Page 818

ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥
ਜਾਦੂ ਅਤੇ ਟੂਣੇ-ਟਾਂਮਣ, ਉਸ ਉਤੇ ਅਸਰ ਨਹੀਂ ਕਰਦੇ, ਨਾਂ ਹੀ ਬੁਰੀ ਨਜ਼ਰ ਉਸ ਦਾ ਕੋਈ ਨੁਕਸਾਨ ਕਰਦੀ ਹੈ। ਠਹਿਰਾਉ।

ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥
ਪ੍ਰਭੂ ਦੀ ਪ੍ਰੀਤ ਦੁਆਰਾ, ਉਸ ਦਾ ਵਿਸ਼ੇ ਭੋਗ, ਗੁੱਸਾ, ਹੰਕਾਰ ਦੀ ਮਸਤੀ ਅਤੇ ਸੰਸਾਰੀ ਲਗਨ ਨਾਸ ਹੋ ਜਾਂਦੇ ਹਨ।

ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥੨॥੪॥੬੮॥
ਜੋ ਸੁਆਮੀ ਦੀ ਪਨਾਹ ਲੈਂਦਾ ਹੈ, ਹੇ ਨਾਨਕ! ਉਹ ਉਸ ਦੇ ਪ੍ਰੇਮ ਦੇ ਅੰਮ੍ਰਿਤ ਦੀ ਖੁਸ਼ੀ ਵਿੱਚ ਲੀਨ ਰਹਿੰਦਾ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥
ਜੀਵ ਤੇ ਉਨ੍ਹਾਂ ਦੀਆਂ ਤਦਬੀਰਾਂ ਸੁਆਮੀ ਦੇ ਇਖਤਿਆਰ ਵਿੱਚ ਹਨ। ਜਿਹੜਾ ਕੁਛ ਉਹ ਹੁਕਮ ਕਰਦਾ ਹੈ, ਉਹ ਹੀ ਉਹ ਕਰਦੇ ਹਨ।

ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥
ਜਦ ਪ੍ਰਭੂ-ਪਾਤਿਸ਼ਾਹ ਖੁਸ਼ ਹੋ ਜਾਂਦਾ ਹੈ ਤਾਂ ਡਰਨ ਦੀ ਕੁਝ ਭੀ ਲੋੜ ਨਹੀਂ।

ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥
ਪਰਮ ਪ੍ਰਭੂ ਨੂੰ ਯਾਦ ਕਰਨ ਦੁਆਰਾ, ਹੇ ਪ੍ਰਾਣੀ! ਤੈਨੂੰ ਕਦਾਚਿਤ ਕੋਈ ਤਕਲੀਫ ਨਹੀਂ ਵਾਪਰੇਗੀ।

ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥
ਮੌਤ ਦਾ ਦੂਤ ਗੁਰਾਂ ਦੇ ਲਾਡਲੇ ਸਿੱਖਾਂ ਦੇ ਲਾਗੇ ਨਹੀਂ ਲੱਗਦਾ। ਠਹਿਰਾਉ।

ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥
ਸਰਬ-ਸ਼ਕਤੀਵਾਨ ਹੈ ਹੇਤੂਆਂ ਦਾ ਹੇਤੂ, ਉਸ ਦੇ ਬਾਝੋਂ ਹੋਰਸ ਕੋਈ ਹੈ ਹੀ ਨਹੀਂ।

ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥
ਨਾਨਕ ਨੇ ਸੁਆਮੀ ਦੀ ਓਟ ਲਈ ਹੈ ਅਤੇ ਸਤਿ ਪੁਰਖ ਦੀ ਸਤਿਆ ਦਾ ਹੀ ਉਸ ਦੇ ਚਿੱਤ ਅੰਦਰ ਆਸਰਾ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥
ਆਪਣੇ ਸੁਆਮੀ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਪੀੜ ਦਾ ਟਿਕਾਣਾ ਦੂਰ ਹੋ ਗਿਆ ਹੈ।

ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥
ਸਤਿ ਸੰਗਤ ਨਾਲ ਮਿਲ ਕੇ ਮੈਂ ਆਰਾਮ ਪਰਾਪਤ ਕਰ ਲਿਆ ਹੈ ਅਤੇ ਓਥੋਂ ਮੈਂ ਫਿਰ ਹੋਰ ਕਿਧਰੇ ਨਹੀਂ ਭਟਕਾਂਗਾ।

ਬਲਿਹਾਰੀ ਗੁਰ ਆਪਨੇ ਚਰਨਨ੍ਹ੍ਹ ਬਲਿ ਜਾਉ ॥
ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਤੋਂ ਕੁਰਬਾਨ ਹਾਂ।

ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥
ਗੁਰਾਂ ਨੂੰ ਵੇਖ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੈਨੂੰ ਪਰਸੰਨਤਾ, ਆਰਾਮ, ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ। ਠਹਿਰਾਉ।

ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥
ਸੁਆਮੀ ਦੀ ਗਿਆਨ ਗੋਸ਼ਟ ਤੇ ਕੀਰਤੀ ਵਰਣਨ ਕਰਨੀ ਅਤੇ ਉਸ ਦੇ ਸੁਰੀਲੇ ਤਰਾਨੇ ਦੀ ਗੂੰਜ ਸੁਣਨੀ, ਇਹ ਮੇਰੇ ਜੀਵਨ ਦਾ ਮਨੋਰਥ ਬਣ ਗਿਆ ਹੈ।

ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥
ਨਾਨਕ, ਪ੍ਰਭੂ ਮੇਰੇ ਉਤੇ ਪਰਮ ਪਰਸੰਨ ਹੋ ਗਿਆ ਹੈ ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਰਾਪਤ ਕਰ ਲਏ ਹਨ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥
ਇਹ ਹੈ ਤੇਰੇ ਸੇਵਕ ਦੀ ਪ੍ਰਾਰਥਨਾ, "ਹੇ ਸ਼ਰੋਮਣੀ ਸਾਹਿਬ! ਤੂੰ ਮੇਰੇ ਹਿਰਦੇ ਨੂੰ ਰੋਸ਼ਨ ਕਰ।

ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥
ਤੇਰੀ ਰਹਿਮਤ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਜਾਣਗੇ।

ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥
ਮੈਨੂੰ ਨੇਕੀਆਂ ਦੇ ਖਜਾਨੇ, ਸਰਬ-ਸ਼ਕਤੀਵਾਨ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਓਟ ਹੈ।

ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥
ਜਦ ਤਾਈਂ ਮੇਰੀ ਦੇਹ ਵਿੱਚ ਸੁਆਸ ਹੈ, ਮੈਂ ਤੇਰੇ ਨਾਮ ਦੀ ਮਹਿਮਾ ਦਾ ਚਿੰਤਨ ਕਰਦਾ ਰਹਾਂਗਾ। ਠਹਿਰਾਉ।

ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥
ਤੂੰ ਮੇਰੀ ਅੰਮੜੀ, ਬਾਬਲ ਅਤੇ ਸਾਕ-ਸੈਨ ਹੈਂ ਅਤੇ ਤੂੰ ਹੀ ਸਾਰਿਆਂ ਅੰਦਰ ਵਸਦਾ ਹੈ।

ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ, ਪਾਵਨ ਪਵਿੱਤਰ ਹੈ ਜਿਸ ਦੀ ਕੀਰਤੀ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਪ੍ਰਾਣੀ ਸਮੂਹ ਪੂਰਨਤਾਈਆਂ ਪਾ ਲੈਂਦਾ ਹੈ ਅਤੇ ਹਰ ਕੋਈ ਉਸ ਦੀ ਭਲਿਆਈ ਲੋੜਦਾ ਹੈ।

ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥
ਆਪਣੇ ਮੂੰਹ ਨਾਲ ਸਾਰੇ ਹੀ ਉਸ ਨੂੰ ਸੰਤ, ਸੰਤ ਕਰਕੇ ਨਿਵੇਦਨ ਕਰਦੇ ਹਨ ਅਤੇ ਉਸ ਬਾਰੇ ਸੁਣ ਕੇ ਪ੍ਰਭੂ ਦੇ ਗੋਲੇ ਉਸ ਨੂੰ ਮਿਲਣ ਆਉਂਦੇ ਹਨ।

ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ਹ੍ਹ ॥
ਪੂਰਨ ਗੁਰਦੇਵ ਜੀ ਉਸ ਨੂੰ ਆਰਾਮ, ਅਡੋਲਤਾ, ਮੁਕਤੀ ਅਤੇ ਪ੍ਰਸੰਨਤਾ ਦੀ ਬਖਸ਼ਿਸ਼ ਕਰਦੇ ਹਨ।

ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ਹ੍ਹ ॥੧॥ ਰਹਾਉ ॥
ਸਾਰੇ ਜੀਵ ਉਸ ਉਤੇ ਮਿਹਰਬਾਨ ਹੋ ਜਾਂਦੇ ਹਨ ਅਤੇ ਉਹ ਸਦਾ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ। ਠਹਿਰਾਉ।

ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥
ਗੁਣਾਂ ਦਾ ਸਮੁੰਦਰ, ਸਾਡਾ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।

ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥
ਨਾਨਕ, ਸੁਆਮੀ ਦੀ ਸਹਿਨਸ਼ੀਲਤਾ ਵੇਖ, ਉਸ ਦੇ ਸ਼ਰਧਾਲੂ ਖੁਸ਼ੀ ਅੰਦਰ ਵਸਦੇ ਹਨ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥
ਮਿਹਰਬਾਨ ਹੋ ਕੇ ਮੇਰੇ ਸਖੀ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।

ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥
ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ ਅਤੇ ਬਦਖੋਈ ਕਰਨ ਵਾਲੇ ਦੇ ਮੂੰਹ ਵਿੱਚ ਸੁਆਹ ਪਾ ਦਿੱਤੀ ਹੈ।

ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥
ਹੇ ਇਨਸਾਨ ਮੇਰੇ ਮਿੱਤ੍ਰ, ਕੋਈ ਜਣਾ ਹੁਣ ਤੈਨੂੰ ਤੱਕ ਨਹੀਂ ਸਕਦਾ ਕਿਉਂਕਿ ਤੂੰ ਗੁਰਾਂ ਦਾ ਗੁਮਾਸ਼ਤਾ ਹੈ।

ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥
ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਤੇਰੀ ਰਖਿਆ ਕੀਤੀ ਹੈ। ਠਹਿਰਾਉ।

ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥
ਇਕ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਹੋਰ ਦੂਸਰਾ ਕੋਈ ਨਹੀਂ।

ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥
ਗੁਰੂ ਜੀ ਪ੍ਰਾਰਥਨਾ ਕਰਦੇ ਹਨ: "ਹੇ ਸੁਆਮੀ! ਕੇਵਲ ਤੂੰ ਹੀ ਮੇਰੀ ਤਾਕਤ ਹੈ।

ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।

ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥
ਆਲਮ ਦੇ ਸੁਆਮੀ ਨੇ ਮੇਰੇ ਮਿੱਤਰਾਂ ਅਤੇ ਦੋਸਤਾਂ ਦੀ ਰਖਿਆ ਕੀਤੀ ਹੈ।

ਨਿੰਦਕ ਮਿਰਤਕ ਹੋਇ ਗਏ ਤੁਮ੍ਹ੍ਹ ਹੋਹੁ ਨਿਚਿੰਦ ॥੧॥ ਰਹਾਉ ॥
ਦੂਸ਼ਨ ਲਾਉਣ ਵਾਲੇ ਮਰ ਗਏ ਹਨ, ਇਸ ਲਈ ਤੂੰ ਹੁਣ ਬੇਫਿਕਰ ਹੋ ਜਾ। ਠਹਿਰਾਉ।

ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥
ਸਾਹਿਬ ਨੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰਨ ਕਰ ਦਿੱਤੀਆਂ ਹਨ ਅਤੇ ਮੈਂ ਗੁਰੂ-ਪਰਮੇਸ਼ਰ ਨੂੰ ਮਿਲ ਪਿਆ ਹਾਂ।

copyright GurbaniShare.com all right reserved. Email