Page 145
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥
ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਤਦ ਪ੍ਰਾਣੀ ਆਪਣੇ ਸਰੀਰ ਨੂੰ ਸਵਾਹ ਮਲਦਾ ਹੈ ਅਤੇ ਸਿੰਗ ਅਤੇ ਸੰਖ ਵਜਾਉਂਦਾ ਹੈ।

ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥
ਜਦ ਤੈਨੂੰ ਚੰਗਾ ਲੱਗਦਾ ਹੈ ਬੰਦਾ ਮੁਸਲਮਾਨੀ ਗ੍ਰੰਥ ਵਾਚਦਾ ਹੈ। ਅਤੇ ਮੁਲਾਂ ਅਤੇ ਸ਼ੇਖ ਆਖਿਆ ਜਾਂਦਾ ਹੈ।

ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥
ਜਦ ਤੇਰੀ ਰਜਾ ਹੁੰਦੀ ਹੈ ਤਦ ਉਹ ਪਾਤਸ਼ਾਹ ਹੋ ਜਾਂਦੇ ਹਨ ਅਤੇ ਘਨੇਰੇ ਮਿੱਠੇ ਤੇ ਸਲੋਨੇ ਸੁਆਦ ਮਾਣਦੇ ਹਨ।

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥
ਜਦ ਤੇਰੀ ਮਰਜੀ ਹੁੰਦੀ ਹੈ ਇਨਸਾਨ ਤਲਵਾਰ ਵਾਹੁੰਦੇ ਹਨ, ਤੇ ਸੀਸ ਨੂੰ ਧੌਣ ਨਾਲੋਂ ਵੱਢ ਸੁੱਟਦੇ ਹਨ।

ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥
ਜਦ ਤੇਰੀ ਇਹ ਰਜਾ ਹੁੰਦੀ ਹੈ, ਹੇ ਮਾਲਿਕ! ਲੋਕ ਪਰਾਏ ਦੇਸ਼ਾਂ ਅੰਦਰ ਜਾਂਦੇ ਹਨ ਅਤੇ ਅਨੇਗਾਂ ਖਬਰਾਂ ਸਰਵਣ ਕਰਕੇ ਗ੍ਰਹਿ ਨੂੰ ਮੁੜ ਆਉਂਦੇ ਹਨ।

ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥
ਜਦ ਤੇਰੀ ਇਹ ਖੁਸ਼ੀ ਹੁੰਦੀ ਹੈ ਮਨੁੱਖ ਤੇਰੇ ਨਾਮ ਵਿੰਚ ਲੀਨ ਹੋ ਜਾਂਦਾ ਹੈ। ਅਤੇ ਜਦ ਤੇਰੀ ਰਜਾ ਹੁੰਦੀ ਹੈ ਉਹ ਤੈਨੂੰ ਚੰਗਾ ਲੱਗਣ ਲੱਗ ਜਾਂਦਾ ਹੈ।

ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
ਨਾਨਕ ਇਕ ਪ੍ਰਾਰਥਨਾ ਕਹਿੰਦਾ ਹੈ (ਕੀ ਊਹ ਤੇਰੀ ਰਜਾ ਅਨੁਸਾਰ ਟੁਰੇ) ਹੋਰ ਸਭ ਕੁਝ ਝੂਠ ਦੀ ਕਮਾਈ ਕਰਨਾ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
ਚੂੰਕਿ ਤੂੰ ਵਿਸ਼ਾਲ ਹੈਂ ਸਾਰੀ ਵਿਸ਼ਾਲਤਾ ਤੇਰੇ ਤੋਂ ਹੀ ਰਵਾਂ ਹੁੰਦੀ ਹੈ। ਸਰੇਸ਼ਟ ਹੋਣ ਕਰਕੇ ਤੂੰ ਨਿਰੋਲ ਭਲਾ ਹੀ ਕਰਦਾ ਹੈਂ।

ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
ਜਦ ਤੂੰ ਸੱਚਾ ਹੈਂ ਤਦ ਸਾਰਾ ਕੁਝ ਜੋ ਤੇਰੇ ਪਾਸੋਂ ਵਗਦਾ ਹੈ, ਸੱਚਾ ਹੈ। ਝੂਠ ਮੂਲੋ ਹੀ ਕੁਝ ਭੀ ਨਹੀਂ।

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
ਕਹਣਾ, ਦੇਖਣਾ, ਉਚਾਰਣਾ, ਤੁਰਨਾ, ਜਿਊਣਾ ਅਤੇ ਮਰ ਜਾਣਾ ਤੈਥੋਂ ਹੀ ਹਨ, ਹੇ ਸਾਹਿਬ!

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
ਨਾਨਕ, ਸੱਚਾ ਸੁਆਮੀ ਆਪੇ ਹੀ ਆਪਣੇ ਅਮਰ ਦੁਆਰਾ ਰਚਦਾ ਹੈ ਤੇ ਆਪਣੇ ਅਮਰ ਦੁਆਰਾ ਹੀ ਸਾਰਿਆਂ ਜੀਵਾਂ ਨੂੰ ਰੱਖਦਾ ਹੈ।

ਪਉੜੀ ॥
ਪਉੜੀ।

ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਨਿਧੜਕ ਹੋ ਕੇ ਸੱਚੇ ਗੁਰਾਂ ਦੀ ਖਿਦਮਤ ਕਰ ਅਤੇ ਤੇਰਾ ਭਟਕਣਾ ਮੁੱਕ ਜਾਵੇਗਾ।

ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
ਤੂੰ ਉਹ ਕੰਮ ਕਰ ਜਿਹੜਾ ਕੰਮ ਸੱਚੇ ਗੁਰੂ ਜੀ ਤੈਨੂੰ ਕਰਨ ਲਈ ਕਹਿੰਦੇ ਹਨ।

ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
ਜੇਕਰ ਸੱਚੇ ਗੁਰਦੇਵ ਮਿਹਰਬਾਨ ਹੋ ਜਾਣ, ਕੇਵਲ ਤਾਂ ਹੀ, ਅਸੀਂ ਨਾਮ ਦਾ ਆਰਾਧਨ ਕਰ ਸਕਦੇ ਹਾਂ।

ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਦਾ ਸੁਸ਼ੋਭਤ ਅਤੇ ਖਰਾ ਮੁਨਾਫਾ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।

ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
ਆਪ-ਹੁਦਰਾ ਪੁਰਸ਼ ਝੂਠ ਦੇ ਅੰਨ੍ਹੇ ਅਨ੍ਹੇਰੇ ਵਿੱਚ ਹੈ ਅਤੇ ਝੂਠ ਦੀ ਹੀ ਕਮਾਈ ਕਰਦਾ ਹੈ।

ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
ਸੱਚੇ ਗੁਰਾਂ ਦੇ ਬੂਹੇ ਊਤੇ ਪਹੁੰਚ ਅਤੇ ਸਤਿਨਾਮ ਦਾ ਊਚਾਰਣ ਕਰ, ਹੇ ਬੰਦੇ!

ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
ਸਚਿਆਰ ਸੱਚੇ ਮਾਲਕ ਦੇ ਮੰਦਰ ਵਿੰਚ ਬੁਲਾ ਲਏ ਜਾਂਦੇ ਹਨ।

ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
ਨਾਨਕ ਸਤਿਵਾਦੀ ਪੁਰਸ਼ ਹਮੇਸ਼ਾਂ ਲਈ ਸੱਚਾ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕਲਜੁਗ ਛੁਰੀ ਹੈ, ਬਾਦਸ਼ਾਹ ਬੁੱਚੜ ਹਨ, ਸੱਚਾਈ ਪਰ ਲਾ ਕੇ ਉੱਡ ਗਈ ਹੈ।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਝੂਠ ਦੀ ਇਸ ਮੱਸਿਆ ਦੀ ਰਾਤ ਅੰਦਰ ਸੱਚ ਦਾ ਚੰਦ ਕਿਤੇ ਉਦੈ ਹੋਇਆ ਹੋਇਆ ਨਹੀਂ ਦਿਸਦਾ।

ਹਉ ਭਾਲਿ ਵਿਕੁੰਨੀ ਹੋਈ ॥
ਆਪਣੀ ਖੋਜ ਢੂੰਡ ਅੰਦਰ ਮੈਂ ਪਰੇਸ਼ਾਨ ਹੋ ਗਿਆ ਹਾਂ।

ਆਧੇਰੈ ਰਾਹੁ ਨ ਕੋਈ ॥
ਅੰਨ੍ਹੇਰੇ ਵਿੱਚ ਮੈਨੂੰ ਰਸਤਾ ਨਹੀਂ ਲੱਭਦਾ।

ਵਿਚਿ ਹਉਮੈ ਕਰਿ ਦੁਖੁ ਰੋਈ ॥
ਹੰਕਾਰ ਕਰਕੇ ਪ੍ਰਾਣੀ ਤਕਲੀਫ ਅੰਦਰ ਵਿਰਲਾਪ ਕਰਦਾ ਹੈ।

ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਗੁਰੂ ਜੀ ਫਰਮਾਊਦੇ ਹਨ, ਕਿਸ ਤਰੀਕੇ ਦੁਆਰਾ ਜੀਵ ਮੁਕਤ ਹੋ ਸਕਦਾ ਹੈ?

ਮਃ ੩ ॥
ਤੀਜੀ ਪਾਤਸ਼ਾਹੀ।

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
ਇਸ ਕਾਲੇ ਸਮੇ ਅੰਦਰ ਸਾਹਿਬ ਦੀ ਸਿਫ਼ਤ ਸ਼ਲਾਘਾ ਜਗਤ ਲਈ ਰੌਸ਼ਨੀ ਵਜੋਂ ਜਹੂਰ ਵਿੱਚ ਆਈ ਹੈ।

ਗੁਰਮੁਖਿ ਕੋਈ ਉਤਰੈ ਪਾਰਿ ॥
ਗੁਰਾਂ ਦੇ ਰਾਹੀਂ ਕੋਈਂ ਵਿਰਲਾ ਹੀ ਜੀਵਨ ਦੇ ਸਮੁੰਦਰ ਨੂੰ ਤਰ ਕੇ ਪਾਰ ਹੁੰਦਾ ਹੈ।

ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥
ਸਾਹਿਬ ਉਸ ਨੂੰ ਇਹ ਰੌਸ਼ਨੀ ਬਖਸ਼ਦਾ ਹੈ ਜਿਸ ਉਤੇ ਊਹ ਆਪਣੀ ਮਿਹਰ ਦੀ ਨਜਰ ਧਾਰਦਾ ਹੈ।

ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥
ਨਾਨਕ, ਗੁਰਾਂ ਦੁਆਰਾ ਊਹ (ਐਸਾ ਇਨਸਾਨ) ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।

ਪਉੜੀ ॥
ਪਉੜੀ।

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਰੱਬ ਦੇ ਸ਼ਰਧਾਲੂਆਂ ਅਤੇ ਸੰਸਾਰੀ ਬੰਦਿਆਂ ਦੇ ਵਿੱਚ ਕਦਾਚਿੱਤ ਮੇਲ ਮਿਲਾਪ ਨਹੀਂ ਹੋ ਸਕਦਾ।

ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
ਸਿਰਜਣਹਾਰ ਖੁਦ ਅਚੂਕ ਹੈ। ਕਿਸੇ ਦੇ ਗੁਮਰਾਹ ਕੀਤੇ ਉਹ ਚੌਂਧੀ ਨਹੀਂ ਖਾਂਦਾ।

ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
ਆਪਣੇ ਸਾਧੂਆਂ ਨੂੰ ਜੋ ਸਮੂਹ ਸੱਚ ਦੀ ਕਮਾਈ ਕਰਦੇ ਹਨ, ਰਚਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।

ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
ਦੁਨੀਆਂ ਵਿੱਚ ਗ੍ਰਹਿਸਤੀ ਬੰਦਿਆਂ ਨੂੰ ਜੋ ਕੂੜ-ਕੁਸੱਤ ਨੂੰ ਲਗਾਤਾਰ ਬਕਕੇ ਜਹਿਰ ਖਾਂਦੇ ਹਨ, ਸੁਆਮੀ ਨੇ ਆਪੇ ਹੀ ਕੁਰਾਹੇ ਪਾ ਛੱਡਿਆ ਹੈ।

ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
ਉਹ ਟੁਰ ਜਾਣ ਦੀ ਆਖਰੀ ਅਸਲੀਅਤ ਨੂੰ ਨਹੀਂ ਜਾਣਦੇ ਅਤੇ ਵਿਸ਼ੇ ਭੋਗ ਤੇ ਗੁੱਸੇ ਦੀ ਜਹਿਰ ਨੂੰ ਵਧੇਰੇ ਕਰੀ ਜਾਂਦੇ ਹਨ।

ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
ਸ਼ਰਧਾਲੂ ਜੋ ਰੈਣ ਦਿਹੁੰ ਨਾਮ ਦਾ ਅਰਾਧਨ ਕਰਦੇ ਹਨ, ਵਾਹਿਗੁਰੂ ਦੀ ਨੌਕਰੀ ਬਜਾਉਂਦੇ ਹਨ।

ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
ਸਾਹਿਬ ਦੇ ਗੋਲਿਆਂ ਦੇ ਗੇਲੇ ਬਣ ਕੇ ਉਹ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਛੱਡਦੇ ਹਨ।

ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
ਰੌਸ਼ਨ ਹਨ ਉਹਨਾਂ ਦੇ ਚਿਹਰੇ ਕੰਤ ਦੇ ਦਰਬਾਰ ਵਿੱਚ ਅਤੇ ਉਹ ਸੱਚੇ ਨਾਮ ਦੇ ਨਾਲ ਸੁਸ਼ੋਭਤ ਹੋਏ ਹਨ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥
ਜੋ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਜੰਸ ਕਰਦੇ ਅਤੇ ਇੱਕ ਚਿੱਤ ਨਾਲ ਉਸ ਨੂੰ ਸਿਮਰਦੇ ਹਨ।

ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥
ਉਹ ਪੂਰਨ ਪਾਤਸ਼ਾਹ ਹਨ ਅਤੇ ਠੀਕ ਵਕਤ ਤੇ ਪ੍ਰਾਣ-ਨਾਸਕ ਪਾਪਾਂ ਨਾਲ ਲੜਦੇ ਮਰ ਮਿਟਦੇ ਹਨ।

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥
ਦੂਸਰੇ ਪਹਿਰ ਵਿੱਚ ਘਨੇਰਿਆਂ ਰਸਤਿਆਂ ਅੰਦਰ ਚਿੱਤ ਦੀ ਬ੍ਰਿਤੀ ਖਿਲਰ ਜਾਂਦੀ ਹੈ।

ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥
ਘਨੇਰੇ ਅਥਾਹ ਪਾਣੀ ਵਿੱਚ ਡਿੱਗ ਪੈਂਦੇ ਹਨ, ਡੁਬਕੀਆਂ ਖਾਂਦੇ ਹਨ ਅਤੇ ਬਾਹਰ ਨਹੀਂ ਨਿਕਲ ਸਕਦੇ।

copyright GurbaniShare.com all right reserved. Email:-