Page 623

ਤਿਨਿ ਸਗਲੀ ਲਾਜ ਰਾਖੀ ॥੩॥
ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।

ਬੋਲਾਇਆ ਬੋਲੀ ਤੇਰਾ ॥
ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।

ਤੂ ਸਾਹਿਬੁ ਗੁਣੀ ਗਹੇਰਾ ॥
ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।

ਜਪਿ ਨਾਨਕ ਨਾਮੁ ਸਚੁ ਸਾਖੀ ॥
ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।

ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਵਿਚਿ ਕਰਤਾ ਪੁਰਖੁ ਖਲੋਆ ॥
ਸਿਰਜਣਹਾਰ ਸੁਆਮੀ ਆਪ ਆ ਖੜਾ ਹੋਇਆ,

ਵਾਲੁ ਨ ਵਿੰਗਾ ਹੋਆ ॥
ਅਤੇ ਮੇਰਾ ਇਕ ਰੋਮ ਭੀ ਟੇਢਾ ਨਾਂ ਹੋਇਆ।

ਮਜਨੁ ਗੁਰ ਆਂਦਾ ਰਾਸੇ ॥
ਮੇਰਾ ਇਸ਼ਨਾਨ ਗੁਰਾਂ ਨੇ ਸਫਲ ਕਰ ਦਿੱਤਾ ਹੈ।

ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥
ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੇ ਪਾਪ ਖਤਮ ਹੋ ਗਏ ਹਨ।

ਸੰਤਹੁ ਰਾਮਦਾਸ ਸਰੋਵਰੁ ਨੀਕਾ ॥
ਹੇ ਸਾਧੂਓ! ਸ੍ਰੇਸ਼ਟ ਹੈ ਰਾਮ ਦਾਸ ਜੀ ਦਾ ਤਾਲਾਬ।

ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥
ਜੋ ਕੋਈ ਉਸ ਵਿੱਚ ਇਸ਼ਨਾਨ ਕਰਦਾ ਹੈ, ਉਸ ਦੀ ਵੰਸ਼ ਤਰ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ। ਠਹਿਰਾਉ।

ਜੈ ਜੈ ਕਾਰੁ ਜਗੁ ਗਾਵੈ ॥
ਜੋ ਉਸ ਦੀ ਉਸਤਤੀ ਗਾਇਨ ਕਰਦਾ ਹੈ।

ਮਨ ਚਿੰਦਿਅੜੇ ਫਲ ਪਾਵੈ ॥
ਉਹ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।

ਸਹੀ ਸਲਾਮਤਿ ਨਾਇ ਆਏ ॥
ਉਹ ਰਾਜ਼ੀ ਬਾਜ਼ੀ ਹੋ ਜਾਂਦਾ ਹੈ ਜੋ ਏਥੇ ਆ ਕੇ ਇਸ਼ਨਾਨ ਕਰਦਾ ਹੈ,

ਅਪਣਾ ਪ੍ਰਭੂ ਧਿਆਏ ॥੨॥
ਅਤੇ ਆਪਣੇ ਸੁਆਮੀ ਨੂੰ ਸਿਮਰਦਾ ਹੈ, ।

ਸੰਤ ਸਰੋਵਰ ਨਾਵੈ ॥
ਜੋ ਸਾਧੂਆਂ ਤੇ ਤਾਲਾਬ ਵਿੱਚ ਨ੍ਹਾਉਂਦਾ ਹੈ,

ਸੋ ਜਨੁ ਪਰਮ ਗਤਿ ਪਾਵੈ ॥
ਉਹ ਇਨਸਾਨ ਪਰਮ ਮਰਤਬੇ ਨੂੰ ਪਾ ਲੈਂਦਾ ਹੈ।

ਮਰੈ ਨ ਆਵੈ ਜਾਈ ॥
ਉਹ ਮਰਦਾ ਨਹੀਂ, ਨਾਂ ਹੀ ਆਉਂਦਾ ਹੈ, ਨਾਂ ਹੀ ਜਾਂਦਾ ਹੈ।

ਹਰਿ ਹਰਿ ਨਾਮੁ ਧਿਆਈ ॥੩॥
ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਦਾ ਹੈ।

ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥
ਕੇਵਲ ਉਹੀ, ਈਸ਼ਵਰੀ ਗਿਆਨ ਨੂੰ ਜਾਣਦਾ ਹੈ,

ਜਿਸੁ ਦਇਆਲੁ ਹੋਇ ਭਗਵਾਨੈ ॥
ਜਿਸ ਉਤੇ ਪ੍ਰਭੂ ਮਿਹਰਬਾਨ ਹੁੰਦਾ ਹੈ।

ਬਾਬਾ ਨਾਨਕ ਪ੍ਰਭ ਸਰਣਾਈ ॥
ਜੋ ਬਾਬੇ ਨਾਨਕ ਅਤੇ ਪ੍ਰਮੇਸ਼ਰ ਦੀ ਪਨਾਹ ਲੈਂਦਾ ਹੈ,

ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥
ਉਸ ਦੇ ਸਾਰੇ ਗਮ ਅਤੇ ਫਿਕਰ ਮੁੱਕ ਜਾਂਦੇ ਹਨ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮਿ ਨਿਬਾਹੀ ਪੂਰੀ ॥
ਸ਼੍ਰੋਮਣੀ ਸਾਹਿਬ ਨੇ ਅਖੀਰ ਤਾਂਈਂ ਮੇਰਾ ਪੱਖ ਪੂਰਿਆ ਹੈ,

ਕਾਈ ਬਾਤ ਨ ਰਹੀਆ ਊਰੀ ॥
ਅਤੇ ਹੁਣ ਮੇਰਾ ਕੋਈ ਕੰਮ ਭੀ ਅਧੂਰਾ ਨਹੀਂ ਰਿਹਾ।

ਗੁਰਿ ਚਰਨ ਲਾਇ ਨਿਸਤਾਰੇ ॥
ਗੁਰੂ ਦੇ ਚਰਣਾਂ ਨਾਲ ਆਪਣੇ ਆਪ ਨੂੰ ਜੋੜ ਕੇ ਮੈਂ ਬਚ ਗਿਆ ਹਾਂ,

ਹਰਿ ਹਰਿ ਨਾਮੁ ਸਮ੍ਹ੍ਹਾਰੇ ॥੧॥
ਅਤੇ ਹੁਣ ਮੈਂ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਅਪਨੇ ਦਾਸ ਕਾ ਸਦਾ ਰਖਵਾਲਾ ॥
ਸੁਆਮੀ ਸਦੀਵ ਹੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ।

ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥੧॥ ਰਹਾਉ ॥
ਆਪਣੀ ਰਹਿਮਤ ਧਾਰ ਕੇ ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਤੇ ਮੇਰੀ ਰੱਖਿਆ ਕੀਤੀ ਹੈ। ਮਾਂ ਤੇ ਪਿਉ ਦੀ ਨਿਆਈ ਸਾਈਂ ਮੈਨੂੰ ਪਾਲਦਾ ਹੈ। ਠਹਿਰਾਉ।

ਵਡਭਾਗੀ ਸਤਿਗੁਰੁ ਪਾਇਆ ॥
ਚੰਗੇ ਨਸੀਬਾਂ ਦੁਆਰਾ ਮੈਨੂੰ ਸੱਚੇ ਗੁਰੂ ਪ੍ਰਾਪਤ ਹੋਏ ਹਨ,

ਜਿਨਿ ਜਮ ਕਾ ਪੰਥੁ ਮਿਟਾਇਆ ॥
ਜਿਨ੍ਹਾਂ ਨੇ ਮੌਤ ਦੇ ਦੂਤ ਦੇ ਮਾਰਗ ਨੂੰ ਨਾਸ ਕਰ ਦਿੱਤਾ ਹੈ।

ਹਰਿ ਭਗਤਿ ਭਾਇ ਚਿਤੁ ਲਾਗਾ ॥
ਵਾਹਿਗੁਰੂ ਦੀ ਪਿਆਰੀ ਬੰਦਗੀ ਨਾਲ ਮੇਰਾ ਮਨ ਜੁੜ ਗਿਆ ਹੈ।

ਜਪਿ ਜੀਵਹਿ ਸੇ ਵਡਭਾਗਾ ॥੨॥
ਉਹ ਭਾਰੇ ਕਰਮਾਂ ਵਾਲੇ ਹਨ ਜੋ ਸਾਹਿਬ ਨੂੰ ਸਿਮਰਦੇ ਜੀਉਂਦੇ ਹਨ।

ਹਰਿ ਅੰਮ੍ਰਿਤ ਬਾਣੀ ਗਾਵੈ ॥
ਸਾਈਂ ਦਾ ਗੋਲਾ ਸਾਈਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਗਾਉਂਦਾ ਹੈ।

ਸਾਧਾ ਕੀ ਧੂਰੀ ਨਾਵੈ ॥
ਉਹ ਸੰਤਾਂ ਦੇ ਪੈਰਾਂ ਦੀ ਧੂੜੀ ਵਿੱਚ ਨਹਾਉਂਦਾ ਹੈ।

ਅਪੁਨਾ ਨਾਮੁ ਆਪੇ ਦੀਆ ॥
ਸੁਆਮੀ ਖੁਦ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ।

ਪ੍ਰਭ ਕਰਣਹਾਰ ਰਖਿ ਲੀਆ ॥੩॥
ਸੁਆਮੀ ਸਿਰਜਣਹਾਰ ਆਪ ਹੀ ਉਸ ਦੀ ਰੱਖਿਆ ਕਰਦਾ ਹੈ।

ਹਰਿ ਦਰਸਨ ਪ੍ਰਾਨ ਅਧਾਰਾ ॥
ਵਾਹਿਗੁਰੂ ਦਾ ਦੀਦਾਰ ਉਸ ਦੀ ਜਿੰਦ-ਜਾਨ ਦਾ ਆਸਰਾ ਹੈ।

ਇਹੁ ਪੂਰਨ ਬਿਮਲ ਬੀਚਾਰਾ ॥
ਉਸ ਦੇ ਵਾਸਤੇ ਇਹ ਪੂਰੀ ਤੇ ਪਵਿੱਤਰ ਸਿਆਣਪ ਹੈ।

ਕਰਿ ਕਿਰਪਾ ਅੰਤਰਜਾਮੀ ॥
ਦਿਲਾਂ ਦੀਆਂ ਜਾਨਣਹਾਰ ਉਸ ਉਤੇ ਆਪਣੀ ਰਹਿਮਤ ਧਾਰਦਾ ਹੈ।

ਦਾਸ ਨਾਨਕ ਸਰਣਿ ਸੁਆਮੀ ॥੪॥੮॥੫੮॥
ਸਾਹਿਬ ਦਾ ਨਫਰ, ਨਾਨਕ, ਉਸ ਦੀ ਸ਼ਰਣਾਗਤਿ ਵਿੱਚ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰਿ ਪੂਰੈ ਚਰਨੀ ਲਾਇਆ ॥
ਪੂਰਨ ਗੁਰੂ ਜੀ ਨੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।

ਹਰਿ ਸੰਗਿ ਸਹਾਈ ਪਾਇਆ ॥
ਸੋ ਮੈਂ ਵਾਹਿਗੁਰੂ ਨੂੰ ਆਪਣੇ ਸੰਗੀ ਤੇ ਸਹਾਇਕ ਵੱਜੋਂ ਪਾ ਲਿਆ ਹੈ।

ਜਹ ਜਾਈਐ ਤਹਾ ਸੁਹੇਲੇ ॥
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਖੁਸ਼ ਹਾਂ।

ਕਰਿ ਕਿਰਪਾ ਪ੍ਰਭਿ ਮੇਲੇ ॥੧॥
ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਹਰਿ ਗੁਣ ਗਾਵਹੁ ਸਦਾ ਸੁਭਾਈ ॥
ਸ੍ਰੇਸ਼ਟ ਭਾਵਨਾ ਨਾਲ ਤੂੰ ਸਦੀਵ ਹੀ ਸਾਈਂ ਦੀ ਮਾਹਿਮਾ ਗਾਇਨ ਕਰ।

ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥
ਤੂੰ ਆਪਣੀਆਂ ਚਿੱਤ-ਚਾਹੁੰਦੀਆਂ ਸਮੂਹ ਮੁਰਾਦਾਂ ਪਾ ਲਵੇਂਗਾ ਅਤੇ ਪ੍ਰਭੂ ਤੇਰੀ ਆਤਮਾ ਦਾ ਸਾਥੀ ਤੇ ਸਹਾਇਕ ਥੀ ਵੰਞੇਗਾ। ਠਹਿਰਾਉ।

ਨਾਰਾਇਣ ਪ੍ਰਾਣ ਅਧਾਰਾ ॥
ਵਿਆਪਕ ਵਾਹਿਗੁਰੂ ਮੇਰੀ ਜਿੰਦ ਜਾਨ ਦਾ ਆਸਰਾ ਹੈ।

ਹਮ ਸੰਤ ਜਨਾਂ ਰੇਨਾਰਾ ॥
ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਹਾਂ।

ਪਤਿਤ ਪੁਨੀਤ ਕਰਿ ਲੀਨੇ ॥
ਮੈਂ ਪਾਪੀ ਨੂੰ, ਪ੍ਰਭੂ ਨੇ ਪਵਿੱਤ੍ਰ ਬਣਾ ਲਿਆ ਹੈ।

ਕਰਿ ਕਿਰਪਾ ਹਰਿ ਜਸੁ ਦੀਨੇ ॥੨॥
ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੀ ਸਿਫ਼ਤ-ਸਨਾ ਦੀ ਦਾਤ ਬਖਸ਼ੀ ਹੈ।

ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥
ਸ਼੍ਰੋਮਣੀ ਸਾਹਿਬ ਸਦਾ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।

ਸਦ ਜੀਅ ਸੰਗਿ ਰਖਵਾਲਾ ॥
ਉਹ ਹਮੇਸ਼ਾਂ ਹੀ, ਮੇਰੀ ਆਤਮਾ ਦੇ ਰਾਖੇ ਵੱਜੋਂ ਮੇਰੇ ਨਾਲ ਰਹਿੰਦਾ ਹੈ।

ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥
ਦਿਹੁੰ ਤੇ ਰਾਤ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਨ ਦੁਆਰਾ,

ਬਹੁੜਿ ਨ ਜੋਨੀ ਪਾਈਐ ॥੩॥
ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪਾਇਆ ਜਾਂਦਾ।

ਜਿਸੁ ਦੇਵੈ ਪੁਰਖੁ ਬਿਧਾਤਾ ॥
ਜਿਸ ਨੂੰ ਸਿਰਜਣਹਾਰ ਸੁਆਮੀ ਦਿੰਦਾ ਹੈ,

ਹਰਿ ਰਸੁ ਤਿਨ ਹੀ ਜਾਤਾ ॥
ਕੇਵਲ ਓਹੀ ਪ੍ਰਭੂ ਦੇ ਅੰਮ੍ਰਿਤ ਰਸ ਨੂੰ ਅਨੁਭਵ ਕਰਦਾ ਹੈ।

ਜਮਕੰਕਰੁ ਨੇੜਿ ਨ ਆਇਆ ॥
ਮੌਤ ਦਾ ਦੂਤ ਉਸ ਦੇ ਨਜ਼ਦੀਕ ਨਹੀਂ ਆਉਂਦਾ।

ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥
ਸਾਹਿਬ ਦੀ ਸ਼ਰਣਾਗਤ ਅੰਦਰ ਨਾਨਕ ਨੂੰ ਅਨੰਦ ਪ੍ਰਾਪਤ ਹੋਇਆ ਹੈ।

copyright GurbaniShare.com all right reserved. Email