ਮਲਾਰ ਮਹਲਾ ੩ ਅਸਟਪਦੀਆ ਘਰੁ ੧ ॥ ਮਲਾਰ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥ ਜਦ ਮਾਲਕ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ। ਉਸ ਦੀ ਮਿਹਰ ਦੇ ਬਗੈਰ ਉਹ ਪਰਾਪਤ ਨਹੀਂ ਹੁੰਦੇ। ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥੧॥ ਜਦ ਵਾਹਿਗੁਰੂ ਦੀ ਐਸੀ ਰਜਾ ਹੁੰਦੀ ਹੈ ਬੰਦਾ ਸੱਚੇ ਗੁਰਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ। ਮਨ ਮੇਰੇ ਹਰਿ ਹਰਿ ਨਾਮਿ ਚਿਤੁ ਲਾਇ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਨ ਨੂੰ ਆਪਣੇ ਸੁਆਮੀ ਮਾਲਕ ਦੇ ਨਾਮ ਨਾਲ ਜੋੜ। ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸੱਚੇ ਗੁਰਾਂ ਦੇ ਰਾਹੀਂ, ਸੱਚਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁਖ ਆਪਣੇ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ। ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥ ਸੱਚੇ ਗੁਰਾਂ ਦੇ ਰਾਹੀਂ, ਬ੍ਰਹਮ ਗਿਆਤ ਉਤਪੰਨ ਹੁੰਦੀ ਹੈ ਅਤੇ ਤਦ ਇਹ ਭਰਮ ਦੂਰ ਹੁੰਦਾ ਹੈ। ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥੨॥ ਸੱਚੇ ਗੁਰਾਂ ਦੇ ਰਾਹੀਂ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਨੀ ਨੂੰ ਮੁੜ ਕੇ ਉਦਰਾ ਦੀਆਂ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ। ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥ ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਮਰ ਕੇ, ਕੇਵਲ ਨਾਮ ਦੀ ਕਮਾਈ ਕਰਨ ਲਈ ਜੀਉਂਦਾ ਹੈ। ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥੩॥ ਕੇਵਲ ਉਹ ਹੀ ਮੋਖਸ਼ ਦੇ ਦਰ ਨੂੰ ਪਰਾਪਤ ਹੁੰਦਾ ਹੈ ਜੋ ਆਪੇ ਅੰਦਰੋਂ ਆਪਣੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ। ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ ॥ ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰੋਂ ਮਾਇਆ ਨੂੰ ਬਾਹਰ ਕਢ, ਬੰਦਾ ਸਾਈਂ ਦੇ ਧਾਮ ਅੰਦਰ ਮੁੜ ਜੰਮ ਪੈਂਦਾ ਹੈ। ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥੪॥ ਜਿਹੜਾ ਪੁਰਸ਼, ਅਖਾਧ ਨੂੰ ਖਾ ਜਾਂਦਾ ਹੈ, ਉਸ ਨੂੰ ਪ੍ਰਬੀਨ ਅਕਲ ਦੀ ਬਖਸ਼ਸ਼ ਹੁੰਦੀ ਹੈ ਅਤੇ ਉਹ ਪਰਮ ਪੁਰਸ਼ ਨਾਲ ਮਿਲ ਜਾਂਦਾ ਹੈ। ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥ ਬੇਸਮਝ ਦੁਨੀਆਂ ਇਕ ਉਡਪੁਡ ਜਾਣ ਵਾਲਾ ਤਮਾਸ਼ਾ ਹੈ ਅਤੇ ਇਸ ਅੰਦਰ ਬੰਦਾ ਆਪਣੀ ਮੁੜੀ ਗੁਆ ਟੁਰ ਜਾਂਦਾ ਹੈ। ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥੫॥ ਵਾਹਿਗੁਰੂ ਦੇ ਨਾਮ ਦਾ ਲਾਭ ਸਾਧ ਸੰਗਤ ਅੰਦਰ ਪਰਾਪਤ ਹੁੰਦਾ ਹੈ, ਪਰੰਤੂ ਪ੍ਰਭੂ ਦੀ ਦਇਆ ਦੁਆਰਾ, ਇਨਸਾਨ ਇਸ ਦੀ ਬਖਸ਼ਸ਼ ਹੁੰਦੀ ਹੈ। ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥ ਸੱਚੇ ਗੁਰਾਂ ਦੇ ਬਗੈਰ, ਕੋਈ ਭੀ ਪ੍ਰਭੂ ਨੂੰ ਪਰਾਪਤ ਨਹੀਂ ਹੁੰਦਾ, ਤੂੰ ਆਪਣੇ ਚਿੱਤ ਅੰਦਰ ਸੋਚ ਕੇ ਦੇਖ ਲੈ, ਹੇ ਬੰਦੇ! ਵਡਭਾਗੀ ਗੁਰੁ ਪਾਇਆ ਭਵਜਲੁ ਉਤਰੇ ਪਾਰਿ ॥੬॥ ਵੱਡੀ ਚੰਗੀ ਪ੍ਰਾਲਭਧ ਦੁਆਰਾ, ਬੰਦਾ ਗੁਰਦੇਵ ਜੀ ਨੂੰ ਮਿਲਦਾ ਹੈ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ। ਹਰਿ ਨਾਮਾਂ ਹਰਿ ਟੇਕ ਹੈ ਹਰਿ ਹਰਿ ਨਾਮੁ ਅਧਾਰੁ ॥ ਸੁਆਮੀ ਤੇ ਸੁਆਮੀ ਦਾ ਨਾਮ ਹੀ ਮੇਰੀ ਕਲਮਕੱਲੀ ਪਨਾਹ ਹੈ ਅਤੇ ਮੈਨੂੰ ਕੇਵਲ ਸਾਈਂ ਹਰੀ ਦੇ ਨਾਮ ਦਾ ਹੀ ਆਸਰਾ ਹੈ। ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥੭॥ ਹੇ ਮਹਾਰਾਜ ਹਰੀ! ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਮੁਕਤੀ ਦੇ ਦਰ ਨੂੰ ਪਾ ਲਵਾਂ। ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ ॥ ਸ਼ਰੋਮਣੀ ਸਾਹਿਬ ਦੀ ਮੁੱਢ ਤੋਂ ਲਿਖੀ ਹੋਈ ਮੱਥੇ ਦੀ ਲਿਖਤਾਕਾਰ, ਮੇਟੀ ਨਹੀਂ ਜਾ ਸਕਦੀ। ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਭਾਣਾ ਭਾਇ ॥੮॥੧॥ ਹੇ ਨਾਨਕ! ਕੇਵਲ ਉਹ ਪੁਰਸ਼ ਹੀ ਮੁਕੰਮਲ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਰਜਾ ਚੰਗੀ ਲਗਦੀ ਹੈ। ਮਲਾਰ ਮਹਲਾ ੩ ॥ ਮਲਾਰ ਤੀਜੀ ਪਾਤਿਸ਼ਾਹੀ। ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥ ਦੁਨੀਆਂ ਵੇਦਾਂ ਦੇ ਮੰਤਰਾਂ ਅੰਦਰ ਪ੍ਰਵਿਰਤ ਹੋਈ ਹੋਈ ਹੈ ਅਤੇ ਤਿੰਨਾਂ ਅਵਸਥਾਂਵਾਂ ਨੂੰ ਹੀ ਸੋਚਦੀ ਵੀਚਾਰਦੀ ਹੈ। ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥ ਨਾਮ ਦੇ ਬਾਝੋਂ, ਇਹ ਮੌਤ ਦੇ ਦੂਤ ਦੀ ਸਜ਼ਾ ਸਹਾਰਦੀ ਹੈ ਅਤੇ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਹੈ। ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥੧॥ ਸੱਚੇ ਗੁਰਾਂ ਨਾਲ ਮਿਲਾ ਕੇ, ਇਹ ਬੰਦਖਲਾਸ ਹੋ ਜਾਂਦੀ ਹੈ ਅਤੇ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੀ ਹੈ। ਮਨ ਰੇ ਸਤਿਗੁਰੁ ਸੇਵਿ ਸਮਾਇ ॥ ਹੇ ਬੰਦੇ! ਤੂੰ ਸੱਚੇ ਗੁਰਾਂ ਦੀ ਟਹਿਲ-ਸੇਵਾ ਅੰਦਰ ਲੀਨ ਹੋ ਜਾ। ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥ ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ ਅਤੇ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ। ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥ ਆਪਣੀ ਰਜਾ ਅੰਦਰ ਵਾਹਿਗੁਰੂ ਨੇ ਦੁਨੀਆ ਰਚੀ ਹੈ ਅਤੇ ਆਪ ਹੀ ਇਸ ਨੂੰ ਰੋਜ਼ੀ ਦਿੰਦਾ ਹੈ। ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥ ਆਪਣੀ ਰਜ਼ਾ ਅੰਦਰ ਪ੍ਰਭੂ ਮਨੁੱਖ ਦੇ ਮਨੂਏ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਉਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ। ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥੨॥ ਪ੍ਰਭੂ ਦੀ ਰਜ਼ਾ ਅੰਦਰ ਇਨਸਾਨ ਸੱਚੇ ਗੁਰੂ ਨੂੰ ਮਿਲ ਪੈਦਾ ਹੈ, ਜੋ ਉਸ ਦੇ ਸਾਰੇ ਜੀਵਨ ਨੂੰ ਸ਼ਸ਼ੋਭਤ ਕਰਨ ਵਾਲੇ ਹਨ। ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥ ਸ਼ਲਾਘਾ ਯੋਗ, ਸ਼ਲਾਘਾ ਯੋਗ, ਅਤੇ ਸੱਚੀ ਹੈ ਗੁਰ ਦੀ ਬਾਣੀ, ਕੋਈ ਵਿਰਲਾ ਰੱਬ ਨੂੰ ਜਾਨਣ ਵਾਲਾ ਜੀਵ ਇਸ ਗੱਲ ਨੂੰ ਸਮਝਦਾ ਹੈ। ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥ ਸ਼ਾਬਾਸ਼! ਸ਼ਾਬਾਸ਼!" ਉਚਾਰਦਾ ਹੋਇਆ ਤੂੰ ਆਪਣੇ ਸਾਹਿਬ ਦੀ ਸਿਫ਼ਤ-ਸ਼ਲਾਘਾ ਕਰ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ। ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥੩॥ ਜਦ ਬੰਦਾ ਹਰੀ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ, ਤਦ ਉਹ ਉਸ ਨੂੰ ਮੁਆਫ ਕਰ ਆਪਣੇ ਨਾਲ ਮਿਲ ਲੈਂਦਾ ਹੈ। ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥ ਸੱਚੇ ਗੁਰਾਂ ਨੇ ਮੈਨੂੰ ਸ਼ਰੋਮਣੀ ਸੱਚਾ ਸੁਆਮੀ ਵਿਖਾਲ ਦਿੱਤਾ ਹੈ। ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥ ਜਦ ਸੱਚਾ ਸੁਆਮੀ ਆਪਣੇ ਨਾਮ ਦੇ ਆਬਿ-ਹਿਯਾਤ ਦੀ ਬਰਖਾ ਕਰਦਾ ਹੈ ਤਾਂ ਮੇਰੀ ਆਤਮਾ ਰੱਜ ਜਾਂਦੀ ਹੈ ਤੇ ਉਸ ਨਾਲ ਪ੍ਰੀਤ ਅੰਦਰ ਜੁੜੀ ਰਹਿੰਦੀ ਹੈ। ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥੪॥ ਰੱਬ ਦੇ ਨਾਮ ਰਾਹੀਂ ਜਿੰਦੜੀ ਸਦੀਵ ਹੀ ਤਰੋ ਤਾਜ਼ਾ ਰਹਿੰਦੀ ਹੈ ਅਤੇ ਮੁੜ ਕੇ ਸੁਕਦੀ ਤੇ ਮੁਰਝਾਉਂਦੀ ਨਹੀਂ। copyright GurbaniShare.com all right reserved. Email |