Page 799

ਜਪਿ ਮਨ ਰਾਮ ਨਾਮੁ ਰਸਨਾ ॥
ਹੇ ਬੰਦੇ! ਤੂੰ ਆਪਣੀ ਜੀਭ੍ਹਾ ਨਾਲ ਆਪਣੇ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥
ਆਪਣੇ ਮੱਥੇ ਉਤੇ ਉਕਰੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ, ਮੈਂ ਆਪਣੇ ਗੁਰਾਂ ਨੂੰ ਪਰਾਪਤ ਕਰ ਲਿਆ ਹੈ ਅਤੇ ਸੁਆਮੀ ਵਾਹਿਗੁਰੂ ਮੇਰੇ ਰਿਦੇ ਅੰਦਰ ਟਿਕ ਗਿਅ ਹੈ। ਠਹਿਰਾਉ।

ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥
ਸੰਸਾਰੀ ਪਦਾਰਥਾਂ ਅੰਦਰ ਉਲਝਿਆ ਹੋਇਆ ਜੀਵ ਭਟਕਦਾ ਫਿਰਦਾ ਹੈ। ਹੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਹੀ ਨੌਕਰ ਹੈ।

ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥
ਜਿਸ ਤਰ੍ਹਾਂ ਤੂੰ ਪ੍ਰਹਿਲਾਦ ਨੂੰ ਹਰਨਾਖਸ਼ ਦੇ ਪੰਜੇ ਤੋਂ ਬਚਾਇਆ ਸੀ ਅਤੇ ਉਸ ਨੂੰ ਆਪਣੀ ਪਨਾਹ ਦਿੱਤੀ ਸੀ।

ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥
ਕਿੰਨਿਆਂ ਕੁ ਪਾਪੀਆਂ ਦੀ ਅਵਸਥਾ ਅਤੇ ਜੀਵਨ-ਮਰਯਾਦਾ ਮੈਂ ਵਰਣਨ ਕਰਾਂ, ਜਿਨ੍ਹਾਂ ਨੂੰ ਤੂੰ, ਹੇ ਸੁਆਮੀ! ਪਵਿੱਤਰ ਕੀਤਾ ਹੈ।

ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥
(ਰਵਿਦਾਸ) ਚੁਮਾਰ, ਜਿਸ ਦੇ ਹੱਥ ਵਿੱਚ ਚਮੜਾ ਰਹਿੰਦਾ ਸੀ ਅਤੇ ਜੋ ਮਰੇ ਹੋਏ ਡੰਗਰ ਢੌਂਦਾ ਸੀ, ਨੇ ਵਾਹਿਗੁਰੂ ਦੀ ਪਨਾਹ ਲੈ ਲਈ ਹੈ ਅਤੇ ਪਾਰ ਉਤਰ ਗਿਆ ਹੈ।

ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥
ਹੇ ਮਸਕੀਨਾ ਤੇ ਮਿਹਰਬਾਨ ਸੁਆਮੀ! ਤੂੰ ਆਪਣੇ ਅਨੁਰਾਗੀਆਂ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਮੈਂ ਗੁਨਾਹਗਾਰ ਨੂੰ, ਗੁਨਾਹਾਂ ਤੋਂ ਬਚਾ।

ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥
ਮੇਰੇ ਵਾਹਿਗੁਰੂ, ਮੈਨੂੰ ਆਪਣੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਲੈ, ਨਫਰ ਨਾਨਕ ਤੇਰਾ ਸੇਵਾਕ ਦੱਸਿਆ ਜਾਂਦਾ ਹੈ।

ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।

ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
ਮੈਂ ਮੂੜ੍ਹ, ਬੇਵਕੂਫ ਅਤੇ ਨਾਦਾਨ ਸਮਝ ਵਾਲਾ ਹਾਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਮੇਰੇ ਅਜੂਨੀ ਸਾਹਿਬ!

ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥
ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਅਤੇ ਤੂੰ ਮੈਨੂੰ ਬਚਾ ਲੈ। ਮੈਂ ਨਿਕਰਮਣਾ, ਨੀਵਾਂ ਅਤੇ ਨਿਰਾਪੁਰਾ ਪੱਥਰ ਹੀ ਹਾਂ।

ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।

ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਤੂੰ ਹੋਰਸ ਨਿਸਫਲ ਕੰਮਾਂ-ਕਾਜਾਂ ਨੂੰ ਛੱਡ ਦੇ। ਠਹਿਰਾਉ।

ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥
ਸਾਹਿਬ ਦੇ ਗੋਲਿਆਂ ਅਤੇ ਨਫਰਾਂ, ਉਨ੍ਹਾਂ ਦੀ ਸਾਹਿਬ ਰੱਖਿਆ ਕਰਦਾ ਹੈ। ਮੈਂ, ਨੇਕੀ-ਵਿਹੂਣ ਦੀ ਰੱਖਿਆ ਕਰਨ ਵਿੱਚ, ਹੇ ਸੁਆਮੀ! ਤੇਰੀ ਸ਼ੋਭਾ ਹੈ।

ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥
ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ, ਹੇ ਸਾਹਿਬ! ਭਾਰੇ ਚੰਗੇ ਨਸੀਬਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।

ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥
ਲਾਨ੍ਹਤ ਹੈ ਉਨ੍ਹਾਂ ਦੇ ਜੀਊਣ ਨੂੰ ਜੋ ਨਾਮ ਤੋਂ ਸੱਖਣੇ ਹਨ। ਉਹ ਭਾਰਾ ਕਸ਼ਟ ਸਹਾਰਦੇ ਹਨ।

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥
ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਕਿਉਂ ਜੋ ਉਹ ਨਿਕਰਮਣ ਮੂਰਖ ਰੱਬ ਦੀ ਮਿਹਰ ਤੋਂ ਸੱਖਣੇ ਹਨ।

ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥
ਸਾਹਿਬ ਦੇ ਗੁਮਾਸ਼ਤਿਆਂ ਦਾ ਨਾਮ ਆਸਰਾ ਹੈ। ਉਨ੍ਹਾਂ ਲਈ ਵਾਹਿਗੁਰੂ ਨੇ ਮੁੱਢ ਤੋਂ ਹੀ ਚੰਗੇ ਭਾਗ ਲਿੱਖੇ ਹੋਏ ਹਨ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥
ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਹੇ ਗੋਲੇ ਨਾਨਕ! ਜਿਨ੍ਹਾਂ ਦੇ ਅੰਦਰ ਵੱਡੇ ਸੱਚੇ ਗੁਰਾਂ ਨੇ ਸੁਆਮੀ ਦਾ ਨਾਮ ਪੱਕਾ ਕੀਤਾ ਹੈ।

ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।

ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥
ਮੇਰੇ ਮਨੂਏ ਨੂੰ ਸੰਸਾਰੀ ਮਮਤਾ ਤੇਪਾਪ ਨੇ ਲੁਭਾਇਮਾਨ ਕੀਤਾ ਹੋਇਆ ਹੈ। ਇਹ ਮੰਦੀ ਅਕਲ ਦੀ ਗੰਦਗੀ ਨਾਲ ਪਰੀਪੂਰਨ ਹੈ।

ਤੁਮ੍ਹ੍ਹਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥
ਮੇਰੀ ਘਾਲ ਮੈਂ ਕਮਾ ਨਹੀਂ ਸਕਦਾ, ਹੇ ਸੁਆਮੀ! ਮੈਂ ਬੇਸਮਝ ਬੰਦਾ, ਕਿਸ ਤਰ੍ਹਾਂ ਪਾਰ ਉਤਰ ਸਕਦਾ ਹਾਂ?

ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ, ਇਨਜਾਨਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।

ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥
ਸੁਆਮੀ ਨੇ ਅਪਣੇ ਗੋਲੇ ਉਤੇ ਰਹਿਮਤ ਕੀਤੀ ਹੈ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਠਹਿਰਾਉ।

ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥
ਮੇਰੇ ਸੁਆਮੀ ਵਾਹਿਗੁਰੂ! ਮੇਰੇ ਬਾਬਲ ਅਤੇ ਮੇਰੇ ਨਿਰੰਕਾਰ ਮਾਲਕ, ਤੂੰ ਮੈਨੂੰ ਐਸੀ ਸਮਝ ਬਖਸ਼ ਕਿ ਮੈਂ ਤੇਰੀ ਕੀਰਤੀ ਗਾਇਨ ਕਰਾਂ।

ਤੁਮ੍ਹ੍ਹਰੈ ਸੰਗਿ ਲਗੇ ਸੇ ਉਧਰੇ ਜਿਉ ਸੰਗਿ ਕਾਸਟ ਲੋਹ ਤਰਾ ॥੨॥
ਜੋ ਤੇਰੇ ਨਾਲ ਜੁੜੇ ਹਨ, ਹੇ ਸੁਆਮੀ! ਉਹ ਬਚ ਜਾਂਦੇ ਹਨ ਜਿਸ ਤਰ੍ਹਾਂ ਲੱਕੜ ਨਾਲ ਲੱਗ ਕੇ ਲੋਹਾ ਪਾਰ ਉਤਰ ਜਾਂਦਾ ਹੈ।

ਸਾਕਤ ਨਰ ਹੋਛੀ ਮਤਿ ਮਧਿਮ ਜਿਨ੍ਹ੍ਹ ਹਰਿ ਹਰਿ ਸੇਵ ਨ ਕਰਾ ॥
ਤੁੱਛ ਅਤੇ ਨੀਵੀਂ ਹੈ ਸਮਝ ਪ੍ਰਤੀਕੂਲ ਪੁਰਸ਼ਾਂ ਦੀ। ਉਹ ਸੁਆਮੀ ਮਾਲਕ ਦੀ ਟਹਿਲ ਨਹੀਂ ਕਮਾਉਂਦੇ।

ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥੩॥
ਨਿਕਰਮਣਾ ਅਤੇ ਦੁਰਾਚਾਰੀ ਹਨ ਉਹ ਪੁਰਸ਼। ਉਹ ਮਰ ਜਾਂਦੇ ਹਨ ਅਤੇ ਮੁੜ ਮੁੜ ਕੇ ਆਵਾਗਉਣੇ ਵਿੱਚ ਪੈ ਜਾਂਦੇ ਹਨ।

ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ ਤੇ ਨ੍ਹ੍ਹਾਏ ਸੰਤੋਖ ਗੁਰ ਸਰਾ ॥
ਜਿਨ੍ਹਾਂ ਨੂੰ ਹੇ ਸਾਹਿਬ! ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਗੁਰਾਂ ਦੇ ਸਬਰ ਸਿਦਕ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ।

ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥੪॥੩॥
ਵਾਹਿਗੁਰੂ ਦੇ ਸਿਮਰਨ ਦੁਆਰਾ ਮੰਦੀ ਸਮਝ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।

ਬਿਲਾਵਲੁ ਮਹਲਾ ੪ ॥
ਬਿਲਾਵਲ ਚੌਥੀ ਪਾਤਿਸ਼ਾਹੀ।

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥
ਆਓ ਸਾਧੂਓ! ਮੇਰੇ ਭਰਾਓ, ਆਪਾਂ ਮਿਲ ਕੇ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਕਰੀਏ।

ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥
ਕਲਯੁੱਗ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਜਹਾਜ਼ ਹੈ ਅਤੇ ਗੁਰੂ ਜੀ ਮਲਾਹ। ਗੁਰਾਂ ਦੀ ਬਾਣੀ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।

ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।

ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥
ਮੱਥੇ ਉਤੇ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ, ਸਾਧ ਸਭਾ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾ। ਠਹਿਰਾਉ।

copyright GurbaniShare.com all right reserved. Email