Page 1271

ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥
ਅਤੇ ਨਾਨਕ ਉਨ੍ਹਾਂ ਉਤੋਂ ਹਮੇਸ਼ਾਂ ਹੀ ਵਾਰਨੇ ਜਾਂਦਾ ਹੈ, ਹੇ ਸੁਆਮੀ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਪਰਮੇਸਰੁ ਹੋਆ ਦਇਆਲੁ ॥
ਪਰਮ ਪ੍ਰਭੂ ਮਿਹਰਬਾਨ ਹੋ ਗਿਆ ਹੈ,

ਮੇਘੁ ਵਰਸੈ ਅੰਮ੍ਰਿਤ ਧਾਰ ॥
ਅਤੇ ਬੱਦਲ ਆਬਿ-ਹਿਯਾਤ ਦਾ ਪਰਵਾਹ ਬਰਸਾ ਰਿਹਾ ਹੈ।

ਸਗਲੇ ਜੀਅ ਜੰਤ ਤ੍ਰਿਪਤਾਸੇ ॥
ਸਾਰੇ ਜੀਵ-ਜੰਤੂ ਸੰਤੁਸ਼ਟ ਹੋ ਗਏ ਹਨ,

ਕਾਰਜ ਆਏ ਪੂਰੇ ਰਾਸੇ ॥੧॥
ਅਤੇ ਕੰਮ ਪੂਰੀ ਤਰ੍ਹਾਂ ਨੇਪਰੇ ਚੜ੍ਹ ਗਏ ਹਨ।

ਸਦਾ ਸਦਾ ਮਨ ਨਾਮੁ ਸਮ੍ਹ੍ਹਾਲਿ ॥
ਹੇ ਮੇਰੀ ਜਿੰਦੇ! ਤੂੰ ਹਮੇਸ਼ਾ, ਹਮੇਸ਼ਾਂ ਹੀ ਆਪਣੀ ਸਾਈਂ ਦਾ ਸਿਮਰਨ ਕਰ।

ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
ਪੂਰਨ ਗੁਰਾਂ ਦੀ ਟਹਿਲ ਸੇਵਾ ਰਾਹੀਂ, ਮੈਨੂੰ ਨਾਮ ਪਰਾਪਤ ਹੋ ਗਿਆ ਹੈ ਅਤੇ ਏਥੇ ਤੇ ਓਥੇ ਇਹ ਮੇਰਾ ਸਾਥ ਦੇਵੇਗਾ। ਠਹਿਰਾਉ।

ਦੁਖੁ ਭੰਨਾ ਭੈ ਭੰਜਨਹਾਰ ॥
ਪ੍ਰਭੂ ਦੁਖੜਾ ਹਰਨਹਾਰ ਅਤੇ ਡਰ! ਦੂਰ ਕਰਨ ਵਾਲਾ ਹੈ।

ਆਪਣਿਆ ਜੀਆ ਕੀ ਕੀਤੀ ਸਾਰ ॥
ਉਹ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।

ਰਾਖਨਹਾਰ ਸਦਾ ਮਿਹਰਵਾਨ ॥
ਰੱਖਿਆ ਕਰਨ ਵਾਲਾ-ਸੁਆਮੀ ਸਦੀਵ ਹੀ ਦਇਆਲੂ ਹੈ।

ਸਦਾ ਸਦਾ ਜਾਈਐ ਕੁਰਬਾਨ ॥੨॥
ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।

ਕਾਲੁ ਗਵਾਇਆ ਕਰਤੈ ਆਪਿ ॥
ਸਿਰਜਣਹਾਰ-ਸੁਆਮੀ ਨੇ ਆਪੇ ਹੀ, ਮੇਰਾ ਮੌਤ ਦਾ ਡਰ ਦੂਰ ਕਰ ਦਿੱਤਾ ਹੈ।

ਸਦਾ ਸਦਾ ਮਨ ਤਿਸ ਨੋ ਜਾਪਿ ॥
ਸਦੀਵ, ਸਦੀਵ ਹੀ ਤੂੰ ਉਸ ਦਾ ਅਰਾਧਨ ਕਰ, ਹੇ ਮੇਰੀ ਜਿੰਦੜੀਏ!

ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥
ਆਪਣੀ ਮਿਹਰ ਦੀ ਨਜ਼ਰ ਕਰ ਕੇ, ਉਹ ਸਾਰਿਆਂ ਜੀਵਾਂ ਦੀ ਰੱਖਿਆ ਕਰਦਾ ਹੈ।

ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
ਸਦਾ, ਸਦਾ ਹੀ ਤੂੰ ਸੁਲਖਣੇ ਸੁਆਮੀ ਦੀ ਮਹਿਮਾ ਗਾਇਨ ਕਰ, ਹੇ ਬੰਦੇ!

ਏਕੋ ਕਰਤਾ ਆਪੇ ਆਪ ॥
ਅਦੁਤੀ ਸਿਰਜਣਹਾਰ ਸਾਰਾ ਕੁਛ ਆਪ ਹੀ ਹੈ।

ਹਰਿ ਕੇ ਭਗਤ ਜਾਣਹਿ ਪਰਤਾਪ ॥
ਵਾਹਿਗੁਰੂ ਦੇ ਸੰਤ ਉਸ ਦੇ ਤਪ-ਤੇਜ ਨੂੰ ਅਨੁਭਵ ਕਰਦੇ ਹਨ।

ਨਾਵੈ ਕੀ ਪੈਜ ਰਖਦਾ ਆਇਆ ॥
ਸਾਈਂ ਆਪਣੇ ਨਾਮ ਦੀ ਲੱਜਿਆ ਰਖਦਾ ਰਿਹਾ ਹੈ।

ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥
ਉਸ ਦਾ ਬੁਲਾਇਆ ਹੋਇਆ, ਨਾਨਕ ਸੁਆਮੀ ਦੀ ਸਿਫ਼ਤ ਸ਼ਲਾਘਾ ਉਚਾਰਨ ਕਰਦਾ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਗੁਰ ਸਰਣਾਈ ਸਗਲ ਨਿਧਾਨ ॥
ਗੁਰਾਂ ਦੀ ਪਨਾਹ ਵਿੱਚ, ਜੀਵ ਨੂੰ ਸਾਰੇ ਖ਼ਜ਼ਾਨੇ ਪਰਦਾਨ ਹੋ ਜਾਂਦੇ ਹਨ,

ਸਾਚੀ ਦਰਗਹਿ ਪਾਈਐ ਮਾਨੁ ॥
ਅਤੇ ਉਹ ਸੱਚੇ ਦਰਬਾਰ ਵਿੱਚ ਇਜ਼ਤ ਪਾਉਂਦਾ ਹੈ।

ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥
ਉਸ ਦੇ ਸਾਰੇ ਸੰਦੇਹ ਡਰ, ਪੀੜ ਅਤੇ ਤਕਲੀਫਾਂ ਦੂਰ ਹੋ ਜਾਂਦੀਆਂ ਹਨ,

ਸਾਧਸੰਗਿ ਸਦ ਹਰਿ ਗੁਣ ਗਾਇ ॥੧॥
ਅਤੇ ਉਹ ਹਮੇਸ਼ਾਂ, ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

ਮਨ ਮੇਰੇ ਗੁਰੁ ਪੂਰਾ ਸਾਲਾਹਿ ॥
ਹੇ ਮੇਰੀ ਜਿੰਦੇ! ਤੂੰ ਸਦਾ ਆਪਣੇ ਪੂਰਨ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ।

ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥
ਦਿਨ ਅਤੇ ਰੈਣ, ਤੂੰ ਨਾਮ ਦੇ ਖਜਾਨੇ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਚਾਹੁੰਦੇ ਮੇਵੇ ਹਾਸਲ ਕਰ। ਠਹਿਰਾਉ।

ਸਤਿਗੁਰ ਜੇਵਡੁ ਅਵਰੁ ਨ ਕੋਇ ॥
ਕੋਈ ਹੋਰ ਜਣਾ ਸੱਚੇ ਗੁਰਾਂ ਜਿਡਾ ਵੱਡਾ ਨਹੀਂ।

ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥
ਉਹ, ਗੁਰੂ ਜੀ, ਖੁਦ ਹੀ ਸ਼ਰੋਮਣੀ ਸੁਆਮੀ ਮਾਲਕ ਹਨ।

ਜਨਮ ਮਰਣ ਦੂਖ ਤੇ ਰਾਖੈ ॥
ਉਹ ਬੰਦੇ ਨੂੰ ਜੰਮਣ ਤੇ ਮਰਨ ਦੀ ਪੀੜ ਤੋਂ ਬਣਾ ਲੈਂਦੇ ਹਨ,

ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥
ਅਤੇ ਅਤੇ ਉਹ ਮੁੜ ਮੋਹਣੀ ਦੀ ਜ਼ਹਿਰ ਨੂੰ ਨਹੀਂ ਚਖਦਾ।

ਗੁਰ ਕੀ ਮਹਿਮਾ ਕਥਨੁ ਨ ਜਾਇ ॥
ਗੁਰਾਂ ਦੀ ਪ੍ਰਭਤਾ ਆਖੀ ਨਹੀਂ ਜਾ ਸਕਦੀ।

ਗੁਰੁ ਪਰਮੇਸਰੁ ਸਾਚੈ ਨਾਇ ॥
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਗੁਰੂ ਜੀ ਸੁਆਮੀ ਦਾ ਸਰੂਪ ਹੋ ਗਏ ਹਨ।

ਸਚੁ ਸੰਜਮੁ ਕਰਣੀ ਸਭੁ ਸਾਚੀ ॥
ਸੱਚਾ ਹੈ ਗੁਰਾਂ ਦਾ ਸਵੈ-ਜਬਤ ਅਤੇ ਸੱਚੇ ਹਨ ਉਹਨਾਂ ਦੇ ਸਾਰੇ ਕਰਮ।

ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥
ਪਵਿੱਤਰ ਹੈ ਉਹ ਪੁਰਸ਼, ਜੋ ਗੁਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।

ਗੁਰੁ ਪੂਰਾ ਪਾਈਐ ਵਡ ਭਾਗਿ ॥
ਭਾਰੀ ਚੰਗੀ ਪ੍ਰਾਲਭਧ ਦੁਆਰਾ, ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ।

ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥
ਆਪਣੇ ਚਿੱਤ ਵਿੱਚੋਂ ਤੂੰ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਬਾਹਰ ਕੱਢ ਦੇ, ਹੇ ਬੰਦੇ!

ਕਰਿ ਕਿਰਪਾ ਗੁਰ ਚਰਣ ਨਿਵਾਸਿ ॥
ਮਿਹਰ ਧਾਰ ਕੇ ਉਹ ਗੁਰਾਂ ਦੇ ਪੈਰ ਅੰਤਰ-ਆਤਮੇ ਟਿਕਾ ਦੇ!

ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥
ਨਾਨਕ ਐਸੀ ਪ੍ਰਾਰੱਬਨਾ ਕਰਦਾ ਹੈ ਸੱਚੇ ਸੁਆਮੀ, ਮੂਹਰੇ।

ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩
ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
ਗੁਰਾਂ ਨੂੰ ਮਨਾ ਕੇ, ਮੈਂ ਆਪਣੇ ਮਇਆਵਾਨ ਪ੍ਰੀਤਮ ਨਾਲ ਪਿਆਰ ਕੀਤਾ ਹੈ।

ਕੀਨੋ ਰੀ ਸਗਲ ਸੀਗਾਰ ॥
ਮੈਂ ਸਾਰੇ ਹਾਰ ਸ਼ਿੰਗਾਰ ਲਾਏ ਹਨ,

ਤਜਿਓ ਰੀ ਸਗਲ ਬਿਕਾਰ ॥
ਸਾਰੀਆਂ ਬਦੀਆਂ ਛੱਡ ਦਿੱਤੀਆਂ ਹਨ,

ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥
ਅਤੇ ਮੇਰਾ ਭੱਜਿਆ ਫਿਰਦਾ ਮਨੂਆ ਅਹਿੱਲ ਹੋ ਗਿਆ ਹੈ। ਠਹਿਰਾਉ।

ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
ਹੇ ਮੇਰੀ ਜਿੰਦੇ! ਤੂੰ ਆਪਣੀ ਹੰਗਤਾ ਨੂੰ ਮਾਰ ਸੁੱਟ ਅਤੇ ਸੰਤਾਂ ਦੀ ਸੰਗਤ ਕਰ। ਇੰਜ ਤੂੰ ਆਪਣੇ ਸਾਈਂ ਨੂੰ ਪਾ ਲਵੇਗੀ।

ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥
ਏਸ ਤਰ੍ਹਾਂ ਸੰਗੀਤਕ ਸਾਜ਼ ਅਤੇ ਢੋਲ ਤੇਰੇ ਲਈ ਇਕ-ਰਸ ਵਜਣਗੇ ਅਤੇ ਕੋਇਲ ਦੀ ਮਾਨੰਦ, ਤੇਰੀ ਜੀਭ ਮਿਠੇ ਬਚਨਾ ਨਾਲ ਅਤੇ ਪਰਮ ਸੋਹਣੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰਂੇਗੀ।

ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
ਮੇਰੇ ਪ੍ਰੀਤਮ ਐਹੋ ਜਿਹੀ ਹੈ ਪ੍ਰਭਤਾ ਤੇਰੇ ਦੀਦਾਰ ਦੀ, ਕਿ ਇਹ ਪਰਮ ਸੁੰਦਰ ਅਤੇ ਫਲਦਾਇਰ ਹੈ। ਤੇਰੀ ਸੰਗਤ ਰਾਹੀਂ ਉਹੋ ਜਿਹੇ ਹੀ ਬਣ ਜਾਂਦੇ ਹਨ ਤੇਰੇ ਸਾਧੂ।

ਭਵ ਉਤਾਰ ਨਾਮ ਭਨੇ ॥
ਹੇ ਸੁਆਮੀ! ਉਹ ਤੇਰੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਰਮ ਰਾਮ ਰਾਮ ਮਾਲ ॥
ਵਾਹਿਗੁਰੂ ਦੇ ਸਾਥੀਆਂ ਦੀ ਸੰਗਤ ਕਰਨ ਦੁਆਰਾ,

copyright GurbaniShare.com all right reserved. Email