Page 1270

ਮਲਾਰ ਮਃ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥
ਹਰੀ ਦਾ ਕੁਦਰਤੀ ਸੁਭਾਅ ਆਪਣੇ ਸੰਤਾਂ ਨੂੰ ਪਿਆਰ ਕਰਨਾ ਹੈ।

ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥
ਬਦਖੋਈ ਕਰਨ ਵਾਲਿਆਂ ਨੂੰ ਕੁਚਲ ਕੇ, ਸੁਆਮੀ ਉਸ ਨੂੰ ਆਪਣੇ ਸਾਧੂਆਂ ਦੇ ਪੈਰਾਂ ਹੇਠ ਦਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੀ ਕੀਰਤੀ ਪਰਗਟ ਕਰਦਾ ਹੈ। ਠਹਿਰਾਉ।

ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥
ਆਪਣੇ ਸਾਧੂਆਂ ਦੀ, ਸਾਈਂ ਸਾਰੇ ਸੰਸਾਰ ਵਿੱਚ ਉਸਤਤੀ ਕਰਵਾਉਂਦਾ ਹੈ ਤੇ ਉਹਨਾਂ ਲਈ, ਸਾਈਂ ਮਿਹਰਬਾਨੀ ਦੇ ਸੰਕਲਪ ਜੀਵਾਂ ਅੰਦਰ ਪਾ ਦਿੰਦਾ ਹੈ।

ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥
ਆਪਣੀ ਛਾਤੀ ਨਾਲ ਲਾ, ਸੁਆਮੀ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਅਤੇ ਉਸ ਨੂੰ ਤੱਤੀ ਹਵਾ ਤੱਕ ਭੀ ਲਗਣ ਨਹੀਂ ਦਿੰਦਾ।

ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥
ਮੇਰੇ ਮਾਲਕ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰਾ ਸੰਦੇਹ ਤੇ ਡਰ ਦੂਰ ਕਰ, ਮੈਨੂੰ ਸੁਖੀ ਕਰ ਦਿਤਾ ਹੈ।

ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥੨॥੧੪॥੧੮॥
ਪਰਮ ਖੁਸ਼ੀ ਮਨਾਓ, ਤੁਸੀਂ ਹੇ ਰੱਬ ਦੇ ਗੋਲਿਓ! ਕਿਉਂ ਜੋ ਮੇਰੇ ਚਿੱਤ ਅੰਦਰ ਭਰੋਸਾ ਉਤਪੰਨ ਹੋ ਆਇਆ ਹੈ।

ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨
ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ। ਚੌਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥
ਗੁਰਾਂ ਦੇ ਰਾਹੀਂ, ਸੁਆਮੀ ਸਾਰੇ ਆਲਮ ਅੰਦਰ ਰਮਿਆ ਹੋਇਆ ਦਿੱਸ ਆਉਂਦਾ ਹੈ।

ਗੁਰਮੁਖਿ ਤ੍ਰੈ ਗੁਣੀਆਂ ਬਿਸਥਾਰੁ ॥
ਗੁਰਾਂ ਦੇ ਰਾਹੀਂ, ਬੰਦਾ ਸੰਸਾਰ ਨੂੰ ਤਿੰਨਾਂ ਅਵਸਥਾਵਾਂ ਦਾ ਖਿਲਾਰਾ ਵੇਖ ਲੈਂਦਾ ਹੈ।

ਗੁਰਮੁਖਿ ਨਾਦ ਬੇਦ ਬੀਚਾਰੁ ॥
ਗੁਰਾਂ ਦੇ ਰਾਹੀਂ, ਪ੍ਰਾਣੀ ਬੈਕੁੰਠੀ ਕੀਰਤਨ ਅਤੇ ਧਾਰਮਕ ਪੁਸਤਕਾ ਦੇ ਮਤਲਬ ਨੂੰ ਅਨੁਭਵ ਕਰ ਲੈਂਦਾ ਹੈ।

ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥
ਪੂਰਨ ਗੁਰਾਂ ਦੇ ਬਗੈਰ, ਸਮੂਹ ਅੰਨ੍ਹੇਰਾ ਘੁਪ ਹੀ ਹੈ।

ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥
ਹੇ ਮੇਰੀ ਜਿੰਦੜੀਏ! ਵੱਡੇ ਗੁਰਦੇਵ ਜੀ ਦਾ ਸਿਮਰਨ ਕਰਨ ਦੁਆਰਾ, ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥
ਗੁਰਾਂ ਦੀ ਸਿਖਮਤ ਦੁਆਰਾ, ਪ੍ਰਭੂ ਮੇਰੇ ਅੰਤਸ਼ਕਰਨ ਅੰਦਰ ਟਿਕ ਗਿਆ ਹੈ ਅਤੇ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਸਿਰ ਦੇ ਸਾਈਂ ਨੂੰ ਸਿਮਰਦਾ ਹਾਂ। ਠਹਿਰਾਉ।

ਗੁਰ ਕੇ ਚਰਣ ਵਿਟਹੁ ਬਲਿ ਜਾਉ ॥
ਗੁਰਾਂ ਦੇ ਪੈਰਾਂ ਉਤੋਂ, ਮੈਂ ਵਾਰਨੇ ਜਾਂਦਾ ਹਾਂ।

ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥
ਰੈਣ ਅਤੇ ਦਿਨ ਸਦੀਵ ਹੀ ਮੈਂ ਗੁਰਾਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।

ਗੁਰ ਕੀ ਧੂੜਿ ਕਰਉ ਇਸਨਾਨੁ ॥
ਮੈਂ ਗੁਰਾਂ ਦੇ ਪੈਰਾਂ ਦੀ ਰੈਣ ਅੰਦਰ ਗੁਸਲ ਕਰਦਾ ਹਾਂ।

ਸਾਚੀ ਦਰਗਹ ਪਾਈਐ ਮਾਨੁ ॥੨॥
ਇਸ ਤਰ੍ਹਾਂ, ਮੈਂ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹਾਂ।

ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਗੁਰੂ ਜੀ ਇਕ ਜਹਾਜ਼ ਹਨ।

ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥
ਗੁਰਾਂ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।

ਗੁਰ ਕੀ ਸੇਵਾ ਸੋ ਜਨੁ ਪਾਏ ॥
ਕੇਵਲ ਉਸ ਪੁਰਸ਼ ਨੂੰ ਹੀ ਗੁਰਾਂ ਦੀ ਚਾਕਰੀ ਪਰਾਪਤ ਹੁੰਦੀ ਹੈ,

ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥
ਜਿਸ ਦੀ ਪ੍ਰਾਲਭਧ ਵਿੱਚ ਆਦਿ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।

ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥
ਗੁਰੂ ਜੀ ਮੇਰੀ ਜਿੰਦ-ਜਾਨ ਹਨ ਅਤੇ ਗੁਰੂ ਜੀ ਹੀ ਮੇਰਾ ਆਸਰਾ ਹਨ।

ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥
ਗੁਰੂ ਜੀ ਮੇਰੀ ਜੀਵਨ ਰਹੁ ਰੀਤੀ ਹਨ ਤੇ ਗੁਰੂ ਜੀ ਹੀ ਮੇਰਾ ਟੱਬਰ-ਕਬੀਲਾ ਹਨ।

ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥
ਗੁਰੂ ਜੀ ਮੇਰੇ ਸਿਰ ਦੇ ਸਾਈਂ ਹਨ ਅਤੇ ਮੈਂ ਸੱਚੇ ਗੁਰਾਂ ਦੀ ਹੀ ਪਨਾਹ ਲੋੜਦਾ ਹਾਂ।

ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥
ਨਾਨਕ ਗੁਰੂ ਜੀ ਸ਼ਰੋਮਣੀ ਸਾਹਿਬ ਦੇ ਸਰੂਪ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਗੁਰ ਕੇ ਚਰਨ ਹਿਰਦੈ ਵਸਾਏ ॥
ਗੁਰਾਂ ਦੇ ਪੈਰ, ਮੈਂ ਆਪਣੇ ਮਨ ਅੰਦਰ ਟਿਕਾ ਲਏ ਹਨ,

ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥
ਅਤੇ ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥
ਆਪਣੇ ਗੋਲੇ ਨੂੰ ਸੁਆਮੀ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।

ਤਾ ਕੀ ਕੀਮਤਿ ਕਹੀ ਨ ਜਾਇ ॥੧॥
ਉਸ ਦੇ ਗੋਲੇ ਦਾ ਮੁੱਲ ਆਖਿਆ ਨਹੀਂ ਜਾ ਸਕਦਾ।

ਕਰਿ ਕਿਰਪਾ ਪੂਰਨ ਸੁਖਦਾਤੇ ॥
ਹੇ ਮੇਰੀ ਖੁਸ਼ੀ-ਬਖਸ਼ਣਹਾਰ, ਪੂਰੇ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।

ਤੁਮ੍ਹ੍ਹਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥
ਤੇਰੀ ਦਇਆ ਦੁਆਰਾ, ਹੇ ਸੁਆਮੀ! ਮੈਂ ਤੈਨੂੰ ਸਿਮਰਦਾ ਹਾਂ ਅਤੇ ਅੱਠੇ ਪਹਿਰ ਹੀ ਤੇਰੀ ਪ੍ਰੀਤ ਵਿੱਚ ਰੰਗਿਆ ਰਹਿੰਦਾ ਹਾਂ। ਠਹਿਰਾਉ।

ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥
ਤੇਰੇ ਨਾਮ ਦਾ ਗਾਇਨ ਕਰਨਾ ਅਤੇ ਸੁਣਨਾ, ਹੇ ਸੁਆਮੀ! ਤੇਰੀ ਰਜ਼ਾ ਅੰਦਰ ਹੈ।

ਹੁਕਮੁ ਬੂਝੈ ਸੋ ਸਾਚਿ ਸਮਾਣਾ ॥
ਜੋ ਕੋਈ ਤੇਰੀ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਨਾਮ ਅੰਦਰ ਨੀਨ ਹੋ ਜਾਂਦਾ ਹੈ।

ਜਪਿ ਜਪਿ ਜੀਵਹਿ ਤੇਰਾ ਨਾਂਉ ॥
ਉਹ ਤੇਰੇ ਨਾਮ ਨੂੰ ਸਿਮਰ, ਸਿਮਰ ਕੇ ਜੀਉਂਦਾ ਹੈ,

ਤੁਝ ਬਿਨੁ ਦੂਜਾ ਨਾਹੀ ਥਾਉ ॥੨॥
ਅਤੇ ਉਸ ਦੇ ਲਈ, ਤੇਰੇ ਬਗੈਰ ਹੋਰ ਕੋਈ ਜਗ੍ਹਾ ਨਹੀਂ।

ਦੁਖ ਸੁਖ ਕਰਤੇ ਹੁਕਮੁ ਰਜਾਇ ॥
ਹੇ ਸਿਰਜਣਹਾਰ ਸੁਆਮੀ! ਗਮੀ ਅਤੇ ਖੁਸ਼ੀ ਸਮੂਹ ਤੇਰੇ ਫੁਰਮਾਨ ਅਤੇ ਭਾਣੇ ਵਿੱਚ ਹਨ।

ਭਾਣੈ ਬਖਸ ਭਾਣੈ ਦੇਇ ਸਜਾਇ ॥
ਆਪਣੀ ਰਜ਼ਾ ਅੰਦਰ ਤੂੰ ਮੁਆਫ ਕਰ ਦਿੰਦਾ ਹੈਂ ਅਤੇ ਆਪਣੀ ਰਜਾ ਅੰਦਰ ਸਜਾ ਦਿੰਦਾ ਹੈ।

ਦੁਹਾਂ ਸਿਰਿਆਂ ਕਾ ਕਰਤਾ ਆਪਿ ॥
ਏਥੇ ਅਤੇ ਉਥੇ ਦੇ ਦੋਨਾਂ ਕਿਨਾਰਿਆਂ ਦਾ, ਤੂੰ ਖੁਦ ਹੀ ਸਿਰਜਣਹਾਰ ਹੈ।

ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥
ਹੇ ਸੁਆਮੀ! ਮੈਂ ਤੇਰੀ ਸੋਭਾ ਉਤੋਂ ਘੋਲੀ ਜਾਂਦਾ ਹਾਂ।

ਤੇਰੀ ਕੀਮਤਿ ਤੂਹੈ ਜਾਣਹਿ ॥
ਆਪਣੇ ਮੁੱਲ ਨੂੰ ਹੇ ਵਾਹਿਗੁਰੂ! ਤੂੰ ਆਪ ਹੀ ਜਾਣਦਾ ਹੈ।

ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥
ਤੂੰ ਖੁਦ ਆਪਣਿਆ ਕ੍ਰਿਸ਼ਮਿਆਂ ਨੂੰ ਸਮਝਦਾ ਤੇ ਸੁਣਦਾ ਹੈ ਅਤੇ ਖੁਦ ਹੀ ਬਿਆਨ ਕਰਦਾ ਹੈ।

ਸੇਈ ਭਗਤ ਜੋ ਤੁਧੁ ਭਾਣੇ ॥
ਕੇਵਲ ਉਹ ਹੀ ਸੰਤ ਹਨ, ਜੋ ਤੈਨੂੰ ਚੰਗੇ ਲਗਦੇ ਹਨ,

copyright GurbaniShare.com all right reserved. Email