Page 1272

ਮਨਿ ਫੇਰਤੇ ਹਰਿ ਸੰਗਿ ਸੰਗੀਆ ॥
ਉਹ ਆਪਣੇ ਦਿਲ ਨਾਲ ਸੁਆਮੀ ਮਾਲਕ ਦੇ ਨਾਮ ਦੀ ਮਾਲਾ ਫੇਰਦੇ ਹਨ।

ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥
ਹੇ ਗੋਲੇ ਨਾਨਕ! ਪਿਆਰਾ ਪ੍ਰਭੂ ਉਹਨਾਂ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਮਨੁ ਘਨੈ ਭ੍ਰਮੈ ਬਨੈ ॥
ਮੇਰਾ ਮਨੂਆ ਸੰਘਣੇ ਜੰਗਲ ਵਿੱਚ ਦੀ ਲੰਘਦਾ ਹੈ।

ਉਮਕਿ ਤਰਸਿ ਚਾਲੈ ॥
ਇਹ ਉਮੰਗ ਤੇ ਪਿਆਰ ਨਾਲ ਤੁਰਦਾ ਹੈ,

ਪ੍ਰਭ ਮਿਲਬੇ ਕੀ ਚਾਹ ॥੧॥ ਰਹਾਉ ॥
ਆਪਣੇ ਸੁਆਮੀ ਨਾਲ ਮਿਲਣ ਦੀ ਖਾਹਿਸ਼ ਅੰਦਰ। ਠਹਿਰਾਉ।

ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥੧॥
ਤਿੰਨਾਂ ਲੱਛਣਾਂ ਵਾਲੀ ਮਾਇਆ ਮੈਨੂੰ ਗੁਮਰਾਹ ਕਰਨ ਨੂੰ ਆਈ ਹੈ। ਮੈਂ ਆਪਣੀ ਪੀੜ ਕਿਸ ਨੂੰ ਦੱਸਾਂ?

ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥
ਮੈਂ ਹੋਰ ਸਾਰੇ ਉਪਰਾਲੇ ਕੀਤੇ ਹਨ, ਪਰੰਤੂ ਉਹ ਮੇਰੇ ਦੁਖੜੇ ਨੂੰ ਦੂਰ ਨਹੀਂ ਕਰ ਸਕੇ।

ਭਜੁ ਸਰਨਿ ਸਾਧੂ ਨਾਨਕਾ ਮਿਲੁ ਗੁਨ ਗੋਬਿੰਦਹਿ ਗਾਹਿ ॥੨॥੨॥੨੪॥
ਦੌੜ ਕੇ ਤੂੰ ਸੰਤਾ ਦੀ ਪਨਾਹ ਲੈ ਲੈ, ਹੇ ਨਾਨਕ! ਅਤੇ ਉਹਨਾਂ ਨਾਲ ਮਿਲ ਕੇ, ਤੂੰ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥
ਸੁੰਦਰ ਅਤੇ ਸਰੇਸ਼ਟ ਹੈ ਮੇਰੇ ਪ੍ਰੀਤਮ ਦੀ ਪ੍ਰਭਤਾ।

ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥੧॥ ਰਹਾਉ ॥
ਹਾ ਹਾ ਤੇ ਹੂ ਹੂ ਨਾਮ ਵਾਲੇ ਸਵਰਗੀ ਗਵੱਈਏ ਅਤੇ ਹੂਰਾ ਉਸ ਦੀ ਸਰੇਸ਼ਟ ਕੀਰਤੀ ਨੂੰ ਖੁਸ਼ੀ ਪ੍ਰਸੰਨਤਾ ਅਤੇ ਪ੍ਰੀਤ ਨਾਲ ਗਾਇਨ ਕਰਦੇ ਹਨ। ਠਹਿਰਾਉ।

ਧੁਨਿਤ ਲਲਿਤ ਗੁਨਗ੍ਯ੍ਯ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥
ਗੁਣੀ ਪੁਰਸ਼ ਸਸਾਹਿਬ ਦੇ ਸੋਹਣੇ ਰਾਗ ਅਨੇਕਾਂ ਤਰੀਕਿਆਂ ਨਾਲ ਗਾਇਨ ਕਰਦੇ ਹਨ ਅਤੇ ਉਸ ਦੇ ਉਤਕ੍ਰਿਸ਼ਟ ਸਰੂਪ ਕ੍ਰੋੜਾਂ ਦੀ ਢੰਗ ਦੁਆਰਾ ਵਿਖਾਲਦੇ ਹਨ।

ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥
ਪਰਬਤਾਂ, ਬਿਰਛਾਂ, ਮਾਰੂਥਲਾਂ, ਸਮੁੰਦਰਾਂ, ਆਲਮਾਂ ਅਤੇ ਸਾਰਿਟਾਂ ਦਿਲਾਂ ਅੰਦਰ ਮੇਰੇ ਪ੍ਰੀਤਮ ਦੀ ਸੁੰਦਰ ਵਡਿਆਈ ਪੁਰੀ ਤਰ੍ਹਾਂ ਵਿਆਪਕ ਹੋ ਰਹੀ ਹੈ।

ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥੨॥੩॥੨੫॥
ਜਿਸ ਦੇ ਪੱਲੇ ਸਰੇਸ਼ਟ ਸ਼ਰਧਾ ਹੈ, ਹੇ ਨਾਨਕ! ਉਸ ਨੂੰ ਸਤਿਸੰਗਤ ਅੰਦਰ ਸਰੱਬ-ਵਿਆਪਕ ਸੁਆਮੀ ਦੀ ਪ੍ਰੀਤ ਦੀ ਦਾਤ ਪਰਾਪਤ ਹੋ ਜਾਂਦੀ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥੧॥ ਰਹਾਉ ॥
ਗੁਰਾਂ ਦੇ ਪ੍ਰੇਮ ਰਾਹੀਂ, ਮੈਂ ਆਪਣੇ ਹਿਰਦੇ ਅੰਦਰ, ਆਪਣੇ ਪ੍ਰੀਤਮ ਦੇ ਕੰਵਲ ਰੂਪੀ ਪੈਰ ਟਿਕਾ ਲਏ ਹਨ। ਠਹਿਰਾਉ।

ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮੈਂ ਪ੍ਰਭੂ ਦਾ ਅਮੋਘ ਦਰਸ਼ਨ ਵੇਖ ਲਿਆ ਹੈ ਅਤੇ ਮੇਰੇ ਪਾਪ ਨਸ਼ਟ ਨਸ਼ਟ ਹੋ ਗਏ ਹਨ।

ਮਨ ਨਿਰਮਲ ਉਜੀਆਰੇ ॥੧॥
ਮੇਰਾ ਮਨੂਆ ਹੁਣ ਪਵਿੱਤ੍ਰ ਅਤੇ ਰੌਸ਼ਨ ਹੋ ਗਿਆ ਹੈ।

ਬਿਸਮ ਬਿਸਮੈ ਬਿਸਮ ਭਈ ॥
ਹੈਰਾਨ, ਹੈਰਾਨ ਹੈਰਾਨ ਮੈਂ ਹੋ ਗਈ ਹਾਂ।

ਅਘ ਕੋਟਿ ਹਰਤੇ ਨਾਮ ਲਈ ॥
ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੇ ਕ੍ਰੋੜਾਂ ਹੀ ਪਾਪ ਧੋਤੇ ਗਏ ਹਨ।

ਗੁਰ ਚਰਨ ਮਸਤਕੁ ਡਾਰਿ ਪਹੀ ॥
ਉਨ੍ਹਾਂ ਉਤੇ ਆਪਣਾ ਮੱਥੇ ਰੱਖ ਕੇ, ਮੈਂ ਗੁਰਾਂ ਦੇ ਪੈਰਾਂ ਤੇ ਡਿਗ ਪਈ ਹਾਂ।

ਪ੍ਰਭ ਏਕ ਤੂੰਹੀ ਏਕ ਤੁਹੀ ॥
ਕੇਵਲ ਤੂੰ ਹੀ, ਕੇਵਲ ਤੂੰ ਹੀ, ਹੇ ਵਾਹਿਗੁਰੂ! ਮੇਰਾ ਸੁਆਮੀ ਹੈ।

ਭਗਤ ਟੇਕ ਤੁਹਾਰੇ ॥
ਤੇਰੇ ਅਨੁਰਾਗੀ ਕੇਵਲ ਤੇਰਾ ਹੀ ਆਸਰਾ ਲੋੜਦੇ ਹਨ।

ਜਨ ਨਾਨਕ ਸਰਨਿ ਦੁਆਰੇ ॥੨॥੪॥੨੬॥
ਗੋਲੇ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸੁਆਮੀ!

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਬਰਸੁ ਸਰਸੁ ਆਗਿਆ ॥
ਪ੍ਰਭੂ ਦੀ ਰਜ਼ਾ ਅੰਦਰ ਤੂੰ ਖੁਸ਼ੀ ਨਾਲ ਵਰ੍ਹ, ਹੇ ਬੱਦਲਾ!

ਹੋਹਿ ਆਨੰਦ ਸਗਲ ਭਾਗ ॥੧॥ ਰਹਾਉ ॥
ਤਾਂ ਜੋ ਮੈਨੂੰ ਸਮੂਹ ਪ੍ਰਸੰਨਤਾ ਅਤੇ ਚੰਗੀ ਪ੍ਰਾਲਭਧ ਦੀ ਦਾਤ ਮਿਲ ਜਾਵੇ। ਠਹਿਰਾਉ।

ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥੧॥
ਜਿਸ ਤਰ੍ਹਾਂ ਮੀਂਹ ਦੇ ਮਿਲਣ ਦੁਆਰਾ ਧਰਤੀ ਹਰੀ ਭਰੀ ਹੋ ਜਾਂਦੀ ਹੈ ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਮਨੂਆ ਪ੍ਰਫੁਲਤ ਹੋ ਜਾਂਦਾ ਹੈ।

ਘਨਘੋਰ ਪ੍ਰੀਤਿ ਮੋਰ ॥
ਮੋਰ ਬੱਦਲਾਂ ਦੀ ਗਰਜ ਨੂੰ ਪਿਆਰ ਕਰਦਾ ਹੈ।

ਚਿਤੁ ਚਾਤ੍ਰਿਕ ਬੂੰਦ ਓਰ ॥
ਪਪੀਹੇ ਦਾ ਮਨ ਮੀਹ ਦੀ ਕਣੀ ਵੱਲ ਨੂੰ ਜਾਂਦਾ ਹੈ।

ਐਸੋ ਹਰਿ ਸੰਗੇ ਮਨ ਮੋਹ ॥
ਐਹੋ ਜੇਹਾ ਪਿਆਰ ਮੇਰੀ ਜਿੰਦੜੀ ਦਾ ਪ੍ਰਭੂ ਨਾਲ ਹੈ।

ਤਿਆਗਿ ਮਾਇਆ ਧੋਹ ॥
ਠਗਣੀ ਮੋਹਣੀ ਨੂੰ ਮੈਂ ਛੱਡ ਛੱਡਿਆ ਹੈ।

ਮਿਲਿ ਸੰਤ ਨਾਨਕ ਜਾਗਿਆ ॥੨॥੫॥੨੭॥
ਸਾਧੂਆਂ ਨਾਲ ਮਿਲ ਕੇ, ਨਾਨਕ ਦਾ ਮਨ ਜਾਗ ਉਠਿਆ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਗੁਨ ਗੋੁਪਾਲ ਗਾਉ ਨੀਤ ॥
ਤੂੰ ਸਦੀਵ ਹੀ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਨ,

ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥
ਅਤੇ ਮਾਲਕ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾ। ਠਹਿਰਾਉ।

ਛੋਡਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥
ਸੰਤਾਂ ਨਾਲ ਸੰਗਤ ਕਰਨ ਦੁਆਰਾ, ਤੂੰ ਆਪਣੀ ਸਵੈ-ਹੰਗਤਾ ਛੜ ਦੇ ਅਤੇ ਹੰਕਾਰ ਨੂੰ ਮਾਰ ਸੁਟ।

ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥੧॥
ਪਿਆਰ ਨਾਲ ਇਕ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਤੇਰੇ ਦੁਖੜੇ ਨਵਿਰਤ ਹੋ ਜਾਣਗੇ, ਹੇ ਮਿਤ੍ਰ!

ਪਾਰਬ੍ਰਹਮ ਭਏ ਦਇਆਲ ॥
ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ,

ਬਿਨਸਿ ਗਏ ਬਿਖੈ ਜੰਜਾਲ ॥
ਤਾਂ ਮਾਇਆ ਦੇ ਸਾਰੇ ਅਲਸੇਟੇ ਮੁਕ ਜਾਂਦੇ ਹਨ।

ਸਾਧ ਜਨਾਂ ਕੈ ਚਰਨ ਲਾਗਿ ॥
ਨੇਕ ਪੁਰਸ਼ਾਂ ਦੇ ਪੈਰਾਂ ਨਾਲ ਜੁੜ ਕੇ,

ਨਾਨਕ ਗਾਵੈ ਗੋਬਿੰਦ ਨੀਤ ॥੨॥੬॥੨੮॥
ਨਾਨਕ ਸਦੀਵ ਹੀ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ।

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਘਨੁ ਗਰਜਤ ਗੋਬਿੰਦ ਰੂਪ ॥
ਵਾਹਿਗੁਰੂ ਸਰੂਪ ਗੁਰੂ ਜੀ, ਬੱਦਲ ਦੀ ਤਰ੍ਹਾਂ ਗੱਜਦੇ ਹਨ।

ਗੁਨ ਗਾਵਤ ਸੁਖ ਚੈਨ ॥੧॥ ਰਹਾਉ ॥
ਉਹ ਪ੍ਰਭੂ ਦਾ ਜੱਸ ਗਾਇਨ ਕਰਦੇ ਹਨ ਅਤੇ ਇੰਜ ਆਰਾਮ ਤੇ ਆਨੰਦ ਵਿੱਚ ਹਨ। ਠਹਿਰਾਉ।

ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥
ਵਾਹਿਗੁਰੂ ਦੇ ਪੈਰਾਂ ਦੀ ਸ਼ਰਣਾਗਤ ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦੀ ਹੈ ਤੇ ਗੁਰਾਂ ਦੀ ਅੰਮ੍ਰਿਤਮਈ ਬਾਣੀ ਇਕ ਰਸ ਹੋਣ ਵਾਲਾ ਕੀਰਤਨ ਹੈ।

ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥
ਤਿਹਾਏ ਰਾਹੀਂ ਦਾ ਮਨ ਰੂਹਾਨੀ ਪਾਣੀ ਪਰਾਪਤ ਕਰਨ ਲਈ ਗੁਰੂ-ਤਾਲਾਬ ਦੇ ਨਾਲ ਜੁੜਿਆ ਹੋਇਆ ਹੈ।

ਹਰਿ ਦਰਸ ਪ੍ਰੇਮ ਜਨ ਨਾਨਕ ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥
ਗੋਲੇ ਨਾਨਕ ਦਾ ਪ੍ਰਭੂ ਦੇ ਦਰਸ਼ਨ ਵੇਖਣ ਨਾਲ ਪਿਆਰ ਹੈ ਅਤੇ ਪ੍ਰਭੂ ਨੇ ਆਪਣੀ ਰਹਿਮਤ ਦੁਆਰਾ, ਉਸ ਨੂੰ ਇਸ ਦੀ ਦਾਤ ਬਖਸ਼ ਦਿੱਤੀ ਹੈ।

copyright GurbaniShare.com all right reserved. Email