ਸਤਿਗੁਰ ਸਬਦੀ ਪਾਧਰੁ ਜਾਣਿ ॥ ਸੱਚੇ ਗੁਰਾਂ ਦੀ ਬਾਣੀ ਰਾਹੀਂ, ਰੱਬ ਦਾ ਰਾਹ ਜਾਣਿਆ ਜਾਂਦਾ ਹੈ। ਗੁਰ ਕੈ ਤਕੀਐ ਸਾਚੈ ਤਾਣਿ ॥ ਗੁਰਦੇਵ ਜੀ ਦੇ ਆਸਰੇ ਦੁਆਰਾ ਇਨਸਾਨ ਨੂੰ ਸੱਚੇ ਸਾਈਂ ਦੀ ਸਤਿਆ ਪਰਦਾਨ ਹੋ ਜਾਂਦੀ ਹੈ, ਨਾਮੁ ਸਮ੍ਹ੍ਹਾਲਸਿ ਰੂੜ੍ਹ੍ਹੀ ਬਾਣਿ ॥ ਅਤੇ ਉਹ ਸੁੰਦਰ ਗੁਰਬਾਣੀ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ। ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥ ਜੇ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਪ੍ਰਭੂ! ਤਾਂ ਇਨਸਾਨ ਤੇਰੇ ਦਰਵਾਜੇ ਨੂੰ ਪਛਾਣ ਲੈਂਦਾ ਹੈ। ਊਡਾਂ ਬੈਸਾ ਏਕ ਲਿਵ ਤਾਰ ॥ ਅਸਮਾਨ ਵਿੱਚ ਉਡਦਿਆਂ ਜਾਂ ਧਰਤੀ ਤੇ ਬੈਠਿਆ ਮੇਰੀ ਬਿਰਤੀ ਇਕ ਸਾਈਂ ਅੰਦਰ ਜੁੜੀ ਹੋਈ ਹੈ। ਗੁਰ ਕੈ ਸਬਦਿ ਨਾਮ ਆਧਾਰ ॥ ਗੁਰਾਂ ਦੀ ਬਾਣੀ ਦੀ ਬਰਕਤ, ਸੁਆਮੀ ਦਾ ਨਾਮ ਮੇਰਾ ਆਸਰਾ ਹੋ ਗਿਆ ਹੈ। ਨਾ ਜਲੁ ਡੂੰਗਰੁ ਨ ਊਚੀ ਧਾਰ ॥ ਮੇਰੇ ਲਈ ਹੁਣ ਨਾਂ ਕੋਈ ਸਮੁੰਦਰ ਅਤੇ ਨਾਂ ਹੀ ਪਹਾੜ ਦੀ ਉੱਚੀ ਕਤਾਰ ਹੈ। ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥ ਮੈਂ ਆਪਣੇ ਨਿਜ ਦੇ ਧਾਮ ਅੰਦਰ ਵੱਸਦਾ ਹਾਂ, ਜਿਥੇ ਨਾਂ ਮਾਰਗ ਹੈ, ਨਾਂ ਹੀ ਕੋਈ ਰਾਹੀਂ। ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥ ਕੇਵਲ ਤੂੰ ਹੀ ਉਸ ਗ੍ਰਹਿ ਦੇ ਮਾਰਗ ਨੂੰ ਜਾਣਦਾ ਹੈ ਜਿਸ ਵਿੱਚ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਮੰਦਰ ਨੂੰ ਨਹੀਂ ਜਾਣ ਸਕਦਾ। ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥ ਸੱਚੇ ਗੁਰਾਂ ਦੇ ਬਗੈਰ, ਗਿਆਤ ਪਰਾਪਤ ਨਹੀਂ ਹੁੰਦੀ। ਸਾਰਾ ਸੰਸਾਰ ਮਾਇਆ ਦੇ ਭਿਆਨਕ ਸੁਪਨੇ ਦੇ ਦਬਾ ਹੇਠਾਂ ਆਇਆ ਹੋਇਆ ਹੈ। ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥ ਭਾਵੇਂ ਪ੍ਰਾਣੀ ਯਤਨ ਅਤੇ ਰੁਦਨ ਪਿਆ ਕਰੇ, ਪਰੰਤੂ ਗੁਰਾਂ ਦੇ ਬਗੈਰ ਉਹ ਨਾਮ ਨੂੰ ਅਨੁਭਵ ਨਹੀਂ ਕਰ ਸਕਦਾ। ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਞਾਪੈ ॥੪॥ ਜੇਕਰ ਪ੍ਰਾਣੀ ਗੁਰਾਂ ਦੀ ਬਾਣੀ ਨੂੰ ਜਾਣ ਲਵੇ ਤਾਂ ਨਾਮ ਉਸ ਨੂੰ ਅੱਖ ਦੇ ਇਕ ਫੋਰੇ ਵਿੱਚ ਬੰਦਖਲਾਸ ਕਰ ਦਿੰਦਾ ਹੈ। ਇਕਿ ਮੂਰਖ ਅੰਧੇ ਮੁਗਧ ਗਵਾਰ ॥ ਕਈ ਮੂੜ੍ਹ, ਅੰਨ੍ਹੇ ਬੇਵਕੂਫ ਅਤੇ ਬੇਸਮਝ ਹਨ। ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥ ਕਈਆਂ ਨੂੰ ਗੁਰਾਂ ਦੇ ਡਰ ਰਾਹੀਂ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥ ਗੁਰਾਂ ਦੀ ਬਾਣੀ ਸੱਚੀ, ਮਿਠੜੀ ਅਤੇ ਆਬਿਇਯਾਤ ਦੀ ਨਦੀ ਹੈ। ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥ ਜੋ ਕੋਈ ਭੀ ਇਸ ਨੂੰ ਪਾਨ ਕਰਦਾ ਹੈ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ। ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥ ਵਿਸ਼ਾਲ ਹੈ ਜੀਵਨ ਰਹੁ-ਰੀਤੀ ਅਤੇ ਸੱਚੀ ਬੋਲ ਬਾਣੀ ਉਸ ਦੀ, ਜੋ ਪ੍ਰਭੂ ਦੇ ਡਰ ਅਤੇ ਪ੍ਰੇਮ ਰਾਹੀਂ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ। ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥ ਜਦ ਗੁਰੂ-ਬੱਦਲ ਵਰ੍ਹਦਾ ਹੈ, ਮਨ ਦੀ ਧਰਤੀ ਸੋਹਣੀ ਹੋ ਜਾਂਦੀ ਹੈ ਤੇ ਜੀਵ ਹਰੀ ਦੇ ਨੂਰ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖ ਲੈਂਦਾ ਹੈ। ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥ ਐਹੋ ਜੇਹੀ ਹੈ ਨਿਸ਼ਾਨੀ ਗੁਰੂ-ਵਿਹੁਣ ਮੰਦੇ-ਮਨ ਵਾਲੇ ਮਨੁਸ਼ ਦੀ, ਕਿ ਉਹ ਸ਼ੋਰੇ ਵਾਲੀ ਧਰਤੀ ਵਿੱਚ ਬੀਜ ਬੀਜਦਾ ਹੈ। ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥ ਸੱਚੇ ਗੁਰਾਂ ਦੇ ਬਗੈਰ ਅਨ੍ਹੇਰ ਘੁੱਪ ਹੈ ਅਤੇ ਜਲ ਦਾ ਹੋਣ ਦੇ ਬਾਵਜੂਦ, ਇਨਸਾਨ ਡੁੱਬ ਕੇ ਮਰ ਜਾਂਦਾ ਹੈ। ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥ ਜਿਹੜਾ ਕੁਝ ਸਾਈਂ ਕਰਦਾ ਹੈ, ਉਹ ਉਸ ਦੇ ਭਾਣੇ ਵਿੱਚ ਹੈ। ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥ ਜਿਹੜਾ ਕੁਝ ਭੀ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆਂ ਨਹੀਂ ਜਾ ਸਕਦਾ। ਹੁਕਮੇ ਬਾਧਾ ਕਾਰ ਕਮਾਇ ॥ ਸਾਈਂ ਦੀ ਰਜ਼ਾ ਅੰਦਰ ਬੱਝਾ ਹੋਇਆ ਜੀਵ ਕੰਮ ਕਰਦਾ ਹੈ। ਏਕ ਸਬਦਿ ਰਾਚੈ ਸਚਿ ਸਮਾਇ ॥੭॥ ਇਕ ਨਾਮ ਅੰਦਰ ਰਮ ਜਾਣ ਦੁਆਰਾ, ਜੀਵ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ। ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ ਤੇਰੀ ਰਜ਼ਾ, ਹੇ ਸੁਆਮੀ! ਚੌਹੀਂ ਪਾਸੀਂ ਹੀ ਪਰਵਿਰਤ ਹੋ ਰਹੀ ਹੈ ਅਤੇ ਤੇਰਾ ਨਾਮ ਪਇਆਲ ਦੇ ਚਾਰੇ ਪਾਸਿਆਂ ਵਿੱਚ ਭੀ ਵਿਆਪਕ ਹੋ ਰਿਹਾ ਹੈ। ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥ ਸਾਰਿਆਂ ਅੰਦਰ ਸੱਚੇ ਸੁਆਮੀ ਦਾ ਨਾਮ ਰਮਿਆ ਹੋਇਆ ਹੈ ਅਤੇ ਉਸ ਦੀ ਦਇਆ ਦੁਆਰਾ ਹੀ, ਸੁਆਮੀ ਮਿਲਦਾ ਹੈ। ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥ ਜੰਮਣਾ, ਮਰਣਾ, ਭੁੱਖ, ਨੀਦ੍ਰ ਅਤੇ ਕੂਚ ਸਾਰਿਆਂ ਦੇ ਸਿਰਾਂ ਉਤੇ ਖੜ੍ਹੇ ਦਿਸਦੇ ਹਨ। ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥ ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਸੰਨਤਾ ਦੇ ਘਰ ਸੁਆਮੀ! ਆਪਣੀ ਸੱਚੀ ਰਹਿਮਤ ਦੁਆਰਾ ਤੂੰ ਮੈਨੂੰ ਆਪਣਾ ਨਾਮ ਬਖਸ਼ ਜੋ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਮਲਾਰ ਮਹਲਾ ੧ ॥ ਮਲਾਰ ਪਹਿਲੀ ਪਾਤਿਸ਼ਾਹੀ। ਮਰਣ ਮੁਕਤਿ ਗਤਿ ਸਾਰ ਨ ਜਾਨੈ ॥ ਤੂੰ ਮੌਤ ਅਤੇ ਮੋਖਸ਼ ਦੀ ਅਵਸਥਾ ਅਤੇ ਹਾਲਤ ਨੂੰ ਨਹੀਂ ਜਾਣਦੀ। ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥ ਤੂੰ ਦਰਿਆ ਦੇ ਕਿਨਾਰੇ ਤੇ ਬੈਠੀ ਹੈ। ਤੈਨੂੰ ਗੁਰਾਂ ਦੀ ਬਾਣੀ ਦੇ ਰਾਹੀਂ, ਆਪਣੇ ਸੁਆਮੀ ਨੂੰ ਅਨੁਭਵ ਕਰਨਾ ਚਾਹੀਦਾ ਹੈ। ਤੂ ਕੈਸੇ ਆੜਿ ਫਾਥੀ ਜਾਲਿ ॥ ਹੇ ਨੜੀਏ! ਤੂੰ ਕਿਸ ਤਰ੍ਹਾਂ ਫੰਧੇ ਵਿੱਚ ਫਸ ਗਈ ਹੈ। ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ ॥੧॥ ਰਹਾਉ ॥ ਤੂੰ ਸੱਚੇ ਦਿਲੋਂ ਆਪਣੇ ਅਦ੍ਰਿਸ਼ਟ ਸਾਈਂ ਤੋਂ ਨਹੀਂ ਮੰਗਦੀ ਅਤੇ ਨਾਂ ਹੀ ਉਸ ਨੂੰ ਸਿਮਰਦੀ ਹੈ। ਠਹਿਰਾਉ। ਏਕ ਜੀਅ ਕੈ ਜੀਆ ਖਾਹੀ ॥ ਆਪਣੀ ਇਕ ਜਿੰਦਗੀ ਲਈ ਤੂੰ ਕਈ ਜੀਵਾਂ ਨੂੰ ਖਾਂਦੀ ਹੈਂ। ਜਲਿ ਤਰਤੀ ਬੂਡੀ ਜਲ ਮਾਹੀ ॥੨॥ ਤੈਨੂੰ ਪਾਣੀ ਵਿੱਚ ਤਰਨ ਦਾ ਹੁਕਮ ਸੀ, ਪਰ ਤੂੰ ਹੁਣ ਪਾਣੀ ਵਿੱਚ ਡੁੱਬ ਗਈ ਹੈਂ। ਸਰਬ ਜੀਅ ਕੀਏ ਪ੍ਰਤਪਾਨੀ ॥ ਤੂੰ ਸਾਰੇ ਜੀਵਾਂ ਨੂੰ ਬਹੁਤ ਸਤਾਇਆ ਹੈ। ਜਬ ਪਕੜੀ ਤਬ ਹੀ ਪਛੁਤਾਨੀ ॥੩॥ ਜਦ ਮੌਤ ਨੇ ਤੈਨੂੰ ਫੜਿਆ, ਤਦ ਤੂੰ ਝੋਰਾ ਕਰੇਂਗੀ। ਜਬ ਗਲਿ ਫਾਸ ਪੜੀ ਅਤਿ ਭਾਰੀ ॥ ਜਦ ਤੇਰੀ ਗਰਦਨ ਉਦਾਲੇ ਬਹੁਤੀ ਬੋਝਲ ਫਾਹੀ ਪਈ, ਊਡਿ ਨ ਸਾਕੈ ਪੰਖ ਪਸਾਰੀ ॥੪॥ ਉਦੋਂ ਆਪਣੇ ਖੰਭ ਖਿਲਾਰ ਕੇ ਤੂੰ ਉਡ ਨਹੀਂ ਸਕੇਗੀ। ਰਸਿ ਚੂਗਹਿ ਮਨਮੁਖਿ ਗਾਵਾਰਿ ॥ ਤੂੰ ਖੁਸ਼ੀ ਨਾਲ ਆਪਣੇ ਸ਼ਿਕਾਰ ਨੂੰ ਚੁਗਦੀ ਹੈਂ, ਹੇ ਮੂੰਹ ਜੋਰ ਮੂਰਖੇ। ਫਾਥੀ ਛੂਟਹਿ ਗੁਣ ਗਿਆਨ ਬੀਚਾਰਿ ॥੫॥ ਤੂੰ ਫਸ ਗਈ ਹੈਂ। ਨੇਕੀਆਂ, ਬ੍ਰਹਮ-ਗਿਆਤ ਅਤੇ ਸੁਆਮੀ ਦੇ ਸਿਮਰਨ ਰਾਹੀਂ ਤੂੰ ਬੰਦ-ਖਲਾਸ ਹੋ ਸਕਦੀ ਹੈਂ। ਸਤਿਗੁਰੁ ਸੇਵਿ ਤੂਟੈ ਜਮਕਾਲੁ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੌਤ ਦੇ ਫਰੇਸ਼ਤੇ ਦਾ ਜਾਲ ਟੁੱਟ ਜਾਂਦਾ ਹੈ। ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ ॥੬॥ ਆਪਣੇ ਮਨ ਅੰਦਰ ਤੂੰ ਸਤਿਨਾਮ ਦਾ ਸਿਮਰਨ ਕਰ। ਗੁਰਮਤਿ ਸਾਚੀ ਸਬਦੁ ਹੈ ਸਾਰੁ ॥ ਜੋ ਕੋਈ ਗੁਰਾਂ ਦੀ ਸੱਚੀ ਨਸੀਹਸਤ ਅਤੇ ਸਰੇਸ਼ਟ ਉਪਦੇਸ਼ ਤੇ ਅਮਲ ਕਰਦਾ ਹੈ, ਹਰਿ ਕਾ ਨਾਮੁ ਰਖੈ ਉਰਿ ਧਾਰਿ ॥੭॥ ਉਹ ਰੱਬ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਸੇ ਦੁਖ ਆਗੈ ਜਿ ਭੋਗ ਬਿਲਾਸੇ ॥ ਜੋ ਕੋਈ ਏਥੇ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ, ਉਹ ਅੱਗੇ ਕਸ਼ਟ ਉਠਾਉਂਦਾ ਹੈ। ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥੮॥੨॥੫॥ ਨਾਨਕ ਸੱਚੇ ਨਾਮ ਦੇ ਬਗੈਰ, ਇਨਸਾਨ ਨੂੰ ਕਲਿਆਣ ਨਹੀਂ ਹੁੰਦੀ। copyright GurbaniShare.com all right reserved. Email |