ਖੁਸ਼ੀ ਨਾਲ ਖੇਡਦਾ ਹੈ। ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥ ਜਿਸ ਬਾਪੂ ਦਾ ਤੂੰ ਹੈ, ਹੇ ਮੇਰੇ ਮਾਲਕ! ਉਸ ਇਆਣੇ ਨੂੰ ਕਿਸ ਕਿਸਮ ਦੀ ਭੁੱਖ ਲਗ ਸਕਦੀ ਹੈ? ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ ਮਨਿ ਬਾਂਛੈ ਸੋ ਲੈਸੀ ॥੩॥ ਤੇਰੇ ਧਾਮ ਅੰਦਰ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਹਨ। ਜਿਹੜਾ ਕੁਛ ਉਸ ਦਾ ਚਿੱਤ ਚਾਹੁੰਦਾ ਹੈ, ਉਹੋ ਕੁਛ ਹੀ ਉਹ ਪਾ ਲੈਂਦਾ ਹੈ। ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥ ਦਇਆਵਾਨ ਬਾਬਲ ਨੇ ਇਹ ਹੁਕਮ ਦਿੱਤਾ ਹੈ ਕਿ ਜਿਹੜਾ ਕੁਝ ਭੀ ਬਾਲ ਆਪਣੇ ਮੁੰਹੋ ਮੰਗੇ, ਉਸ ਨੂੰ ਉਹੀ ਕੁਝ ਦੇ ਦਿੱਤਾ ਜਾਵੇ। ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥ ਬਾਲ ਨਾਨਕ ਸੁਆਮੀ ਦੇ ਦਰਸ਼ਨ ਨੂੰ ਲੋਚਦਾ ਹੈ। ਰੱਬ ਕਰੇ, ਸੁਆਮੀ ਦੇ ਚਰਨ ਸਦਾ ਲਈ ਮੇਰੇ ਮਨ ਵਿੱਚ ਨਿਵਾਸ ਕਰ ਲੈਣ। ਮਲਾਰ ਮਹਲਾ ੫ ॥ ਮਲਾਰ ਪੰਜਵੀਂ ਪਾਤਿਸ਼ਾਹੀ। ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥ ਸਾਰੇ ਸਾਧਨ ਮੇਲ ਕੇ ਮੈਂ ਉਪਰਾਲਾ ਕੀਤਾ ਹੈ ਅਤੇ ਸਾਰਾ ਫਿਕਰ ਲਾਹ ਛੱਡਿਆ ਹੈ। ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥ ਪ੍ਰਭੂ ਉਤੇ ਵਿਸ਼ਵਾਸ ਧਾਰ ਕੇ, ਮੈਂ ਆਪਣੇ ਸਾਰੇ ਘਰੋਗੀ ਕੰਮ-ਕਾਜ ਰਾਸ ਕਰਨੇ ਸ਼ੁਰੂ ਕਰ ਦਿੱਤੇ ਹਨ। ਸੁਨੀਐ ਬਾਜੈ ਬਾਜ ਸੁਹਾਵੀ ॥ ਮੈਂ ਹੁਣ ਦਸਮ ਦੁਆਰ ਦੇ ਬੈਕੁੰਠੀ ਕੀਰਤਨ ਦਾ ਸੁੰਦਰ ਰਾਗੁ ਸੁਣਦਾ ਹਾਂ। ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥ ਪਹੁ ਫੁਟਾਲਾ ਹੋ ਗਿਆ ਹੈ ਅਤੇ ਮੈਨੂੰ ਹੁਣ ਆਪਣੇ ਪ੍ਰੀਤਮ ਦਾ ਮੁਖੜਾ ਦਿੱਸਦਾ ਹੈ ਅਤੇ ਮੇਰਾ ਘਰ ਖੁਸ਼ੀ ਅਤੇ ਸੁਖ ਨਾਲ ਭਰ ਗਿਆ ਹੈ। ਠਹਿਰਾਉ। ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥ ਆਪਣੀ ਜੋੜ ਮੈਂ ਆਪਣੇ ਮਨ ਦੇ ਅਸਥਾਨ ਨੂੰ ਸਾਫ ਕਰ ਲਿਆ ਹੈ ਤੇ ਹੁਣ ਮੈਂ ਸਾਧੂਆਂ ਕੋਲ ਆਪਣੀ ਸਾਈਂ ਬਾਰੇ ਪੁਛਣ ਜਾਂਦਾ ਹਾਂ। ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥ ਢੂੰਡ ਅਤੇ ਭਾਲ ਕਰਦੀ ਹੋਈ ਮੈਂ ਆਪਣੇ ਪ੍ਰਾਹੁਣੇ ਨੂੰ ਮਿਲ ਪਈ ਹਾਂ ਅਤੇ ਉਸ ਦੇ ਪੈਰਾਂ ਨੂੰ ਨਿਮਸਕਾਰ ਕਰ, ਮੈਂ ਹੁਣ ਉਸ ਦੀ ਪ੍ਰੇਮਮਈ ਸੇਵਾ ਕਮਾਉਂਦੀ ਹਾਂ। copyright GurbaniShare.com all right reserved. Email |