Page 628

ਸੰਤਹੁ ਸੁਖੁ ਹੋਆ ਸਭ ਥਾਈ ॥
ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ।

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥
ਮੇਰਾ ਪਰਮ ਪ੍ਰਭੂ, ਪੂਰਨ ਮਾਲਕ, ਸਾਰੀਆਂ ਥਾਵਾਂ ਅੰਦਰ ਸਮਾਇਆ ਹੋਇਆ ਹੈ। ਠਹਿਰਾਉ।

ਧੁਰ ਕੀ ਬਾਣੀ ਆਈ ॥
ਆਦਿ ਪੁਰਖ ਤੋਂ ਗੁਰਬਾਣੀ ਉਤਪੰਨ ਹੋਈ ਹੈ,

ਤਿਨਿ ਸਗਲੀ ਚਿੰਤ ਮਿਟਾਈ ॥
ਅਤੇ ਇਸ ਨੇ ਸਾਰਾ ਫਿਕਰ ਦੂਰ ਕਰ ਦਿੱਤਾ ਹੈ।

ਦਇਆਲ ਪੁਰਖ ਮਿਹਰਵਾਨਾ ॥
ਕ੍ਰਿਪਾਲ ਤੇ ਦਇਆਲੂ ਹੈ ਸਾਹਿਬ ਮੇਰੇ ਉਤੇ।

ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥
ਨਾਨਕ ਸੱਚੇ ਸੁਆਮੀ ਦਾ ਉਚਾਰਨ ਕਰਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਐਥੈ ਓਥੈ ਰਖਵਾਲਾ ॥
ਏਥੇ ਅਤੇ ਓਥੇ ਸਾਹਿਬ ਹੀ ਮੇਰਾ ਰੱਖਿਅਕ ਹੈ।

ਪ੍ਰਭ ਸਤਿਗੁਰ ਦੀਨ ਦਇਆਲਾ ॥
ਰੱਬ ਰੂਪ ਸੱਚੇ ਗੁਰੂ ਜੀ ਮਸਕੀਨਾਂ ਉਤੇ ਮਿਹਰਬਾਨ ਹਨ।

ਦਾਸ ਅਪਨੇ ਆਪਿ ਰਾਖੇ ॥
ਆਪਣੇ ਗੋਲਿਆਂ ਦੀ ਉਹ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ।

ਘਟਿ ਘਟਿ ਸਬਦੁ ਸੁਭਾਖੇ ॥੧॥
ਉਸ ਦਾ ਸੁੰਦਰ ਬਚਨ ਹਰ ਦਿਲ ਅੰਦਰ ਗੂੰਜਦਾ ਹੈ।

ਗੁਰ ਕੇ ਚਰਣ ਊਪਰਿ ਬਲਿ ਜਾਈ ॥
ਗੁਰਾਂ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥
ਦਿਹੁੰ ਰਾਤਿ, ਹਰ ਸੁਆਸ ਨਾਲ ਮੈਂ ਉਸ ਦਾ ਸਿਮਰਨ ਕਰਦਾ ਹਾਂ, ਜੋ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।

ਆਪਿ ਸਹਾਈ ਹੋਆ ॥
ਪ੍ਰਭੂ ਖੁਦ ਮੇਰਾ ਸਹਾਇਕ ਥੀ ਗਿਆ ਹੈ।

ਸਚੇ ਦਾ ਸਚਾ ਢੋਆ ॥
ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।

ਤੇਰੀ ਭਗਤਿ ਵਡਿਆਈ ॥
ਵਡਿਆਈ ਤੈਂਡੀ ਪ੍ਰੇਮ ਮਈ ਸੇਵਾ ਵਿੱਚ ਹੈ, ਹੇ ਸੁਆਮੀ,

ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਅਤੇ ਮਹਾਨਤਾ, ਨਾਨਕ ਨੇ ਤੇਰੀ ਪਨਾਹ ਲੈਣ ਦੁਆਰਾ ਪ੍ਰਾਪਤ ਕਰ ਲਈ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸਤਿਗੁਰ ਪੂਰੇ ਭਾਣਾ ॥
ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,

ਤਾ ਜਪਿਆ ਨਾਮੁ ਰਮਾਣਾ ॥
ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।

ਗੋਬਿੰਦ ਕਿਰਪਾ ਧਾਰੀ ॥
ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,

ਪ੍ਰਭਿ ਰਾਖੀ ਪੈਜ ਹਮਾਰੀ ॥੧॥
ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।

ਹਰਿ ਕੇ ਚਰਨ ਸਦਾ ਸੁਖਦਾਈ ॥
ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।

ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥
ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।

ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥
ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।

ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।

ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥
ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।

ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।

ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥
ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗਰੀਬੀ ਗਦਾ ਹਮਾਰੀ ॥
ਨਿਮ੍ਰਤਾ ਮੇਰੀ ਕਿੱਲਦਾਰ ਗੁਰਜ ਹੈ।

ਖੰਨਾ ਸਗਲ ਰੇਨੁ ਛਾਰੀ ॥
ਸਾਰਿਆਂ ਇਨਸਾਨਾਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ ਦੋਧਾਰਾ-ਖੰਡਾ ਹੈ।

ਇਸੁ ਆਗੈ ਕੋ ਨ ਟਿਕੈ ਵੇਕਾਰੀ ॥
ਇਨ੍ਹਾਂ ਸ਼ਾਸਤਰਾਂ ਮੂਹਰੇ ਕੋਈ ਕੁਕਰਮੀ ਠਹਿਰ ਨਹੀਂ ਸਕਦਾ।

ਗੁਰ ਪੂਰੇ ਏਹ ਗਲ ਸਾਰੀ ॥੧॥
ਪੂਰਨ ਗੁਰੂ ਨੇ ਇਹ ਬਾਤ ਮੇਰੇ ਤੱਕ ਪੁਚਾਈ ਹੈ।

ਹਰਿ ਹਰਿ ਨਾਮੁ ਸੰਤਨ ਕੀ ਓਟਾ ॥
ਸੁਆਮੀ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਪਨਾਹ ਹੈ।

ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥
ਜੋ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੁਆਮੀ ਦੇ ਸਿਮਰਨ ਰਾਹੀਂ ਇਨਸਾਨਾਂ ਦੇ ਕ੍ਰੋੜਾਂ ਹੀ ਸਮੁਦਾਇ ਪਾਰ ਉਤੱਰ ਗਏ ਹਨ। ਠਹਿਰਾਉ।

ਸੰਤ ਸੰਗਿ ਜਸੁ ਗਾਇਆ ॥
ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।

ਇਹੁ ਪੂਰਨ ਹਰਿ ਧਨੁ ਪਾਇਆ ॥
ਇਹ ਰੱਬ ਦੇ ਨਾਮ ਦੀ ਮੁਕੰਮਲ ਦੌਲਤ ਮੈਨੂੰ ਪ੍ਰਾਪਤ ਹੋਈ ਹੈ।

ਕਹੁ ਨਾਨਕ ਆਪੁ ਮਿਟਾਇਆ ॥
ਗੁਰੂ ਜੀ ਆਖਦੇ ਹਨ, ਮੈਂ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ,

ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥
ਅਤੇ ਮੈਂ ਹੁਣ ਪਰਮ ਪ੍ਰਭੂ ਨੂੰ ਸਾਰੀਆਂ ਥਾਵਾਂ ਉਤੇ ਵੇਖਦਾ ਹਾਂ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਗੁਰਿ ਪੂਰੈ ਪੂਰੀ ਕੀਨੀ ॥
ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।

ਬਖਸ ਅਪੁਨੀ ਕਰਿ ਦੀਨੀ ॥
ਉਸ ਨੇ ਆਪਣੀ ਰਹਿਮਤ ਦੀ ਦਾਤ ਮੈਨੂੰ ਦਿੱਤੀ ਹੈ।

ਨਿਤ ਅਨੰਦ ਸੁਖ ਪਾਇਆ ॥
ਮੈਂ ਸਦਾ ਖੁਸ਼ੀ ਤੇ ਆਰਾਮ ਪਾਉਦਾ ਹਾਂ।

ਥਾਵ ਸਗਲੇ ਸੁਖੀ ਵਸਾਇਆ ॥੧॥
ਸਾਰੀਆਂ ਥਾਵਾਂ ਅੰਦਰ ਪ੍ਰਾਣੀ ਸੁਖੀ ਵਸਦੇ ਹਨ।

ਹਰਿ ਕੀ ਭਗਤਿ ਫਲ ਦਾਤੀ ॥
ਰੱਬ ਦੀ ਬੰਦਗੀ ਮੁਰਾਦਾਂ ਬਖਸ਼ਣਹਾਰ ਹੈ।

ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
ਆਪਣੀ ਮਿਹਰ ਦੁਆਰਾ ਪੂਰਨ ਗੁਰਾਂ ਨੇ ਮੈਨੂੰ ਇਸ ਦੀ ਦਾਤ ਦਿੱਤੀ ਹੈ। ਕੋਈ ਟਾਂਵਾਂ ਟੱਲਾ ਹੀ ਇਸ ਦੀ ਕਦਰ ਨੂੰ ਅਨੁਭਵ ਕਰਦਾ ਹੈ। ਠਹਿਰਾਉ।

ਗੁਰਬਾਣੀ ਗਾਵਹ ਭਾਈ ॥
ਤੂੰ ਗੁਰਬਾਣੀ ਨੂੰ ਗਾਇਨ ਕਰ, ਹੇ ਵੀਰ!

ਓਹ ਸਫਲ ਸਦਾ ਸੁਖਦਾਈ ॥
ਉਹ ਸਦੀਵ ਹੀ ਫਲਦਾਇਕ ਤੇ ਆਰਾਮ ਦੇਣ ਵਾਲੀ ਹੈ।

ਨਾਨਕ ਨਾਮੁ ਧਿਆਇਆ ॥
ਨਾਨਕ ਨੇ ਨਾਮ ਦਾ ਆਰਾਧਨ ਕੀਤਾ ਹੈ,

ਪੂਰਬਿ ਲਿਖਿਆ ਪਾਇਆ ॥੨॥੧੭॥੮੧॥
ਅਤੇ ਉਸ ਨੇ ਉਹ ਕੁੱਛ ਪਾ ਲਿਆ ਹੈ ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਸੀ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

copyright GurbaniShare.com all right reserved. Email