Page 1273

ਮਲਾਰ ਮਹਲਾ ੫ ॥
ਮਲਾਰ ਪੰਜਵੀਂ ਪਾਤਿਸ਼ਾਹੀ।

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥
ਹੇ ਸੰਸਾਰ ਦੇ ਸੁਆਮੀ! ਹੇ ਆਲਮ ਦੇ ਪਾਲਣ ਪੋਸਣਹਾਰ, ਹੇ ਮੇਰੇ ਮਇਆਵਾਨ ਪ੍ਰੀਤਮ। ਠਹਿਰਾਉ।

ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥
ਤੂੰ ਜਿੰਦ-ਜਾਨ ਦਾ ਸੁਆਮੀ, ਨਿਖਸਮਿਆਂ ਦਾ ਸਾਥੀ ਅਤੇ ਗਰੀਬ ਦਾ ਦੁਖ ਦੂਰ ਕਰਨਹਾਰ ਹੈ।

ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥
ਹੇ ਮੇਰੇ ਸਰੱਬ-ਸ਼ਕਤੀਵਾਨ, ਅਥਾਹ ਅਤੇ ਸਰੱਬ-ਵਿਆਪਕ ਸੁਆਮੀ, ਤੂੰ ਮੇਰੇ ਉਤੇ ਮਿਹਰਬਾਨੀ ਕਰ।

ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥੮॥੩੦॥
ਤੂੰ ਮੈਨੂੰ ਸੰਸਾਰ ਦੇ ਪਰਮ ਭਿਆਨਕ, ਅੰਨ੍ਹੇ ਖੂਹ ਤੋਂ ਪਾਰ ਕਰ ਦੇ, ਗੁਰੂ ਜੀ ਫੁਰਮਾਉਂਦੇ ਹਨ।

ਮਲਾਰ ਮਹਲਾ ੧ ਅਸਟਪਦੀਆ ਘਰੁ ੧
ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਚਕਵੀ ਨੈਨ ਨੀਦ ਨਹਿ ਚਾਹੈ ਬਿਨੁ ਪਿਰ ਨੀਦ ਨ ਪਾਈ ॥
ਸੁਰਖਾਬਾਣੀ ਨਿੰਦ੍ਰਾਵਲੇ ਨੇਤ੍ਰਾਂ ਨਹੀਂ ਚਾਹੁੰਦੀ ਅਤੇ ਆਪਣੇ ਪ੍ਰੀਤਮ ਦੇ ਬਾਝੋਂ ਉਸ ਨੂੰ ਨੀਂਦ੍ਰ ਨਹੀਂ ਪੈਦੀ।

ਸੂਰੁ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੈ ਪਾਂਈ ॥੧॥
ਜਦ ਸੂਰਜ ਚੜ੍ਹ ਆਉਂਦਾ ਹੈ, ਉਹ ਆਪਣੀਆਂ ਅੱਖਾਂ ਨਾਲ ਆਪਣੇ ਪ੍ਰੀਤਮ ਨੂੰ ਵੇਖਦੀ ਹੈ ਅਤੇ ਨੀਵੀਂ ਝੁਕ, ਉਸ ਦੇ ਪੈਰੀ ਪੈਦੀ ਹੈ।

ਪਿਰ ਭਾਵੈ ਪ੍ਰੇਮੁ ਸਖਾਈ ॥
ਮੇਰੇ ਪ੍ਰੀਤਮ ਦਾ ਪਿਆਰਾ ਮੈਨੂੰ ਭਾਉਂਦਾ ਹੈ। ਪਰਲੋਕ ਵਿੱਚ ਇਹ ਮੇਰਾ ਸਹਾਇਕ ਹੋਵੇਗਾ।

ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥੧॥ ਰਹਾਉ ॥
ਉਸ ਦੇ ਬਾਝੋਂ, ਮੈਂ ਇਕ ਮੁਹਤ ਭਰ ਭੀ ਇਸ ਜਗਤ ਵਿੱਚ ਜੀਊਦੀ ਨਹੀਂ ਰਹਿ ਸਕਦੀ। ਇਹੋ ਜੇਹੀ ਹੈ ਮੇਰੀ ਭੁਖ ਤੇ ਤਰੇਹ ਉਸ ਲਈ। ਠਹਿਰਾਉ।

ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ ॥
ਤਾਲਾਬ ਵਿੱਚ ਦਾ ਕੰਵਲ, ਅਸਮਾਨ ਵਿਚਲੇ ਸੂਰਜ ਦੀਆਂ ਕਿਰਨਾ ਵੇਖ ਕੇ ਕੁਦਰਤਨ ਹੀ ਖਿੜ ਜਾਂਦਾ ਹੈ।

ਪ੍ਰੀਤਮ ਪ੍ਰੀਤਿ ਬਨੀ ਅਭ ਐਸੀ ਜੋਤੀ ਜੋਤਿ ਮਿਲਾਈ ॥੨॥
ਆਪਣੇ ਹਿਰਦੇ ਅੰਦਰ ਮੈਂ ਆਪਣੇ ਪਿਆਰੇ ਨਾਲ ਇਹੋ ਜੇਹੀ ਪਿਰਹੜੀ ਪਾ ਲਈ ਹੈ, ਕਿ ਮੇਰਾ ਨੂਰ ਉਸ ਦੇ ਪਰਮ ਨੂਰ ਨਾਲ ਅਭੇਦ ਹੋ ਗਿਆ ਹੈ।

ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ ॥
ਪਾਣੀ ਦੇ ਬਗੈਰ, ਬਬੀਹਾ, "ਪ੍ਰੀਤਮਾ, ਹੇ ਮੇਰੇ ਪ੍ਰੀਤਮ"! ਪੁਕਾਰਦਾ ਹੈ ਅਤੇ ਰੋਂਦਾ ਤੇ ਵਿਰਲਾਪ ਕਰਦਾ ਹੈ।

ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥੩॥
ਘੋਰਦਾ ਹੋਇਆ ਬੱਦਲ ਦੱਸੀ ਪਾਸੀ ਵਰ੍ਹਦਾ ਹੈ, ਪਰੰਤੂ ਮੀਹ ਦੀ ਕਣੀ ਬਗੈਰ ਇਸ ਦੀ ਤ੍ਰੇਹ ਨਹੀਂ ਬੁਝਦੀ।

ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ ॥
ਮੱਛੀ, ਜੋ ਪਾਣੀ ਵਿੱਚ ਜੰਮਦੀ ਅਤੇ ਰਹਿੰਦੀ ਹੈ, ਆਪਣੇ ਪੂਰਬਲੇ ਕਰਮਾਂ ਅਨੁਸਾਰ ਖੁਸ਼ੀ ਅਤੇ ਗ਼ਮੀ ਨੂੰ ਪਰਾਪਤ ਹੁੰਦੀ ਹੈ।

ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ ॥੪॥
ਪਾਣੀ ਦੇ ਬਗੈਰ ਉਹ ਇਕ ਛਿਨ, ਲਮ੍ਹੇ ਅਤੇ ਮੁਹਤ ਭਰ ਲਈ ਭੀ ਜੀਉਂਦੀ ਨਹੀਂ ਰਹਿ ਸਕਦੀ। ਉਸ ਦੀ ਮੌਤ ਅਤੇ ਜਿੰਦਗੀ ਇਸ ਉਤੇ ਨਿਰਭਰ ਹੈ।

ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦੁ ਪਠਾਈ ॥
ਪਤਨੀ ਆਪਣੇ ਪਤੀ ਜੋ ਆਪਣੇ ਨਿਜ ਦੇ ਵਤਨ ਵਿੱਚ ਵਸਦਾ ਹੈ, ਨਾਲੋਂ ਵਿਛੜੀ ਹੋਈ ਹੈ। ਸੱਚੇ ਗੁਰਾਂ ਦੇ ਰਾਹੀਂ ਉਹ ਉਸ ਨੂੰ ਸੰਦੇਸਾ ਘਲਦੀ ਹੈ।

ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ ॥੫॥
ਉਹ ਨੇਕੀਆਂ ਨੂੰ ਇਕੱਤਰ ਕਰਦੀ ਹੈ, ਆਪਣੇ ਸਿਰ ਦੇ ਸਾਈਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੀ ਹੈ ਅਤੇ ਉਸ ਦੀ ਪ੍ਰੇਮ-ਮਈ ਸੇਵਾ ਨਾਲ ਰੰਗੀਜ ਕੇ ਖੁਸ਼ ਹੁੰਦੀ ਹੈ।

ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ॥
ਹਰ ਕੋਈ ਪੁਕਾਰਦਾ ਹੈ, "ਪ੍ਰੀਤਮ, ਮੇਰਾ ਪ੍ਰੀਤਮ" ਪਰੰਤੂ ਕੇਵਲ ਉਹੀ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਦੇਵ ਜੀ ਨੂੰ ਚੰਗਾ ਲੱਗਦਾ ਹੈ।

ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ ॥੬॥
ਪ੍ਰੀਤਮ ਸਾਡੇ ਨਾਲ ਹੈ। ਉਹ ਸਦੀਵ ਹੀ ਸਚਿਆਰਾ ਦੇ ਅੰਗ ਸੰਗ ਹੈ। ਆਪਣੀ ਦਇਆ ਰਾਹੀਂ ਉਹ ਪ੍ਰਾਣੀ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥
ਉਹ ਪ੍ਰਭੂ ਸਮੂਹ ਜਿੰਦਗੀਆਂ ਅੰਦਰ ਦੀ ਜਿੰਦ-ਜਾਨ ਹੈ ਅਤੇ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ!

ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥੭॥
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਮੇਰੇ ਮੇਰੇ ਗ੍ਰਹਿ ਅੰਦਰ ਹੀ ਪਰਗਟ ਹੋ ਗਿਆ ਹੈ ਅਤੇ ਮੈਂ ਸੁਖੈਨ ਹੀ ਉਸ ਵਿੱਚ ਲੀਨ ਹੋ ਗਿਆ ਹਾਂ।

ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥
ਖੁਸ਼ੀ-ਬਖਸ਼ਣਹਾਰ ਸੁਆਮੀ ਨਾਲ ਮਿਲ ਕੇ, ਹੇ ਬੰਦੇ! ਤੂੰ ਖੁਦ ਹੀ ਆਪਣਾ ਕਾਰਜ ਰਾਸ ਕਰ ਲੈ।

ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਪਤਿ ਬੁਝਾਈ ॥੮॥੧॥
ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੇ ਘਰ ਵਿੱਚ ਹੀ ਪ੍ਰੀਤਮ ਨੂੰ ਪਾ ਲੈਂਦਾ ਹੈ ਤਦ ਉਸ ਦੀ ਅੰਦਰਲੀ ਅੱਗ ਬੁਝ ਜਾਂਦੀ ਹੈ।

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥
ਜਾਗਦਾ, ਸਦਾ ਜਾਗਦਾ ਰਹਿੰਦਾ ਹਾਂ ਮੈਂ ਗੁਰਾਂ ਦੀ ਟਹਿਲ ਸੇਵਾ ਅੰਦਰ ਅਤੇ ਹਰੀ ਦੇ ਬਗੈਰ ਮੇਰਾ ਕੋਈ ਨਹੀਂ।

ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥
ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਦੇਹ ਠਹਿਰਦੀ ਨਹੀਂ ਅਤੇ ਅੱਗ ਵਿੱਚ ਕੱਚ ਦੀ ਮਾਨੰਦ ਢਲ ਜਾਂਦੀ ਹੈ।

ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥
ਦੱਸ, ਹੇ ਬੰਦੇ! ਤੂੰ ਇਸ ਦੇਹ ਅਤੇ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ?

ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥
ਨਸ਼ਟ ਹੋਣ ਲਈ ਉਹ ਕੋਈ ਸਮਾਂ ਨਹੀਂ ਲੈਂਦੇ, ਹੇ ਪਗਲੇ ਪ੍ਰਾਣੀ! ਹੰਕਾਰ ਅਤੇ ਗਰੁਰ ਅੰਦਰ ਇਸਤਰ੍ਹਾਂ ਦੁਨੀਆਂ ਬਰਬਾਦ ਹੋ ਰਹੀ ਹੈ। ਠਹਿਰਾਉ।

ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ॥
ਵਾਹ ਵਾਹ! ਹੇ ਮਾਲਕ ਨੂੰ ਜੋ ਸੰਸਾਰ ਦਾ ਸੁਆਮੀ ਅਤੇ ਰਖਿਅਕ ਹੈ। ਉਹ ਸੁਆਮੀ ਹੀ ਪ੍ਰਾਣੀਆਂ ਦੀ ਰੱਖਿਆ ਅਤੇ ਪ੍ਰੀਖਿਆ ਕਰਦਾ ਹੈ।

ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ੍ਹ ਸਰਿ ਅਵਰੁ ਨ ਕੋਈ ॥੨॥
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੀ ਮਲਕੀਅਤ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਬਰਾਬਰ ਦਾ ਨਹੀਂ।

ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ ॥
ਜੀਵ ਨੂੰ ਰਚ ਕੇ, ਤੂੰ ਉਨ੍ਹਾਂ ਦੀ ਜੀਵਨ-ਰਹੁ ਰੀਤੀ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ ਅਤੇ ਗੁਰਾਂ ਦੇ ਰਾਹੀਂ, ਖੁਦ ਹੀ ਉਹਨਾਂ ਨੂੰ ਬ੍ਰਹਮ ਗਿਆਨ ਦਾ ਸੁਰਮਾ ਬਖਸ਼ਦਾ ਹੈ।

ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥
ਮੇਰਾ ਅਕਾਲ ਅਤੇ ਮਾਲਕ-ਰਹਿਤ ਸੁਆਮੀ ਸਾਰਿਆਂ ਦੇ ਸੀਸ ਉਤੇ ਹੈ। ਉਹ ਮਰਣ ਜੰਮਣ ਸੰਦੇਹ ਅਤੇ ਡਰ ਦੇ ਨਾਸ ਕਰਨ ਵਾਲਾ ਹੈ।

copyright GurbaniShare.com all right reserved. Email