ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ। ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ। ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ। ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥ ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ। ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੬ ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀਚਉਪਦੇ ਤੇ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਮੇਰੇ ਦਿਲ ਫਰੇਫਤਾ ਕਰਨ ਵਾਲੇ ਸੁਆਮੀ ਆਪਣੇ ਕੰਨਾਂ ਨਾਲ ਮੈਨੂੰ ਹੇਠ ਲਿਖਿਆਂ ਨੂੰ ਨਾਂ ਸੁਣਾ। ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥੧॥ ਰਹਾਉ ॥ ਅਧਰਮੀ ਦਾ ਗੰਦੇ ਗੀਤਾਂ ਅਤੇ ਸੁਰੀਲੇ ਰਾਗਾਂ ਦਾ ਆਲਾਪਣਾ ਅਤੇ ਬੇਹੂਦਾ ਬਚਨਾਂ ਦਾ ਉਚਾਰਨਾ। ਠਹਿਰਾਉ। ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥ ਮੈਂ ਤੇਰੇ ਸੰਤਾਂ ਦੀ ਘਾਲ, ਘਾਲ, ਘਾਲ ਤੇ ਘਾਲ ਕਮਾਉਂਦਾ ਹਾਂ ਅਤੇ ਹਮੇਸ਼ਾਂ ਹੀ ਇਹ ਕੰਮ ਕਰਦਾ ਹਾਂ। ਅਭੈ ਦਾਨੁ ਪਾਵਉ ਪੁਰਖ ਦਾਤੇ ਮਿਲਿ ਸੰਗਤਿ ਹਰਿ ਗੁਣ ਗਾਏ ॥੧॥ ਦਾਤਾਰ ਪ੍ਰਭੂ ਨੇ ਮੈਨੂੰ ਨਿਡੱਰਤਾ ਦੀ ਦਾਤ ਪਰਦਾਨ ਕੀਤੀ ਹੈ, ਅਤੇ ਸਤਿ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ। ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥ ਮੇਰੀ ਜੀਭ ਅਗਾਧ ਅਤੇ ਅਥਾਹ ਸੁਆਮੀ ਦੀ ਕੀਰਤੀ ਨਾਲ ਰੰਗੀ ਹੋਈ ਹੈ ਅਤੇ ਮੇਰੀਆਂ ਅੱਖਾਂ ਉਸ ਦੇ ਦਰਸ਼ਨ ਦੀ ਪ੍ਰੀਤ ਅੰਦਰ ਲੀਨ ਹਨ। ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥੨॥ ਹੇ ਮਸਕੀਨਾਂ ਦਾ ਗਮ ਨਾਸ ਕਰਨ ਵਾਲੇ, ਤੂੰ ਮੇਰੇ ਉਤੇ ਮਿਹਰਬਾਨ ਹੋ ਤਾਂ ਜੋ ਮੈਂ ਤੇਰੇ ਪੈਰ ਆਪਣੇ ਹਿਰਦੇ ਅੰਦਰ ਟਿਕਾਵਾਂ। ਸਭਹੂ ਤਲੈ ਤਲੈ ਸਭ ਊਪਰਿ ਏਹ ਦ੍ਰਿਸਟਿ ਦ੍ਰਿਸਟਾਏ ॥ ਧਰਤੀ ਸਾਰਿਆਂ ਦੇ ਪੈਰਾਂ ਹੇਠ ਹੈ ਅਤੇ ਉਨ੍ਹਾਂ ਦੇ ਮਰਨ ਮਗਰੋਂ ਹੇਠਾਂ ਤੋਂ ਉਨ੍ਹਾਂ ਦੇ ਉਤੇ ਆ ਜਾਂਦੀ ਹੈ। ਮੇਰੇ ਮਾਲਕ! ਮੈਨੂੰ ਧਰਤੀ ਦਾ ਇਹ ਉਤਮ ਦ੍ਰਿਸ਼ਯ ਅਨੁਭਵ ਕਰਾ। ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰੁ ਦ੍ਰਿੜਾਏ ॥੩॥ ਜਦੋਂ ਦਾ ਸੱਚੇ ਗੁਰਾਂ ਨੇ ਮੇਰੇ ਅੰਦਰ ਮੇਰੇ ਆਪੇ ਅੰਦਰ ਆਪਣਾ ਉਪਦੇਸ਼ ਪੱਕਾ ਕੀਤਾ ਹੈ। ਮੈਂ ਹੰਕਾਰ ਕਰਨ ਦੀ ਆਪਣੀ ਮੰਦੀ ਵਾਦੀ ਨੂੰ ਛੱਡ, ਛੱਡ, ਛੱਡ ਦਿੱਤਾ ਹੈ। ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥ ਅਮਾਪ, ਅਮਾਪ, ਅਮਾਪ ਹੈ ਮੇਰਾ ਮਿਹਰਬਾਨ ਮਾਕਲ ਅਤੇ ਉਹ ਜੋਖਿਆ ਨਹੀਂ ਜਾ ਸਕਦਾ ਉਹ ਆਪਣੇ ਸੰਤਾਂ ਦਾ ਪਿਆਰਾ ਹੈ। ਜੋ ਜੋ ਸਰਣਿ ਪਰਿਓ ਗੁਰ ਨਾਨਕ ਅਭੈ ਦਾਨੁ ਸੁਖ ਪਾਏ ॥੪॥੧॥੮੧॥ ਜੋ ਕੋਈ ਭੀ ਗੁਰੂ ਨਾਨਕ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਉਸ ਨੂੰ ਨਿਡੱਰਤਾ ਅਤੇ ਆਰਾਮ-ਚੈਨ ਦੀ ਦਾਤ ਪਰਾਪਤ ਹੋ ਜਾਂਦੀ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥ ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥ ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ। ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥ ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ! ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥ ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ। ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥ ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ। ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥੨॥੨॥੮੨॥ ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥ ਮੈਂ ਸੁਣਦਾ ਹਾਂ ਕਿ ਸੁਆਮੀ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥੧॥ ਰਹਾਉ ॥ ਸੰਸਾਰੀ ਮਮਤਾ ਅਤੇ ਪਾਪੀਆਂ ਦੀ ਸੰਗਤ ਅੰਦਰ ਮਤਵਾਲਾ ਹੋ, ਫਾਨੀ ਬੰਦੇ ਨੇ ਆਪਣੇ ਚਿੱਤ ਅੰਦਰੋਂ ਇਹੋ ਜਿਹੇ ਸੁਆਮੀ ਨੂੰ ਭੁਲਾ ਛੱਡਿਆ ਹੈ। ਠਹਿਰਾਉ। ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥ ਉਸ ਨੇ ਜ਼ਹਿਰ ਇਕੱਤਰ ਕੀਤੀ ਹੈ ਅਤੇ ਇਸ ਨੂੰ ਘੁੱਟ ਕੇ ਫੜਿਆ ਹੈ। ਨਾਮ ਸੁਧਾਰਸ ਨੂੰ ਉਸ ਨੇ ਆਪਣੇ ਰਿਦੇ ਤੋਂ ਪਰੇ ਸੁੱਟ ਪਾਇਆ ਹੈ। ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥੧॥ ਉਹ ਵਿਸ਼ੇ ਭੋਗ, ਗੁੱਲੇ, ਲਾਲਚ ਅਤੇ ਚੁੱਗਲੀ ਬਖੀਲੀ ਨਾਲ ਰੰਗਿਆ ਹੋਇਆ ਹੈ ਅਤੇ ਉਸ ਨੇ ਸੱਚ ਤੇ ਸੰਤੁਸ਼ਟਤਾ ਨੂੰ ਤਿਆਗ ਦਿੱਤਾ ਹੈ। ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮ੍ਹ੍ਹ ਸਾਰਨ ॥ ਮੈਨੂੰ ਇਨਾਂ ਵਿਚੋਂ ਬਾਹਰ ਧੂ ਲੈ, ਹੇ ਪ੍ਰਭੂ! ਹਾਰ ਹੁਟ ਕੇ ਮੈਂ ਤੇਰੀ ਪਨਾਹ ਲਈ ਹੈ। ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧਸੰਗਿ ਰੰਕ ਤਾਰਨ ॥੨॥੩॥੮੩॥ ਨਾਨਕ ਤੇਰੇ ਕੋਲ ਜੋਦੜੀ ਕਰਦਾ ਹੈ, "ਹੇ ਸੁਆਮੀ! ਸਤਿ ਸੰਗਤ ਦੇ ਰਾਹੀਂ ਤੂੰ ਮੈ, ਕੰਜੂਸ ਦਾ ਪਾਰ ਉਤਾਰਾ ਕਰ ਦੇ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥ ਸਾਧੂਆਂ ਪਾਸੋਂ ਮੈਂ ਸਾਹਿਬ ਦੀ ਕਥਾ-ਵਾਰਤਾ ਸੁਣਦਾ ਹਾਂ। ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ ਰਹਾਉ ॥ ਈਸ਼ਵਰੀ ਵਾਰਤਾ ਅਤੇ ਕੀਰਤੀ ਦੀ ਉਮਾਹ-ਪਰੀ ਖੁਸ਼ੀ, ਦਿਨ ਤੇ ਰਾਤ ਉਤੇ ਪੂਰੀ ਤਰ੍ਹਾਂ ਗੂੰਜ ਰਹੀ ਹੈ। ਠਰਿਹਾਉ। ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥ ਮਿਹਰ ਧਾਰ ਕੇ, ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਮ ਦਾ ਦਾਨ ਪਰਦਾਨ ਕੀਤਾ ਹੈ। ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥੧॥ ਸੁਆਮੀ ਦੀਆਂ ਸਿਫਤਾਂ, ਦਿਨ ਦੇ ਅੱਠੇ ਪਹਿਰ ਗਾਇਨ ਕਰਨ ਦੁਆਰਾ ਭੋਗ-ਬਿਲਾਸ ਅਤੇ ਗੁੱਸਾ ਇਸ ਦੇਹ ਪਾਸੋਂ ਦੌੜ ਜਾਂਦੇ ਹਨ। copyright GurbaniShare.com all right reserved. Email |