ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਖੁਸ਼ੀ ਦੇ ਸਮੁੰਦਰ ਸੁਆਮੀ ਨਾਲ ਮਿਲਣ ਦੁਆਰਾ, ਹੇ ਨਾਨਕ! ਇਹ ਪ੍ਰਾਣੀ ਅਨੰਦ ਪ੍ਰਸੰਨ ਹੋ ਜਾਂਦਾ ਹੈ। ਛੰਤ ॥ ਛੰਤ। ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਜਦ ਉਸ ਦੀ ਪ੍ਰਾਲਭਧ ਜਾਗ ਉਠਦੀ ਹੈ, ਇਨਸਾਨ ਆਰਾਮ ਦੇ ਸਮੁੰਦਰ, ਆਪਣੇ ਸੁਆਮੀ ਮਾਲਕ ਨੂੰ ਪਾ ਲੈਂਦਾ ਹੈ। ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਇੱਜ਼ਤ ਤੇ ਬੇਇੱਜ਼ਤ ਦੇ ਖਿਆਲ ਨੂੰ ਛੱਡ ਕੇ ਤੂੰ ਪ੍ਰਭੂ ਦੇ ਪੈਰਾਂ ਨਾਲ ਚਿਮੜ ਜਾ। ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਆਪਣੀ ਅਕਲਮੰਦੀ ਅਤੇ ਚਾਲਾਕੀ ਨੂੰ ਤਿਆਗ ਦੇ ਅਤੇ ਤੂੰ ਆਪਣੇ ਮੰਦੇ ਸੁਭਾਅ ਵਾਲੀ ਸਮਝ ਨੂੰ ਭੀ ਤਲਾਕਜਲੀ ਦੇ ਛੱਡ। ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ ਨਾਨਕ, ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਪਨਾਹ ਲੈ, ਤਾਂ ਜੋ ਤੇਰਾ ਵਿਆਹੁਤਾ ਜੀਵਨ ਕਾਲਸਥਾਈ ਹੋ ਜਾਵੇ। ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਇਨਸਾਨ ਉਸ ਠਾਕੁਰ ਨੂੰ ਛੱਡ ਕਿ ਹੋਰਸ ਨਾਲ ਕਿਉਂ ਜੁੜੇ, ਜਿਸ ਦੇ ਬਾਝੋਂ ਉਹ ਜੀਉਂ ਨਹੀਂ ਸਕਦਾ? ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ ਬੇਸਮਝ ਮਤਵਾਲਾ ਪੁਰਸ਼ ਸ਼ਰਮ ਮਹਿਸੂਸ ਨਹੀਂ ਕਰਦਾ। ਮੰਦਾ ਇਨਸਾਨ ਸਦਾ ਕੁਰਾਹੇ ਹੀ ਪੈਂਦਾ ਹੈ। ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਜੋ ਪਾਪੀਆਂ ਨੂੰ ਪਵਿੱਤਰ ਕਰਨਹਾਰ ਆਪਣੇ ਠਾਕੁਰ ਨੂੰ ਛੱਡ ਦਿੰਦਾ ਹੈ, ਦੱਸੋ ਉਸ ਨੂੰ ਕਿਥੇ ਆਰਾਮ ਦੀ ਥਾਂ ਮਿਲ ਸਕਦੀ ਹੈ? ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ ਨਾਨਕ ਮਿਹਰਬਾਨ ਮਾਲਕ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪ੍ਰਾਣੀ ਅਮਰ ਮਰਤਬੇ ਨੂੰ ਪਰਾਪਤ ਕਰ ਲੈਂਦਾ ਹੈ। ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ ਤੂੰ ਸੜਬਲ ਜਾਵੇ ਕਲੰਕਤ ਜੀਭ੍ਹੇ, ਜੇ ਮਹਾਰਾਜ ਮਾਲਕ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦੀ। ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ ਹੇ ਬੰਦੇ! ਤੂੰ ਸ਼ਰਧਾ-ਪ੍ਰੇਮ ਦੇ ਪ੍ਰੀਤਵਾਨ ਆਪਣੇ ਸੁਆਮੀ ਦੀ ਘਾਲ ਨਹੀਂ ਕਮਾਉਂਦਾ। ਤੇਰੀ ਦੇਹ ਨੂੰ ਕਾਵਾਂ ਨੇ ਖਾਣਾ ਹੈ। ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ ਤੈਨੂੰ ਸੰਦੇਹ ਨੇ ਫਰੇਫਤਾ ਕਰ ਲਿਆ ਹੈ ਅਤੇ ਤੂੰ ਇਸ ਦੀਆਂ ਤਕਲੀਫਾਂ ਨੂੰ ਅਨੁਭਵ ਨਹੀਂ ਕਰਦੀ। ਤੈਨੂੰ ਕ੍ਰੋੜਾਂ ਹੀ ਜੂਨੀਆਂ ਅੰਦਰ ਭਟਕਣਾ ਪਵੇਂਗਾ। ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ ਨਾਨਕ, ਵਾਹਿਗੁਰੂ ਦੇ ਬਾਝੋਂ ਹੋਰ ਕਿਸੇ ਦੀ ਖਾਹਿਸ਼ ਕਰਨ ਦੁਆਰਾ ਤੂੰ ਗਦਗੀ ਦੇ ਕੀੜੇ ਦੀ ਤਰ੍ਹਾਂ ਖੇਹ ਹੋ ਜਾਵੇਗਾ। ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ ਤੂੰ ਭਾਗਾਂ ਵਾਲੇ ਸੁਆਮੀ ਨਾਲ ਪ੍ਰੇਮ ਪਾ ਅਤੇ ਨਿਰਲੇਪ ਹੋ ਕੇ ਉਸ ਨਾਲ ਮਿਲ ਜਾ। ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ ਤੂੰ ਚੰਨਣ, ਬਸਤ੍ਰਾਂ, ਖੁਸ਼ਬੋਆਂ, ਸੁਆਦਾਂ ਅਤੇ ਹੰਕਾਰ ਦੇ ਪਾਪ ਦੇ ਪਿਆਰ ਨੂੰ ਛੱਡ ਦੇ। ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ ਤੂੰ ਐਧਰ ਓਧਰ ਡਿਕੋ ਡੋਲੇ ਨਾਂ ਖਾ, ਪ੍ਰੰਤੂ ਸੁਆਮੀ ਦੀ ਟਹਿਲ ਸੇਵਾ ਅੰਦਰ ਸਾਵਧਾਨ ਰਹੁ। ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ ਨਾਨਕ, ਜਿਸ ਨੇ ਆਪਣਾ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਸਦੀਵੀ ਸਥਿਰ ਹੈ ਉਹ ਸਤਿਵੰਤੀ ਪਤਨੀ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥ ਹੇ ਪਰਮ ਚੰਗੇ ਕਰਮਾਂ ਵਾਲਿਓ! ਸੰਤਾਂ ਨਾਲ ਮਿਲ ਕੇ, ਤੁਸੀਂ ਆਪਣੇ ਸੁਆਮੀ ਦੀ ਖੋਜ ਭਾਲ ਕਰੋ। ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥ ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜ, ਹਮੇਸ਼ਾਂ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ। ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥ ਹਮੇਸ਼ਾਂ ਉਸ ਸਾਹਿਬ ਘਾਲ ਕਮਾਉਣ ਦੁਆਰਾ ਚਿੱਤ ਚਾਹੁੰਦੇ ਮੇਵੇ ਪਰਾਪਤ ਹੋ ਜਾਂਦੇ ਹਨ। ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥ ਨਾਨਕ, ਤੂੰ ਸੁਆਮੀ ਦੀ ਸ਼ਰਣ ਸੰਭਾਲ ਅਤੇ ਸੁਆਮੀ ਦਾ ਹੀ ਸਿਮਰਨ ਕਰ, ਜੋ ਅਨੇਕਾਂ ਤਰੀਕਿਆਂ ਨਾਲ ਖੇਡਾਂ ਖੇਲਦਾ ਹੈ। ਇਕੁ ਤਿਲੁ ਪ੍ਰਭੂ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥ ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੀ ਜਿਸ ਨੇ ਮੈਨੂੰ ਸਾਰਾ ਕੁਛ ਬਖਸ਼ਿਆ ਹੈ। ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ ॥ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪਤੀ ਨੂੰ ਮਿਲ ਪਈ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਦਾ ਆਰਾਧਨ ਕੀਤੀ ਹੈ। ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥ ਬਾਂਹ ਤੋਂ ਫੜ ਕੇ ਮੇਰੇ ਪਤੀ ਨੂੰ ਮੈਨੂੰ ਅਨ੍ਹੇਰੇ ਵਿਚੋਂ ਬਾਹਰ ਧੂ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ। ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥ ਨਾਨਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਚਿੱਤ ਅਤੇ ਛਾਤੀ ਠੰਢੇ ਹੋ ਗਏ ਹਨ। ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥ ਹੇ ਦਿਲਾਂ ਦੀਆਂ ਜਾਨਣਹਾਰ, ਸੁਆਮੀ ਮਾਲਕ! ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਵਰਣਨ ਕਰ ਸਕਦਾ ਹਾਂ? ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥ ਸਾਈਂ ਦਾ ਭਜਨ ਤੇ ਨਿਰੰਤਰ ਭਜਨ ਕਰਨ ਦੁਆਰਾ ਮੈਂ ਪਰਲੇ ਕੱਢੇ ਤੇ ਪੁੱਜ ਗਿਆ ਹਾਂ। ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥ ਆਲਮ ਦੇ ਮਾਲਕ ਦੀ ਉਸਤਤੀ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਚਾਹਨਾਂ ਪੂਰੀਆਂ ਹੋ ਗਈਆਂ ਹਨ। ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥ ਨਾਨਕ, ਸਾਰਿਆਂ ਦੇ ਮਾਲਕ, ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਰ ਉਤਰ ਗਿਆ ਹੈ। ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ॥ ਸਰੇਸ਼ਟ ਹਨ ਉਹ ਨੇਤ੍ਰ, ਜੋ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਤਰੋਤਰ ਹੋਏ ਹੋਏ ਹਨ। ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ ॥ ਆਪਣੇ ਸਾਹਿਬ ਨੂੰ ਵੇਖ ਅਤੇ ਆਪਣੀ ਆਤਮਾ ਦੇ ਮਿੱਤਰ ਨੂੰ ਮਿਲ ਕੇ ਮੇਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ। ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥ ਮੈਂ ਵਾਹਿਗੁਰੂ ਦੇ ਪ੍ਰੇਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ ਅਤੇ ਪਾਪਾਂ ਦੇ ਸੁਆਦ ਮੈਨੂੰ ਫਿਕੇ ਭਾਸਦੇ ਹਨ। ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥ ਨਾਨਕ, ਪਾਣੀ ਦੇ ਪਾਣੀ ਨਾਲ ਮਿਲਣ ਦੇ ਮਾਨਿੰਦ ਮੇਰਾ ਪ੍ਰਕਾਸ਼ ਪਰਮ-ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ। copyright GurbaniShare.com all right reserved. Email |