Page 629

ਗੁਰੁ ਪੂਰਾ ਆਰਾਧੇ ॥
ਪੂਰਨ ਗੁਰਾਂ ਦਾ ਸਿਮਰਨ ਕਰਨ ਦੁਆਰਾ,

ਕਾਰਜ ਸਗਲੇ ਸਾਧੇ ॥
ਸਮੂਹ ਕੰਮ ਰਾਸ ਹੋ ਜਾਂਦੇ ਹਨ।

ਸਗਲ ਮਨੋਰਥ ਪੂਰੇ ॥
ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,

ਬਾਜੇ ਅਨਹਦ ਤੂਰੇ ॥੧॥
ਅਤੇ ਬੰਦੇ ਅੰਦਰ ਬਿਨਾ ਵਜਾਏ (ਅਨੰਦ ਦੇ) ਵਾਜੇ ਵੱਜਦੇ ਹਨ।

ਸੰਤਹੁ ਰਾਮੁ ਜਪਤ ਸੁਖੁ ਪਾਇਆ ॥
ਹੇ ਸਾਧੂਓ! ਸਾਹਿਬ ਨੂੰ ਸਿਮਰ ਕੇ, ਮੈਂ ਸੁੱਖ ਪ੍ਰਾਪਤ ਕੀਤਾ ਹੈ।

ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
ਸਾਧੂਆਂ ਦੇ ਟਿਕਾਣੇ ਤੇ ਬੈਕੁੰਠੀ ਆਰਾਮ ਵਸਦਾ ਹੈ ਅਤੇ ਤਕਲੀਫਾ ਦੂਰ ਹੋ ਜਾਂਦੀਆਂ ਹਨ। ਠਹਿਰਾਉ।

ਗੁਰ ਪੂਰੇ ਕੀ ਬਾਣੀ ॥
ਪੂਰਨ ਗੁਰਾਂ ਦੀ ਗੁਰਬਾਣੀ,

ਪਾਰਬ੍ਰਹਮ ਮਨਿ ਭਾਣੀ ॥
ਪਰਮ ਪ੍ਰਭੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

ਨਾਨਕ ਦਾਸਿ ਵਖਾਣੀ ॥
ਗੋਲੇ ਨਾਨਕ ਨੇ ਉਚਾਰਨ ਕੀਤੀ ਹੈ,

ਨਿਰਮਲ ਅਕਥ ਕਹਾਣੀ ॥੨॥੧੮॥੮੨॥
ਸੁਆਮੀ ਦੀ ਪਵਿੱਤਰ ਤੇ ਅਕਹਿ ਵਾਰਤਾ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਭੂਖੇ ਖਾਵਤ ਲਾਜ ਨ ਆਵੈ ॥
ਜਿਸ ਤਰ੍ਹਾਂ ਇਕ ਭੁੱਖੇ ਬੰਦੇ ਨੂੰ ਖਾਂਦਿਆ ਸ਼ਰਮ ਨਹੀਂ ਆਉਂਦੀ,

ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥
ਇਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦਾ ਜੱਸ ਗਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ।

ਅਪਨੇ ਕਾਜ ਕਉ ਕਿਉ ਅਲਕਾਈਐ ॥
ਤੂੰ ਆਪਣੇ ਨਿੱਜ ਦੇ ਕੰਮ ਵਿੱਚ ਕਿਉਂ ਆਲਸ ਕਰਦਾ ਹੈ।

ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
ਤੂੰ ਉਸ ਨੂੰ ਯਾਦ ਕਰ, ਜਿਸ ਦੀ ਬੰਦਗੀ ਦੁਆਰਾ ਸਾਈਂ ਦੇ ਦਰਬਾਰ ਵਿੱਚ ਤੇਰਾ ਚਿਹਰਾ ਰੋਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਹੀ ਸਦੀਵ ਆਰਾਮ ਪਾਵਨੂੰਗਾ। ਠਹਿਰਾਉ।

ਜਿਉ ਕਾਮੀ ਕਾਮਿ ਲੁਭਾਵੈ ॥
ਜਿਸ ਤਰ੍ਹਾਂ ਵਿਸ਼ੈਈ ਬੰਦਾ ਵਿਸ਼ੇ ਨੂੰ ਲਲਚਾਉਂਦਾ ਹੈ,

ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥
ਏਸੇ ਤਰ੍ਹਾਂ ਹੀ ਰੱਬ ਦੇ ਗੋਲੇ ਨੂੰ ਰੱਬ ਦੀ ਕੀਰਤੀ ਚੰਗੀ ਲੱਗਦੀ ਹੈ। ਠਹਿਰਾਉ।

ਜਿਉ ਮਾਤਾ ਬਾਲਿ ਲਪਟਾਵੈ ॥
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਚਿਮੜੀ ਹੋਈ ਹੁੰਦੀ ਹੈ,

ਤਿਉ ਗਿਆਨੀ ਨਾਮੁ ਕਮਾਵੈ ॥੩॥
ਏਸੇ ਤਰ੍ਹਾਂ ਹੀ ਬ੍ਰਹਿਮਬੇਤਾ ਸਾਈਂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।

ਗੁਰ ਪੂਰੇ ਤੇ ਪਾਵੈ ॥
ਜੋ ਪੂਰਨ ਗੁਰਾਂ ਪਾਸੋਂ ਇਸ ਨੂੰ ਪ੍ਰਾਪਤ ਕਰਦਾ ਹੈ,

ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥
ਉਹੀ ਨਾਮ ਦਾ ਸਿਮਰਨ ਕਰਦਾ ਹੈ, ਹੇ ਨਫਰ ਨਾਨਕ!

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਸੁਖ ਸਾਂਦਿ ਘਰਿ ਆਇਆ ॥
ਰਾਜ਼ੀ ਬਾਜ਼ੀ ਮੈਂ ਆਪਣੇ ਗ੍ਰਿਹ ਆਇਆ ਹਾਂ।

ਨਿੰਦਕ ਕੈ ਮੁਖਿ ਛਾਇਆ ॥
ਦੂਸ਼ਣ ਲਾਉਣ ਵਾਲੇ ਦਾ ਚਿਹਰਾ ਸੁਆਹ ਨਾਲ ਮਲਿਆ ਗਿਆ ਹੈ।

ਪੂਰੈ ਗੁਰਿ ਪਹਿਰਾਇਆ ॥
ਪੂਰਨ ਗੁਰਾਂ ਨੇ ਮੈਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਹੈ।

ਬਿਨਸੇ ਦੁਖ ਸਬਾਇਆ ॥੧॥
ਮੇਰੇ ਸਾਰੇ ਦੁੱਖੜੇ ਮੁੱਕ ਗਏ ਹਨ।

ਸੰਤਹੁ ਸਾਚੇ ਕੀ ਵਡਿਆਈ ॥
ਹੇ ਸਾਧੂਓ! ਤੁਸੀਂ ਸੱਚੇ ਸਾਈਂ ਦੀ ਪ੍ਰਭਤਾ ਗਾਇਨ ਕਰੋ,

ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
ਜਿਸ ਨੇ ਮੈਨੂੰ ਅਸਚਰਜ ਕੀਰਤੀ ਪ੍ਰਦਾਨ ਕੀਤੀ ਹੈ। ਠਹਿਰਾਉ।

ਬੋਲੇ ਸਾਹਿਬ ਕੈ ਭਾਣੈ ॥
ਮੈਂ ਸੁਆਮੀ ਦੀ ਰਜ਼ਾ ਦਾ ਉਚਾਰਨ ਕਰਦਾ ਹਾਂ।

ਦਾਸੁ ਬਾਣੀ ਬ੍ਰਹਮੁ ਵਖਾਣੈ ॥
ਸੁਆਮੀ ਦਾ ਗੋਲਾ ਸਾਹਿਬ ਦਾ ਕਲਾਮ ਉਚਾਰਦਾ ਹੈ।

ਨਾਨਕ ਪ੍ਰਭ ਸੁਖਦਾਈ ॥
ਨਾਨਕ, ਪ੍ਰਸੰਨਤਾ-ਪ੍ਰਦਾਨ ਕਰਨ ਵਾਲਾ ਹੈ ਮੈਂਡਾ ਮਾਲਕ,

ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
ਜਿਸ ਨੇ ਮੁਕੰਮਲ ਘਾੜਿਤ ਘੜੀ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਪ੍ਰਭੁ ਅਪੁਨਾ ਰਿਦੈ ਧਿਆਏ ॥
ਆਪਣੇ ਹਿਰਦੇ ਅੰਦਰ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।

ਘਰਿ ਸਹੀ ਸਲਾਮਤਿ ਆਏ ॥
ਖ਼ੈਰ-ਖੈਰੀਅਤ ਨਾਲ ਮੈਂ ਆਪਣੇ ਘਰ ਮੁੜ ਆਇਆ ਹਾਂ।

ਸੰਤੋਖੁ ਭਇਆ ਸੰਸਾਰੇ ॥
ਜਗਤ ਨੂੰ ਹੁਣ ਸੰਤੁਸ਼ਟਤਾ ਪ੍ਰਾਪਤ ਹੋ ਗਈ ਹੈ।

ਗੁਰਿ ਪੂਰੈ ਲੈ ਤਾਰੇ ॥੧॥
ਪੂਰਨ ਗੁਰਾਂ ਨੇ ਮੇਰੀ ਰੱਖਿਆ ਕੀਤੀ ਹੈ।

ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥
ਹੇ ਸਾਧੂਓ! ਮੈਂਡਾ ਮਾਲਕ, ਹਮੇਸ਼ਾਂ ਹੀ ਮਿਹਰਬਾਨ ਹੈ।

ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥
ਜਗਤ ਦਾ ਪਾਲਣਹਾਰ ਵਾਹਿਗੁਰੂ ਆਪਣੇ ਸਾਧੂ ਪਾਸੋਂ ਹਿਸਾਬ ਕਿਤਾਬ ਨਹੀਂ ਲੈਂਦਾ ਤੇ ਆਪਣੇ ਬੱਚੇ ਦੀ ਤਰ੍ਹਾਂ, ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ।

ਹਰਿ ਨਾਮੁ ਰਿਦੈ ਉਰਿ ਧਾਰੇ ॥
ਮੈਂ ਰੱਬ ਦਾ ਨਾਮ ਆਪਣੇ ਦਿਲ ਨਾਲ ਲਾ ਲਿਆ ਹੈ,

ਤਿਨਿ ਸਭੇ ਥੋਕ ਸਵਾਰੇ ॥
ਅਤੇ ਉਸ ਸਾਹਿਬ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।

ਗੁਰਿ ਪੂਰੈ ਤੁਸਿ ਦੀਆ ॥
ਪ੍ਰਸੰਨ ਹੋ ਪੂਰਨ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,

ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥
ਅਤੇ ਇਸ ਲਈ ਨਾਨਕ ਨੂੰ ਮੁੜ ਕੋਈ ਕਸ਼ਟ ਨਹੀਂ ਵਾਪਰੇਗਾ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਹਰਿ ਮਨਿ ਤਨਿ ਵਸਿਆ ਸੋਈ ॥
ਉਹ ਸੁਆਮੀ ਮੇਰੇ ਚਿੱਤ ਤੇ ਸਰੀਰ ਵਿੱਚ ਵਸਦਾ ਹੈ,

ਜੈ ਜੈ ਕਾਰੁ ਕਰੇ ਸਭੁ ਕੋਈ ॥
ਇਸ ਲਈ ਹਰ ਕੋਈ ਮੇਰੀ ਸ਼ਲਾਘਾ ਕਰਦਾ ਹੈ।

ਗੁਰ ਪੂਰੇ ਕੀ ਵਡਿਆਈ ॥
ਪੂਰਨ ਗੁਰਾਂ ਦੀ ਪ੍ਰਭਤਾ ਇਸ ਤਰ੍ਹਾਂ ਦੀ ਹੋ ਕੇ,

ਤਾ ਕੀ ਕੀਮਤਿ ਕਹੀ ਨ ਜਾਈ ॥੧॥
ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।

ਹਉ ਕੁਰਬਾਨੁ ਜਾਈ ਤੇਰੇ ਨਾਵੈ ॥
ਮੈਂ ਤੇਰੇ ਨਾਮ ਉਤੋਂ ਬਲਿਹਾਰ ਜਾਂਦਾ ਹਾਂ, ਹੇ ਸਾਹਿਬ!

ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਹੇ ਮੈਂਡੇ ਪ੍ਰੀਤਮ! ਉਹ ਤੇਰੀ ਮਹਿਮਾ ਗਾਇਨ ਕਰਦਾ ਹੈ। ਠਹਿਰਾਉ।

ਤੂੰ ਭਾਰੋ ਸੁਆਮੀ ਮੇਰਾ ॥
ਤੂੰ ਮੈਂਡਾ ਵੱਡਾ ਸਾਹਿਬ ਹੈ।

ਸੰਤਾਂ ਭਰਵਾਸਾ ਤੇਰਾ ॥
ਸਾਧੂਆਂ ਨੂੰ ਤੇਰਾ ਆਸਰਾ ਹੈ।

ਨਾਨਕ ਪ੍ਰਭ ਸਰਣਾਈ ॥
ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਲਈ ਹੈ।

ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
ਬਦਖੋਈ ਕਰਨ ਵਾਲੇ ਦਾ ਮੂੰਹ ਸੁਆਹ ਨਾਲ ਮਲਿਆ ਜਾਂਦਾ ਹੈ।

ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।

ਆਗੈ ਸੁਖੁ ਮੇਰੇ ਮੀਤਾ ॥
ਹੇ ਮੈਂਡੇ ਮਿੱਤਰ! ਮੇਰੇ ਲਈ ਅੱਗੇ ਆਰਾਮ,

ਪਾਛੇ ਆਨਦੁ ਪ੍ਰਭਿ ਕੀਤਾ ॥
ਅਤੇ ਪਿਛੇ ਖੁਸ਼ੀ ਦਾ ਪ੍ਰਬੰਧ ਕੀਤਾ ਹੈ, ਮੇਰੇ ਸੁਆਮੀ ਨੇ।

ਪਰਮੇਸੁਰਿ ਬਣਤ ਬਣਾਈ ॥
ਉਚੇ ਪ੍ਰਭੂ ਨੇ ਐਸੀ ਤਰ੍ਹਾਂ ਬਨਾਵਟ ਬਣਾਈ ਹੈ,

ਫਿਰਿ ਡੋਲਤ ਕਤਹੂ ਨਾਹੀ ॥੧॥
ਕਿ ਮੇਰੀ ਆਤਮਾ ਕਿਧਰੇ ਮੁੜ ਕੇ, ਹੋਰ ਡੱਕੋ-ਡੋਲੇ ਨਹੀਂ ਖਾਂਦੀ।

ਸਾਚੇ ਸਾਹਿਬ ਸਿਉ ਮਨੁ ਮਾਨਿਆ ॥
ਸੱਚੇ ਸੁਆਮੀ ਨਾਲ ਹੁਣ ਮੇਰਾ ਮਨ ਹਿਲ ਗਿਆ ਹੈ।

ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥
ਮੈਂ ਵਾਹਿਗੁਰੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹਾਂ। ਠਹਿਰਾਉ।

copyright GurbaniShare.com all right reserved. Email