Page 624

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰਿ ਪੂਰੈ ਕੀਤੀ ਪੂਰੀ ॥
ਪੂਰਨ ਗੁਰਾਂ ਨੇ ਮੈਨੂੰ ਸੰਪੂਰਨ ਕਰ ਦਿੱਤਾ ਹੈ।

ਪ੍ਰਭੁ ਰਵਿ ਰਹਿਆ ਭਰਪੂਰੀ ॥
ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।

ਖੇਮ ਕੁਸਲ ਭਇਆ ਇਸਨਾਨਾ ॥
ਆਰਾਮ ਅਤੇ ਅਨੰਦ ਨਾਲ ਹੁਣ, ਮੈਂ ਨਹਾਉਂਦਾ ਹਾਂ।

ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
ਪਰਮ ਪ੍ਰਭੂ ਉਤੋਂ ਮੈਂ ਘੋਲੀ ਵੰਞਦਾ ਹਾਂ।

ਗੁਰ ਕੇ ਚਰਨ ਕਵਲ ਰਿਦ ਧਾਰੇ ॥
ਗੁਰਾਂ ਦੇ ਕੰਵਲ ਚਰਨ, ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।

ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
ਇਕ ਤਿਲ ਮਾਤ੍ਰ ਰੁਕਾਵਟ ਭੀ ਮੈਨੂੰ ਪੇਸ਼ ਨਹੀਂ ਆਉਂਦੀ ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ। ਠਹਿਰਾਉ।

ਮਿਲਿ ਸਾਧੂ ਦੁਰਮਤਿ ਖੋਏ ॥
ਸੰਤਾਂ ਨਾਲ ਮਿਲ ਕੇ ਮੇਰੀ ਖੋਟੀ ਬੁੱਧੀ ਨਾਸ ਹੋ ਗਈ ਹੈ।

ਪਤਿਤ ਪੁਨੀਤ ਸਭ ਹੋਏ ॥
ਇਸ ਤਰ੍ਹਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।

ਰਾਮਦਾਸਿ ਸਰੋਵਰ ਨਾਤੇ ॥
ਰਾਮ ਦਾਸ ਦੇ ਤਾਲਾਬ ਵਿੱਚ ਇਸ਼ਨਾਨ ਕਰਨ ਦੁਆਰਾ,

ਸਭ ਲਾਥੇ ਪਾਪ ਕਮਾਤੇ ॥੨॥
ਬੰਦੇ ਦੇ ਕੀਤੇ ਹੋਏ ਸਾਰੇ ਗੁਨਾਹ ਧੋਤੇ ਜਾਂਦੇ ਹਨ।

ਗੁਨ ਗੋਬਿੰਦ ਨਿਤ ਗਾਈਐ ॥
ਤੂੰ ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਗਾਇਨ ਕਰ,

ਸਾਧਸੰਗਿ ਮਿਲਿ ਧਿਆਈਐ ॥
ਅਤੇ ਸਤਿਸੰਗਤ ਨਾਲ ਜੁੜ ਕੇ ਮਾਲਕ ਦਾ ਆਰਾਧਨ ਕਰ।

ਮਨ ਬਾਂਛਤ ਫਲ ਪਾਏ ॥
ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ,

ਗੁਰੁ ਪੂਰਾ ਰਿਦੈ ਧਿਆਏ ॥੩॥
ਹਿਰਦੇ ਅੰਦਰ ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ।

ਗੁਰ ਗੋਪਾਲ ਆਨੰਦਾ ॥
ਮੇਰੇ ਪ੍ਰਭੂ, ਗੁਰੂ ਜੀ ਪ੍ਰਸੰਨ ਹਨ।

ਜਪਿ ਜਪਿ ਜੀਵੈ ਪਰਮਾਨੰਦਾ ॥
ਮਹਾਨ ਪ੍ਰਸੰਨਤਾ ਦੇ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਹ ਜੀਊਦੇ ਹਨ।

ਜਨ ਨਾਨਕ ਨਾਮੁ ਧਿਆਇਆ ॥
ਗੋਲੇ ਨਾਨਕ ਨੇ ਨਾਮ ਦਾ ਚਿੰਤਨ ਕੀਤਾ ਹੈ।

ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
ਸੋ ਸਾਹਿਬ ਨੇ ਆਪਣਾ ਧਰਮ (ਸੁਭਾਵ) ਪਾਲ ਕੇ ਉਸ ਨੂੰ ਸਸ਼ੋਭਤ ਕੀਤਾ ਹੈ।

ਰਾਗੁ ਸੋਰਠਿ ਮਹਲਾ ੫ ॥
ਰਾਗ ਸੋਰਠਿ ਪੰਜਵੀਂ ਪਾਤਿਸ਼ਾਹੀ।

ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
ਦਸੀਂ ਪਾਸੀਂ ਹੀ ਆਸਮਾਨ ਵਿੱਚ ਬੱਦਲ ਸ਼ਾਮਿਆਨੇ ਦੀ ਤਰ੍ਹਾਂ ਛਾਏ ਹੋਏ ਹਨ ਅਤੇ ਸੰਘਣੀ ਕਾਲੀ ਘਟਾ ਦੀ ਬਿਜਲੀ ਦੀ ਲਸ਼ਕਾਰ ਮੇਨੂੰ ਭੈ-ਭੀਤ ਕਰਦੀ ਹੈ।

ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
ਮੈਂ ਪਤਨੀ ਦਾ (ਹਿਰਦੇ ਰੂਪੀ) ਪਲੰਘ, ਸੁੰਨਮਸੁੰਨਾ ਹੈ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਤੇ ਮੇਰਾ ਪਿਆਰਾ ਪਤੀ ਬਦੇਸ਼ ਚਲਿਆ ਗਿਆ ਹੈ।

ਹੁਣਿ ਨਹੀ ਸੰਦੇਸਰੋ ਮਾਇਓ ॥
ਐਨੀ ਦਿਨੀ ਮੈਨੂੰ ਉਸ ਦਾ ਕੋਈ ਸੁਨੇਹਾ ਨਹੀਂ ਆਉਂਦਾ, ਹੇ ਮਾਤਾ!

ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ਅੱਗੇ ਜਦ ਮੇਰਾ ਪ੍ਰੀਤਮ ਇਕ ਮੀਲ ਭੀ ਪਰੇ ਜਾਂਦਾ ਸੀ ਤਾਂ ਮੈਨੂੰ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ। ਠਹਿਰਾਉ।

ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
ਮੈਂ ਇਸ ਆਪਣੇ ਲਾਡਲੇ ਪ੍ਰੀਤਮ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ ਜੋ ਸਾਰੀਆਂ ਨੇਕੀਆਂ ਤੇ ਆਰਾਮ ਦੇਣ ਵਾਲਾ ਹੈ।

ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
ਮਹਿਲ ਤੇ ਚੜ੍ਹ ਕੇ ਮੈਂ ਆਪਣੇ ਪ੍ਰੀਤਮ ਦਾ ਰਾਹ ਵੇਖਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।

ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
ਹੰਕਾਰ ਤੇ ਹਉਮੈ ਦੀ ਕੰਧ ਮੇਰੇ ਤੇ ਉਸ ਦੇ ਵਿਚਕਾਰ ਪਈ ਹੋਈ ਹੈ। ਉਹ ਐਨ ਨੇੜੇ ਹੀ ਦੇਸ਼ ਵਿੱਚ ਸੁਣਿਆ ਜਾਂਦਾ ਹੈ।

ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
ਮੇਰੇ ਅਤੇ ਸਾਹਿਬ ਦੇ ਵਿਚਾਲੇ ਤਿਤਲੀ ਦੇ ਖੰਭਾਂ ਵਰਗਾ ਬਰੀਕ ਪੜਦਾ ਹੈ। ਉਸ ਨੂੰ ਨਾਂ ਵੇਖਦੀ ਹੋਈ, ਮੈਂ ਉਸ ਨੂੰ ਦੁਰੇਡੇ ਖਿਆਲ ਕਰਦੀ ਹਾਂ।

ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
ਸਾਰਿਆਂ ਦਾ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਤੇ ਉਸ ਨੇ ਮੇਰੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ।

ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
ਗੁਰੂ ਜੀ ਆਖਦੇ ਹਨ, ਜਦ ਗੁਰਾਂ ਨੇ ਹੰਕਾਰ ਦੀ ਕੰਧ ਢਾਹ ਦਿੱਤੀ, ਤਦ ਮੈਂ ਮਿਹਰਬਾਨ ਮਾਲਕ ਨੂੰ ਪਾ ਲਿਆ।

ਸਭੁ ਰਹਿਓ ਅੰਦੇਸਰੋ ਮਾਇਓ ॥
ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ, ਹੇ ਮਾਤਾ!

ਜੋ ਚਾਹਤ ਸੋ ਗੁਰੂ ਮਿਲਾਇਓ ॥
ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਨੂੰ ਮੈਂ ਲੋੜਦਾ ਸਾਂ।

ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
ਵਾਹਿਗੁਰੂ ਪਾਤਿਸ਼ਾਹ ਸਾਰੀਆਂ ਨੇਕੀਆਂ ਦਾ ਖਜਾਨਾ ਹੈ। ਠਹਿਰਾਉ ਦੂਜਾ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ।

ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ।

ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।

ਹਰਿ ਜੀਉ ਨਿਮਾਣਿਆ ਤੂ ਮਾਣੁ ॥
ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ।

ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ,

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।

ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ?

ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ।

ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।

copyright GurbaniShare.com all right reserved. Email