ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹ੍ਹਾਰੈ ॥੨॥ ਮਸਕੀਨਾਂ ਤੇ ਮਿਹਰਬਾਨ, ਅਤੇ ਰਹਿਮਤ ਦਾ ਖਜਾਨਾ ਸੁਆਮੀ ਹਰ ਸੁਆਸ ਸਾਡੀ ਰੱਖਿਆ ਕਰਦਾ ਹੈ। ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ ਜਿਹੜਾ ਕੁਛ ਸਿਰਜਣਹਾਰ ਕਰ ਰਿਹਾ ਹੈ, ਉਸੇ ਵਿੱਚ ਸਾਡੀ ਬਿਹਤਰੀ ਹੈ। ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥ ਪੂਰਨ ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਆਰਾਮ, ਚੈਨ ਮਾਲਕ ਦੀ ਰਜ਼ਾ ਨੂੰ ਕਬੂਲ ਕਰਨ ਵਿੱਚ ਹੈ। ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ ਫਿਕਰ ਸਾਹਸੇ ਅਤੇ ਗਿਣਤੀ ਮਿਣਤੀ ਨੂੰ ਛੱਡ ਕੇ, ਸਾਹਿਬ ਦਾ ਗੋਲਾ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ। ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ, ਜੋ ਨਾਂ ਨਾਸ ਹੁੰਦਾ ਹੈ ਨਾਂ ਹੀ ਉਸ ਨੂੰ ਤਿਆਗਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਗੁਰਾਂ ਦੇ ਨਾਲ ਮਿਲਣ ਦੁਆਰਾ ਇਨਸਾਨ ਦੇ ਪਾਪ ਦੌੜ ਜਾਂਦੇ ਹਨ, ਉਸ ਦੀ ਸਖਤ ਅੱਗੇ ਅੱਗ ਬੁੱਝ ਜਾਂਦੀ ਹੈ ਅਤੇ ਉਹ ਸੁਖੀ ਹੋ ਜਾਂਦਾ ਹੈ। ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥ ਮੈਂ ਅੰਨ੍ਹੇ ਖੂਹ ਵਿੱਚ ਡਿੱਗਿਆ ਹੋਇਆ ਸਾ। ਆਪਣਾ ਹੱਥ ਦੇ ਕੇ ਗੁਰਾਂ ਨੇ ਮੈਨੂੰ ਬਾਹਰ ਕੱਢ ਲਿਆ ਹੈ। ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥ ਉਹ ਗੁਰੂ ਜੀ ਮੇਰੇ ਮਿੱਤ੍ਰ ਹਨ ਅਤੇ ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਹਾਂ। ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ ਰਹਾਉ ॥ ਜਿਨ੍ਹਾਂ ਨਾਲ ਮਿਲਣ ਦੁਆਰਾ ਮੈਂ ਆਰਾਮ ਵਿੱਚ ਹਾਂ ਅਤੇ ਜ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ਦੇ ਹਨ। ਠਹਿਰਾਉ। ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥ ਮੈਂ ਹੁਣ ਉਹ ਕੁਛ ਪਰਾਪਤ ਕਰ ਲਿਆ ਹੈ ਜੋ ਮੇਰੇ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਸੀ। ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥ ਸੁਆਮੀ ਦੇ ਸੰਤਾਂ ਦੇ ਨਾਲ ਵਸਣ ਦੁਆਰਾ ਮਨ ਦੀਆਂ ਅਭਿਲਾਸ਼ਾ ਪੂਰੀਆਂ ਹੋ ਜਾਂਦੀਆਂ ਹਨ। ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥ ਮੇਰੇ ਤਿੰਨਾਂ ਜਹਾਨਾਂ ਦੇ ਡਰ ਦੂਰ ਹੋ ਗਏ ਅਤੇ ਮੈਨੂੰ ਆਰਾਮ ਦਾ ਟਿਕਾਣਾ ਮਿਲ ਗਿਆ ਹੈ। ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥ ਬਲਵਾਨ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੇਰੇ ਚਿੱਤ ਅੰਦਰ ਨਾਮ ਆ ਕੇ ਟਿਕ ਗਿਆ ਹੈ। ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥ ਹੇ ਸੁਆਮੀ, ਤੂੰ ਨਾਨਕ ਦੀ ਪਨਾਹ ਹੈਂ ਅਤੇ ਉਸ ਨੂੰ ਕੇਵਲ ਤੇਰਾ ਹੀ ਆਸਰਾ ਹੈ। ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥ ਸਰਬ-ਸ਼ਕਤੀਵਾਨ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ ਬੇਅੰਤ ਅਤੇ ਹੇਤੂਆਂ ਦਾ ਹੇਤੂ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕੇਵਲ ਉਹ ਹੀ ਗੰਦਾ, ਗਰੀਬ ਅਤੇ ਨੀਚ ਹੈ ਜੋ ਆਪਣੇ ਸੁਆਮੀ ਨੂੰ ਭੁਲਾਉਂਦਾ ਹੈ। ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥ ਗਿਆਨੀ ਸਿਰਜਣਹਾਰ ਨੂੰ ਨਹੀਂ ਸਮਝਦਾ, ਸਗੋਂ ਆਪਣੇ ਆਪ ਨੂੰ ਕਰਨ ਵਾਲਾ ਗਿਣਤਾ ਹੈ। ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਕੇਵਲ ਤਾਂ ਹੀ ਬੰਦਾ ਤਕਲੀਫ ਵਿੱਚ ਹੁੰਦਾ ਹੈ, ਜਦ ਉਹ ਸਾਈਂ ਨੂੰ ਭੁਲਾਉਂਦਾ ਹੈ। ਜਦ ਸਾਈਂ ਚੇਤੇ ਕੀਤਾ ਜਾਂਦਾ ਹੈ, ਆਰਾਮ ਉਤਪੰਨ ਹੁੰਦਾ ਹੈ। ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥ ਸਾਧੂ ਸਦੀਵ ਹੀ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ। ਕੇਵਲ ਇਸ ਅੰਦਰ ਉਨ੍ਹਾਂ ਦੀ ਖੁਸ਼ੀ ਹੈ। ਠਹਿਰਾਉ। ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਉਚਿਆਂ ਨੂੰ ਸਾਈਂ ਨੀਵਾਂ ਕਰ ਦਿੰਦਾ ਹੈ ਅਤੇ ਨੀਵਿਆਂ ਨੂੰ ਉਹ ਇਕ ਮੁਹਤ ਵਿੱਚ ਉਚਾ ਅਸਥਾਪਨ ਕਰ ਦਿੰਦਾ ਹੈ। ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥ ਪ੍ਰਭੂ ਦੀ ਵਿਸ਼ਾਲਤਾ ਦਾ ਮੁੱਲ ਵਰਣਨ ਨਹੀਂ ਕੀਤਾ ਜਾ ਸਕਦਾ। ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁੰਦਰ ਖੇਡਾਂ ਅਤੇ ਰੰਗ-ਰਲੀਆਂ ਵੇਖਦਿਆਂ ਹੋਇਆਂ ਨੂੰ ਕੂਚ ਦਾ ਦਿਹਾੜਾ ਆ ਜਾਂਦਾ ਹੈ। ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥ ਸੁਫਨਾ ਸੁਫਨਾ ਹੀ ਹੋ ਜਾਂਦਾ ਹੈ ਅਤੇ ਪ੍ਰਾਣੀ ਦੇ ਅਮਲ ਉਸ ਦੇ ਨਾਲ ਜਾਂਦੇ ਹਨ। ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਤੂੰ, ਹੇ ਸੁਆਮੀ! ਸਾਰੇ ਕਾਰਜ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਮੈਂ ਤੇਰੀ ਪਨਾਹ ਲੋੜਦਾ ਹਾਂ। ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥ ਦਿਨ ਅਤੇ ਰਾਤ ਨਾਨਕ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹਾਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥ ਆਪਣੇ ਇਸ ਸਿਰ ਨਾਲ ਮੈਂ ਸੰਤਾਂ ਲਈ ਪਾਣੀ ਢੋਂਦਾ ਹਾਂ ਅਤੇ ਆਪਣਿਆਂ ਹੱਥਾਂ ਨਾਲ ਉਨ੍ਹਾਂ ਦੇ ਪੈਰ ਧੋਂਦਾ ਹਾਂ। ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥ ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦਾ ਦਰਸ਼ਨ ਦੇਖ ਕੇ ਮੈਂ ਜੀਉਂਦਾ ਹਾਂ। ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥ ਸਾਰੀਆਂ ਅਭਿਲਾਸ਼ਾਂ ਜਿਹੜੀਆਂ ਮੈਂ ਆਪਣੇ ਚਿੱਤ ਅੰਦਰ ਧਾਰਨ ਕਰਦਾ ਹਾਂ, ਮੇਰਾ ਸੁਆਮੀ ਉਨ੍ਹਾਂ ਸਾਰੀਆਂ ਨੂੰ ਪੂਰੀਆਂ ਕਰ ਦਿੰਦਾ ਹੈ। ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥ ਝਾੜੂ ਨਾਲ ਮੈਂ ਸੰਤਾਂ ਦਾ ਨਿਵਾਸ-ਅਸਥਾਨ ਸੰਵਰਦਾ ਹਾਂ, ਅਤੇ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ। ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥ ਸਾਧੂ ਵਾਹਿਗੁਰੂ ਦੀ ਅੰਮ੍ਰਿਤਮਈ ਕੀਰਤੀ ਉਚਾਰਦੇ ਹਨ, ਮੈਂ ਇਸ ਨੂੰ ਸੁਣਦਾ ਅਤੇ ਆਪਣੀ ਆਤਮਾ ਨੂੰ ਪਿਆਉਂਦਾ ਹਾਂ। ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥ ਉਸ ਅੰਮ੍ਰਿਤ ਨਾਲ ਮੈਂ ਸੀਤਲ ਅਤੇ ਸੰਤੁਸ਼ਟ ਹੋ ਜਾਂਦਾ ਹਾਂ ਅਤੇ ਪਾਪਾਂ ਦੀ ਅੱਗ ਨੂੰ ਬੁਝਾਉਂਦਾ ਹਾਂ। ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ਹ੍ਹ ਮਿਲਿ ਹਰਿ ਗਾਵਉ ॥ ਜਦ ਸਾਧ ਸੰਗਤ ਮੇਰੇ ਸਾਈਂ ਦੀ ਉਪਾਸ਼ਨਾ ਕਰਦੀ ਹੈ, ਉਨ੍ਹਾਂ ਸੰਤਾਂ ਨਾਲ ਮਿਲ ਕੇ ਮੈਂ ਵੀ ਉਸ ਦਾ ਜੱਸ ਗਾਉਂਦਾ ਹਾਂ। ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥ ਮੈਂ ਪਵਿੱਤ੍ਰ ਪੁਰਸ਼ਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ। ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥ ਖਲੋਤਿਆਂ ਅਤੇ ਬਹਿੰਦਿਆਂ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ, ਕੇਵਲ ਇਹ ਅਮਲ ਹੀ ਮੈਂ ਕਮਾਉਂਦਾ ਹਾਂ, ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥ ਹੇ ਮੇਰੇ ਸੁਆਮੀ ਵਾਹਿਗੁਰੂ! ਨਾਨਕ ਦੀ ਅਰਦਾਸ ਹੈ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਹੋ ਜਾਵੇ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ਕੇਵਲ ਉਹ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ, ਜੋ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਦਾ ਹੈ। ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥ ਉਹ ਸਤਿ ਸੰਗਤ ਨਾਲ ਵੱਸਦਾ ਹੈ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ। copyright GurbaniShare.com all right reserved. Email |