Page 1269

ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥
ਸੰਸਾਰ ਦਾ ਸੁਆਮੀ ਮੇਰੇ ਚਿੱਤ ਤੇ ਸਰੀਰ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਮੇਸ਼ਾਂ ਹਾਜ਼ਰ ਨਾਜ਼ਰ ਵੇਖਦਾ ਹਾਂ।

ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
ਨਾਨਕ ਪ੍ਰਭੂ ਸਾਰਿਆਂ ਅੰਦਰ ਰਮ ਰਿਹਾ ਹੈ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥
ਉਹ ਕੌਣ ਕੌਣ ਹੈ, ਜਿਸ ਦੀ ਸੁਆਮੀ ਦੇ ਸਿਮਰਨ ਰਾਹੀਂ ਕਲਿਆਨ ਨਹੀਂ ਹੋਈ?

ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥
ਜਿਨ੍ਹਾਂ ਨੇ ਪੰਛੀ ਦੀ ਦੇਹ, ਮੱਛੀ ਦੀ ਦੇਹ, ਹਰਣ ਦੀ ਦੇਹ ਅਤੇ ਸੂਰ ਦੀ ਦੇਹ ਧਾਰਨ ਕੀਤੀ ਸੀ, ਸਤਿਸੰਗਤ ਦੁਆਰਾ, ਉਹਨਾਂ ਦਾ ਭੀ ਪਾਰ ਉਤਾਰਾ ਹੋ ਗਿਆ। ਠਹਿਰਾਉ।

ਦੇਵ ਕੁਲ ਦੈਤ ਕੁਲ ਜਖ੍ਯ੍ਯ ਕਿੰਨਰ ਨਰ ਸਾਗਰ ਉਤਰੇ ਪਾਰੇ ॥
ਦੇਵਤਿਆਂ ਦੇ ਖਾਨਦਾਨ, ਰਾਖਸ਼ ਦੇ ਖਾਨਦਾਨ ਪਰਮ ਦੇਵ, ਸਵਰਗੀ ਗਵੱਈਏ ਅਤੇ ਪ੍ਰਾਣੀ ਸਮੁੰਦਰ ਤੋਂ ਪਾਰ ਉਤਰ ਗਏ ਸਨ।

ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
ਜੋ ਕੋਈ ਭੀ ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਦੁਖੜੇ ਦੂਰ ਹੋ ਜਾਂਦੇ ਹਨ।

ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥
ਭੋਗ-ਬਿਲਾਸ, ਗੁੱਸਾ ਅਤੇ ਬੱਜਰ ਪਾਪਾਂ ਦੇ ਸੁਆਦਾਂ, ਇਨ੍ਹਾਂ ਤੋਂ ਉਹ ਨਿਵੇਕਲਾ ਰਹਿੰਦਾ ਹੈ।

ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥
ਉਹ ਮਸਕੀਨਾ ਤੇ ਮਿਹਰਬਾਨ ਅਤੇ ਰਹਿਮਤ ਦੇ ਪੁੰਜ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ। ਉਸ ਉਤੋਂ ਨਾਨਕ ਸਦੀਵ ਹੀ ਵਾਰਣੇ ਜਾਂਦਾ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਆਜੁ ਮੈ ਬੈਸਿਓ ਹਰਿ ਹਾਟ ॥
ਅੱਜ, ਮੈਂ ਪ੍ਰਭੂ ਦੀ ਹੱਟੀ ਵਿੱਚ ਬੈਠਾ ਹਾਂ।

ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥
ਵਾਹਿਗੁਰੂ ਦੇ ਨਾਮ ਦੀ ਦੌਲਤ ਦੇ ਨਾਲ ਮੈਂ ਸੰਤਾਂ ਨਾਲ ਭਿਆਲੀ ਕੀਤੀ ਹੈ ਅਤੇ ਹੁਣ ਮੈਂ ਯਮ ਦੇ ਪੱਤਣ ਤੇ ਨਹੀਂ ਜਾਵਾਂਗਾ। ਠਹਿਰਾਉ।

ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹ੍ਹੇ ਕਪਾਟ ॥
ਆਪਣੀ ਮਿਹਰ ਕਰਕੇ, ਪਰਮ ਪ੍ਰਭੂ ਨੇ ਮੇਰੀ ਰਖਿਆ ਕੀਤੀ ਹੈ ਅਤੇ ਮੇਰੇ ਸੰਦੇਹ ਦੇ ਦਰਵਾਜੇ ਖੁਲ੍ਹ ਗਏ ਹਨ।

ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥
ਮੈਂ ਬੇਅੰਤ ਸੁਆਮੀ ਸ਼ਾਹੂਕਾਰ ਨੂੰ ਪਾ ਲਿਆ ਹੈ ਅਤੇ ਮੈਂ ਪ੍ਰਭੂ ਦੇ ਪੈਰਾਂ ਦੀ ਦੌਲਤ ਦਾ ਨਫਾ ਕਮਾਇਆ ਹੈ।

ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥
ਮੈਂ ਅਹਿੱਲ ਅਤੇ ਅਮਰ ਸੁਆਮੀ ਦੀ ਪਨਾਹ ਪਕੜੀ ਹੈ ਅਤੇ ਪਾਪਾਂ ਨੂੰ ਚੁਣ ਕੇ ਬਾਹਰ ਕੱਢ ਦਿੱਤਾ ਹੈ।

ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥
ਗੋਲੇ ਨਾਨਕ ਦੇ ਝਗੜੇ ਅਤੇ ਬਖੇੜੇ ਮੁਕ ਗਏ ਹਨ ਅਤੇ ਉਹ ਮੁੜ ਕੇ ਦੇਹ ਦੀਆਂ ਜੂਨੀਆਂ ਵਿੱਚ ਨਹੀਂ ਆਵੇਗਾ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਬਹੁ ਬਿਧਿ ਮਾਇਆ ਮੋਹ ਹਿਰਾਨੋ ॥
ਘਣੇਰਿਆ ਤਰੀਕਿਆਂ ਨਾਲ ਮੋਹਨੀ ਦੀ ਮਮਤਾ ਨੇ ਪ੍ਰਾਣੀ ਨੂੰ ਠੱਗ ਲਿਆ ਹੈ।

ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥
ਕ੍ਰੋੜਾਂ ਵਿਚੋਂ ਕੋਈ ਟਾਵਾਂ ਟੱਲਾ ਹੀ ਵਾਹਿਗੁਰੂ ਦਾ ਗੋਲਾ ਹੈ, ਜੋ ਚਿਰ ਤਾਂਈ ਸੁਆਮੀ ਦਾ ਪੁਰਾ ਸਾਧੂ ਬਣਿਆ ਰਹਿੰਦਾ ਹੈ। ਠਹਿਰਾਉ।

ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥
ਦੇਹ ਅਤੇ ਦੌਲਤ ਜਿਨ੍ਹਾਂ ਲਈ ਏਧਰ ਤੇ ਓਧਰ ਭਟਕ, ਭਟਕ ਕੇ ਇਨਸਾਨ ਦੁਖ ਉਠਾਉਂਦਾ ਹੈ, ਅੰਤ ਨੂੰ ਉਸ ਲਈ ਪਰਾਏ ਹੋ ਜਾਂਦੇ ਹਨ।

ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥
ਲੋਕਾਂ ਤੋਂ ਲੁਕਾ ਕੇ, ਠੱਗੀ ਠੋਰੀ ਕਰਦਾ ਹੈ ਅਤੇ ਉਸ ਨੂੰ ਨਹੀਂ ਜਾਣਦਾ, ਜੋ ਸਦੀਵ ਹੀ ਉਸ ਦੇ ਅੰਗ ਸੰਗ ਹੈ।

ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥
ਇਸ ਕਾਰਨ ਉਹ ਹਰਨ, ਪੰਛੀ ਅਤੇ ਮੱਛੀ ਦੀਆਂ ਨੀਵੀਆਂ ਅਤੇ ਬੇਬਸ ਜੂਨੀਆਂ ਦੇ ਕਸ਼ਟ ਅੰਦਰ ਭਟਕਦਾ ਹੈ।

ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥
ਗੁਰੂ ਜੀ ਆਖਦੇ ਹਨ, ਹੇ ਸੁਆਮੀ! ਤੂੰ ਮੈਂ, ਪੱਥਰ ਦਾ ਪਾਰ ਉਤਾਰਾ ਕਰ ਦੇ, ਤਾਂ ਜੋ ਮੈਂ ਸਤਿਸੰਗਤ ਅੰਦਰ ਆਰਾਮ ਭੋਗਾਂ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਦੁਸਟ ਮੁਏ ਬਿਖੁ ਖਾਈ ਰੀ ਮਾਈ ॥
ਬੁਰਾ ਕਰਨ ਵਾਲੇ ਜ਼ਹਿਰ ਖਾ ਕੇ ਮਰ ਗਏ ਹਨ, ਹੇ ਮੇਰੀ ਮਾਤਾ!

ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥
ਜਿਸ ਦੇ ਉਹ ਜੀਵ ਹਨ, ਉਸ ਨੇ ਉਹਨਾਂ ਨੂੰ ਬਚਾ ਲਿਆ ਹੈ। ਮੇਰੇ ਸੁਆਮੀ ਨੇ ਉਹਨਾਂ ਉਤੇ ਰਹਿਮਤ ਧਾਰੀ ਹੈ। ਠਹਿਰਾਉ।

ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥
ਜਦ ਅੰਦਰਲੀਆਂ ਜਾਣਨਹਾਰ, ਵਾਹਿਗੁਰੂ, ਸਾਰਿਆਂ ਅੰਦਰ ਰਮ ਰਿਹਾ ਹੈ, ਤਦ ਮੈਂ ਕਿਉਂ ਭੈ ਕਰਾਂ ਹੇ ਮੇਰੇ ਵੀਰ?

ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ ॥੧॥
ਮੇਰਾ ਮਦਦਗਾਰ ਵਾਹਿਗੁਰੂ ਮੇਰੇ ਨਾਲ ਹੈ। ਮੈਨੂੰ ਤਿਆਗ ਉਹ ਦੂਰ ਨਹੀਂ ਜਾਂਦਾ ਅਤੇ ਸੁਆਮੀ ਨੂੰ ਮੈਂ ਸਾਰੀਆਂ ਥਾਵਾਂ ਤੇ ਵੇਖਦਾ ਹਾਂ।

ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥
ਨਿਖਸਮਿਆਂ ਦੇ ਖਸਮ ਅਤੇ ਮਸਕੀਨਾ ਦੇ ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਨੇ ਖੁਦ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।

ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥
ਮੇਰੇ ਵਾਹਿਗੁਰੂ ਤੇਰੇ ਸੇਵਕ ਤੇਰੇ ਆਸਰੇ ਜੀਊਦੇ ਹਨ। ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਮਨ ਮੇਰੇ ਹਰਿ ਕੇ ਚਰਨ ਰਵੀਜੈ ॥
ਹੇ ਮੇਰੀ ਜਿੰਦੇ! ਤੂੰ ਆਪਣੇ ਹਰੀ ਦੇ ਪੈਰਾਂ ਦਾ ਸਿਮਰਨ ਕਰ।

ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੇਰਾ ਚਿੱਤ ਫਰੇਫਤਾ ਕਰ ਲਿਆ ਹੈ। ਹਰੀ ਨੂੰ ਉਡ ਕੇ ਮਿਲਣ ਲਈ ਮੈਂ ਆਪਣੇ ਆਪ ਨੂੰ ਖੰਭ ਲਾਉਂਦਾ ਹਾਂ। ਠਹਿਰਾਉ।

ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥
ਢੂੰਡ-ਪਾਲ ਕਰਦਿਆਂ, ਮੈਂ ਇਹ ਰਸਤਾ ਲੱਭਿਆ ਹੈ, ਕਿ ਮੈਂ ਸੰਤਾਂ ਦੀ ਟਹਿਲ ਸੇਵਾ ਕਮਾਵਾਂ।

ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰਾਂ।

ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥
ਹਾੜੇ ਅਤੇ ਤਰਲੇ ਕਰਦਾ ਹੋਇਆ, ਮੈਂ ਤੇਰੀ ਸ਼ਰਣਾਗਤ ਆਇਆ ਹਾਂ, ਹੇ ਸੁਆਮੀ! ਮੈਂ ਸੜ ਬਲ ਰਿਹਾ ਹਾਂ, ਤੂੰ ਮੇਰੇ ਉਤੇ ਆਪਣੀ ਮਿਹਰ ਧਾਰ।

ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥
ਤੂੰ ਮੈਂ, ਆਪਣੇ ਗੋਲੇ ਨੂੰ ਆਪਣੇ ਹੱਥ ਨਾਲ ਫੜ ਲੈ, ਹੇ ਸਾਈਂ! ਤੇ ਨਾਨਕ ਨੂੰ ਆਪਣਾ ਨਿਜ ਦਾ ਬਣਾ ਲੈ।

copyright GurbaniShare.com all right reserved. Email